Tuesday, September 22, 2020
Home > Articles > ਗੁਰਸਿਖੋ ਹੁਕਮਨਾਮੇ ਮੰਨਣੇ ਹੀ ਪੈਣਗੇ…? – ਭਾਈ ਸੁਖਵਿੰਦਰ ਸਿੰਘ ਦਦੇਹਰ

ਗੁਰਸਿਖੋ ਹੁਕਮਨਾਮੇ ਮੰਨਣੇ ਹੀ ਪੈਣਗੇ…? – ਭਾਈ ਸੁਖਵਿੰਦਰ ਸਿੰਘ ਦਦੇਹਰ

ਗੁਰਸਿਖੋ ਹੁਕਮਨਾਮੇ ਮੰਨਣੇ ਹੀ ਪੈਣਗੇ…?

ਭਾਈ ਸੁਖਵਿੰਦਰ ਸਿੰਘ ਦਦੇਹਰ (9855598855)

ਸਿੱਖ ਕੌਮ ਤੇ ਅਕਾਲ ਪੁਰਖ ਸਤਿਗੁਰੂ ਜੀ ਦੀਆਂ ਬੜੀਆਂ ਵੱਡੀਆਂ ਰਹਿਮਤਾਂ ਹਨ। ਸਭ ਤੋਂ ਵੱਡੀਆਂ ਰਹਿਮਤਾਂ ਸਾਡੇ ਕੋਲ ਹਨ ਗੁਰੂਬਾਣੀ ਦਾ ਉਪਦੇਸ਼ ,ਇਨਕਲਾਬੀ ਇਤਿਹਾਸ ਦੀਆਂ ਘਟਨਾਵਾਂ, ਇਤਿਹਾਸ ਨਾਲ ਜੁੜੀਆਂ ਯਾਦਗਾਰਾਂ ਆਦਿ । ਪਰ ਸਿੱਖ ਕੌਮ ਦਿਨੋ ਦਿਨ ਕੁਰਾਹੇ ਪਾ ਦਿਤੀ ਗਈ। ਬਹੁਤ ਸਾਰੀਆਂ ਵੱਡੀਆਂ ਛੋਟੀਆਂ ਜਥੇਬੰਦੀਆਂ, ਕਈ ਵਿਦਵਾਨ, ਬੂਬਨੇ ਸਾਧ ਤੇ ਸਾਧਾਂ ਦੇ ਡੇਰਿਆਂ ਤੋਂ ਪੜ੍ਹੇ ਤਖਤਾਂ ਦੇ ਜਥੇਦਾਰ ,  “ਬਾਣੀ ਗੁਰੂ ਗੁਰੂ ਹੈ ਬਾਣੀ” ਸ਼ਬਦ ਗੁਰੂ ਦੀ ਗੱਲ ਕਰਦਿਆਂ ਨਾਲ ਨਾਲ ਦੇਹ ਪੂਜਾ ਨੂੰ ਵੀ ਵਧੇਰੇ ਮਾਨਤਾ ਦੇਂਦੇ ਹਨ।