Thursday, February 20, 2020
Home > Articles > ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ, ਤਾ…? ਸੁਖਵਿੰਦਰ ਸਿੰਘ ਦਦੇਹਰ

ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ, ਤਾ…? ਸੁਖਵਿੰਦਰ ਸਿੰਘ ਦਦੇਹਰ

ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ, ਤਾ……?

ਸੁਖਵਿੰਦਰ ਸਿੰਘ ਦਦੇਹਰ +9198555 98855
ਸਲੋਕ ਮਃ 5 ॥ (960 ਪੰਨਾ)
ਅੰਦਰਹੁ ਅੰਨਾ, ਬਾਹਰਹੁ ਅੰਨਾ, ਕੂੜੀ ਕੂੜੀ ਗਾਵੈ ॥ ਦੇਹੀ ਧੋਵੈ, ਚਕ੍ਰ ਬਣਾਏ, ਮਾਇਆ ਨੋ ਬਹੁ ਧਾਵੈ ॥
ਅੰਦਰਿ ਮੈਲੁ ਨ ਉਤਰੈ ਹਉਮੈ, ਫਿਰਿ ਫਿਰਿ ਆਵੈ ਜਾਵੈ ॥ ਨੀਂਦ ਵਿਆਪਿਆ, ਕਾਮਿ ਸੰਤਾਪਿਆ, ਮੁਖਹੁ ਹਰਿ ਹਰਿ ਕਹਾਵੈ ॥
ਬੈਸਨੋ ਨਾਮੁ, ਕਰਮ ਹਉ ਜੁਗਤਾ, ਤੁਹ ਕੁਟੇ, ਕਿਆ ਫਲੁ ਪਾਵੈ ॥ ਹੰਸਾ ਵਿਚਿ ਬੈਠਾ ਬਗੁ, ਨ ਬਣਈ, ਨਿਤ ਬੈਠਾ ਮਛੀ ਨੋ ਤਾਰ ਲਾਵੈ ॥
ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ, ਤਾ ਬਗਾ ਨਾਲਿ ਜੋੜੁ, ਕਦੇ ਨ ਆਵੈ ॥ ਹੰਸਾ, ਹੀਰਾ ਮੋਤੀ ਚੁਗਣਾ, ਬਗੁ ਡਡਾ ਭਾਲਣ ਜਾਵੈ ॥
ਉਡਰਿਆ ਵੇਚਾਰਾ ਬਗੁਲਾ, ਮਤੁ ਹੋਵੈ ਮੰਞੁ ਲਖਾਵੈ ॥ ਜਿਤੁ ਕੋ ਲਾਇਆ, ਤਿਤ ਹੀ ਲਾਗਾ, ਕਿਸੁ ਦੋਸੁ ਦਿਚੈ, ਜਾ ਹਰਿ ਏਵੈ ਭਾਵੈ ॥
ਸਤਿਗੁਰੁ ਸਰਵਰੁ, ਰਤਨੀ ਭਰਪੂਰੇ, ਜਿਸੁ ਪ੍ਰਾਪਤਿ, ਸੋ ਪਾਵੈ ॥ ਸਿਖ ਹੰਸ, ਸਰਵਰਿ ਇਕਠੇ ਹੋਏ, ਸਤਿਗੁਰ ਕੈ ਹੁਕਮਾਵੈ ॥
ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ, ਖਾਇ ਖਰਚਿ ਰਹੇ, ਤੋਟਿ ਨ ਆਵੈ ॥ ਸਰਵਰ, ਹੰਸੁ ਦੂਰਿ ਨ ਹੋਈ, ਕਰਤੇ ਏਵੈ ਭਾਵੈ ॥
ਜਨ ਨਾਨਕ! ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ, ਸੋ ਸਿਖੁ, ਗੁਰੂ ਪਹਿ ਆਵੈ ॥ ਆਪਿ ਤਰਿਆ, ਕੁਟੰਬ ਸਭਿ ਤਾਰੇ, ਸਭਾ ਸ੍ਰਿਸਟਿ ਛਡਾਵੈ ॥1॥
ਗੁਰੂ ਅਰਜੁਨ ਸਾਹਿਬ ਜੀ ਦੀ ਉਚਾਰਨ ਕੀਤੀ ਰਾਮਕਲੀ ਕੀ ਵਾਰ ਦੀ ਸਤਵੀਂ ਪਉੜੀ ਦਾ ਇਹ ਪਹਿਲਾ ਸਲੋਕ ਹੈ। ਇਸ ਸਲੋਕ ਵਿੱਚ ਸਤਿਗੁਰੂ ਜੀ ਨੇ ਹੰਸ ਅਤੇ ਬਗੁਲੇ ਦੀ ਉਦਾਹਰਣ ਬਣਾ ਕੇ ਸਚਿਆਰ ਧਰਮੀ ਦਾ ਤੇ ਕੂੜਿਆਰ ਪਖੰਡੀ ਦਾ ਨਖੇੜਾ ਕੀਤਾ ਹੈ। ਗੁਰੂਬਾਣੀ ਗੁਰੂ ਦਾ ਸਿੱਖ ਹੰਸ ਵਾਂਗੂੰ ਗੁਰਮਤਿ ਮਨਮਤ ਦਾ ਨਿਖੇੜਾ ਕਰ ਦੇਣ ਵਾਲੇ ਗੁਣਾਂ ਕਰਕੇ ਹਮੇਸ਼ਾਂ ਸਤਿਗੁਰੂ ਜੀ ਵਾਲਾ ਮਾਣ ਪ੍ਰਾਪਤ ਕਰਦਾ ਹੈ। ਦੇਖਣ ਨੂੰ ਬਾਹਰੋਂ ਭਾਂਵੇਂ ਬਗੁਲਾ ਤੇ ਹੰਸ ਇਕੋ ਜਿਹੇ ਲਗਦੇ ਹਨ,ਪਰ ਜੀਵਨ ਦੀ ਚਾਲ ਢਾਲ ਵਿੱਚ ਇੰਨਾ ਹੀ ਫਰਕ ਹੈ ਜਿੰਨਾ ਚਾਨਣ ਤੇ ਹਨੇਰੇ ਵਿੱਚ ਫਰਕ ਹੈ। ਇਥੇ ਇਸ ਸਲੋਕ ਵਿੱਚ ਕੂੜਿਆਰ ਤੇ ਸਚਿਆਰ ਦਾ ਨਿਖੇੜਾ ਕੀਤਾ ਹੈ ਤੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਤਿਗੁਰੂ ਨੂੰ ਭਾਉਂਦਾ ਕਿਹੜਾ ਹੈ। ਪਹਿਲੀਆਂ ਪੰਜ ਤੁੱਕਾਂ ਇਹ ਨਿਰਣਾ ਕਰਦੀਆਂ ਹਨ ਕਿ ਬਗੁਲਾ ਕੌਣ ਹੈ, ਅਤੇ ਬਾਕੀ ਸਲੋਕ ਵਿੱਚ ਦੱਸਿਆ ਹੈ ਕਿ ਗੁਰੂ ਦਾ ਹੰਸ ਸਿੱਖ ਕਿੰਨ੍ਹਾਂ ਗੁਣਾਂ ਕਰਕੇ ਸਤਿਗੁਰੂ ਜੀ ਨੂੰ ਪ੍ਰਵਾਨ ਚੜਦਾ ਹੈ।ਇਸ ਕਰਕੇ ਸਿੱਖ ਹਮੇਸ਼ਾਂ ਗੁਰੂ ਸਰੋਵਰ ਦੇ ਨੇੜੇ ਰਹਿੰਦਾ ਹੈ ਤੇ ਬਗੁਲੇ ਨੂੰ ਆਖ਼ਰ ਉੱਡਣਾ ਪੈ ਜਾਂਦਾ ਹੈ।ਹੰਸ ਚੰਗਿਆਈ ਦਾ ਗਾਹਕ ਹੈ ਬੁਰਿਆਈ ਨੂੰ ਨਿਖੇੜ ਕੇ ਪਾਸੇ ਕਰ ਦਿੰਦਾ ਹੈ।
