Saturday, January 16, 2021
Home > Articles > ਅੰਤਿ ਕਾਲਿ ਜੋ ਲਛਮੀ ਸਿਮਰੈ

ਅੰਤਿ ਕਾਲਿ ਜੋ ਲਛਮੀ ਸਿਮਰੈ

ਗੂਜਰੀ॥
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸਰਪ ਜੋਨਿ ਵਲਿ ਵਲਿ ਅਉਤਰੈ ॥੧॥
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥
ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥……… (ਪੰਨਾ ੫੨੬)

ਇਹੋ ਜਿਹੇ ਕਈ ਸ਼ਬਦ ਗੁਰਬਾਣੀ ਵਿੱਚ ਮੌਜੂਦ ਹਨ ਜਿੰਨਾਂ ਦੀ ਵੀਚਾਰ ਗੁਰਮਤਿ ਦੇ ਸਿਧਾਂਤਾਂ ਤੋਂ ਪਾਸੇ ਹਟ ਕੇ ਕੀਤੀ ਜਾਂਦੀ ਹੈ ।ਗੁਰਬਾਣੀ ਦੇ ਸਿਧਾਂਤ ਦ੍ਰਿੜ ਕਰਨ ਕਰਵਾਉਣ ਲਈ ਸਭ ਤੋਂ ਪਹਿਲਾਂ ਇਹ ਲਾਜਮੀ ਬਨਣਾ ਚਾਹੀਦਾ ਹੈ ਕਿ ਗੁਰਬਾਣੀ ਦੀ ਸਿਧਾਂਤ ਵਿਆਖਿਆ ਗੁਰਬਾਣੀ ਵਿੱਚੋਂ ਹੀ ਹੋਵੇ।ਇਸ ਤੋਂ ਬਾਅਦ ਪ੍ਰੋੜਤਾ ਲਈ ਕੋਈ ਭਾਈ ਗੁਰਦਾਸ ਜੀ ਦਾ ਪ੍ਰਮਾਣ ਦਿਤਾ ਜਾ ਸਕਦਾ ਹੈ ਹੋਰ ਗੁਰਬਾਣੀ ਤੋਂ ਉਤੇ ਕੁਝ ਨਹੀਂ ਹੈ ।ਬਖੇੜਾ ਉਦੋਂ ਖੜਾ ਹੋ ਜਾਂਦਾ ਹੈ ਜਦੋਂ ਗੁਰਬਾਣੀ ਦੀ ਵਿਆਖਿਆ ਅਸੀਂ ਬਾਹਰੋਂ ਆਸਰਾ ਲੈ ਕੈ ਕਰਨ ਦਾ ਯਤਨ ਕਰਦੇ ਹਾਂ।ਗੁਰਬਾਣੀ ਵਿੱਚ ਐਸਾ ਵੀ ਕੁਝ ਨਹੀਂ ਜੋ ਗੁਰਬਾਣੀ ਦੇ ਸਿਧਾਂਤਾਂ ਦੇ ਵਿਰੁੱਧ ਜਾਂਦਾ ਹੋਵੇ ।ਸਾਰੀ ਗੁਰਬਾਣੀ ਦਾ ਸਿਧਾਂਤ ਇਕ ਸਾਰ ਹੈ ਭਾਂਵੇ ਬਾਬਾ ਫਰੀਦ ਜੀ ਦੀ ਬਾਣੀ ਹੋਵੇ ਤੇ ਭਾਂਵੇ ਸਭ ਤੋਂ ਮਗਰੋਂ ਰਚੀ ਬਾਣੀ ਗੁਰੁ ਤੇਗ ਬਹਾਦੁਰ ਜੀ ਦੀ ਹੋਵੇ ।ਸੋ ਉਪਰੋਕਤ ਸ਼ਬਦ ਦੀ ਵੀਚਾਰ ਗੁਰਬਾਣੀ ਮੁਤਾਬਿਕ ਹੀ ਕਰਨੀ ਬਣਦੀ ਹੈ ਨਾ ਕਿ ਮਿਥਾਂ ਦੇ ਅਧਾਰਿਤ ।ਆਓ ਪਹਿਲਾਂ ਗੁਰਬਾਣੀ ਵਿੱਚ ਮਰਨਾ ਕੀ ਹੈ ਅਤੇ ਕਿੰਨੇ ਪ੍ਰਕਾਰ ਦਾ ਹੈ ਦੇਖਦੇ ਹਾਂ :-
੧.ਸਰੀਰਕ ( ਜੋ ਕੋਈ ਬਦਲ ਜਾਂ ਰੋਕ ਨਹੀਂ ਸਕਦਾ ਇਕ ਅਟੱਲ ਨਿਯਮ)
੨.ਸ਼ਬਦ ਗੁਰੂ ਤੋਂ ਵੇਮੁਖ ਹੋ ਜ਼ਮੀਰ ਦੀ ਮੌਤ ਮਰਨਾ (ਇਸ ਮੌਤ ਤੋਂ ਬਚਿਆ ਜਾ ਸਕਦਾ ਹੈ ਗੁਰੁ ਅਨੁਸਾਰ ਤੁਰ ਕੇ)
੩.ਵਿਕਾਰਾਂ ਵੱਲੋਂ ਮਾਇਆ ਮੋਹ ਵੱਲੋਂ ਮਰਨਾ (ਇਹ ਮਰਨਾ ਸ਼ਬਦ ਦੁਆਰਾ ਹੁੰਦਾ ਹੈ )
ਹੁਣ ਕ੍ਰਮਵਾਰ ਗੁਰਬਾਣੀ ਦੇ ਪ੍ਰਮਾਣ ਅਨੁਸਾਰ:-
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥…………… (ਪੰਨਾ ੧੪੨੯)
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥ .(ਪੰਨਾ ੧੪੨)
ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥
ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ ……………..(ਪੰਨਾ ੬੦੪)

