Saturday, March 23, 2019
Home > Articles > ਗੁਰੂ ਦਾ ਹੋਲਾ ਮੁਹੱਲਾ ਤੇ ਅਸੀਂ …? ਸੁਖਵਿੰਦਰ ਸਿੰਘ ਦਦੇਹਰ

ਗੁਰੂ ਦਾ ਹੋਲਾ ਮੁਹੱਲਾ ਤੇ ਅਸੀਂ …? ਸੁਖਵਿੰਦਰ ਸਿੰਘ ਦਦੇਹਰ

ਹਿੰਦੋਸਤਾਨ ਦੀ ਧਰਤੀ ਤੇ ਅਗਿਆਨਤਾ ਇੰਨੀ ਜ਼ਿਆਦਾ ਸੀ/ਹੈ, ਕਿ ਇਥੇ ਇਨਸਾਨ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ ਤੇ ਹੋਰ ਵਹਿਮ ਭਰਮ ,ਪਾਖੰਡ ਤੇ ਅਨੇਕਤਾ ਦੀ ਪੂਜਾ ਵਿੱਚ ਲੋਕਾਂ ਨੂੰ ਲਾ ਕੇ ਖੂਬ ਲੁਟਿਆ ,ਬਰਬਾਦ ਕੀਤਾ ,ਆਪਸ ਵਿੱਚ ਲੜਾਇਆ ਜਾਂਦਾ ਸੀ/ਹੈ।ਭਾਰਤ ਦੇ ਇਤਿਹਾਸ ਵਿੱਚ ਬ੍ਰਾਹਮਣ ਸਰਵਸ੍ਰੇਸ਼ਟ ਬਣ ਗਿਆ ਤੇ ਬਾਕੀਆਂ ਦੀ ਅਕਲ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਪਸ਼ੂਆਂ ਤੋਂ ਵੀ ਬਦਤਰ ਕਰ ਦਿੱਤਾ ।ਇੰਨੀ ਬੁਰੀ ਤਰਾਂ ਅਕਲ ਨਿਕੰਮੀ ਕਰ ਦਿਤੀ ਗਈ ਕਿ ਕਾਂ, ਕੁੱਤੇ,ਜਾਨਵਰ, ਅੱਗ, ਹਵਾ ,ਪਾਣੀ ਵੀ ਪੂਜੇ ਜਾਣ ਲੱਗੇ।ਮਨੁਖਾਂ ਨੂੰ ਅਕਲ ਤੋਂ ਸਦਾ ਲਈ ਵਾਝਿਆਂ ਰੱਖਣ ਲਈ ਜ਼ਾਤਿ ਪਾਤੀ ਵਿਧਾਨ ਇੰਨਾਂ ਭਾਰੂ ਕਰ ਦਿੱਤਾ ਗਿਆ ਕਿ ਸਮਾਜ ਤਰੱਕੀ ਤਾਂ ਕੀ ਕਦੀ ਸਿਰ ਚੁੱਕ ਕੇ ਚਲਣ ਦੀ ਵੀ ਨਹੀਂ ਸੀ ਸੋਚ ਸਕਦਾ। ਫਿਰ ਬਾਕੀ ਕੰਮਾਂ ਦੀ ਤਰਾਂ ਹੀ ਕਿ ਕਿਤੇ ਅਕਲ ਨਾ ਆ ਜਾਵੇ ਤਿਉਹਾਰ ਵੀ ਤੇ ਹੋਰ ਵਿਆਹਾਂ,ਮਰਨਿਆਂ ਤੇ ਖੁਸ਼ੀ ਗਮੀ ਦੇ ਸਾਰੇ ਰਸਮੋ ਰਿਵਾਜ਼ ਇਸ ਤਰੀਕੇ ਦੇ ਬਣਾ ਦਿਤੇ ਗਏ ਕਿ ਜੇ ਲੋਕ ਇਨ੍ਹਾਂ ਸਮਿਆਂ ਤੇ ਇਕੱਠੇ ਹੋ ਵੀ ਜਾਣ ਤਾਂ ਵੀ ਅਕਲ ਨਾ ਆ ਜਾਵੇ, ਕਿਤੇ ਲੁੱਟ ਦੇ ਜਾਲ ਵਿੱਚੋਂ ਨਿਕਲਣ ਬਾਰੇ ਨਾ ਸੋਚਣ ਲੱਗ ਜਾਣ।