ਨੋਟ:-(ਬੱਤਕ ਦੀ ਕਿਸਮ ਦਾ ਇੱਕ ਪੰਛੀ, ਜਿਸ ਦੇ ਖੰਭ ਚਿੱਟੇ, ਪੈਰ ਅਤੇ ਚੁੰਜ ਲਾਲ ਹੁੰਦੇ ਹਨ. *ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇਸ ਦੀ ਚੁੰਜ ਵਿੱਚ ਖਟਾਸ ਹੁੰਦਾ ਹੈ, ਜਦ ਦੁੱਧ ਵਿੱਚ ਪਾਉਂਦਾ ਹੈ ਤਦ ਪਾਣੀ ਅਲੱਗ ਹੋ ਜਾਂਦਾ ਹੈ. ਇਸੇ ਦ੍ਰਿਸ਼ਟਾਂਤ ਨੂੰ ਲੈ ਕੇ ਸੱਤ ਅਸੱਤ(ਸੱਚ ਝੂਠ) ਦਾ ਵਿਵੇਕ(ਪਰਖ) ਕਰਨ ਵਾਲੇ ਨੂੰ ਭੀ ਹੰਸ ਸੱਦੀਦਾ ਹੈ. ਹੰਸ ਨੂੰ ਮੋਤੀ ਚੁਗਣ ਵਾਲਾ ਭੀ ਅਨੇਕ ਕਵੀਆਂ ਨੇ ਲਿਖਿਆ ਹੈ……ਮਹਾਨ  ਕੋਸ਼)
ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥65॥ (1381 ਪੰਨਾ)
ਨੋਟ:-(ਕੋਧ੍ਰਾ :-ਬਾਥੂ ਜੇਹਾ ਇੱਕ ਘਾਹ, ਜਿਸ ਦਾ ਦਾਣਾ ਗਰੀਬ ਲੋਕ ਰਿੰਨ੍ਹਕੇ ਅਥਵਾ ਪੀਹਕੇ ਆਟੇ ਦੀ ਰੋਟੀ ਪਕਾਕੇ ਖਾਂਦੇ ਹਨ।…..ਮਹਾਨ ਕੋਸ਼)
ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥ ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥
ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥(585 ਪੰਨਾ)
ਗੁਰੂਬਾਣੀ ਵਿੱਚ ਹੰਸ ਚੰਗਿਆਈ ਦਾ ਪ੍ਰਤੀਕ ਹੈ ਤੇ ਬਗੁਲਾ ਬੁਰਾਈ ਦਾ ਪ੍ਰਤੀਕ ਹੈ। ਚੰਗਿਆਈ ਦੇ ਸਾਹਮਣੇ ਬੁਰਿਆਈ ਨੂੰ ੳੁੱਡਣਾ ਹੀ ਪੈਂਦਾ ਹੈ। ਵੀਚਾਰ ਕੀਤਿਆਂ ਬੁਰਿਆਈ ਚੰਗਿਆਈ ਦੇ ਸਾਹਮਣੇ ਹਾਰਦੀ ਹੈ। ਗੁਰੂਬਾਣੀ ਦੇ ਮੁਤਾਬਕ ਹੰਸ ਕੋਧ੍ਰਾ ਕਦੀ ਵੀ ਨਹੀਂ ਖਾਂਦਾ, ਸਿੱਖ ਕਦੀ ਨਿਕੰਮੀਆਂ ਵਸਤੂਆਂ ਦੇ ਸਹਾਰੇ ਜ਼ਿੰਦਗੀ ਜਿਉਂਦਾ ਹੀ ਨਹੀਂ। ਪਰ ਰੌਲਾ ਪੈ ਰਿਹਾ ਹੈ ਸਿੱਖ ਕੁਰਾਹੇ ਪੈ ਗਿਆ ਸਿੱਖ ਕੁਰਾਹੇ ਪੈ ਗਿਆ, ਡਰਪੋਕ ਹੋ ਗਿਆ। ਸਿੱਖ ਕੁਰਾਹੇ ਨਹੀਂ ਪੈਂਦਾ, ਸਿੱਖ ਕਦੀ ਵੀ ਡਰਪੋਕ ਨਹੀਂ ਹੈ,ਸਿੱਖ ਨਸ਼ਈ ਨਹੀਂ ਹੁੰਦਾ, ਸਿੱਖ ਡੇਰਾਵਾਦੀ ਨਹੀਂ ਹੁੰਦਾ, ਸਿੱਖ ਬੇਈਮਾਨ ਤੇ ਚੋਰ ਨਹੀਂ ਹੁੰਦਾ, ਸਿੱਖ ਵਿਭਚਾਰੀ ਨਹੀਂ ਹੁੰਦਾ, ਸਿੱਖ ਅਗਿਆਨੀ ਨਹੀਂ ਹੁੰਦਾ  “ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ”। ਹੋਰ ਵੇਖੋ ਗੁਰਬਾਣੀ ਕੀ ਕਹਿੰਦੀ ਹੈ:-
ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥ ਚਿੰਜੂ ਬੋੜਨਿ ਨਾ ਪੀਵਹਿ ਉਡਣ ਸੰਦੀ ਡੰਝ ॥64॥ –  (1381 ਪੰਨਾ)
ਅਰਥ:- ਕੱਲਰ ਦੀ ਛੱਪੜੀ ਵਿਚ ਹੰਸ ਆ ਉਤਰੇ, ਉਹਨਾਂ ਹੰਸਾਂ ਨੇ ਦੇਖਿਆ ਛੱਪੜੀ ਦਾ ਪਾਣੀ ਗੰਦਾ ਹੈ ਸਾਡੇ ਪੀਣ ਜੋਗ ਨਹੀਂ। ਇਸ ਲਈ ਹੰਸ, ਛੱਪੜੀ ਵਿਚ ਆਪਣੀ ਚੁੰਝ ਨਾਹੀ ਡੋਬਦੇ ਅਤੇ ਨਾਹ ਹੀ ਗੰਦਾ ਪਾਣੀ ਪੀਂਦੇ ਹਨ,ਸਗੋਂ ਉਹਨਾਂ ਨੂੰ ਉਥੋਂ ਉੱਡ ਜਾਣ ਦੀ ਕਾਹਲੀ ਹੈ, ਕਿਉਂਕਿ ਇਥੇ ਬੈਠਣ ਨਾਲ ਹੰਸਾਂ ਤੇ ਦਾਗ ਲਗਦਾ ਹੈ॥64