ਬੰਦਿਆਂ ਦੀਆਂ ਗੱਲਾਂ ਗੁਰੂ ਨਾਲੋਂ ਵੱਧ ਪਸੰਦ ਕੀਤੀਆਂ ਜਾਂਦੀਆਂ ਹਨ। ਕਥਾ ਕੀਰਤਨ ਪਾਠ ਕਰਦਿਆਂ ਸੁਣਦਿਆਂ ਸੁਣਾਉਂਦਿਆਂ ਇਹੀ ਗੱਲਾਂ ਸਾਹਮਣੇ ਆਉਂਦੀਆਂ ਹਨ ਕਿ ਫਲਾਨੇ ਕਥਾਕਾਰ ਨੇ ਬੜੀ ਕਮਾਲ ਦੀ ਕਥਾ ਕੀਤੀ ,ਬੜਾ ਵਧੀਆ ਕੀਰਤਨ ਕੀਤਾ। ਕੋਈ ਇਹ ਨਹੀਂ ਕਹਿੰਦਾ ਕਿ ਵੇਖੋ ਭਾਈ ਗੁਰੂਬਾਣੀ ਕਿੰਨੀ ਅਨੰਦ ਮਈ ਹੈ ਕਿੰਨਾ ਵਧੀਆ ਗਿਆਨ ਦਿੰਦੀ ਹੈ।ਗੁਰੂਬਾਣੀ ਦੀ ਵਡਿਆਈ ਦੀ ਥਾਂ ਬੰਦਿਆਂ ਦੀ ਹੀ ਵਡਿਆਈ ਵਿੱਚ ਉਲਝ ਕੇ ਰਹਿ ਗਿਆ ਹੈ ਸਾਡਾ ਸਿੱਖ ਸਮਾਜ। ਉਂਝ ਸਾਡਾ ਸ਼ਬਦ ਗੁਰੁ ਹੈ,ਅਸੀਂ ਇਹ ਪ੍ਰਚਾਰਦੇ ਨਹੀਂ ਥੱਕਦੇ। ਗੁਰਦੁਆਰੇ ਦੇ ਪ੍ਰਧਾਨ ਦਾ ਹੁਕਮ ਨਾ ਮੰਨਣ ਕਰਕੇ ਭਾਈਆਂ ਗ੍ਰੰਥੀਆਂ ਦੀ ਸ਼ਾਮਤ ਲਿਆ ਦਿਤੀ ਜਾਂਦੀ ਹੈ ਪਰ ਗੁਰੁ ਦਾ ਹੁਕਮ ਕੋਈ ਵੀ ਨਾ ਮੰਨੇ, ਤਾਂ ਵੀ ਅਸੀਂ ਪ੍ਰਚਾਰਦੇ ਨਹੀਂ ਥਕਦੇ ਸਾਡਾ ਗੁਰੂ ਤਾਂ ਸ਼ਬਦ ਗੁਰੁ ਹੈ ? ਇਵੇਂ ਹੀ ਕੌਮ ਦੇ ਸਿਰ ਮੜ ਦਿਤੇ ਅਨਪੜ ਜਥੇਦਾਰਾਂ ਦੇ ਹੁਕਮਨਾਮੇ ਜਾਰੀ ਹੋਣ ਤੇ ਸਾਡੀ ਕੌਮ ਦੀ ਅਕਲ ਦਾ ਦਿਵਾਲੀਆ ਨਜ਼ਰ ਪੈਂਦਾ ਹੈ ।

