Wednesday, July 24, 2019
Home > Articles > ਗ਼ਫਲਤਾ

ਗ਼ਫਲਤਾ

ਨਾਨਕ ਦੁਨੀਆ ਕੈਸੀ ਹੋਈ ॥

ਸਾਲਕੁ ਮਿਤੁ ਨ ਰਹਿਓ ਕੋਈ ॥
ਭਾਈ ਬੰਧੀ ਹੇਤੁ ਚੁਕਾਇਆ ॥

ਦੁਨੀਆ ਕਾਰਣਿ ਦੀਨੁ ਗਵਾਇਆ॥5॥ (ਪੰਨਾ-1409)


ਅਗਿਆਨਤਾ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ ਸਗੋਂ ਪਸ਼ੂ ਤੋਂ ਵੀ ਨੀਵੇਂ ਦਰਜੇ ਤੇ ਸੁੱਟ ਦਿੰਦੀ ਹੈ ।ਕਿਉਂਕਿ ਧਰਮ ਨੇ ਹੀ ਜ਼ਿੰਦਗੀ ਨੂੰ ਬਰਾਬਰ ਰੱਖਣਾ ਸੀ, ਪਰ ਧਰਮ ਦਾ ਹੀ ਦੁਨਿਆਵੀ ਸੁਵਾਰਥਾਂ ਦੀ ਖਾਤਰ ਤਿਆਗ ਕਰ ਦਿਤਾ । ਇਥੇ ਇਹ ਗੱਲ ਵੀ ਧਿਆਨ ਰੱਖਣਯੋਗ ਹੈ ਕਿ ਧਰਮ ਦਾ ਮਤਲਬ ਕੋਈ ਪਾਖੰਡ ਜਾਂ ਦਿਖਾਵਾ ਜਾਂ ਕੋਈ ਲਿਬਾਸ, ਪੂਜਾ ਨਹੀਂ, ਸਗੋਂ ਇਕ ਜੀਵਨ ਜਾਚ ਹੈ ਜੋ ਸਤਿਗੁਰੂ ਗੁਰਬਾਣੀ ਰਾਹੀਂ ਸਾਨੂੰ ਵਾਰ ਵਾਰ ਸਮਝਾਉਂਦੇ ਹਨ ।ਜਦੋਂ ਮਨੁੱਖ ਇਸ ਜੀਵਨ ਜੁਗਤੀ ਨੂੰ ਵਿਸਾਰਦਾ ਹੈ ਤਾਂ ਕਬੀਰ ਜੀ ਆਖਦੇ ਹਨ ਕਿ ਇਸ ਗਾਫਲ ਮੂਰਖ ਨੇ ਸਮਝੋ ਕਿ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ ਹੈ ।
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥ (ਪੰਨਾ 1364)