ਸਿੱਖ ਅੱਖਾਂ ਮੀਟ ਕੇ ਕਿਸੇ ਵੀ ਕਰਮ ਨੂੰ ਪ੍ਰਵਾਨ ਨਹੀਂ ਕਰਦਾ। ਪਰਖਣਾ ਬਹੁਤ ਜ਼ਰੂਰੀ ਹੈ, ਇਹੋ ਹੀ ਹੰਸ ਰੀਤ ਹੈ। ਸਿੱਖ ਦੀ ਹੰਸ ਵਾਲੀ ਦਿੱਖ ਦੇ ਸਾਹਮਣੇ ਕਿਰਦਾਰ ਦੇ ਸਾਹਮਣੇ, ਗੰਦ ਖਾਣੇ ਭੈੜੇ ਕਾਂ, ਝੂਠੇ ਬੇਈਮਾਨ ਧੋਖੇਬਾਜ ਬਗੁਲੇ, ਲਾਲਚੀ ਅਵਾਰਾ ਕੁੱਤੇ, ਮਤਲਬ ਪ੍ਰਸਤ ਚਾਪਲੂਸ ਲੂੰਬੜ,ਹਨੇਰੇ ਤੇ ਉਜਾੜ ਦੇ ਆਸ਼ਕ ਉਲੂ, ਡਰਪੋਕ ਗਿੱਦੜ ਆਦਿਕ ਬਹੁਤ ਫਿਕੇ ਹਨ।ਇਹਨਾਂ ਦਾ ਕਿਰਦਾਰ ਗੁਰਸਿੱਖ ਦੇ ਸਾਹਮਣੇ ਬਹੁਤ ਨੀਵਾਂ ਤੇ ਕੋਝਾ ਲੱਗਦਾ। ਸੋ ਅਪਣੀ ਸਰਦਾਰੀ ਕਾਇਮ ਰੱਖਣ ਲਈ ਕਾਵਾਂ ਨੇ, ਕੁੱਤਿਆਂ ਨੇ, ਲੂੰਬੜਾਂ ਨੇ,ਗਿਦੜਾਂ ਨੇ, ਉਲੂਆਂ ਨੇ ਤੇ ਹੋਰ ਖੂੰਖਾਰ ਜਾਨਵਰਾਂ ਨੇ ਹੰਸਾਂ ਦਾ ਬਹੁਤ ਵਿਰੋਧ ਕੀਤਾ,ਜੋਰ ਪੈਣ ਤੇ ਬਹੁਤ ਮਾਰਿਆ ਤੇ ਸ਼ਿਕਾਰ ਖੇਡਿਆ ,ਪਰ ਹੰਸਾਂ ਫਿਰ ਵੀ ਆਪਣਾ ਸੁਭਾਅ ਨਹੀਂ ਤਿਆਗਿਆ, ਹੰਸ ਕਦੀ ਕਾਂ ਅਤੇ ਬਗੁਲੇ ਬਣਨ ਲਈ ਤਿਆਰ ਨਹੀਂ ਹੋਏ, ਹਾਂ ਗਿਣਤੀ ਜ਼ਰੂਰ ਘਟ ਹੋ ਸਕਦੀ, ਨੁਕਸਾਨ ਬਹੁਤ ਹੋਇਆ।
ਜਿਵੇਂ ਹੰਸ ਦਾ ਜੀਵਨ ਮਾਨ ਸਰੋਵਰ ਦੇ ਮੋਤੀ ਹਨ( ਇਵੇਂ ਸਿੱਖ ਹੰਸ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮਤਿ ਸਿਧਾਂਤ ਹਨ) । ਬਗੁਲਿਆਂ ਕਾਵਾਂ ਕੁਤਿਆਂ ਲੂੰਬੜਾਂ ਨੂੰ ,ਹੰਸ ਚੁੱਭਦੇ ਬਹੁਤ ਹਨ, ਇਹ ਕੰਡਾ ਕੱਢਣ ਲਈ ਕਈ ਨਵੀਆਂ ਤੋਂ ਨਵੀਆਂ ਯੋਜਨਾਵਾਂ ਬਣਦੀਆਂ,ਅਮਲ ਵਿੱਚ ਆਉਂਦੀਆਂ ਰਹੀਆਂ। ਆਖਰ ਥੱਕ ਹਾਰ ਕੇ ਪੁਰਾਣੇ ਬੁੱਢੇ ਤਜਰਬੇਕਾਰ ਬਗੁਲੇ, ਕੁੱਤੇ, ਕਾਂ, ਲੂੰਬੜ ਇਕੱਠੇ ਹੋ ਵੀਚਾਰ ਕਰਨ ਲਗੇ ਕਿ ਕੀ ਕੀਤਾ ਜਾਏ, ਆਪਣੀ ਸਭ ਦੀ ਸਰਦਾਰੀ ਜਾ ਰਹੀ ਹੈ, ਦੁਨੀਆਂ ਵਿੱਚ ਹੰਸ ਦੀ ਤਾਰੀਫ ਹੋ ਰਹੀ ਹੈ ਤੇ ਹੰਸ ਵਰਗਾ ਪਾਰਖੂ ਬਣਨ ਲਈ ਹਰ ਕੋਈ ਹੱਥ ਪੈਰ ਮਾਰ ਰਿਹਾ ਹੈ। ਹੰਸ ਬੜੇ ਕੁੱਟੇ ਨੇ ਮਾਰੇ ਨੇ,ਪਰ ਇਹ ਨਾਹ ਸਾਡੀ ਹਾਂ ਵਿੱਚ ਹਾਂ ਮਿਲਾਉਣ ਲਈ ਤਿਆਰ ਹਨ ਨਾਹ ਹੋਰ ਕੋਈ ਚਾਰਾ ਚੱਲ ਰਿਹਾ ਕੀ ਕਰੀਏ।ਇਸ ਚੱਲ ਰਹੀ ਸਭਾ ਵਿੱਚ ਸ਼ਾਮਾਂ ਵੇਲੇ ਇੱਕ ਹੋਰ ਚਾਨਣ (ਰੌਸ਼ਨੀ) ਤੋਂ ਦੁੱਖੀ ਦਲ ਵੀ ਆ ਪਹੁੰਚਿਆ ਉਹ ਸੀ ਗੰਦੀ ਢਾਣੀ ਚਮਗਿਦੜ (ਆਰ ਐਸ ਐਸ) ਵਾਲੇ।
ਨੋਟ:-(ਚਮਗਿਦੜ:- ਉੱਡਣ ਵਾਲਾ ਇੱਕ ਪੰਛੀ ਹੈ,ਦਿਨ ਵੇਲੇ ਚਾਨਣ ਵਿੱਚ ਇਸ ਨੂੰ ਦਿਖਾਈ ਨਹੀਂ ਦਿੰਦਾ। ਦਰੱਖਤਾਂ ਨਾਲ ਜਾਂ ਉਜੜੇ ਘਰਾਂ ਦੀਆਂ ਛੱਤਾਂ ਨਾਲ ਦਿਨ ਵੇਲੇ ਪੁੱਠਾ ਲਟਕਦਾ ਰਹਿੰਦਾ ਹੈ।ਬਾਕੀ ਪੰਛੀਆਂ ਦੀ ਤਰ੍ਹਾਂ ਇਹ ਸਿੱਧਾ ਬੈਠ ਨਹੀਂ ਸਕਦਾ।ਰਾਤ ਦੇ ਹਨੇਰੇ ਦਾ ਫਾਇਦਾ ਲੈਂਦਾ ਹੈ, ਮੱਛਰ ਕੀੜੇ ਮਕੌੜੇ ਜਾਂ ਦਰੱਖਤਾਂ ਦੇ ਹਰੇ ਪੱਤਿਆਂ ਨੂੰ ਖਾ ਕੇ ਪੇਟ ਪਾਲਦਾ ਹੈ।ਮੂੰਹ ਨਾਲ ਹੀ ਖਾਂਦਾ ਹੈ ਤੇ ਮੂੰਹ ਰਾਹੀਂ ਹੀ ਆਪਣੀ ਗੰਦਗੀ ਬਾਹਰ ਕੱਢਦਾ ਹੈ।ਇਸੇ ਤਰ੍ਹਾਂ ਆਰ ਐਸ ਐਸ ਅਗਿਆਨਤਾ ਦੇ ਹਨੇਰੇ ਵਿੱਚ ਦਾਅ ਲਾਉਂਦੀ ਹੈ,ਹਨੇਰਾ ਕਰਨ ਲਈ ਪੂਰਾ ਜ਼ੋਰ ਲਾ ਰੱਖਿਆ ਹੈ,ਹਰੇਕ ਕੰਮ ਨੂੰ ਇਹ ਵੀ ਪੁੱਠਾ ਗੇੜਾ ਬੰਨ ਲੈਂਦੇ ਹਨ,ਗੁਰੂ ਸਾਹਿਬ ਦੇ ਇਤਿਹਾਸ ਤੇ ਗੁਰਬਾਣੀ ਪੜ ਕੇ ਫਿਰ ਗੰਧਲਾ ਬਣਾ ਬਣਾ ਬਾਹਰ ਕੱਢ ਰਹੇ ਹਨ।) ਸੋ ਲੰਬੀ ਸੋਚ ਵਿਚਾਰ ਤੋਂ ਬਾਅਦ ਇਸ ਸਭਾ ਨੇ ਨਤੀਜਾ ਕੱਢਿਆ ਕਿ ਮਾਨ ਸਰੋਵਰ, ਹੰਸਾਂ ਨੂੰ ਮੋਤੀ ਦਿੰਦਾ ਹੈ, ਉਹ ਇਹਨਾਂ ਦੀ ਜ਼ਿੰਦਗੀ ਹੈ, ਹੋਰ ਕਿਸੇ ਛੱਪੜ ਟੋਬੇ ਨਦੀ ਨਾਲੇ ਤੇ ਇਹ ਜਾਂਦੇ ਨਹੀਂ, ਜਾਂ ਹੋਰ ਘਾਹ ਫੂਸ ਖਾ ਕੇ ਇਹ ਜਿਉਂਦੇ ਨਹੀਂ ਰਹਿ ਸਕਦੇ। ਇਸ ਲਈ ਪਹਿਲਾ ਕਦਮ ਸਹਿਜ ਨਾਲ ਮਾਨ ਸਰੋਵਰ ਦੇ ਨੇੜੇ ਹੋ ਕੇ ਪੂਰਾ ਕਬਜਾ,ਤੇ ਦੂਜਾ ਬਗੁਲਿਆਂ ਨੂੰ ਖਾਸ ਨਸੀਹਤ ਕੀਤੀ ਗਈ ਕਿ ਤੁਹਾਡੇ ਖੰਭ ਚਿੱਟੇ ਹਨ ਇਹਨਾਂ ਦਾ ਫਾਇਦਾ ਲਉ ।