ਗੁਰਬਾਣੀ ਸਤਿਗੁਰੂ ਦੇ ਹੁੰਦਿਆਂ ਸਾਨੂੰ ਬੰਦਿਆਂ ਦੇ ਹੁਕਮਾਂ ਦੀ ਲੋੜ ਕਿਉਂ ਪਈ ?ਜਾਂ ਤਾਂ ਅਸੀਂ ਗੁਰੂਬਾਣੀ ਨੂੰਗੁਰੂ ਨਹੀਂ ਮੰਨਦੇ ਤੇ ਜਾਂ ਕੋਈ ਕਮੀਂ ਸਮਝਦੇ ਹਾਂ ਜੋ ਗੁਰੂਬਾਣੀ ਦੇ ਹੁਕਮਾਂ ਦੇ ਉੱਲਟ ਜਾ ਕੇ ਬੰਦਿਆਂ ਨੂੰ ਹੁਕਮਨਾਮੇ ਜਾਰੀ ਕਰਨੇ ਪਏ। ਜਿੰਨੇ ਹੁਕਮਨਾਮੇ ਜਥੇਦਾਰਾਂ ਜਾਰੀ ਕੀਤੇ ਇਨਾਂ ਵਿੱਚ ਕਿਹੜੀ ਨਵੀਂ ਗੱਲ ਕੀਤੀ ਹੈ ਜਿਹੜੀ ਗੁਰੂਬਾਣੀ ਗੁਰੂ ਵਿੱਚ ਨਹੀਂ ਹੈ । ਸਾਡੇ ਸਮਾਜ ਦੇ ਬਹੁਤੇ ਵੱਡੇ ਧਰਮੀ ਅਖਵਾਉਂਦੇ ਲੋਕ ਵੀ ਬੰਦਿਆਂ ਦੇ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਲਈ ਲੜਦੇ ,ਨਫਰਤ ਉਗਲਦੇ, ਈਰਖਾ ਆਦਿ ਕਰਦੇ ਵੇਖੇ ਜਾਂਦੇ ਹਨ। ਗੁਰੂਬਾਣੀ ਗੁਰੁ ਜੀ ਦੇ ਹੁਕਮਨਾਮੇ ਲਾਗੂ ਕਰਵਾਉਣ ਤੋਂ ਇਹ ਲੋਕ ਕੰਨੀਂ ਕਤਰਾਉਂਦੇ ਹਨ।ਆਪ ਹੀ ਗੁਰੁ ਹੁਕਮਾਂ ਦੀਆਂ ਧੱਜੀਆਂ ਉੱਡਾ ਕੇ ਰੱਖ ਦਿੰਦੇ ਹਨ।ਵੇਖੋ ਜੀ ਕੀ ਕਰੀਏ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ,ਇਹ ਕਹਿ ਕੇ ਪੱਲਾ ਛੁੱਡਾ ਜਾਂਦੇ ਹਨ। ਲੋਕਾਂ ਨੂੰ ਸਮਝਾਉਣ ਲਈ ਗੁਰੁ ਹੁਕਮਾਂ ਦੇ ਨੇੜੇ ਸਹਿਜ ਸਹਿਜ ਲਿਆਉਣ ਲਈ ਕੋਈ ਨੀਤੀਆਂ ਬਣ ਜਾਣ ਠੀਕ ਹੈ, ਪਰ ਸਦਾ ਲਈ ਗੁਰਬਾਣੀ ਦੇ ਫੈਸਲਿਆਂ ਤੋਂ ਮੁਨਕਰ ਹੀ ਹੋ ਜਾਣਾ ਇਹ ਵੱਡੀ ਵੇਮੁੱਖਤਾ ਹੈ। ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੀ ਬੰਦਿਆਂ ਦੇ ਕੱਚ ਘਰੜ ਹੁਕਮਾਂ ਨੂੰ ਮੰਨਣ ਲਈ ਕਾਹਲੀਆਂ ਪੈ ਜਾਂਦੀਆਂ ਹਨ,ਕੁਝ ਬੇਅਕਲੇ ਜਿਹੇ ਬੰਦੇ ਬੰਦਿਆਂ ਦੇ ਹੁਕਮਾਂ ਨੂੰ ਯਾਦ ਕਰਵਾਉੰਦਿਆਂ ਲੜਦੇ ਵੇਖੇ ਜਾ ਸਕਦੇ ਹਨ।ਗੁਰਬਾਣੀ ਦੇ ਸਾਰਾ ਕੁਝ ਉਲਟ ਆਪ ਸਾਰਾ ਕੁਝ ਗੁਰਦਵਾਰੇ ਵਿੱਚ ਹੀ ਕਰੀ ਜਾਣਗੇ ਕੋਈ ਪ੍ਰਵਾਹ ਨਹੀਂ,ਸਗੋਂ ਪੁਛਣ ਤੇ ਟਾਲ ਮਟੋਲਾ ਜਾਂ ਹੀਂ ਹੀਂ ਹੀਂ ਹੀਂ ਹੀਂ ਹੀਂ ਕਰਦੇ ਚੁਪ ਕਰ ਜਾਣਗੇ।            ਹੁਕਮਨਾਮੇ ਜਾਰੀ ਕਰਨ ਵਾਲੇ ਮੂਰਖ ਬੰਦਿਓ! ਤੇ ਬੰਦਿਆਂ ਦੇ ਹੁਕਮ ਲਾਗੂ ਕਰਵਾਉਣ ਵਾਲੇ ਸੇਵਾਦਾਰੋ ! ਜਰਾ ਧਿਆਨ ਦਿਓ, ਜੇਕਰ ਬੰਦੇ ਬੰਦਿਆਂ ਦੀਆਂ ਜੀਅ ਹਜ਼ੂਰੀਆਂ ਕਰਵਾਉਣ ਜਾਂ ਕਰਨ  ਤਾਂ ਗੁਰਮਤਿ ਦਾ ਕੀ ਫੈਸਲਾ ਹੈ ਸੁਣੋ ਜੀ:–

ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥ ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ ॥   ਦੇਨਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥  (1286)

ਅਰਥ:- ਉਹ ਲੋਕ ਮੂਰਖ ਕਮਲੇ ਹਨ ਜੋ ਚੇਲਿਆਂ ਨੂੰ ਸੇਹਲੀ (ਗੱਦੀ ਦੀ ਪੱਗ) ਟੋਪੀ ਦੇਂਦੇ ਹਨ ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ ਟੋਪੀ (ਗੱਦੀ ਦੀ ਪੱਗ) ਲੈਣ ਵਾਲੇ ਭੀ ਬਦੀਦ (ਵੱਡੇ ਬੇਸ਼ਰਮ) ਹਨ ਜੋ ਨਿਰੀ ਸੇਹਲੀ ਟੋਪੀ (ਗੱਦੀ ਦੀ ਪੱਗ) ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ ।ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ ਚੂਹਾ ਆਪ ਹੀ ਖੁੱਡ ਵਿਚ ਸਮਾ (ਵੜ) ਨਹੀਂ ਸਕਦਾ ਤੇ ਉਤੋਂ ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ।ਹੇ ਨਾਨਕ! ਇਹੋ ਜਿਹੀਆਂ ਗੱਦੀਆਂ ਥਾਪ ਕੇ ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਜ਼ਮੀਰ ਦੇ ਤੌਰ ਤੇ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਜ਼ਮੀਰ ਦੇ ਤੌਰ ਤੇ ਮਰ ਜਾਂਦੇ ਹਨ, ਇਸ ਤਰ੍ਹਾਂ ਪਰਮਾਤਮਾ ਦੀ ਰਜਾ ਸਮਝੀ ਨਹੀਂ ਜਾ ਸਕਦੀ  ਭਾਵ, ਨਿਰੀਆਂ ਸੇਹਲੀ ਟੋਪੀ (ਗੱਦੀ ਦੀ ਪੱਗ) ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫੀ ਨਹੀਂ ਹਨ,ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ ਟੋਪੀ (ਗੱਦੀ ਦੀ ਪੱਗ)ਜੀਵਨ ਦਾ ਸਹੀ ਰਸਤਾ ਨਹੀਂ ਹੈ।               ਸੋ ਗੁਰੂਬਾਣੀ ਦੇ ਸਿੱਖੋ !ਫਜ਼ੂਲ ਦੇ ਇਧਰ ਉਧਰ ਉਲਝਣ ਦੀ ਬਜਾਏ ਦੇਹਧਾਰੀ ਡੇਰੇਦਾਰੀ ਪ੍ਰਥਾ ਵਾਗੂੰ ਜਥੇਦਾਰੀ ਪ੍ਰਥਾਨੂੰ ਸਲਾਮਾਂ ਕਰਨ ਦੀ ਥਾਂ ਗੁਰੂਬਾਣੀ ਨੂੰ ਮੰਨ ਲਈਏ। ਇਹ ਆਸ ਲਾ ਕੇ ਬੈਠੇ ਰਹਿਣਾ ਕਿ ਜਥੇਦਾਰ ਹੁਕਮਨਾਮਾ ਜਾਰੀ ਕਰਨ ਫਿਰ ਲਾਗੂ ਕਰਵਾਵਾਂਗੇ ਇਹ ਮੂਰਖਤਾਈ ਹੈ, “ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ”।ਹੁਕਮਨਾਮੇ ਪੰਜ ਬੰਦੇ ਤਾਂ ਕੀ ਪੰਜਾਹ ਸੌ ਰਲ ਕੇ ਵੀ ਜਾਰੀ ਨਹੀਂ ਕਰ ਸਕਦੇ। ਹੁਕਮਨਾਮੇ ਗੁਰੂਬਾਣੀ ਗੁਰੂ ਦੇ ਹਨ ਜੋ ਕੁਲ ਮਨੁੱਖਤਾ ਦੇ ਨਾਂ ਜਾਰੀ ਹੋਏ ਹਨ ਉਹਨਾਂ ਹੁਕਮਨਾਮਿਆਂ ਨੂੰ ਸਮਝੀਏ , ਮੰਨੀਏ ਤੇ ਲਾਗੂ ਕਰੀਏ। ਹੋਰ ਹੋਰ ਹੁਕਮਨਾਮੇ ਬੰਦਿਆਂ ਵੱਲੋਂ ਜਾਰੀ ਕਰਨੇ ,ਕਰਵਾਉਣੇ ਤੁਰੰਤ ਬੰਦ ਕਰੀਏ। ਇਹ ਝੱਲ ਨਾ ਖਿਲਾਰੀਏ ।ਆਓ ਅਸਲ ਹੁਕਮਨਾਮੇ ਆਪਣੇ ਆਪ ਤੇ ,ਤੇ ਪੂਰੀ ਕੌਮ ਤੇ ਲਾਗੂ ਕਰੀਏ।                                          ਸ੍ਰੀ ਮੁਖਵਾਕ (ਹੁਕਮਨਾਮੇ)

1. ਰੱਬ ਇੱਕ ਹੀ ਮੰਨਣਾ ਹੈ:-*ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥    (ਪੰਨਾ 420) *ਸਾਹਿਬੁ ਮੇਰਾ ਏਕੋ ਹੈ ॥ਏਕੋ ਹੈ ਭਾਈ ਏਕੋ ਹੈ ॥1॥ ਰਹਾਉ ॥ (ਪੰਨਾ 350)