ਸਦੀਆਂ ਬੀਤ ਗਈਆਂ ਇਸੇ ਤਰਾਂ ਪਸ਼ੂਆਂ ਵਰਗੀ ਜ਼ਿੰਦਗੀ ਜਿਉਦਿਆਂ ,ਜ਼ਲਾਲਤ ਝੱਲਦਿਆਂ।
ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਦੀ ਇਸ ਗਰਕੀ ਹੋਈ ਹਾਲਤ ਨੂੰ ਦੇਖਿਆ ਅਤੇ ਗੁਰਮਤਿ ਦੀ ਨਿਰੋਈ ਵਿਚਾਰਧਾਰਾ ਰਾਹੀਂ ਸਮਾਜ ਵਿੱਚ ਇਨਕਲਾਬ ਲਿਆਉਣ ਲਈ ਤੱਕੜਾ ਉਦਮ ਆਰੰਭ ਦਿੱਤਾ।ਕਰਮ ਕਾਂਡ,ਪਾਖੰਡ, ਵਹਿਮ ਭਰਮ ਜੋ ਧਰਮ ਮੰਨਿਆ ਜਾ ਚੁੱਕਾ ਸੀ,ਨੂੰ ਬੜੀ ਦ੍ਰਿੜਤਾ ਨਾਲ ਰੱਦ ਕੀਤਾ।ਨਿਰੋਈ ਵਿਚਾਰਧਾਰਾ,ਨਵਾਂ ਸਮਾਜ,ਨਵੇਂ ਢੰਗ ਦਾ ਰਹਿਣ ਸਹਿਣ,ਨਵੀਆਂ ਪ੍ਰੰਪਰਾਵਾਂ,ਹੋਂਦ ਵਿੱਚ ਆਉਣੀਆਂ ਸ਼ੁਰੂ ਹੋਈਆਂ।ਇਹ ਸਾਰਾ ਕੁਝ ਕੇਵਲ ਫਰਜ਼ੀ ਜਾਂ ਸਿਰਫ ਨਵਾਂ ਹੋਰ ਭਾਰ ਜਨਤਾ ਤੇ ਲੱਦਣ ਲਈ ਨਹੀਂ ਸੀ, ਸਗੋਂ ਸਾਰਾ ਕੁਝ ਇਸ ਤਰੀਕੇ ਨਾਲ ਦੂਰ ਦੀ ਸੋਚ ਕੇ ਕੀਤਾ ਗਿਆ ਕਿ ਸਮਾਜ ਵਿੱਚ ਇਨਕਲਾਬ ਨੇ ਆਪਣੀ ਥਾਂ ਇੰਨੀ ਛੇਤੀ ਬਣਾ ਲਈ ਕਿ ਸਮਾਜ ਇਕ ਦਮ ਤਰੱਕੀ ਵੱਲ ਨੂੰ ਪੁਲਾਂਗਾਂ ਪੁੱਟਣ ਲੱਗ ਪਿਆ।ਕਿਉਂਕਿ ਹਰ ਪੰ੍ਰਪਰਾ,ਹਰ ਰਸਮ ਜਾਂ ਕਹਿ ਲਉ ਕਿ ਧਰਮ ਜ਼ਿੰਦਗੀ ਜਿਉਣ ਦਾ ਇਕ ਢੰਗ ਬਣਾ ਦਿਤਾ ਗਿਆ।ਜੋ ਧਰਮ, ਰਿਵਾਜ਼ ਜਾਂ ਪੰ੍ਰਪਰਾ ਜ਼ਿੰਦਗੀ ਅਤੇ ਸਮਾਜ ਵਿੱਚ ਬੁਰਾਈਆਂ ਨੂੰ ਰੋਕ ਕੇ ਸੁਧਾਰ ਅਤੇ ਸਮਾਜਿਕ ਤਰੱਕੀ ਨਹੀਂ ਦਿੰਦਾ, ਉਹ ਧਰਮ ਨਹੀਂ ਸਗੋਂ ਲੁੱਟ ਖਸੁੱਟ ਦਾ ਹੀ ਇਕ ਜ਼ਰੀਆ ਹੈ, ਪਾਖੰਡ ਹੈ।