ਬਗੁਲਿਉ ! ਸਮਝ ਲਉ ਅੱਜ ਤੋਂ ਤੁਸੀਂ ਹੀ ਹੰਸ ਹੋ, ਸਾਡੇ ਸਾਰੇ ਦਲਾਂ ਦਾ ਪੂਰਾ ਹਰ ਪ੍ਰਕਾਰ ਦਾ ਹੱਥ ਤੁਹਾਡੇ ਤੇ ਰਹੇਗਾ।ਉਰੀ ਪਰੀ ਕਰਨ ਵਾਲੇ ਰੌਲਾ ਪਾਉਣ ਵਾਲੇ ਤੁਹਾਡਾ ਪਾਜ ਉਘੇੜਨ ਵਾਲੇ ਅਸੀਂ ਪਾੜ ਖਾਵਾਂਗੇ ,ਬਦਨਾਮ ਕਰਾਂਗੇ।ਇਸ ਸਭਾ ਦੀ ਗੱਲ ਦਾ ਉਲੂਆਂ ਦੇ ਦਲ(ਹੀਰ ਰਾਂਝੇ ਵਰਗਾ ਘਟੀਆ ਸਭਿਆਚਾਰ ਲਿਖਣ ਤੇ ਗਾਉਣ ਵਾਲੇ ਤੇ ਇਹਨਾਂ ਦੇ ਸਮਰਥਕ) ਨੂੰ ਪਤਾ ਲਗਾ ਤਾਂ ਉਹਨਾਂ ਆਪਣਾ ਸਮਰਥਨ ਦੇਣ ਦਾ ਵਾਅਦਾ ਕਰ ਲਿਆ,ਕਿਉਂਕਿ ਇਹ ਦਲ ਵੀ ਉਜਾੜ ਭਾਲਦਾ ਤੇ ਹਨੇਰਾ ਭਾਲਦਾ। ਸੋ ਇਸ ਤੋਂ ਬਾਅਦ ਬਗੁਲੇ ਮਾਨ ਸਰੋਵਰ ਦੇ ਦੁਆਲੇ ਹੋ ਗਏ ਅਤੇ ਮਾਨ ਸਰੋਵਰ ਦੇ ਕੀਮਤੀ ਸੁੱਚੇ ਮੋਤੀਆਂ ਦੀ ਥਾਂ ਕੱਚ, ਰੋੜ, ਮਿੱਟੀ(ਵੇਦਾਂ ਪੁਰਾਣਾ ਸਿਮਰਤੀਆਂ ਰਮਾਇਣ ਮਹਾਭਾਰਤ ਰਿਸਿ ਮੁਨੀ ਤੇ ਬਣਾਏ ਹੋਏ ਭਗਵਾਨਾ) ਦਾ ਕੂੜ ਪ੍ਰਚਾਰ ਕਰਨ ਲੱਗੇ। ਪੂਰੀ ਸਾਜਸ਼ ਨਾਲ ਇਹਨਾਂ ਬਗੁਲਿਆਂ ਨੇ ਭੇਖ ਕਰਮਕਾਂਡ ਦਾ ਪਾਖੰਡ ,ਕਾਵਾਂ ਫੈਸ਼ਨ ਤੇ ਨਿੰਦਿਆ ਦਾ ਗੰਦ ,ਕੁਤਿਆਂ ਲਾਲਚ ਰੂੜੀਆਂ ਦੀ ਅਵਾਰਾ ਗਰਦੀ, ਲੂੰਬੜਾਂ ਗੰਦੀ ਰਾਜਨੀਤੀ ਗੁੰਡਾਗਰਦੀ ਬੇਈਮਾਨੀ, ਉਲੂਆਂ ਨੇ ਹਨੇਰੇ ਨੂੰ ਹੋਰ ਗੂੜਾ ਕਰਕੇ ਪਸਾਰਦਿਆਂ ਹੰਸਾਂ ਦੇ ਗੁਣਾਂ ਤੇ ਆਪਣੀਆਂ ਜ਼ਹਿਰੀਲੀਆਂ ਵੀਚਾਰਾਂ ਦਾ ਅੰਸ਼ ਪਾ ਕੇ ਹੰਸ ਮਦਹੋਸ਼ ਜਿਹੇ ਕਰ ਦਿਤੇ, ਹੰਸ ਸੋਚ ਨੂੰ ਪ੍ਰਭਾਵਿਤ ਕਰ ਦਿਤਾ। ਹੰਸ ਅੱਗੋਂ ਹੋਰ ਹੰਸ ਪੈਦਾ ਕਰਨ ਦੀ ਤਾਕਤ ਵਰਤਣ ਤੋਂ ਅਸਮਰੱਥ ਕਰ ਦਿਤੇ। ਡੱਡੀਆਂ ਮੱਛੀਆਂ ਦੇ ਗਾਹਕ ਬਗੁਲੇ ਭਗਤ, ਸਰਦਾਰ ਬਣ ਬੈਠੇ ਤੇ ਚੰਮ ਦੀਆਂ ਚਲਾਉਣ ਲੱਗ ਪਏ,ਇਸੇ ਕਰਕੇ ਅੱਜ ਕੁਤਿਆਂ ਕਾਵਾਂ ਲੂੰਬੜਾਂ ਗਿਦੜਾਂ ਤੇ ਉਲੂ ਬਿਰਤੀਆਂ ਦੀ ਵੀ ਪੂਰੀ ਸਰਦਾਰੀ ਹੈ।ਇਹਨਾਂ ਦੀ ਮਿਲੀ ਭੁਗਤ ਕਰਕੇ ਮਾਨ ਸਰੋਵਰ ਦਾ ਪਵਿੱਤਰ ਵਾਤਾਵਰਨ ਜੋ ਬੜੀ ਜੱਦੋ ਜਹਿਦ ਨਾਲ ਕੁਰਬਾਨੀਆਂ ਕਰਕੇ ਬਣਾਇਆ ਸੀ, ਉਹ ਗੰਧਲਾ ਹੋਣ ਲਗ ਪਿਆ। ਬਗੁਲੇ ਆਪਣੀਆਂ ਮੰਦ ਕਰਤੂਤਾਂ ਕਰਕੇ ਪੂਰੀ ਤਰ੍ਹਾਂ ਬਦਨਾਮ ਸੀ, ਇਸ ਲਈ ਚਲਾਕੀ ਨਾਲ ਆਪਣੇ ਆਪ ਨੂੰ ਹੰਸ ਦੱਸਣ ਲੱਗ ਪਏ। ਬਗੁਲਿਆਂ ਨੇ ਆਪਣੇ ਹੰਸ ਹੋਣ ਦਾ ਬੜਾ ਪ੍ਰਚਾਰ ਕੀਤਾ ਤੇ ਇਹਨਾਂ ਦਾ ਸਾਥ (ਸਮੇਂ ਸਮੇਂ ਦੀਆਂ ਸਰਕਾਰਾਂ ਤੇ ਝੋਲੀ ਚੁੱਕਾਂ,ਚੌਧਰਾਂ ਦੇ ਭੁੱਖਿਆਂ,ਡਰਪੋਕਾਂ ਤੇ ਟੁਕੜਬੋਚਾਂ) ਲੂੰਬੜਾਂ,ਕਾਵਾਂ, ਕੁੱਤਿਆਂ,ਗਿਦੜਾਂ ਤੇ ਉਲੂਆਂ ਨੇ ਰਲ ਕੇ ਦਿੱਤਾ ਤੇ ਹਾਂ ਵਿੱਚ ਹਾਂ, ਪੂਰੀ ਤਰ੍ਹਾਂ ਮਿਲਾਈ। ਬਗੁਲੇ ਆਪਣੇ ਚਿਟੇ ਖੰਭਾਂ ਕਰਕੇ ਹੰਸਾਂ ਦਾ ਭੁਲੇਖਾ ਦੇਂਦੇ ਹਨ। ਹੁਣ ਜਦੋਂ ਬਗੁਲੇ ਡੱਡੀ ਜਾਂ ਮੱਛੀ ਕਾਬੂ ਕਰਦੇ ਹਨ ਤਾਂ ਬਦਨਾਮ ਹੰਸਾਂ ਦਾ ਨਾਂ ਹੁੰਦਾ ਹੈ, ਕਿ ਵੇਖੋ ਹੰਸ ਡੱਡੀਆਂ ਫੜੀ ਜਾਂਦੇ।“ ਹੰਸਾ, ਹੀਰਾ ਮੋਤੀ ਚੁਗਣਾ, ਬਗੁ ਡਡਾ ਭਾਲਣ ਜਾਵੈ ” ਨਹੀਂ ਨਹੀਂ ਦੁਨੀਆਂ ਵਾਲਿਓ ! ਹੰਸ ਨਹੀਂ ਡੱਡੀਆਂ ਫੜਦੇ, ਪਛਾਣ ਕਰੋ ਇਹ ਹੈ ਹੀ ਬਗੁਲੇ।ਇਹਨਾਂ ਦੀ ਚੁੰਝ ਦੇਖੋ ਪੈਰ ਦੇਖੋ ਲੱਛਣ ਪਛਾਣੋ, ਇਹ ਬੜੇ ਚਲਾਕ ਨੇ ਆਪਣੀ ਗੰਦੀ ਚੁੰਝ ਤੇ ਕਿਸੇ ਦਾ ਧਿਆਨ ਨਹੀਂ ਜਾਣ ਦਿੰਦੇ।ਚੁੰਝਾਂ ਛੁਪਾਉਣ ਲਈ ਧਰਤੀ ਵਿੱਚ ਭੋਰੇ ਹਨ ਭੋਰਿਆ ਵਿੱਚ ਝਾਕ ਕੇ ਦੇਖੋ ਲੋਕੋ!