ਹੁਣ ਜਦੋਂ ਇਹ ਸ਼ਪਸ਼ਟ ਹੈ ਕਿ ਸਰੀਰਕ ਮੌਤ ਤੋਂ ਨਹੀਂ ਬਚਿਆ ਜਾ ਸਕਦਾ ਭਾਂਵੇ ਕੋਈ ਕਿੰਨਾ ਵੀ ਰੱਬ ਦਾ ਰੂਪ ਅਖਵਾਵੇ।ਦੂਜੇ ਪਾਸੇ ਗੁਰੁ ਉਪਦੇਸ ਦੇ ਉਲਟ ਚਲਿਆਂ ਬੰਦੇ ਦੀ ਜ਼ਮੀਰ ਮਰ ਜਾਂਦੀ ਹੈ ।ਸਰੀਰ ਬਸ ਤੁਰਦੀ ਫਿਰਦੀ ਲਾਸ਼ ਹੀ ਰਹਿ ਜਾਂਦਾ ਹੈ ।ਇਸੇ ਤਰ੍ਹਾਂ ਜੇ ਬੁਰਾਈਆਂ ਅਉਗਣਾ ਤੋਂ ਤੋਬਾ ਕਰ ਕੇ ਗੁਰੁ ਸ਼ਬਦ ਮੁਤਾਬਿਕ ਚਲਣਾ ਸ਼ੁਰੂ ਕਰ ਦੇਈਏ ਤਾਂ ਵਿਕਰਾਂ ਬੁਰਾਂਈਆਂ ਵਲੋਂ ਸੌਖਿਆਂ ਹੀ ਬਚ ਜਾਈਦਾ ਹੈ ।ਐਸੇ ਗੁਰੁ ਸਿਧਾਂਤ ਹੁੰਦਿਆਂ ਹੋਇਆਂ ਸਾਨੂੰ ਇਹ ਭੁਲੇਖਾ ਰਹਿਣਾ ਹੀ ਨਹੀਂ ਚਾਹੀਦਾ ਕਿ ਇਸ ਸਰੀਰ ਦੇ ਮਰਨ ਤੋਂ ਬਾਅਦ ਫਿਰ ਹੋਰ ਕਿਸੇ ਜੂਨ ਵਿੱਚ ਪੈਣਾ ਹੈ ਕਿਉਂਕਿ ਇਨਸਾਨੀਅਤ ਵਲੋਂ ਮਰਿਆ ਹੋਇਆ ਬੰਦਾ ਗੁਣਹੀਣ ਬੰਦਾ ,ਬੰਦਾ ਆਖਿਆ ਹੀ ਨਹੀਂ ਜਾ ਸਕਦਾ ਉਹ ਤਾਂ
ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥……… ( ਪੰਨਾ ੨੬੭)
ਅਤੇ
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥………………   (ਪੰਨਾ ੨੫੩)