ਇਸ ਨੂੰ ਹੋਰ ਨੇੜੇ ਹੋ ਕੇ ਜੇ ਦੇਖੀਏ ਤਾਂ ਇਹ ਗੱਲ ਅੱਜ ਦੇ ਸਮਾਜ ਤੇ ਇੰਨ ਬਿੰਨ ਪੂਰੀ ਢੁਕਦੀ ਹੈ ਕਿਉਕਿ ਅਜ ਦੇ ਸਮਾਜ ਕੋਲੋਂ ਧਰਮ ਦੇ ਅਰਥ ਗੁਆਚ ਜਾਣ ਕਰਕੇ ਜੋ ਉਪੱਦਰ ਹੋ ਰਹੇ ਹਨ ਇਹ ਕਿਸੇ ਤੋਂ ਛੁਪੇ ਹੋਏ ਨਹੀਂ ।ਇਕ ਗੱਲ ਹੋਰ ਵੀ ਧਿਆਨ ਵਿੱਚ ਰੱਖ ਲਈਏ ਕਿ ਸਭ ਤੋਂ ਪਹਿਲਾਂ ਧਰਮ ਦੇ ਅਰਥ ਧਰਮ ਦੇ ਪਹਿਰੇ ਦਾਰ ਅਖਵਾਉਣ ਵਾਲੇ ਹੀ ਭੁਲਦੇ ਹਨ ਤੇ ਉਪੱਦਰ ਵੀ ਸਭ ਤੋਂ ਪਹਿਲਾਂ ਤੇ ਸਭ ਤੋਂ ਭਾਰੀ ਧਰਮ ਦੇ ਬੁਰਕੇ ਹੇਠ ਹੀ ਸ਼ੁਰੂ ਹੁੰਦੇ ਹਨ। ਦੁਨੀਆਂ ਦੇ ਬਾਕੀ ਲੋਕ ਤਾਂ ਬਾਅਦ ਵਿੱਚ ਧਰਮਹੀਣ ਹੁੰਦੇ ਹਨ ਪਹਿਲਾਂ ਧਰਮ ਦੀ ਪਹਿਰੇਦਾਰੀ ਕਰਨ ਵਾਲੇ ਹੀ ਅਸਲ ਅਰਥਾਂ ਵਿੱਚ ਪਤਿਤ ਹੁੰਦੇ ਹਨ।ਉਪਰੋਕਤ ਸ਼ਬਦ ਵਿੱਚ ਸਾਲਕੁ ਦਾ ਮਤਲਬ ਹੀ ਧਰਮੀ-ਸੰਤ ਮਿਤਰ ਹੈ ,ਜੋ ਦਿਸਦਾ ਨਹੀਂ ।
ਸਮਾਜ ਵਿੱਚ ਨਜ਼ਰ ਮਾਰਿਆਂ ਸਾਫ ਦਿਸਦਾ ਹੈ ਕਿ ਧਰਮ ਦੇ ਅਰਥ ਗਵਾਚਣ ਕਰਕੇ ਪਿਉ ਪੁਤਰ ਨਾਲ ਲੜ ਰਿਹਾ ਹੈ , ਧੀ ਮਾਂ ਨਾਲ ਲੜ ਰਹੀ ਹੈ , ਨੂੰਹ ਸੱਸ ਨਾਲ ਲੜ ਰਹੀ ਹੈ , ਭਰਾ ਭਰਾ ਨਾਲ ਲੜ ਰਿਹਾ ਹੈ , ਕਿਸੇ ਹੋਰ ਨਾਲ ਪਿਆਰ ਇਤਫਾਕ ਕਿਥੋਂ ਰਹਿ ਜਾਣਾ ਸੀ ਜਦੋਂ ਆਪਣੇ ਜਣਦਿਆਂ ਨਾਲ ਹੀ ਕੋਈ ਨੇਹ ਨਹੀ ਹੈ । ਜੋ ਮਨੁਖ ਜੀਵਨ ਇਖਲਾਕ ਤੋਂ ਡਿੱਗ ਜਾਵੇ ਉਸ ਨੂੰ ਸਮਾਜ ਦੀ ਖੁਆਰੀ ਦਾ ਵਾਰ ਵਾਰ ਸਾਹਮਣਾ ਕਰਨਾ ਪੈਂਦਾ ਹੈ ।
ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥
ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥(ਪੰਨਾ -829-30)

ਇਥੇ ਇਹ ਗੱਲ ਵਿਚਾਰਦੇ ਜਾਈਏ ਕਿ ਜਿਸ ਦੁਨੀਆਂਦਾਰੀ ਦੀ ਖਾਤਿਰ ਦੀਨ ਭਾਵ ਧਰਮ ਤਿਆਗਿਆ ਉਹ ਦੁਨੀਆਦਾਰੀ ਵੀ ਨਾਲ ਨਹੀਂ ਨਿਭਦੀ (ਨਾਲ ਨਿਭਣ ਦ ਭਾਵ ਹੈ ਸਚਿਆਰ ਜੀਵਨ ਤੱਕ ਪਹੁੰਚ) ।ਨਾਲ ਨਿਭਣ ਦਾ ਭਾਵ ਹੈ ਜਿਥੇ ਜਿਥੇ ਸਚਿਆਰ ਜੀਵਨ ਲਈ ਔਕੜਾਂ ਆ ਬਣਨ ਉਥੇ ਇਹ ਦੁਨੀਆਂ ਵਾਲੀਆਂ ਚਤੁਰਾਈਆਂ (ਕਰਮਕਾਂਡ) ਕੰਮ ਨਹੀਂ ਆਉਂਦੀਆਂ ।
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥ (ਪੰਨਾ 394)
ਜਾਂ
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥
ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ ॥ (ਪੰਨਾ-1289)