ਬਗੁਲਿਆਂ ਨੇ ਹੰਸ ਥੋੜਾ ਪੈਦਾ ਕਰਨੇ ਸੀ, ਬਗੁਲਿਆਂ ਨੇ ਬਗੁਲੇ ਹੀ ਪੈਦਾ ਕੀਤੇ।ਬਗੁਲਿਆਂ ਦੇ ਆਹਲਣਿਆਂ ਵਿੱਚੋਂ ਇੰਨੇ ਬਗੁਲੇ ਧੜਾ ਧੜ ਨਿਕਲੇ ਹਰ ਪਿੰਡ ਸ਼ਹਿਰ ਕਸਬਾ ਇਹਨਾਂ ਮੱਲ ਲਿਆ। ਹੰਸ ਪੈਦਾ ਹੋਣ ਵਾਲੀ ਪ੍ਰਕਿਰਿਆ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿਤੀ। ਗੁਰੂ ਨਾਨਕ ਜੀ ਦਾ ਨਿਰਮਲ ਪੰਥ ਜੋ ਨਿਰੋਲ ਹੰਸ ਬਿਰਤੀ ਵਾਲਿਆਂ ਦਾ ਪੰਥ ਸੀ, ਹੁਣ ਪੂਰੀ ਤਰਾਂ ਬਗੁਲਿਆਂ ਦੇ ਕਾਬੂ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ ਤੋਂ ਲੈ ਕੇ ਅਕਾਲ ਤਖਤ ਤੱਕ ਦੇ ਪ੍ਰਬੰਧ,ਅਤੇ ਹੋਰ ਸਭ ਪਾਸੇ ਸਰਦਾਰੀ ਬਗੁਲਿਆਂ ਦੀ ਹੈ। ਹੰਸਾਂ ਦੀ ਵਿਰਾਸਤ ਪੂਰੀ ਤਰ੍ਹਾਂ ਤਬਾਹ ਕਰਨ ਲਈ ਬਗੁਲੇ ਅਕਾਲ ਤਖਤ ਦੇ ਨਾਂ ਦੀ ਵੀ ਦੁਰਵਰਤੋਂ ਕਰਦੇ ਹਨ। ਕਾਰ ਸੇਵਾ ਦਾ ਸਹਾਰਾ ਲੈਂਦੇ ਹਨ, ਅੱਖਾਂ ਮੀਟ ਮੀਟ ਸਮਾਧੀਆਂ ਲਾਉਂਦੇ ਹਨ। ਸਰਬੱਤ ਦੇ ਭਲੇ ਦੀਆਂ ਗੱਲਾਂ ਕਰਦੇ ਹਨ, ਮਾਲਾ ਫੇਰਦੇ ਹਨ, ਭੋਰਿਆਂ ਵਿੱਚ ਵੜ ਵੜ ਬਹਿੰਦੇ ਹਨ। ਮਰ ਗਏ ਵੱਡੇ ਬਗੁਲਿਆਂ ਦੀਆਂ ਬਰਸੀਆਂ ਧੂੰਮ ਧਾਮ ਨਾਲ ਮਨਾਉਂਦੇ ਹਨ ਅਤੇ ਇਹ ਕੀਰਤਨ ਆਪਣੀਆਂ ਧਾਰਨਾਂ ਦਾ ਅਤੇ ਕਥਾ ਮਿਥਿਹਾਸ ਦੀ ਕਰਦੇ ਹਨ। ਵੱਡੇ ਵੱਡੇ ਡੱਡੂ ਡੱਡੀਆਂ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਬਾਕੀ ਸਧਾਰਨ ਤੇ ਭੋਲੇ ਭਾਲੇ ਜੀਵ ਇਹਨਾਂ ਨੂੰ ਸਰਬਤ ਦੇ ਭਲੇ ਦੇ ਹਾਮੀ ਸਮਝ ਕੇ, ਬਗੁਲਾ ਸਮਾਧੀ ਲਾਈ ਬੈਠਿਆਂ ਨੂੰ ਰੱਬ ਦੇ ਭਗਤ ਸਮਝ ਕੇ ਖਾਣ ਪੀਣ ਦਾ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰੀ ਰੱਖਦੇ ਹਨ।ਇਹਨਾਂ ਬਗੁਲਿਆਂ ਦੀ ਬਦੌਲਤ ਹੀ ਅਣਖ ਇਜ਼ਤ ਬਹਾਦੁਰੀ ਵਾਲੀ ਵਿਰਾਸਤ ਦੇ ਲੋਕ, ਕਾਵਾਂ ਕੁਤਿਆਂ ਲੂਬੜਾਂ ਉਲੂਆਂ ਦੀਆਂ ਜੀਅ ਹਜ਼ੂਰੀਆਂ ਕਰਨ ਲਗੇ ਹੋਏ ਹਨ। ਇੱਕ ਤਾਂ ਇਹ ਬਗੁਲੇ ਹੰਸਾਂ ਦੀ ਵਿਰਾਸਤ ਤਬਾਹ ਕਰਦੇ ਹਨ ਤੇ ਦੂਜਾ ਵਿੱਚੋਂ ਹੀ ਚਸਕੇ ਪੂਰੇ ਕਰਨ ਲਈ ਡੱਡੀਆਂ ਦਾ ਪ੍ਰਬੰਧ ਵੀ ਕਰ ਲੈਂਦੇ ਹਨ। ਕਈ ਵੱਡੇ ਡੱਡੂ, ਬਗੁਲਿਆਂ ਦੀਆਂ ਕਾਰਵਾਈਆਂ ਤੋਂ ਦੁੱਖੀ ਤਾਂ ਬਹੁਤ ਹਨ, ਪਰ ਦੱਬੀ ਘੁੱਟੀ ਅਵਾਜ਼ ਨਾਲ ਗੱਲ ਕਰਦੇ ਹਨ।ਬਗੁਲਿਆਂ,ਕਾਵਾਂ ਦੀਆਂ ਚੁੰਝਾਂ ਤੇ ਕੁਤਿਆਂ ਦੀਆਂ ਨਹੁੰਦਰਾਂ ਨਾਲ ਕਈ ਜ਼ਖਮੀ, ਲਹੂ ਲੁਹਾਨ ਵਿਲਕਦੇ ਤੜਫਦੇ ਫਿਰਦੇ ਹਨ,ਜਿਨਾਂ ਦੀ ਕੋਈ ਕਿਤੇ ਸੁਣਵਾਈ ਨਹੀਂ ਕਿਉਂਕਿ ਕਾਵਾਂ ਤੇ ਕੁਤਿਆਂ ਇਕ ਦੂਜੇ ਦਾ ਪੱਖ ਪੂਰਨ ਦੀ ਸੌਂਹ ਖਾਧੀ ਹੈ,ਇਸ ਕਰਕੇ ਉਹ ਸਰਦਾਰ ਹਨ। ਕਈ ਵੱਡੇ ਡੱਡੂਆਂ ਨੂੰ ਪਤਾ ਜ਼ਰੂਰ ਹੈ ਕਿ ਹੰਸ ਦੇ ਨਾਂ ਨੂੰ ਬਦਨਾਮ ਕਰਨ ਵਾਲੇ ਇਹ ਬਗੁਲੇ ਸਾਡੇ ਖਾਨਦਾਨ ਲਈ ਵੀ ਘਾਟੇਵੰਦੇ ਹਨ, ਪਰ ਜਾਲਾ ਖਾਣੇ ਚਿੱਕੜ ਦੇ ਵਾਸੀ ਵਿਚਾਰੇ ਡੱਡੂ……।
ਅੱਜ ਦੇ ਸਮੇਂ ਵਿੱਚ ਬਗੁਲਿਆਂ ਦੀ ਕਾਮਯਾਬੀ ਦਾ ਕਾਰਨ ਹੰਸਾਂ ਦੀ ਇਕ ਅਪਣੀ ਗਲਤੀ ਹੈ “ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ, ਤਾ ਬਗਾ ਨਾਲਿ ਜੋੜੁ, ਕਦੇ ਨ ਆਵੈ ”। ਹੰਸਾਂ ਨੇ ਸਿਰ ਜੋੜ ਕੇ ਬੈਠਣ ਵਾਲੀ ਵੀਚਾਰ  ਢਿੱਲੀ ਛੱਡੀ ਹੈ। ਅੱਜ ਕੱਲ ਤਾਂ ਹੰਸ ਨੂੰ ਸਰੋਵਰ (ਗੁਰੂ ਗ੍ਰੰਥ ਸਾਹਿਬ ਜੀ) ਦੇ ਕੀਮਤੀ ਮੋਤੀਆਂ ਦੀ ਖੁੱਲ ਕੇ ਮਹਾਨਤਾ ਦੱਸਣੀ ਵੀ ਔਖੀ ਹੋ ਰਹੀ ਹੈ।ਕਿਉਂਕਿ ਦੇਸ ਵਿਦੇਸ ਵਿੱਚ ਵੀ ਕਈ ਥਾਂਈ ਧਾਰਮਿਕ,ਰਾਜਨੀਤਿਕ,ਸਮਾਜਿਕ,ਆਰਥਕ ਚੌਧਰਾਂ ਤੇ ਵੀ ਬਗੁਲੇ ਜਾਂ ਬਗੁਲਿਆਂ ਤੇ ਭਾਈਵਾਲ ਕਾਂ ਕੁੱਤੇ ਲੂੰਬੜ ਕਾਬਜ ਹਨ। ਇਸ ਲਈ ਹੁਣ ਬਗੁਲੇ ਇੱਕ ਹੋਰ ਚਾਲ ਵੀ ਚਲ ਰਹੇ ਹਨ ਕਿ ਸਰੋਵਰ(ਗੁਰੂ ਗ੍ਰੰਥ ਸਾਹਿਬ ਜੀ) ਦੇ ਨਾਲ ਛੱਪੜ (ਬਚਿਤਰ ਨਾਟਕ ਜਾਂ ਆਪੋ ਆਪਣੀਆਂ ਰਚਨਵਾਂ ਦੇ ਗ੍ਰੰ੍ਰਥ)ਵੀ ਜ਼ਰੂਰੀ ਹੈ। ਸਰੋਵਰ ਵਿੱਚ ਕੇਵਲ ਮੋਤੀ ਹੀ ਹਨ ਇਸ ਲਈ ਹੰਸ ਕਿਸੇ ਵੇਲੇ ਵੀ ਕਾਮਯਾਬ ਹੋ ਸਕਦੇ ਹਨ, ਇਸ ਲਈ ਇਸ ਵੀਚਾਰ ਨੂੰ ਬੁਰੀ ਤਰ੍ਹਾਂ ਰਲਗੱਡ ਕਰਨ ਲਈ ਇਹ ਚਾਲਾਂ ਚਲ ਰਹੇ ਹਨ। ਬਗੁਲਾ ਮੋਤੀਆਂ (ਗੁਣਾਂ) ਦਾ ਗਾਹਕ ਨਹੀਂ ਡੱਡੀਆਂ (ਔਗੁਣਾਂ) ਦਾ ਗਾਹਕ ਹੈ ਉਹ ਛੱਪੜ ਵਿੱਚ ਹੀ ਹੋ ਸਕਦੀਆਂ ਹਨ।