ਗੁਰੂ ਸਾਹਿਬ ਜੀ ਨੇ ਹਰ ਸਮਾਜਿਕ ਤਿਉਹਾਰ ਨੂੰ ਵੀ ਜ਼ਿੰਦਗੀ ਜਿਉਣ ਦੇ ਢੰਗ ਨਾਲ ਹੀ ਜੋੜ ਦਿਤਾ।ਸਮਾਜ ਸੁਧਾਰ ਤੋਂ ਇਲਾਵਾ ਹੋਰ ਕੋਈ ਤਿਉਹਾਰ ਜਾਂ ਰਸਮ ਰਹਿਣ ਹੀ ਨਾ ਦਿਤੀ।ਵੈਸਾਖੀ, ਹੋਲੀ, ਦੀਵਾਲੀ, ਲੋਹੜੀ, ਰੱਖੜੀ ਆਦਿ ਤਿਉਹਾਰ ਕੇਵਲ ਲੋਕਾਂ ਦੀ ਮੌਜ ਮਸਤੀ ਜਾਂ ਖਾਣ ਪੀਣ ਜਾਂ ਵਹਿਮ ਭਰਮ ਜਾਂ ਕੇਵਲ ਖੇਹ ਮਿੱਟੀ ਸਿਰ ਪਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਵੈਸਾਖੀ ‘ਤੇ ਲੋਕਾਂ ਨੂੰ ਇਕੱਠੇ ਹੋ ਕੇ ਸਮਾਜਿਕ ਵਿਚਾਰਾਂ ਕਰਨ ਲਈ ਪ੍ਰੇਰਿਆ, ਨਿਸ਼ਾਨੇ ਮਿਥੇ ਗਏ ਅਤੇ ਪਿਛਲਿਆਂ ‘ਤੇ ਕਿੰਨਾਂ ਅਮਲ ਹੋਇਆ ਇਸ ਬਾਰੇ ਸੋਚਿਆ ਗਿਆ। ਇਸੇ ਤਰਾਂ ਹੋਲੀ ਨੂੰ ਜੋ ਕੇਵਲ ਖੇਹ ਮਿੱਟੀ ਸਿਰ ਪਾਉਣ ਤੋਂ ਇਲਾਵਾ, ਬਾਂਦਰ ਬਣਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ, ਸਤਿਗੁਰੂ ਜੀ ਨੇ ਇਸ ਨੂੰ ਬਦਲਵਾਂ ਰੂਪ ਦੇ ਕੇ ਹੋਲਾ ਮੁਹੱਲਾ ਦਾ ਨਾਂ ਦੇ ਦਿੱਤਾ।ਇਸ ਨਵੀਂ ਵਿਚਾਰਧਾਰਾ ਨੇ ਸ਼ਰੀਰ ਰਿਸ਼ਟ ਪੁਸ਼ਟ ਤੇ ਸੁਅਸਤ ਰੱਖਣ ਲਈ ਖੇਡਾਂ ਤੇ ਜੰਗੀ ਜੌਹਰ ਦਿਖਾਉਣ ਤੇ ਸਿਖਾਉਣ ਲਈ ਆਮ ਲੋਕਾਂ ਨੂੰ ਪਰੇਰਿਆ ਅਤੇ ਇਸ ਨੂੰ ਲੋਕਾਂ ਨੇ ਬੜੇ ਸੌਖੇ ਹੀ ਪ੍ਰਵਾਨ ਕਰ ਲਿਆ।ਦੀਵਾਲੀ ਨੂੰ ਵੀ ਇਸੇ ਤਰ੍ਹਾਂ ਜੀਵਨ ਅਤੇ ਸਮਾਜ ਦੀ ਚੜ੍ਹਦੀ ਕਲਾ ਲਈ ਹੀ ਵਰਤਿਆ ਗਿਆ ।