ਸਤਿਗੁਰੂ ਜੀ ਦਾ ਕਥਨ ਇਸ ਸੱਚ ਨੂੰ ਬੜੇ ਖੂਬਸੂਰਤ ਸਬਦਾਂ ਵਿੱਚ ਬਿਆਨ ਕੀਤਾ ਹੈ ਕਿ ਦੁਨੀਆ ਦੀ ਫੋਕੀ ਵਾਹ ਵਾਹ ਖੱਟਣ ਲਈ ਧਰਮ(ਫਰਜ਼) ਨੂੰ ਤਿਲਾਂਜਲੀ ਦਿਤੀ, ਪਰ ਆਤਮਿਕ ਖੁਸੀ ਖੇੜੇ ਲਈ ਇਹ ਦੁਨਿਆਵੀ ਚਤੁਰਾਈਆਂ ਕਿਤੇ ਵੀ ਪੂਰੀਆਂ ਨਹੀਂ ਉਤਰਦੀਆਂ ।ਵਿਕਾਰਾਂ ਤੇ ਜਿਤ ਪ੍ਰਾਪਤ ਕਰਨ ਲਈ ਦੁਨਿਆਵੀ ਚਤੁਰਾਈਆਂ ਕੰਮ ਨਹੀਂ ਦਿੰਦੀਆਂ ਸਗੋਂ ਗੁਰੂ ਦੀ ਮੱਤ ਹੀ ਕੰਮ ਆਉਦੀ ਹੈ ।ਦੁਨੀਆਂ ਦੇ ਕੋਝੇ ਪ੍ਰਭਾਵ ਵਿੱਚ ਫੱਸ ਕੇ ਮਨੁੱਖ ਆਪਣੀ ਜੀਵਨ ਜਾਚ ਹੀ ਵਿਸਾਰ ਬਹਿੰਦਾ ਹੈ ਪਰ ਜਿਸ ਕਾਰਨ ਇਹ ਕੁਝ ਕੀਤਾ ਉਹ ਵੀ ਪੂਰਾ ਨਾ ਹੋ ਸਕਿਆ । ਨਾਹ ਦੁਨੀਆ ਹੀ ਜਿਤੀ ਗਈ ,ਨਾਹ ਦੁਨੀਆ ਖੁਸ਼ ਹੋਈ ,ਸਗੋਂ ਅਸੀਂ ਆਪਣਾ ਆਪ ਹਾਰ ਗਏ,ਤੇ ਸਾਰੀ ਉਮਰ ਖੁਸ਼ੀ ਵੀ ਨਾਹ ਮਾਣ ਸਕੇ ਫਿਰ ਫਾਇਦਾ ਕੀ ਹੋਇਆ ਕੀ ਖੱਟਿਆ ਸੰਸਾਰ ਤੇ ਆ ਕੇ।ਆਉ ਗੁਰੂਬਾਣੀ ਨਾਲ ਸਾਂਝ ਪਾ ਕੇ ਆਪਣੀ ਸੋਹਣੀ ਜੀਵਨ ਜੁਗਤ ਅਪਣਾ ਲਈਏ।
ਸੁਖਵਿੰਦਰ ਸਿੰਘ ਦਦੇਹਰ
98555 98855

Leave a Reply