ਸੋ ਬਗੁਲੇ ਛੱਪੜ ਨੂੰ ਵੀ ਸਰੋਵਰ ਸਰੋਵਰ ਕਹਿ ਕੇ ਕਾਮਯਾਬ ਹੋਣ ਦਾ ਯਤਨ ਕਰ ਰਹੇ ਹਨ। ਇਸ ਕੰਮ ਲਈ ਲੂੰਬੜ ,ਕੁੱਤੇ, ਕਾਂ ਤੇ ਚਮਗਿਦੜ ਦਲ ਵੀ ਇਹਨਾਂ ਨੂੰ ਪੂਰੀ ਹੱਲਾਸ਼ੇਰੀ ਦੇ ਰਹੇ ਹਨ। ਇਸ ਲਈ ਇਹ ਬਗੁਲੇ ਇਹ ਗੱਲਾਂ ਵੀ ਆਮ ਤੌਰ ਤੇ ਕਰਦੇ ਰਹਿੰਦੇ ਹਨ ਕਿ ਕਾਵਾਂ ਕੁਤਿਆਂ ਲੂੰਬੜਾਂ ਚਮਗਿਦੜਾਂ ਨਾਲ ਤਾਂ ਸਾਡਾ ਨੌਂਹ ਮਾਸ ਦਾ ਰਿਸਤਾ ਹੈ। ਸੋ ਹੁਣ ਬਗੁਲਿਆਂ ਨੂੰ ਉਡਾਉਣ ਲਈ ਗੁਰਬਾਣੀ ਵਾਲੀ ਵੀਚਾਰ ਹੋਰ ਸਿਰ ਜੋੜ ਕੇ ਕਰਨੀ ਪਵੇਗੀ ।
ਗੁਰੂਬਾਣੀ ਨੇ ਵਾਰ ਵਾਰ ਸੁਚੇਤ ਕੀਤਾ ਕਿ ਧਰਮ ਸਮਝੋ ਧਰਮ ਅਪਣਾਓ ਕਿਉਂਕਿ ਧਰਮ ਇਕ ਗੁਣਾਂ ਅਧਾਰਤ ਚੰਗੀ ਜੀਵਨ ਜਾਚ ਹੈ, ਨਾ ਕਿ ਫੋਕਾ ਦਿਖਾਵਾ। ਪਰ ਇਥੇ ਆ ਕੇ ਬਹੁਤਿਆਂ ਦੀ ਅਕਲ ਬੰਦ ਹੋ ਜਾਂਦੀ ਹੈ, ਚੋਣ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ, ਕਿ ਧਰਮ ਜ਼ਰੂਰੀ ਹੈ ਜਾਂ ਪਖੰਡ। ਗੁਰੂਬਾਣੀ ਨੇ ਜਿਹੜਾ ਪਖੰਡ ਕੱਢਿਆ ਸੀ ਲੋਕ ਉਹੀ ਪਖੰਡ, ਧਰਮ ਸਮਝ ਕੇ ਕਰੀ ਜਾ ਰਹੇ ਹਨ। ਇਸ ਵਿੱਚ ਸਭ ਤੋਂ ਜਿਆਦਾ ਭੂਮਿਕਾ ਡੇਰੇਦਾਰ ਬਗੁਲਿਆਂ ਦੀ ਹੈ। ਗੁਰੂਬਾਣੀ ਦੇ ਉਪਰੋਕਤ ਉਪਦੇਸ਼ ਮੁਤਾਬਕ ਗੁਰਸਿੱਖ ਤਾਂ ਹੰਸ ਹੈ। ਹੰਸ ਦੁੱਧ ਵਿੱਚੋਂ ਵੀ ਪਾਣੀ ਅਲੱਗ ਕਰਨ ਦੀ ਕੁਦਰਤੀ ਤਾਕਤ ਰੱਖਦਾ ਹੈ।ਗੁਰੂ ਬਖਸ਼ੀ ਇਹ ਤਾਕਤ ਸਭ ਨੂੰ ਅਪਣਾਉਣੀ ਪੈਣੀ ਹੈ, ਤਾਂ ਹੀ ਇਤਿਹਾਸ ਮਿਥਿਹਾਸ ਦਾ ਨਿਖੇੜਾ ਹੋ ਸਕੇਗਾ।
ਵੈਸੇ ਹੰਸ ਵੀ ਹੁਣ ਹਰਕਤ ਵਿੱਚ ਆਏ ਹਨ, ਹੰਸਾਂ ਦਾ ਦਿਮਾਗ ਫਿਰ ਥੋੜਾ ਟਿਕਾਣੇ ਸਿਰ ਆਇਆ ਹੈ, ਪਰ ਅਜੇ ਵੀ ਬਗੁਲਿਆਂ ਦੇ ਦਿਤੇ ਜ਼ਹਿਰ ਦਾ ਅਸਰ ਕਦੀ ਕਦੀ ਹੰਸਾਂ ਦੇ ਦਿਮਾਗ ਤੇ ਦਿਖਾਈ ਦਿੰਦਾ ਹੈ ਤੇ ਉਸ ਅਸਰ ਕਰਕੇ ਆਪਸ ਵਿੱਚ ਹੀ ਲੜ ਪੈਂਦੇ ਹਨ। ਕਈ ਥਾਂਈ ਤਾਂ ਮਜਬੂਰ ਹੰਸ, ਬਗੁਲਿਆਂ ਨੂੰ ਹੀ ਸਮਰਥਨ ਦੇ ਕੇ ਸਮਾਂ ਪਾਸ ਕਰ ਰਹੇ ਹਨ। ਅੱਜਕੱਲ ਹੰਸਾਂ ਦੀਆਂ ਕੁਝ ਕਾਰਵਾਈਆਂ ਨੇ ਬਗੁਲੇ ਪ੍ਰੇਸ਼ਾਨ ਬਹੁਤ ਕੀਤੇ ਹੋਏ ਹਨ। ਇਸ ਪ੍ਰੇਸ਼ਾਨੀ ਵਿੱਚ ਬਗੁਲੇ ਹਰ ਹੱਥਕੰਡਾ ਵਰਤ ਰਹੇ ਹਨ। ਆਪਣੀ ਸ਼ਾਖ ਬਚਾਉਣ ਲਈ ਇਹ ਚਲਾਕ ਬਗੁਲੇ ਕਿਸੇ ਵੀ ਵੇਲੇ, ਕਿਸੇ ਨਾਲ ਵੀ ਰਲ ਜਾਣ ਕੋਈ ਭਰੋਸਾ ਨਹੀਂ। ਆਪਣੀ ਯੂਨੀਅਨ ਦੇ ਹਿਤ ਲਈ ਸਮਝੌਤਾ ਕਰ ਜਾਣ ਕੋਈ ਭਰੋਸਾ ਨਹੀਂ, ਗੰਗਾ ਨਹ੍ਹਾ ਕੇ ਭਗਵੇਂ ਸਾਧੂਆਂ ਦੇ ਪੈਰੀਂ ਲਾ ਦੇਣ, ਇਹ ਆਪਣੇ ਆਹਲਣਿਆਂ ਵਿੱਚ ਹਵਨ ਵੀ ਕਰ ਲੈਣ, ਤੇ ਕਾਵਾਂ ਕੁੱਤਿਆਂ ਚਮਗਿਦੜਾਂ ਨਾਲ ਗੁਪਤ ਮੀਟਿਗਾਂ ਕਰਦੇ ਵੀ ਜੱਗ ਜਾਹਰ ਹੋਏ ਹਨ। ਇਹਨਾਂ ਚਲਾਕੀਆਂ ਕਰਕੇ ਹੀ ਇਹ ਹੰਸਾਂ ਦੀ ਨਿਆਰੀ ਜਮਾਤ ਨੂੰ ਰਲਗੱਡ ਕਰਨ ਲਈ ਕਈ ਪੰਥਕ ਪ੍ਰੋਗਰਾਮ ਰੱਦ ਕਰਨ ਵਿੱਚ ਸਫਲ ਹੋ ਜਾਂਦੇ ਹਨ, ਜਿਵੇਂ ਸਿੱਖ ਰਹਿਤ ਮਰਿਯਾਦਾ,ਨਾਨਕਸ਼ਾਹੀ ਕੈਲੰਡਰ ਆਦਿ। ਬਗੁਲਿਆਂ ਦੇ ਅਗੋਂ ਪੈਦਾ ਕੀਤੇ ਬਗੁਲਿਆਂ ਦੀ ਬਹੁ ਗਿਣਤੀ ਹੈ ਤੇ ਉਹ ਰੌਲਾ ਪਾਉਂਦੇ ਹਨ ਕਿ ਨਹੀਂ ਨਹੀਂ ਇਹ ਸਭ ਹੰਸ (ਸੰਤ) ਹੀ ਹਨ, ਖੰਭ ਦੇਖੋ, ਸਮਾਧੀ ਦੇਖੋ, ਖੇਹ ਖਾਂਦੇ ਵੀ ਫੜੇ ਜਾਣ ਤਾਂ ਚੇਲੇ ਕਹਿਣਗੇ ਇਹ ਤਾਂ ਸਾਧੂਆਂ ਦੀ ਮੌਜ ਹੈ।ਬਗੁਲਿਆਂ ਦੇ ਚੇਲੇ ਪ੍ਰਚਾਰ ਕਰਦੇ ਹਨ ਕਿ ਇਹਨਾਂ ਨੂੰ ਬਗੁਲੇ ਕਹਿਣ ਵਾਲੇ ਝੂਠ ਬੋਲਦੇ ਆ,ਨਿੰਦਿਆ ਕਰਦੇ ਹਨ।ਗੁਰਬਾਣੀ ਨਿਸ਼ਾਨੀਆਂ ਲੱਛਣ ਦੱਸ ਰਹੀ ਹੈ ਮੇਲ ਕੇ ਵੇਖ ਲਈਏ। ਭਗਤ ਕਬੀਰ ਜੀ, ਗੁਰੂ ਨਾਨਕ ਜੀ ਮਨੁੱਖਤਾ ਦੇ ਦਰਦੀਆਂ ਨੇ ਇਹਨਾਂ ਦੀ ਪਛਾਣ ਕਰਕੇ ਗੁਰੂਬਾਣੀ ਦੇ ਰਾਹੀਂ ਇਹਨਾਂ ਤੋਂ ਸਦਾ ਬਚ ਕੇ ਰਹਿਣ ਦਾ ਪ੍ਰਬੰਧ ਕੀਤਾ ਤਾਂ ਕਿ ਮਨੁੱਖਤਾ ਧੋਖਾ ਨਾ ਖਾਵੇ। ਇਹਨਾਂ ਸਭ ਦੇ ਬਗੁਲਿਆਂ,ਕੁਤਿਆਂ,ਕਾਵਾਂ,ਲੂੰਬੜਾਂ ਤੇ ਚਮਗਿਦੜਾਂ ਦੇ ਲੱਛਣ, ਨਿਸ਼ਾਨੀਆਂ, ਸੁਭਾਅ ਸਮਝਾਏ, ਤਾਂ ਕਿ ਸਧਾਰਨ ਤੋਂ ਸਧਾਰਨ ਮਨੁੱਖ ਵੀ ਇਹਨਾਂ ਦੀ ਮਾਰ ਤੋਂ ਬਚ ਸਕੇ। ਆਓ ਦੇਖੀਏ ਗੁਰੂਬਾਣੀ ਦਾ ਪਰਉਪਕਾਰ, ਗੁਰਬਾਣੀ ਦਾ ਪੰਨਾ ਨੰਬਰ ਨਾਲ ਦਿਤਾ ਹੈ,ਪਾਠ ਤੇ ਅਰਥ ਪਾਠਕ ਆਪ ਦੇਖ ਲੈਣ ਵਿਸਥਾਰ ਦੇ ਡਰੋਂ ਇਥੇ ਅਰਥ ਨਹੀਂ ਦਿਤੇ ਹਨ :–