ਸਤਿਗੁਰੂ ਜੀ ਦੀਆਂ ਇਨਾਂ ਬਖ਼ਸ਼ਿਸ਼ਾਂ ਸਦਕਾ ਖ਼ਾਲਸਾ ਪੰਥ ਅਗਾਂਹ ਵਧੂ ਹੋ ਕੇ ਆਪ ਸਮਾਜ ਦੀ ਅਗਵਾਈ ਕਰਨ ਲੱਗਾ ਤੇ ਜ਼ੁਲਮ, ਪਾਖੰਡ ਦੀਆਂ ਜੜਾਂ ਪੁੱਟ ਕੇ ਗੁਰੂ ਸਾਹਿਬ ਜੀ ਦੇ ਨਿਰੋਏ ਸਿਧਾਂਤਾਂ ਨੂੰ ਪੱਕੇ ਪੈਰੀਂ ਕਰਦਿਆਂ ਰਾਜ ਭਾਗ ਤੱਕ ਵੀ ਜਾ ਪਹੁੰਚ ਕੀਤੀ ਜਿਸ ਦਾ ਇਤਿਹਾਸ ਗਵਾਹ ਹੈ।
ਅੱਜ ਦੇ ਸਮੇਂ ਅਸੀਂ ਦੇਖ ਰਹੇ ਹਾਂ ਸਾਡਾ ਇਹ ਸਿੱਖੀ ਸਮਾਜ ਫਿਰ ਜ਼ਿੰਦਗੀ ਜਿਉਣ ਦਾ ਢੰਗ ਭੁੱਲ ਕੇ ਧਰਮ ਦੀ ਅਸਲੀਅਤ ਨਾਲੋਂ ਦੂਰ ਜਾ ਕੇ ਕੇਵਲ ਕਰਮ ਕਾਂਡ ਨੂੰ ਤਰਜੀਹ ਦੇ ਰਿਹਾ ਹੈ । ਧਾਰਮਿਕ, ਰਾਜਨੀਤਿਕ, ਸਮਾਜਿਕ, ਵੱਡੇ ਆਗੂ ਅਤੇ ਆਮ ਲੋਕ ਵੀ ਹੁਣ ਸਿਰਫ ਕਰਮ ਕਾਂਡ ਦੇ ਰੂਪ ਵਿੱਚ ਹੀ ਇਹਨਾਂ ਤਿਉਹਾਰਾਂ ਨੂੰ ਮਨਾ ਰਹੇ ਹਨ। ਇਥੋਂ ਤੱਕ ਕੇ ਇਹਨਾਂ ਤਿਉਹਾਰਾਂ ਤੇ ਕੁਝ ਖਾਸ ਥਾਵਾਂ ‘ਤੇ ਜੋ ਧਾਰਮਿਕ ਜਾਂ ਰਾਜਨੀਤਿਕ ਕਾਨਫਰੰਸਾਂ ਹੁੰਦੀਆਂ ਹਨ ਉਹਨਾਂ ਦਾ ਮਕਸਦ ਇਕ ਦੂਜੇ ਤੇ ਚਿੱਕੜ ਸੁੱਟਣਾ, ਦੂਸ਼ਣਬਾਜ਼ੀ ਅਤੇ ਗੰਦੀ ਰਾਜਨੀਤੀ ਕਰਨੀ ਹੀ ਬਣ ਗਿਆ ਹੈ। ਧਰਮ ਦੇ ਵੱਡੇ ਲੀਡਰਾਂ ਨੇ ਜਦੋਂ ਸਮਾਜਿਕ ਇਨਕਲਾਬ ਨੂੰ ਤਿਆਗ ਦਿਤਾ ਹੈ ਤਾਂ ਰਾਜਨੀਤਿਕ ਅਤੇ ਆਮ ਲੋਕ ਕਿਵੇਂ ਉੱਚੇ ਸੁੱਚੇ ਤੇ ਸਿਆਣੇ ਰਹਿ ਜਾਣਗੇ। ਕਿਉਂਕਿ ਇਹ ਜ਼ਿੰਮੇਵਾਰੀ ਹੀ ਸਿਖ ਧਰਮ ਦੇ ਮੁਖੀਆਂ ਦੀ ਸੀ। ਹੁਣ ਇਕ ਦ੍ਰਿਸ਼ ਅਨੰਦਪੁਰ ਹੋਲਾ ਮੁਹੱਲਾ ਮਨਾਉਣ ਦਾ ਪੇਸ਼ ਕਰਦਾ ਹਾਂ ਜਿਸ ਦੁਆਰਾ ਅਸੀਂ ਸਹਿਜੇ ਹੀ ਬਾਕੀ ਪੱਖਾਂ ਤੇ ਨਜ਼ਰ ਮਾਰ ਸਕਦੇ ਹਾਂ।