ਰੋਜ਼ ਗੁਰਬਾਣੀ ਦਾ ਪਾਠ ਕਰਦਿਆਂ ਪੜਦੇ ਹਾਂ
ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥…………. (ਪੰਨਾ ੯)
ਹੇ ਰੱਬ ਜੀ !ਜਦੋਂ ਮੈਂ ਤੇਰੀ ਸਿਫਤ ਸਾਲਾਹ ਆਖਦਾ ਹਾਂ ਭਾਵ ਕਮਾਉਂਦਾ ਹਾਂ ਤਾਂ ਜਿਉਂਦਾ ਹਾਂ ਨਹੀਂ ਤਾਂ ਮੇਰੀ ਮੌਤ ਹੋ ਜਾਂਦੀ ਹੈ ।ਇਸ ਗੱਲ ਦਾ ਪਤਾ ਹੁੰਦਿਆਂ ਵੀ ਕਿ ਮੇਰੀ ਮੌਤ ਹੋ ਜਾਵੇਗੀ ਮੈਨੂੰ ਤੇਰੀ ਸਿਫਤ ਸਾਲਾਹ ਆਖਣੀ ਭਾਵ ਕਮਾਉਣੀ ਔਖੀ ਲਗਦੀ ਹੈ। ਰੱਬ ਵਲੋਂ ਬੇਮੁਖ ਹੋ ਕੇ ਕੋਈ ਮਨੁੱਖ ਸਰੀਰਕ ਤੌਰ ਤੇ ਨਹੀਂ ਮਰਦਾ ਹਾਂ ਜ਼ਮੀਰ ਮਰ ਜਾਂਦੀ ਹੈ ਤੇ ਦੂਜਿਆਂ ਦਾ ਹੱਕ ਖਾਣ ਲਗਾ ਸੰਗਦਾ ਨਹੀਂ ਬੇਈਮਾਨੀ ਕਰਨ ਲਗਾ ਝਕਦਾ ਨਹੀਂ ਕੁਕਰਮ ਕਰਨ ਲਗਾ ਦੇਰੀ ਨਹੀਂ ਲਾਉਂਦਾ ।ਸੋ ਸਤਿਗੁਰੂ ਜੀ ਨੇ ਜ਼ਮੀਰ ਦੀ ਮੌਤ ਤੋਂ ਬਚਾਉਣ ਲਈ ਗੁਰਬਾਣੀ ਦਾ ਖਜ਼ਾਨਾ ਸਾਨੂੰ ਬਖਸ਼ਿਆ ਹੈ ਆਉ ਇਸ ਦੀ ਵੀਚਾਰ ਕਰਿਆ ਕਰੀਏ ,ਡੇਰਿਆਂ ਵਾਲੇ ਬਾਬਿਆਂ ਦੀਆਂ ਕਚੀਆਂ ਜੀਵਨੀਆਂ ਵਿੱਚ ਪਾ ਕੇ ਨਹੀਂ,ਘੜੀਆਂ ਮਨਘੜਤ
ਕਹਾਣੀਆਂ ਮੁਤਾਬਿਕ ਨਹੀਂ, ਸਗੋਂ ਗੁਰਬਾਣੀ ਦੇ ਹੀ ਸ਼ਬਦਾਂ ਦੀ ਰੌਸ਼ਨੀ ਵਿੱਚ ।
ਆਉ ਹੁਣ ਨਾਲ ਨਾਲ ਸ਼ਬਦ ਦੀ ਵੀਚਾਰ ਵੱਲ ਧਿਆਨ ਦੇਈਏ ਜੀ :-
ਭਾਵ ਅਰਥ :- ਹੇ ਮੇਰੀ ਭੈਣ ! ਮੈਨੂੰ ਗੋਬਿੰਦ ਦੀ ਸਿਫਤ ਸਾਲਾਹ ਨਾ ਵਿਸਰੇ।ਇਸ ਰਹਾਉ ਵਾਲੇ ਮੁਖ ਭਾਵ ਦੇ ਦੁਆਲੇ ਹੀ ਬਾਕੀ ਸਾਰੇ ਸ਼ਬਦ ਦੀ ਵਿਆਖਿਆ ਘੁੰਮਣੀ ਹੈ ।ਪ੍ਰਭੂ ਦੀ ਸਿਫਤ ਸਾਲਾਹ ਹੀ ਜ਼ਿੰਦਗੀ ਹੈ ਜੇ ਇਹ ਵਿਸਰ ਗਈ ਤਾਂ ਹੱਡ ਮਾਸ ਨਾੜੀ ਦੇ ਇਸ ਪਿੰਜਰ ਵਿੱਚ ਰਹਿੰਦਿਆਂ ਹੀ ਮੈਂ ਪਸੂ ਬਣ ਜਾਣਾ ਹੈ । ਮੈਂ ਪਸ਼ੂਪੁਣੇ ਵਿੱਚ ਪੈ ਕੇ ਨਹੀਂ ਜਿਉਣਾ ਚਾਹੁੰਦਾ ਮੈਂ ਤਾਂ ਇਨਸਾਨੀ ਜ਼ਿੰਦਗੀ ਮਾਨਣਾ ਚਾਹੁੰਦਾ ਹਾਂ ਇਸ ਲਈ ਜਰੂਰੀ ਹੈ ਕਿ ਇਨਸਾਨੀਅਤ ਦਾ ਮੂਲ ਸੋਮਾ ਗੁਣਾ ਵਾਲਾ ਪ੍ਰਭੂ ਗੁਣਾਂ ਕਰਕੇ ਮੇਰੇ ਚਿਤ ਵਿੱਚ ਵਸਿਆ ਰਹੇ।੧।ਰਹਾਉ।
ਸ਼ਬਦ ਦਾ ਪਹਿਲਾ ਬੰਦ:-ਇਸ ਦੇ ਅਰਥ ਕਰਦੇ ਵਕਤ ਇਹ ਫਿਰ ਅਸਾਂ ਧਿਆਨ ਰਖਣਾ ਹੈ ਕਿ ਅੰਤਿ ਕਾਲਿ ਤੇ ਮਰਨਾ ਸਰੀਰਕ ਨਹੀਂ ਹੈ, ਮਾਨਸਿਕ ਹੈ ,ਭਾਵ ਗੁਣਹੀਣ ਹੋਣਾ ਹੈ।ਉਪਰੋਕਤ ਗੁਰਬਾਣੀ ਸਿਧਾਂਤਾਂ ਦੀ ਸੇਧ ਵਿੱਚ ਹੀ ਅੰਤਿ ਕਾਲਿ ਭਾਵ ਅਖੀਰਲਾ ਸਮਾਂ ਭਾਵ ਜ਼ਮੀਰ ਦੀ ਮੌਤ ਦੇ ਬਿਲਕੁਲ ਨੇੜੇ ਪਹੁੰਚ ਗਿਆ ।ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਲਛਮੀ ਸਿਮਰੈ ।ਮਾਇਆ ਦਾ ਸਿਮਰਨ ਭਾਵ ਭੈੜੀਆਂ ਲਾਲਸਾਵਾਂ ਦਾ ਹੀ ਪੂਜਾਰੀ ਹੋ ਗਿਆ ।ਜੇ ਇਸ ਵਿੱਚੋਂ ਬਾਹਰ ਨਾਹ ਨਿਕਲਿਆ ਇਸੇ ਵਿੱਚ ਹੀ ਖਚਿਤ ਹੋ ਗਿਆ ਭਾਵ ਮਰ ਗਿਆ ਤਾਂ ਮਾਇਆ ਦਾ ਪੂਜਾਰੀ ਬੰਦਾ ਸੱਪ ਬਿਰਤੀ ਦਾ ਹੋ ਜਾਂਦਾ ਹੈ ਕਿਉਂਕਿ ਡੰਗ ਮਾਰਨ ਲੱਗਿਆਂ ਕੋਈ ਰਿਸ਼ਤੇਦਾਰੀ ਜਾਂ ਦੋਸਤੀ ਮਿੱਤਰਤਾਈ ਦਾ ਲਿਹਾਜ ਨਹੀਂ ਕਰਦਾ ।
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥੧॥……………… (ਪੰਨਾ ੭੧੨)