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥
ਐਸੇ ਸੰਤ ਨ ਮੋ ਕਉ ਭਾਵਹਿ ॥ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥
ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲੇ ਸਾਰੇ ਮਾਣਸ ਖਾਵਹਿ ॥2॥
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥
ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥3॥ (476 ਪੰਨਾ)
*ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ ॥3॥ (729 ਪੰਨਾ)
*ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕੁ ਲਿਲਾਟੰ ॥ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਸਿ ਬ੍ਰਹਮੰ ਕਰਮੰ ॥ਸਭਿ ਫੋਕਟ ਨਿਸਚਉ ਕਰਮੰ ॥
ਕਹੁ ਨਾਨਕ ਨਿਹਚਉ ਧਿਆਵੈ ॥ਵਿਣੁ ਸਤਿਗੁਰ ਵਾਟ ਨ ਪਾਵੈ ॥2॥ (470 ਪੰਨਾ)
*ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ ਕੇ ਗੁਣ ਹਉ ਕਿਆ ਕਹਉ ॥ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥2॥20॥ (1395 ਪੰਨਾ)
*ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥
ਬਗੁਲਾ ਕਾਗੁ ਨ ਰਹਈ ਸਰਵਰਿ, ਜੇ ਹੋਵੈ ਅਤਿ ਸਿਆਣਾ ॥ ਓਨਾ ਰਿਜਕੁ ਨ ਪਇਓ ਓਥੈ ਓਨਾ ਹੋਰੋ ਖਾਣਾ ॥ (956 ਪੰਨਾ)
*ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧਿ ਲਗਾਈਐ ॥ਬਗੁਲਾ ਕਾਗ ਨੀਚ ਕੀ ਸੰਗਤਿ ਜਾਇ ਕਰੰਗ ਬਿਖੂ ਮੁਖਿ ਲਾਈਐ ॥
ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ ॥ (881 ਪੰਨਾ)
*ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥ ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥
ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥ ਓਇ ਅਗੈ ਪਿਛੈ ਬਹਿ ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥
ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਨਿ ਭੇਡਾਰੇ ॥ ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ ॥
ਹਰਿ ਸਾਕਤ ਸੇਤੀ ਸੰਗੁ ਨ ਕਰੀਅਹੁ ਓਇ ਮਾਰੇ ਸਿਰਜਣਹਾਰੇ ॥ ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥1॥ (312 ਪੰਨਾ)
ਗੋਇੰਦਵਾਲ ਵਾਲੇ ਹਰੀ ਰਾਮ ਤਪੇ ਦਾ ਪਖੰਡ ਨੰਗਾ ਕੀਤਾ ਤੇ ਸਦਾ ਲਈ ਇਹਨਾਂ ਤਪਿਆਂ ਤੋਂ ਬਚਣ ਦਾ ਉਪਦੇਸ਼ ਦੇ ਦਿੱਤਾ:–
ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥
ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥
ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥
ਜਿਥੈ ਥੋੜਾ ਧਨੁ ਵੇਖੈ, ਤਿਥੈ ਤਪਾ ਭਿਟੈ ਨਾਹੀ, ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥
ਭਾਈ ਏਹੁ ਤਪਾ ਨ ਹੋਵੀ, ਬਗੁਲਾ ਹੈ, ਬਹਿ ਸਾਧ ਜਨਾ ਵੀਚਾਰਿਆ ॥
ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿਚਿ ਹੋਵੈ, ਏਤੁ ਦੋਖੈ ਤਪਾ ਦਯਿ ਮਾਰਿਆ ॥
ਮਹਾ ਪੁਰਖਾਂ ਕੀ ਨਿੰਦਾ ਕਾ, ਵੇਖੁ, ਜਿ ਤਪੇ ਨੋ ਫਲੁ ਲਗਾ, ਸਭੁ ਗਇਆ ਤਪੇ ਕਾ ਘਾਲਿਆ ॥
ਬਾਹਰਿ ਬਹੈ ਪੰਚਾ ਵਿਚਿ, ਤਪਾ ਸਦਾਏ ॥ਅੰਦਰਿ ਬਹੈ ਤਪਾ, ਪਾਪ ਕਮਾਏ ॥
ਹਰਿ, ਅੰਦਰਲਾ ਪਾਪੁ, ਪੰਚਾ ਨੋ ਉਘਾ ਕਰਿ ਵੇਖਾਲਿਆ ॥
ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ, ਏਹੁ ਸਤਿਗੁਰਿ ਹੈ ਫਿਟਕਾਰਿਆ ॥
ਹਰਿ ਕੈ ਦਰਿ ਵਰਤਿਆ, ਸੁ ਨਾਨਕਿ ਆਖਿ ਸੁਣਾਇਆ ॥ਸੋ ਬੂਝੈ ਜੁ ਦਯਿ ਸਵਾਰਿਆ ॥1॥ (315 ਪੰਨਾ)