ਅਨੰਦਪੁਰ ਦਾ ਹੋਲਾ ਮੁਹੱਲਾ ਨੇੜੇ ਆਇਆ ਤਾਂ ਸਿੱਖ ਸੰਗਤਾਂ, ਧਾਰਮਿਕ ਜਥੇਬੰਦੀਆਂ ਤੇ ਸਿੱਖ ਆਗੂਆਂ ਨੇ ਹਰ ਤਰਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ।ਅਨੰਦਪੁਰ ਨੂੰ ਜਾਣ ਵਾਲੇ ਹਰ ਆਮ ਖਾਸ ਛੋਟੇ ਵੱਡੇ ਰਸਤੇ ਤੇ ਲੰਗਰ ਲਾਏ ਜਾਂਦੇ ਹਨ ਤਾਂ ਕਿ ਜਾਣ ਵਾਲੀਆਂ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ। ਪਰ ਜੋ ਹੋਲੇ ਮੁਹੱਲੇ ਦਾ ਮਕਸਦ ਹੈ ਸ਼ਾਇਦ ਹੀ ਕਿਸੇ ਇਕ ਅੱਧ ਨੂੰ ਸਮਝ ਆਉਂਦਾ ਹੋਵੇ।“ਭਾਈ ਟਰਾਲੀ ਅੱਗੇ ਲਾ ਦਿਉ, ਚਾਅ ਪੀ ਕੇ, ਪਕੌੜੇ ਖਾ ਕੇ, ਗੱਫਾ ਛੱਕ ਕੇ ,” ਕੁਝ ਥਾਵਾਂ ‘ਤੇ ਕੁਝ ਨੌਜਵਾਨ(ਸਿਰੋਂ ਮੋਨੇ ਦਾੜ੍ਹੀਆਂ ਰਗੜ ਕੇ ਮੁਨੀਆਂ ,ਕਈਆਂ ਨੇ ਮੂੰਹ ਬੀੜੇ ਨਾਲ ਭਰੇ ਤੇ ਹ੍ਰੋ ਆਂਚਰਣਹੀਣ ਹਰਕਤਾਂ ਕਰਦੇ )ਸੜਕਾਂ ਤੇ ਖੜੋ ਕੇ ਰੋਕਾਂ ਲਾ ਕੇ ਜਾਂ ਜ਼ਬਰਦਸਤੀ ਵੀ ਲੰਗਰ ਆਦਿਕ ਦੀ ਸੇਵਾ ਕਰਦੇ ਵੇਖੇ ਜਾ ਸਕਦੇ ਹਨ। ਸਪੀਕਰ ਤੋਂ ਫਿਰ ਹੋਰ ਅਵਾਜ਼ ਆਈ “ਆਹ ਬੀਬੀ ਆਟਾ ਲਿਆਈ। ਧੰਨ ਭਾਗ ਭਾਈ, ਆਹ ਭਾਈ 10 ਰੁਪਏ ਦੇ ਗਿਆ, ਮਹਾਰਾਜ ਭਲਾ ਕਰੇ ਖਜ਼ਾਨੇ ਭਰਪੂਰ ਕਰੇ ,ਆ ਇਕ ਹੋਰ 10 ਰੁਪਏ ,ਆ ਭਾਈ ਟਰਾਲੀ ਥੋੜਾ ਅੱਗੇ ਲਾ ਦਿਉ…….।ਬਸ ਆਹੀ ਕੁਝ ਕਰਦੇ ਕਰਾਉਂਦੇ, ਵੇਖਦੇ, ਖਾਂਦੇ-ਪੀਂਦੇ ਜਾ ਵੜੇ ਅਨੰਦਪੁਰ ਉੱਥੇ ਵੀ ਭੀੜ ਭੜੱਕਾ, ਲੰਗਰ ,2-2,-5 5 ਰੁਪਏ ਮੱਥਾ ਟੇਕਿਆ।