ਰੱਬੀ ਗੁਣਾਂ ਤੋਂ ਸੱਖਣਾ ਜੀਵਨ ਸੱਪ ਵਰਗਾ ਹੀ ਹੈ ਉਸ ਬੰਦੇ ਦੀ ਹੈਸੀਅਤ ਗੁਰੂ ਸਾਹਿਬ ਜੀ ਦੇ ਸਾਹਮਣੇ ਭਰਿਸ਼ਟ ,ਲਾਹਣਤਯੋਗ ਅਤੇ ਕੁੱਤੇ ਸੂਰ ਖੋਤੇ ਕਾਂ ਸੱਪ ਤੋਂ ਵਧ ਨਹੀਂ, ਜਿਹੜਾ ਗੁਰੁ ਉਪਦੇਸ਼ ਨੂੰ ਜੀਵਨ ਵਿੱਚ ਨਹੀਂ ਕਮਾਉਦਾ :-
ਗੁਰ ਮੰਤ੍ਰ ਹੀਣਸ੍ਹ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥
ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥ ….(ਪੰਨਾ ੧੩੫੬)

ਸਾਡਾ ਭੁਲੇਖਾ ਹੀ ਇਹ ਹੈ ਕਿ ਅਸੀਂ ਮਨੁੱਖ ਹਾਂ ਪਰ ਸਤਿਗੁਰੂ ਜੀ ਹੱਡ ਮਾਸ ਦੇ ਪੁਤਲੇ ਨੂੰ ਹੀ ਮਨੁੱਖ ਨਹੀ ਮੰਨਦੇ ਸਗੋਂ ਨਿਬੇੜਾ ਤਾਂ ਗੁਣਾ ਤੇ ਕੀਤਾ ਹੈ ਜੇ ਮਨੁੱਖ ਵਾਲੀ ਕਰਨੀ ਹੈ ਤੇ ਦੇਵਤਾ ਵੀ ਆਖਿਆ ਹੈ ,ਨਹੀ ਤਾਂ ਭੂਤ ਪ੍ਰੇਤ ਪਸ਼ੂ ਡੰਗਰ ਤੋਂ ਵੱਧ ਨਹੀਂ ਹੈ।
ਸ਼ਬਦ ਦਾ ਦੂਜਾ ਬੰਦ :- ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਇਸਤਰੀ ਸਿਮਰੈ ।ਕਾਮ ਵਾਸ਼ਨਾਵਾਂ ਦੀ ਪੂਰਤੀ ਕਰਦਾ ਕਰਦਾ ਜ਼ਮੀਰ ਦੀ ਮੌਤ ਵੱਲ ਵਧੀ ਗਿਆ ਜੇ ਇਸ ਵਿੱਚੋਂ ਬਾਹਰ ਨਿਕਲਣ ਲਈ ਕੋਈ ਉਪਰਾਲਾ ਨਾ ਕੀਤਾ ਇਸੇ ਵਿੱਚ ਹੀ ਚੰਗੀ ਤਰ੍ਹਾਂ ਗ੍ਰਸ ਕੇ ਜ਼ਮੀਰ ਦੀ ਮਰ ਗਿਆ,ਤਾਂ ਵੇਸ਼ਵਾ ਦੀ ਜੂਨ ਵਿੱਚ ਚਲਾ ਗਿਆ। ਕਿਉਂਕਿ ਵੇਸ਼ਵਾ ਦਾ ਸੁਭਾਅ ਅਤੇ ਕਿੱਤਾ ਹੈ ਹੀ ਹਰ ਵਕਤ ਵਿਕਾਰ ਚਿਤਵਨ ਦਾ ਹੈ ।ਜਿਸ ਬੰਦੇ ਤੇ ਹਰ ਵਕਤ ਵਾਸ਼ਨਾਵਾਂ ਦਾ ਭੂਤ ਸਵਾਰ ਹੈ ਉਹ ਜਿਉਂਦੇ ਜੀਅ ਵੇਸ਼ਵਾ ਤੋਂ ਕਿਵੇਂ ਘੱਟ ਰਹਿ ਗਿਆ ।
ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥ ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥
ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥

ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥
ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥…………………….. (ਪੰਨਾ ੩੦੪)

ਕਾਮੀ ਮਨੁੱਖ ਸਦਾ ਕਾਮ ਵਾਸ਼ਨਾ ਵਿੱਚ ਅੰਨੇ ਹੋ ਕੇ ਸਦਾ ਮੈਲੇ ਤੇ ਭੈੜੇ ਆਚਰਣ ਵਾਲੇ ਰਹਿੰਦੇ ਹਨ।
ਸ਼ਬਦ ਦਾ ਤੀਜਾ ਬੰਦ:-ਇਥੇ ਲੜਕੇ ਸਿਮਰਨ ਦਾ ਅਰਥ ਹੈ ਆਪਣੀ ਹੀ ਔਲਾਦ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਖਾਤਿਰ ਦੂਜਿਆਂ ਨਾਲ ਵਧੀਕੀਆਂ ਤੇ ਉਤਰ ਆਉਂਦਾ ਹੈ।ਇਥੇ ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਲੜਕੇ ਸਿਮਰੈ ।ਸੂਰ ਦੀ ਜੂਨ ਕਿਉਂਕਿ ਸੂਰ ਦਾ ਕੰਮ ਗੰਦ ਖਾਣਾ ਹੈ ਇਹ ਔਲਾਦ ਦਾ ਸਿਮਰਨ ਕਰਨ ਲਗ ਗਿਆ ਹਾਏ ਮੇਰੇ ਬੱਚੇ ਹਾਏ ਮੇਰੇ ਬੱਚੇ ! ਦੂਜਿਆਂ ਦਾ ਹੱਕ ਮਾਰ ਕੇ ਗਰੀਬਾਂ ਦਾ ਖੂਨ ਨਿਚੋੜ ਕੇ ਆਪਣੀ ਔਲਾਦ ਲਈ ਸੁਖ ਸਹੂਲਤਾਂ ਪੈਦਾ ਕਰਨੀਆਂ।ਜੇ ਇਸ ਚਿੱਕੜ ਵਿੱਚੋਂ ਨਾ ਨਿਕਲਿਆ ਤਾਂ ਸਮਝੋ ਕਿ ਮਨੁੱਖ ਇਸੇ ਸਰੀਰ ਵਿੱਚ ਸੂਰ ਹੈ ।ਆਪਣੀ ਔਲਾਦ ਦੀ ਖਾਤਿਰ ਨਿੰਦਿਆ ਚੁਗਲੀ ਕਰਕੇ ਦੂਜਿਆਂ ਨੂੰ ਤਬਾਹ ਕਰਨਾ ਤੇ ਆਪਣੇ ਸੁਆਰਥ ਪੂਰੇ ਕਰਨੇ ਗੰਦਗੀ ਖਾਣੀ ਹੀ ਹੈ,ਤੇ ਗੰਦਗੀ ਸੂਰ ਖਾਂਦਾ ਹੈ।

ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥………………(ਪੰਨਾ ੧੫)

ਅਤੇ
ਕੂਕਰ ਸੂਕਰ ਕਹੀਅਹਿ ਕੂੜਿਆਰਾ ॥ਭਉਕਿ ਮਰਹਿ ਭਉ ਭਉ ਭਉ ਹਾਰਾ॥
ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥………………… (ਪੰਨਾ ੧੦੨੯)

ਵੈਸੇ ਜੇ ਮਨੁੱਖ ਹੋ ਕੇ ਮਨੁੱਖ ਵਾਲੇ ਕਰਮ ਨਹੀਂ ਕਰਦਾ ਤਾਂ ਕਬੀਰ ਜੀ ਤਾਂ ਇਥੋਂ ਤੱਕ ਵੀ ਆਖ ਦਿੰਦੇ ਹਨ ਕਿ ਬੰਦੇ ਨਾਲੋਂ ਸੂਰ ਚੰਗਾ ਹੈ ਕਿਉਂਕਿ ਗੰਦਗੀ ਸਾਫ ਕਰਦਾ ਹੈ ,ਪਰ ਬੰਦਾ ਤਾਂ ਬੰਦਾ ਹੋ ਕੇ ਨਿੰਦਿਆ ਚੁਗਲੀਤੇ ਵਿਕਾਰਾਂ ਦਾ ਗੰਦ ਪਾਉਂਦਾ ਫਿਰਦਾ ਹੈ ।
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥
ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥………………… (ਪੰਨਾ ੧੩੭੨)

ਨੋਟ:- ਇਥੇ ਸਾਕਤ ਅਤੇ ਸੂਕਰ ਦੇ ਜੀਵਨ ਦਾ ਟਾਕਰਾ ਕਰ ਕੇ ਦੱਸਿਆ ਹੈ ਕਿ ਦੋਹਾਂ ਵਿਚੋਂ ਸੂਕਰ ਨੂੰ ਚੰਗਾ ਜਾਣੋ। ਸਾਕਤ ਸਾਰੀ ਉਮਰ ਗੰਦੇ ਮੰਦੇ ਵਿਕਾਰਾਂ ਵਿਚ ਪਿਆ ਰਹਿੰਦਾ ਹੈ, ਸੂਕਰ ਗੰਦ ਖਾਂਦਾ ਹੈ। ਪਰ ਸਾਕਤ ਤਾਂ ਕਈ ਗਰੀਬ ਬੰਦਿਆਂ ਨੂੰ ਦੁੱਖ ਦੇਂਦਾ ਰਿਹਾ ਹੋਵੇਗਾ, ਤੇ ਸੂਕਰ ਪਿੰਡ ਦੀ ਸਫਾਈ ਰੱਖ ਕੇ ਪਿੰਡ ਦੀ ਸੇਵਾ ਹੀ ਕਰਦਾ ਰਿਹਾ।
ਸ਼ਬਦ ਦਾ ਚਾਉਥਾ ਬੰਦ :-ਇਥੇ ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਮੰਦਰ ਸਿਮਰੈ।ਮੰਦਰ ਦਾ ਅਰਥ ਹੈ ਘਰ ।ਘਰ ਹਰ ਮਨੁੱਖ ਦ ਹੋਣਾ ਚਾਹੀਦਾ ਹੈ ਘਰ ਚਲਾਉਣ ਦਾ ਫਿਕਰ ਹੋਣਾ ਸੁਭਾਵਿਕ ਹੈ ।ਪਰ ਅਪਣਾ ਹੀ ਘਰ ਵਸੇ ਦੂਜੇ ਦਾ ਭਾਵੇਂ ਤਬਾਹ ਹੋ ਜਾਵੇ ਜਾਂ ਅਪਣਾ ਵਸਦਾ ਰਖਣ ਲਈ ਦੂਜਿਆਂ ਦਾ ਹਰ ਵਕਤ ਬੁਰਾ ਸੋਚਣਾ ਤੇ ਇਸ ਵਿੱਚੋਂ ਨਿਕਲਣ ਦੀ ਬਜਾਏ ਇਸੇ ਵਿੱਚ ਹੀ ਇੰਨਾ ਖਚਿਤ ਹੋ ਜਾਣਾ ਕਿ ਜ਼ਮੀਰ ਹੀ ਸਾਥ ਛੱਡ ਜਾਏ ਪ੍ਰੇਤ ਜੂਨੀ ਹੈ ।ਕਿਸੇ ਵਲੋਂ ਮਦਦ ਕਰਨ ਖਾਤਿਰ ਕੋਈ ਵਸਤੂ ਜਾਂ ਰਹਿਣ ਲਈ ਘਰ ਜਾਂ ਮਾਇਕ ਮਦਦ ਜਾਂ ਕੁਛ ਹੋਰ ਉਸ ਤੇ ਕਬਜ਼ਾ ਹੀ ਕਰ ਜਾਣਾ ਤੇ ਵਾਪਿਸ ਮੋੜਨ ਦੀ ਥਾਂ ਅਕ੍ਰਿਤਘਨ ਬਣ ਜਾਣਾ ਇਹੋ ਹੀ ਪ੍ਰੇਤ ਜੂਨ ਹੀ ਆਖੀ ਜਾ ਸਕਦੀ ਹੈ ਜੋ ਦੂਜਿਆਂ ਨੂੰ ਦੁਖ ਹੀ ਦਿੰਦੀ ਹੈ ।
ਕਲਿ ਮਹਿ ਪ੍ਰੇਤ ਜਿਨ੍‍ੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥
ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥………………….. (ਪੰਨਾ ੧੧੩੧)
ਅਤੇ
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥
ਏਹ ਜਮ ਕੀ ਸਿਰਕਾਰ ਹੈ ਏਨਾ੍‍ ਉਪਰਿ ਜਮ ਕਾ ਡੰਡੁ ਕਰਾਰਾ ॥………………. (ਪੰਨਾ ੫੧੩)
ਭੂਤ ਪ੍ਰੇਤ ਜੋ ਮਿਥ ਮੰਨੀ ਜਾਂਦੀ ਹੈ ਕਿ ਭਟਕਦੀਆਂ ਅਵਿਗਤ ਰੂਹਾਂ ਕਿਸੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ ਫਿਰ ਕਿਸੇ ਅਖੌਤੀ ਬਾਬੇ ਦੀਆਂ ਸਵਾਹ ਦੀਆਂ ਪੁੜੀਆਂ ਅਖੌਤੀ ਭੂਤਾਂ ਤੋਂ ਖਹਿੜਾ ਛੁਡਵਾਉਂਦੀਆਂ ਹਨ ।ਇਹ ਸਭ ਝੂਠ ਹੈ ਇਸ ਤਰਾਂ ਦੀ ਕੋਈ ਆਤਮਾ ਨਹੀਂ ਹੁੁੰਦੀ ,ਹਾਂ ਮਾਨਸਿਕ ਰੋਗ ਜਰੂਰ ਹੋ ਸਕਦਾ ।ਭੂਤ ਤਾਂ ਗੁਰਬਾਣੀ ਨੇ ਉਹਨਾਂ ਲੋਕਾਂ ਨੂੰ ਆਖਿਆ ਹੈ ਜੋ ਗੁਰੁ ਦੱਸੀ ਜੀਵਨ ਜਾਚ ਅਪਣਾਉਂਦੇ ਹੀ ਨਹੀਂ ਅਉਗਣਾ ਵਿਕਰਾਂ ਭਾਵ ਮਾਇਆ ਨੂੰ ਜੱਫੇ ਮਾਰਦੇ ਫਿਰਦੇ ਹਨ।ਜਿਨਾਂ ਘਰਾਂ ਅੰਦਰ ਗੁਰੂ ਦੇ ਰਾਹੀਂ ਰੱਬ ਜੀ ਦੀ ਸਿਫਤ ਸਾਲਾਹ ਨਹੀਂ ਹੁੁੰਦੀ ਉਹਨਾਂ ਘਰਾਂ ਅੰਦਰ ਮਤਾਂ ਸਮਝੋ ਕਿ ਬੰਦੇ ਵੱਸਦੇ ਹਨ ,ਨਹੀਂ ਉਥੇ ਤਾਂ ਭੂਤਾਂ ਦਾ ਵਾਸਾ ਹੈ ।
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥…………………. (ਪੰਨਾ ੧੩੭੪)

ਅਤੇ ਬਿਹਾਗੜਾ ਰਾਗ ਦੀ ਵਾਰ ਵਿੱਚ ਗੁਰੁ ਨਾਨਕ ਜੀ ਦਾ ਮੁਖਵਾਕ ਹੈ:-
ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥……………. (ਪੰਨਾ ੫੫੬)

ਹੇ ਨਾਨਕ!ਕਲਜੁਗ ਵਿਚ ਭਾਵ ਵਿਕਾਰੀ ਜੀਵਨ ਵਿਚ ਰਹਿਣ ਵਾਲੇ ਮਨੱੁਖ ਨਹੀ ਭੂਤਨੇ ਜੰਮੇ ਹੋਏ ਹਨ, ਪੁਤ੍ਰ ਭੂਤਨਾ, ਧੀ ਭੂਤਨੀ ਤੇ ਇਸਤ੍ਰੀ ਸਾਰੇ ਭੂਤਨਿਆਂ ਦੀ ਸਿਰਦਾਰ ਹੈ ਭਾਵ,ਨਾਮ ਤੋਂ ਸੱਖਣੇ ਸਭ ਜੀਵ ਭੂਤਨੇ ਹਨ।ਨੋਟ:-(ਦੂਜਿਆਂ ਨੂੰ ਦੁਖੀ ਗੁਰਮਤਿ ਤੋਂ ਵਿਹੂਣਾ ਮਨੁੱਖ ਹੀ ਕਰਦਾ ਹੈ)
ਸ਼ਬਦ ਦਾ ਪੰਜਵਾਂ ਬੰਦ :-ਹੁਣ ਆਖਰੀ ਬੰਦ ਤੇ ਰਹਾਉ ਦਾ ਬੰਦ ਰਲਾ ਕੇ ਸਾਰਾ ਤੱਤ ਸਾਰ ਕੱਢਿਆ ਗਿਆ ਹੈ ।ਇਥੇ ਹੁਣ ਮੌਤ ਦਾ ਪ੍ਰਸੰਗ ਬਦਲ ਗਿਆ ਹੈ ।ਤ੍ਰਿਲੋਚਨ ਜੀ ਆਖਦੇ ਹਨ ਅੰਤਿ ਕਾਲਿ ਵਾਲੀ ਹਾਲਤ ਬਣ ਜਾਣ ਤੇ ਵੀ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ਵਾਲੀ ਅਰਦਾਸ ਬਣੀ ਰਹੀ ਨਾਰਾਇਣੁ ਸਿਮਰੈ ।ਇਸੇ ਜਤਨ ਵਿੱਚ ਮਾਇਆ ਵਲੋਂ ਵਿਕਾਰਾਂ ਵਲੋਂ ਮਰ ਗਿਆ ਗੋਬਿੰਦ ਨਾਲੋਂ ਟੁਟਣੋਂ ਬਚ ਗਿਆ ਜ਼ਮੀਰ ਜਿੰਦਾ ਬਚ ਗਈ ਤਾਂ ਐਸੇ ਮਨੁੱਖ ਨੂੰ ਹੇ ਤ੍ਰਿਲੋਚਨ! ਵਿਕਾਰਾਂ ਤੋਂ ਮੁਕਤ ਮੰਨਣਾ ਚਾਹੀਦਾ ਹੈ ਤੇ ਉਸੇ ਦੇ ਹਿਰਦੇ ਵਿੱਚ ਪ੍ਰਮਾਤਮਾ ਵਸਦਾ ਸਮਝੋ ਜਿਸ ਨੇ ਸਾਰੀਆਂ ਭੈੜੀਆਂ ਹਾਲਤਾਂ ਵਿੱਚ ਵੀ ਸੱਚ ਦਾ ਸਾਥ ਨਾ ਛੱਡਿਆ। ਜ਼ਮੀਰ ਜਿੰਦਾ ਰਖਣ ਦੀ ਖਾਤਿਰ ਹਰ ਉਸ ਗਲ ਦਾ ਤਿਆਗ ਕਰ ਦਿਤਾ ਜੋ ਇਨਸਾਨੀਅਤ ਤੋਂ ਦੂਰ ਲਿਜਾਂਦੀ ਸੀ ।ਕਬੀਰ ਜੀ ਐਸੇ ਮਨੁੱਖ ਨੂੰ ਹੀ ਫਿਰ ਸ੍ਰੇਸ਼ਟ ਮਨੁੱਖ ਮੰਨਦਿਆਂ ਆਖਦੇ ਹਨ :-