ਆਓ ਆਪਾਂ ਵੀ ਪ੍ਰਣ ਕਰੀਏ ਜਿਨਾਂ ਜਿਨਾਂ ਵੀ ਭੁੱਲ ਭੁਲੇਖੇ ਅਗਿਆਨਤਾ ਵੱਸ ਬਗੁਲਿਆਂ ਦਾ ਸੰਗ ਕੀਤਾ ਹੈ, ਸਤਿਗੁਰੂ ਜੀ ਦੇ ਆਖੇ ਲੱਗ ਕੇ ਗੁਰੂ ਦਾ ਪੰਥ ਬਚਾਈਏ :–
ਮਃ 3 ॥ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥ ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥  (585 ਪੰਨਾ)
ਮਃ 3 ॥ ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥
ਬਗੁਲਾ ਬਿਰਤੀ ਤਿਆਗਣ ਵਿੱਚ ਹੀ ਭਲਾ ਹੈ ਕਿਉਂਕਿ ਬਗੁਲੇ ਤਰ ਨਹੀਂ ਸਕਦਾ ਤਰਨ ਦੀ ਕੋਸ਼ਿਸ਼ ਵਿੱਚ ਡੁੱਬ ਜਾਂਦਾ ਹੈ ਫਿਰ ਕਿਉਂ ਨਾ ਹੰਸ ਬਣੀਏ।ਇਹ ਜਿਹੜੇ ਬਗੁਲੇ ਤੇ ਕਾਂ ਕੁੱਤੇ ਜੇ ਚਾਹੁਣ ਤਾਂ ਇਹ ਵੀ ਹੰਸ ਹੋ ਸਕਦੇ ਹਨ ਪਰ ਗੰਦੀ ਬਿਰਤੀ ਛੱਡਣੀ ਪਵੇਗੀ ਬਾਹਰੋਂ ਬਾਹਰੋਂ ਗੱਲਾਂ ਜਾਂ ਕੱਪੜੇ ਸਾਨੂੰ ਹੰਸ ਨਹੀਂ ਬਣਾ ਸਕਦੇ। ਗੁਣਾਂ ਕਰਕੇ ਲੱਛਣਾ ਕਰਕੇ ਹੰਸ ਹੈ ਕੇਵਲ ਖੰਭਾਂ ਕਰਕੇ ਨਹੀਂ।
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥2॥ (91 ਪੰਨਾ)
ਅਰਥ:- ਜਿਹੜਾ ਮਨੁੱਖ ਪ੍ਰਭੂ ਦੇ ਗੁਣਾਂ ਨਾਲ ਦਿਲੋਂ ਪਿਆਰ ਕਰੇ ਉਸ ਦਾ ਬਗੁਲਾਪਨ, ਭਾਵ, ਪਖੰਡ ਦੂਰ ਹੋਣਾ ਕੀਹ ਔਖਾ ਹੈ, ਤੇ ਉਸ ਦਾ ਹੰਸ ਭਾਵ, ਉੱਜਲ ਮਤਿ ਬਣਨਾ ਕੀਹ ਮੁਸ਼ਕਿਲ ਹੈ ? ਹੇ ਨਾਨਕ! ਜੇ ਮਨੁੱਖ ਪ੍ਰਭੂ ਦੇ ਗੁਣਾਂ ਨੂੰ, ਪ੍ਰਭੂ ਵਾਲੀ ਗਿਆਨ ਸੋਝੀ ਨੂੰ ਪੱਲੇ ਬੰਨ ਲਵੇ ਤਾਂ ਇਹ ਸੋਝੀ ਹੀ ਪ੍ਰਭੂ ਪਿਆਰ ਦਾ ਪਾਤਰ ਬਣਾਉਂਦੀ ਹੈ। ਇਹੋ ਗੁਰਮਤਿ ਹੀ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ ਕਾਂ ਨੂੰ ਭੀ ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ ਬੁਧਿ, ਹੰਸ ਬਣਾ ਦੇਂਦੀ ਹੈ ॥2॥
ਇਸ ਗੁਰਬਾਣੀ ਵੀਚਾਰ ਨੇ ਹੀ ਪਹਿਲਾਂ ਪਾਰਖੂ ਬਿਰਤੀ ਹੰਸ ਵਰਗੀ,ਫਿਰ ਬਹਾਦਰੀ ਸ਼ੇਰ ਵਰਗੀ, ਤੇ ਸਾਬਤ ਸੂਰਤ ਵਾਲਾ ਸੁਹੱਪਣ ਦੇਣਾ ਹੈ।ਹੰਸ ਵਰਗੀ ਪਾਰਖੂ ਬਿਰਤੀ,ਮੋਰ ਵਰਗਾ ਸੁਹੱਪਣ ਤੇ ਸ਼ੇਰ ਵਰਗੀ ਗੁਰੂ ਬਖਸ਼ੀ ਬਹਾਦਰੀ ਦੇ ਸਾਹਮਣੇ ਗੰਦ ਵਿੱਚ ਚੁੰਝ ਲਬੇੜ ਲੈਣ ਵਾਲੇ ਕਾਂ,ਡਰਪੋਕ ਗਿਦੜ,ਬੇਈਮਾਨ ਲੂੰਬੜ,ਤੇ ਹਨੇਰੇ ਦੇ ਆਸ਼ਕ ਚਮਗਿਦੜ ਤੇ ਉਲੂ ਕਿਵੇਂ ਖਲੋ ਸਕਦੇ ਹਨ।ਆਖਰ ਫਿਰ ਬਗੁਲਾ ਦਲ ਨੂੰ ਜਾਂ ਹੰਸ ਬਣ ਜਾਣ ਵਿੱਚ ਭਲਾ ਜਾਂ ਉੱਡ ਜਾਣ ਵਿੱਚ ਭਲਾ।ਸਮਾਜਿਕ ਤੌਰ ਤੇ ਵੀ ਇਹ ਵਰਤਾਰਾ ਹੈ ਤੇ ਮਨੁੱਖੀ ਸੁਭਾਅ ਵੀ ਇਹਨਾਂ ਉਪਰ ਲਏ ਪ੍ਰਤੀਕਾਂ ਦਾ ਗ੍ਰਸਿਆ ਹੋਇਆ ਹੈ।ਗੁਰੂ ਗਿਆਨ ਦੇ ਸਾਹਮਣੇ ਜਿਵੇਂ ਕੋਈ ਪਾਖੰਡ, ਭੇਖ, ਚਤੁਰਾਈ ਚਲਾਕੀ,ਲਾਲਚ ,ਅਗਿਆਨਤਾ ਆਪਣੇ ਪੈਰ ਨਹੀਂ ਜਮਾ ਸਕਦੇ ਇਵੇਂ ਹੀ ਸੁਭਾਅ ਦੀਆਂ ਇਹ ਸਾਰੀਆਂ ਖੋਟਾਂ ਵੀ ਦੂਰ ਗੁਰੂਬਾਣੀ ਵੀਚਾਰ ਦੁਆਰਾ ਹੋ ਜਾਂਦੀਆਂ ਹਨ।ਹੰਸ ਤੇ ਬਗੁਲਾ ਇਕੱਠੇ ਨਹੀਂ ਰਹਿ ਸਕਦੇ।
ਉਡਰਿਆ ਵੇਚਾਰਾ ਬਗੁਲਾ, ਮਤੁ ਹੋਵੈ ਮੰਞੁ ਲਖਾਵੈ ॥
ਅਰਥ:- ਵਿਚਾਰਾ ਬਗਲਾ ਆਖਰ ਹੰਸਾਂ ਦੀ ਡਾਰ ਵਿਚੋਂ ਉੱਡ ਹੀ ਜਾਂਦਾ ਹੈ ਕਿ ਮਤਾਂ ਮੇਰਾ ਪਾਜ ਖੁਲ੍ਹ ਨ ਜਾਏ।
ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥
ਕਾਂ ਤੇ ਬਗੁਲਾ (ਮਨਮੁਖ) ਭਾਵੇਂ ਕਿਤਨਾ ਹੀ ਸਿਆਣਾ ਹੋਵੇ (ਗੁਰੂ ਦੀ ਸੰਗਤਿ ਵਿਚ) ਨਹੀ ਰਹਿ ਸਕਦਾ ਕਿਉਂਕਿ ਉਹਨਾਂ (ਕਾਂ ਬਗੁਲੇ ਮਨਮੁਖਾਂ) ਦੀ ਖੁਰਾਕ ਓਥੇ ਨਹੀਂ ਹੈ, ਉਹਨਾਂ ਦੀ ਖੁਰਾਕ ਵੱਖਰੀ ਹੀ ਹੁੰਦੀ ਹੈ।

2 thoughts on “ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ, ਤਾ…? ਸੁਖਵਿੰਦਰ ਸਿੰਘ ਦਦੇਹਰ

 1. WAHEGURU JI KA KHALSA, WAHEGURU JI KI FATHE,

  Gani ji,

  A Wonderful message for Every Sikh , we all should keep these Important Learnings in our mind so that we live our life as per Guru Granth Sahib Ji.

  My Best wishes r With.’
  May GURU JI bless u .
  WAHEGURU JI KA KHALSA, WAHEGURU JI KI FATHE.

Leave a Reply