ਫਿਰ ਰਾਜਨੀਤੀ ਦੇ ਗੰਦ ਦਾ ਸੁਆਦ ਮਾਣਿਆ, ਨਿਹੰਗਾਂ ਦਾ ਰਗੜਿਆ ਸੁਖਨਿਧਾਨ(ਅਤਿ ਦਾ ਮੂਰਖਤਾ ਭਰਿਆ ਕੰਮ ਜੋ ਇਕ ਨਸ਼ਾ ਹੈ,ਤੇ ਜਿਸ ਦੀ ਗੁਰਮਤਿ ਵਿੱਚ ਮਨਾਹੀ ਹੈ) ਪੀਤਾ, ਹੁਣ ਸਾਧਾਂ ਵੱਲੋਂ ਹੀ ਅਨੰਦਪੁਰ ਜਾ ਕੇ ਭੁੱਕੀ ਆਦਿਕ ਨਸ਼ੇ ਦੇ ਪ੍ਰਸ਼ਾਦ ਵਰਤਦੇ ਹਨ ਉਹ ਵੀ ਲਿਆ ਕਈਆਂ ਨੇ,ਜੋ ਕੰਮ ਗੁਰੂ ਘਰ ਜਾ ਕੇ ਛਡਣੇ ਸੀ ਉਹ ਸਗੋਂ ਵਧੇਰੇ ਖੁੱਲਦਿਲੀ ਨਾਲ ਤੇ ਚਾਅ ਨਾਲ ਕੀਤੇ, ਕੁਝ ਹੋਰ ਰੌਣਕ ਮੇਲਾ ਵੇਖਿਆ, ਕੁਝ ਧੱਕੇ ਖਾਧੇ ਤੇ ਕੁਝ ਧੱਕੇ ਮਾਰੇ ,ਤੇ ਮੁੜ ਪਏ ਵਾਪਸ ਉਹੀ ਕੁਝ ਕਰਦੇ ਜਿਸ ਤਰਾਂ ਦੇ ਖੋਟੀ ਬੁਧੀ ਦੇ ਗਏ ਸੀ ।ਕੀ ਇਹੀ ਕੁਝ ਰਹਿ ਗਿਆ ਸਾਡੇ ਪੱਲੇ ਇਹੀ ਖਾਣਾ ਪੀਣਾ, ਧੂੜ ਧਮੱਕੇ ਚੀਕ ਚਿਹਾੜਾ ਹੀ ਧਰਮ ਹੈ ਜਰਾ ਸੋਚੋ ਸਿੱਖੋ।
ਹੁਣ ਵੇਖੀਏ ਕਿ ਕੀ ਗੁਰੂ ਜੀ ਇਸ ਤਰਾਂ ਦਾ ਧਰਮ ਦਿਤਾ ਸੀ ਜਿਸ ਤਰਾਂ ਦਾ ਬਣਾ ਦਿਤਾ ਹੈ? ਧਰਮ ਜੀਵਨ ਜਾਚ ਸੀ, ਇਕ ਇਨਕਲਾਬ ਸੀ, ਕੋਈ ਵਪਾਰ ਜਾਂ ਧੰਧਾ ਤਾਂ ਨਹੀਂ ਸੀ ਕਿ ਕਿਸੇ ਪ੍ਰਕਾਰ ਦਾ ਦੁਨਿਆਵੀ ਲਾਹਾ ਕੱਢਿਆ ਜਾਵੇ, ਖਾਣ ਪੀਣ ਦਾ ਜਾਂ ਪੈਸੇ ਦਾ।ਹੁਣ, ਲੰਗਰ ਤੋਂ ਸਿਵਾ ਨਾ ਕਿਸੇ ਰਾਹ ਵਿਚ ਉਪਦੇਸ਼ ਦਿੱਤਾ ਤੇ ਨਾ ਅਨੰਦਪੁਰ ਹੀ ਕੋਈ ਪ੍ਰਬੰਧ ਕੀਤਾ ਗਿਆ ।ਰਾਹ ਵਿੱਚ ਲੱਗੇ ਲੰਗਰਾਂ ਤੇ ਬਾਕੀ ਤੇ ਸਾਰਾ ਕੁਝ ਸਪੀਕਰ ਰਾਹੀਂ ਆਖੀ ਗਏ, ਪਰ ਕਿਸੇ ਪੁਛਿਆ ਕਿ ਅਨੰਦਪੁਰ ਜਾਣ ਵਾਲਿਓ ਕੇਸ ਕਿੱਥੇ ਜੇ, ਕਕਾਰ ਪਾਏ ਜੇ ਕਿ ਨਹੀਂ ,ਜੇ ਕਲਗੀ ਵਾਲੇ ਦੇ ਦਰ ਤੇ ਜਾ ਰਹੇ ਜੇ, ਤਾਂ ਕੀ ਮੂੰਹ ਲੈ ਕੇ ਚੱਲੇ ਹੋ, ਕਲਗੀ ਵਾਲੇ ਨੂੰ ਕੀ ਜਵਾਬ ਦਿਓਗੇ, ਜੇ ਉਥੇ ਪੁਛ ਹੀ ਲਿਆ ਉਹਨੇ ਤਾਂ ਤੁਸੀ ਕੀ ਆਖੋਗੇ ਕਿ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਰੋਲ ਕੇ ਹੁਣ ਕੇਵਲ ਮੌਜ ਮਸਤੀ ਕਰਨ ਆਏ ਹਾਂ ?70% ਲੋਕਾਂ ਨੂੰ ਪਤਾ ਵੀ ਨਹੀਂ ਕੇ ਅਸੀਂ ਕੀ ਕਰਨ ਚੱਲੇ ਹਾਂ? ਬਸ ਨਾਂ ਤੱਕ ਹੀ ਸਮਿਤ ਰਹਿ ਗਏ ਹਾਂ? ਬਾਕੀ ਮਨੋਰਥ ਤਾਂ ਭੁੱਲ ਗਏ ਹਾਂ ।ਜ਼ਰਾ ਜੇ ਅਸੀਂ ਸੋਚੀਏ ਗੁਰੂ ਜੀ ਦੇ ਇਨਕਲਾਬੀ ਸਿਧਾਂਤ ਨੂੰ ਭੁਲ ਗਏ ਹਾਂ ਤਾਂ ਪੁਰਾਣੀ ਮਿਥ ਮੁਤਾਬਿਕ ਵੀ ਖਰੇ ਨਹੀਂ ਉਤਰਦੇ। ਕਿਉਂਕਿ ਹਰਣਾਕਸ਼ ਨੇ ਪ੍ਰਹਿਲਾਦ ਨੂੰ ਭਗਤੀ ਵਲੋਂ ਹਟਾਉਣ ਲਈ ਕਈ ਡਰਾਵੇ ਧਮਕੀਆਂ ਤੇ ਹੋਰ ਉਪਾਅ ਕੀਤੇ। ਹਰ ਪਾਸੇ ਫੇਲ੍ਹ ਹੋ ਜਾਣ ਤੋਂ ਬਾਅਦ ਪ੍ਰਹਿਲਾਦ ਦੀ ਭੂਆ ਹੋਲਿਕਾ ਨੇ ਵਿਉਂਤ ਬਣਾਈ ਅਤੇ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਲੱਕੜਾਂ ਦੇ ਢੇਰ ‘ਤੇ ਬਹਿ ਗਈ। ਆਪਣੇ ਉੱਤੇ ਉਹ ਕੱਪੜਾ ਲੈ ਲਿਆ ਜਿਸ ਨੂੰ ਲੈ ਕੇ ਉਹ ਸੜ ਨਹੀਂ ਸੀ ਸਕਦੀ। ਭਾਣਾ ਐਸਾ ਵਰਤਿਆ ਕੇ ਹਵਾ ਨਾਲ ਉੱਡ ਕੇ ਕਪੜਾ ਪ੍ਰਹਿਲਾਦ ਉੱਤੇ ਆ ਗਿਆ। ਪ੍ਰਹਿਲਾਦ ਬਚ ਗਿਆ ਤੇ ਹੋਲਿਕਾ ਸੜ ਗਈ। ਜਦੋਂ ਇਸ ਗੱਲ ਦਾ ਪਤਾ ਮਹਿਲਾਂ ਵਿਚ ਲੱਗਾ ਤਾਂ ਹਰਣਾਕਸ਼ ਦੀ ਚਾਪਲੂਸੀ ਕਰਨ ਵਾਲੇ ਉਸ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਲੱਗੇ ਉਚੀ ਉਚੀ ਵੈਣ ਪਾਉਣ, ਤੇ ਸੁਆਹ ਉਡਾ ਉਡਾ ਕੇ ਸਿਰ ਵਿਚ ਪਾਉਣ ਲੱਗੇ ਹਾਏ ਭੂਆ ਹਾਏ ਭੂਆ ………ਉਸ ਦਿਨ ਤੋਂ ਮੰਨਿਆ ਜਾਂਦਾ ਹੈ ਕਿ ਹੋਲੀ ਸ਼ੁਰੂ ਹੋਈ ਹੈ। ਅਸੀਂ ਪਹਿਲਾਂ ਸ਼ੁਰੂ ਵਿਚ ਹੀ ਜ਼ਿਕਰ ਕਰ ਆਏ ਹਾਂ ਕਿ ਸਤਿਗੁਰੂ ਜੀ ਨੇ ਜ਼ਿੰਦਗੀ ਤੇ ਸਮਾਜ ਦੇ ਕੰਮ ਨਾ ਆਉਣ ਵਾਲੀਆ ਸਾਰੀਆਂ ਰਸਮਾਂ ਪ੍ਰੰਪਰਾਵਾਂ ਗਲੋਂ ਲਾਹ ਕੇ ਇਕ ਇਨਕਲਾਬੀ ਰਾਹ ਦੱਸਿਆ ਜਿਸ ਤੇ ਗੁਰਸਿਖਾਂ ਨੇ ਚੱਲ ਕੇ ਇਤਿਹਾਸ ਦੇ ਸ਼ਾਨਦਾਰ ਪੂਰਨੇ ਪਾਏ। ਪਰ ਅੱਜ ਅਸੀਂ ਸਾਰੇ ਆਮ ਤੇ ਖਾਸ, ਆਗੂ ਲੀਡਰ ਤੇ ਜਨਤਾ ਰਲ ਕੇ ਹੋਲਿਕਾ ਦੇ ਹੀ ਭਤੀਜੇ ਬਨਣ ਦਾ ਜਤਨ ਕਰ ਰਹੇ ਹਾਂ। ਉਹੋ ਹੀ ਸੁਆਹ ਮਿੱਟੀ (ਭਾਵੇਂ ਕਰਮਕਾਂਡਾਂ ਦੀ ਹੀ ਹੋਵੇ) ਫਿਰ ਸਿਰ ਵਿੱਚ ਪਾ ਰਹੇ ਹਾਂ। ਜਿਹੜੇ ਪਾਸੇ ਬ੍ਰਾਹਮਣ ਲਾ ਕੇ ਰਖਣਾ ਚਾਹੁੰਦਾ ਸੀ, ਉਸੇ ਹੀ ਬੇਅਕਲੀ ਨੂੰ ਅਸੀਂ ਆਪ ਅਪਣਾਅ ਲਿਆ ਹੈ। ਇਸੇ ਲਈ ਸਮਾਜ, ਨਸ਼ੇ ਤੇ ਹੋਰ ਸਮਾਜਿਕ ਬਿਮਾਰੀਆਂ ਨਾਲ ਜਕੜਿਆ ਜਾ ਰਿਹਾ ਹੈ। ਗੁਰੂ ਨੇ ਸਾਨੂੰ ਸਵਾਰਿਆ ਸੀ ਅਸੀਂ ਫਿਰ ਬਾਂਦਰ ਬਣ ਕੇ ਸੜਕਾਂ ਗਲੀਆਂ ਵਿਚ ਮਨੁਖਤਾ ਦਾ ਜਲੂਸ ਕਢਦੇ ਫਿਰਦੇ ਹਾਂ।ਆਉ! ਵੀਰੋ, ਭੈਣੋ, ਬਜ਼ੁਰਗੋ , ਆਪਾਂ ਆਪਣੇ ਵਿਰਸੇ ਦੀ ਪਹਿਚਾਣ ਕਰੀਏ ਅਤੇ ਸ਼ੂਦਰਾਂ ਵਾਲੀ ਸਿਰ ਵਿੱਚ ਮਿੱਟੀ ਸੁਆਹ ਪਾਉਣ ਵਾਲੀ ਹੋਲੀ ਛੱਡ ਕੇ ਗੁਰੂ ਦੱਸੀ ਜੁਗਤਿ ਅਪਣਾਈਏ ਜਿਸ ਦਾ ਰੰਗ ਨਾ ਦੇਗਾਂ ਵਿੱਚ ਉਤਰੇਗਾ, ਨਾ ਰੰਬੀਆਂ ਥੱਲੇ, ਨਾ ਆਰਿਆਂ ਥੱਲੇ।ਐਸੀ ਗੁਰਮਤਿ ਅਪਣਾਈਏ ਜਿਸ ਨਾਲ ਸਮਾਜਿਕ ਕ੍ਰਾਂਤੀ ਆਵੇ ਤੇ ਸਮਾਜ ਦਾ ਭਲਾ ਹੋਵੇ।

Leave a Reply