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉੁ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥………………….. (ਪੰਨਾ ੧੧੦੫)

ਜੋ ਮਨੱੁਖ ਇਸ ਜਗਤ ਰੂਪ ਰਣ ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੱੁਖਾ ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ। ਉਸ ਦੇ ਦਿਮਾਗ (ਉਚੀ ਸੁਰਤਿ) ਵਿਚ ਧੌਂਸਾ(ਗੁਰੂ ਸ਼ਬਦ ਦਾ ਨਗਾਰਾ) ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ (ਭਾਵ, ਉਸ ਦਾ ਮਨ ਭਾਵ ਪ੍ਰਭੂ ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿਚ ਭਾਵ ਪ੍ਰਭੂ ਚਰਨਾਂ ਵਿਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ) ॥੧॥ ਸੂਰਮਾ ਉਸੇ ਨੰੂ ਸਮਝਣਾ ਚਾਹੀਦਾ ਹੈ ਜੋ ਆਪਣਾਂ ਇਨਸਾਨੀ ਗੁਣਾਂ ਵਾਲਾ ਧਰਮ ਬਚਾਉਣ ਲਈ ਵਿਕਾਰਾਂ ਬੁਰਾਈਆਂ ਨਾਲ ਜੂਝਦਾ ਹੈ ਜੋ ਇਸ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ ।ਇਹੋ ਜਿਹਾ ਸੂਰਮਾ ਮਰ ਤਾਂ ਭਾਂਵੇ ਜਾਵੇ ਨਿੱਕਾ ਨਿੱਕਾ ਭਾਂਵੇ ਕੱਟਿਆ ਜਾਵੇ ਪਰ ਉਹ ਮੈਦਾਨ ਛੱਡ ਕੇ ਕਦੀ ਹਾਰ ਨਹੀਂ ਮੰਨਦਾ ਭਾਵ ਵਿਕਾਰਾਂ ਵਾਲੀ ਔਗੁਣਾ ਵਾਲੀ ਗੁਣਵਿਹੂਣੀ ਜ਼ਿੰਦਗੀ ਜਿਉਣੀ ਕਦੀ ਪਸੰਦ ਨਹੀਂ ਕਰਦਾ।ਅਣਖ ਗੈਰਤ ਵਾਲੀ ਜ਼ਿੰਦਗੀ ਥੋੜੀ ਵੀ ਚੰਗੀ ਹੈ ਬੇਅਣਖੀ ਬੇਗੈਰਤ ਵਾਲੀ ਜ਼ਿੰਦਗੀ ਕਿੰਨੀ ਵੀ ਵੱਡੀ ਹੋ ਜਾਵੇ ਆਖਿਰ ਫਿਟਕਾਰ ਯੋਗ ਲਾਹਣਤ ਯੋਗ ਹੀ ਹੋਏਗੀ ।ਇਸ ਨਾਲੋਂ ਚੰਗਾ ਹੈ ਕਿ ਇਹੋ ਹੀ ਪੱਕਾ ਕਰ ਲਈਏ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ਇਹ ਵਿਸਰਿਆਂ ਹੀ ਇਸੇ ਹੀ ਜੀਵਨ ਵਿੱਚ ਸੱਪ ਵਰਗਾ ਸੁਭਾੳੇ ,ਵੇਸ਼ਵਾ ਵਰਗੀ ਗੰਦੀ ਜ਼ਿੰਦਗੀ ,ਸੂਰ ਵਰਗੀ ਗੰਦ ਖਾਣੀ ਜ਼ਿੰਦਗੀ ,ਦੂਜਿਆਂ ਨੂੰ ਦੁਖੀ ਕਰਨ ਵਾਲੀ ਦੂਜਿਆਂ ਤੇ ਕਬਜ਼ਾ ਕਰਨ ਵਾਲੀ ਭੂਤ ਜੂਨੀ,ਬਣ ਜਾਂਦੀ ਹੈ ਤੇ ਇਸੇ ਹੀ ਸਰੀਰ ਵਿੱਚ ਰੱਬੀ ਗੁਣਾਂ ਦੀ ਸਾਂਝ ਬਣਾਈ ਰੱਖਣ ਨਾਲ ਨਰਾਇਣ (ਰੱਬ ) ਵਰਗੀ ਜ਼ਿੰਦਗੀ ਵੀ ਬਣਦੀ ਹੈ ਜਿਹੜੀ ਮੁਕਤੀ ਲੋਕ ਮਰ ਕੇ ਪਾਉਣ ਦੀ ਗਲ ਕਰਦੇ ਉਹ ਮੁਕਤੀ ਹੁਣ ਜਿਉਂਦੇ ਜੀਅ ਬੰਧਨਾਂ ਤੋਂ ਮੁਕਤ ਹੋ ਕੇ ਪਾ ਲਈ ਹੈ ।ਆਓ ਫਿਰ ਆਖੀਏ :-
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥… (ਪੰਨਾ ੨ )

ਹੇ ਸਤਿਗੁਰੂ! ਤੇਰੇ ਅੱਗੇ ਅਰਦਾਸ ਹੈ ਕਿ ਮੈਨੰੂ ਇਕ ਸਮਝ ਦੇਹ ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ

Leave a Reply