2. ਰੱਬੀ ਬਾਣੀ ਨੂੰ ਹੀ ਕੇਵਲ ਗੁਰੂ ਮੰਨਣਾ ਹੈ:-*ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥5॥ (ਪੰਨਾ 982)*ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥     (ਪੰਨਾ 646)

3. ਗੁਰੂਬਾਣੀ ਗੁਰੂ ਦੀ ਬਖਸ਼ਿਸ਼ ਸਿੱਖੀ ਕਿਵੇਂ ਨਿਭਾਉਣੀ ਹੈ:-*ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥  ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥ (ਪੰਨਾ 1412)*ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ ॥    ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ ॥ (ਪੰਨਾ 763)

4. ਨਸ਼ਿਆਂ ਬਾਰੇ ਕੀ ਹੁਕਮ:-* ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥   ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ (ਪੰਨਾ 554) * ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥(ਪੰਨਾ 360)* ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥   ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥  (ਪੰਨਾ 399 )         * ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥       ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥ (ਪੰਨਾ 726)

5.ਪਰਾਏ ਹੱਕ ਬਾਰੇ:–* ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥    ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ (ਪੰਨਾ 141)

6.ਪਰਾਏ ਸੰਗ (ਵਿਭਚਾਰ)ਤੋਂ ਬਚਣ ਲਈ:–* ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥     ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥ (ਪੰਨਾ 403)*  ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥ (ਪੰਨਾ 403)* ਪਰ ਧਨ ਪਰ ਦਾਰਾ ਪਰਹਰੀ ॥ਤਾ ਕੈ ਨਿਕਟਿ ਬਸੈ ਨਰਹਰੀ ॥ (ਪੰਨਾ 1163)

7.ਮੜੀਆਂ ਕਬਰਾਂ ਨਾ ਪੂਜਣ ਬਾਰੇ:– * ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥(ਪੰਨਾ 634) * ਮੜੀ ਮਸਾਣੀ ਮੂੜੇ ਜੋਗੁ ਨਾਹਿ ॥        (ਪੰਨਾ 1190) *ਰਹੈ ਬੇਬਾਣੀ ਮੜੀ ਮਸਾਣੀ ॥ਅੰਧੁ ਨ ਜਾਣੈ ਫਿਰਿ ਪਛੁਤਾਣੀ ॥ (ਪੰਨਾ 467 )  * ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥ (ਪੰਨਾ 526)

8.ਦੇਹ ਪੂਜਾ ਤੋਂ ਮਨ੍ਹਾਂ ਕੀਤਾ:–*ਮਾਣਸ ਸੇਵਾ ਖਰੀ ਦੁਹੇਲੀ ॥ਸਾਧ ਕੀ ਸੇਵਾ ਸਦਾ ਸੁਹੇਲੀ ॥ (ਪੰਨਾ 1182) *ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ॥(ਪੰਨਾ 497)*ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥ (ਪੰਨਾ 470)

9.ਮੂਰਤੀ ਪੂਜਾ ਨਾ ਕਰਨ ਲਈ:–*ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ ॥ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥ (ਪੰਨਾ 479)*ਜੋ ਪਾਥਰ ਕਉ ਕਹਤੇ ਦੇਵ ॥ਤਾ ਕੀ ਬਿਰਥਾ ਹੋਵੈ ਸੇਵ ॥  ਜੋ ਪਾਥਰ ਕੀ ਪਾਂਈ ਪਾਇ ॥ਤਿਸ ਕੀ ਘਾਲ ਅਜਾਂਈ ਜਾਇ ॥ (ਪੰਨਾ 1160)

10.ਦਾਜ ਦਹੇਜ ਦੀ ਲਾਹਣਤ ਤੋਂ ਬਚਣ ਲਈ:–*ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥  ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥ ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥  ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ॥ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥4॥(ਪੰਨਾ 78)

11.ਸਮਾਜਿਕ ਭਾਈਚਾਰੇ ਨੂੰ ਮਜਬੂਤ ਬਣਾਈ ਰੱਖਣ ਲਈ:–*ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥1॥ (1349 ਪੰਨਾ)          *ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ਰਾਮ ਬਿਨਾ ਕੋ ਬੋਲੈ ਰੇ ॥ (988 ਪੰਨਾ)          *ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਅੁ ॥3॥(ਪੰਨਾ 97)*ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥(ਪੰਨਾ 747)

12.ਪਖੰਡ ਤੋਂ ਬਚਣ ਲਈ:–   *ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥(981)   *ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥(747)   *ਪਾਖੰਡਿ ਮੈਲੁ ਨ ਚੂਕਈ ਭਾਈ ੳੰਤਰਿ ਮੈਲੁ ਵਿਕਾਰੀ ॥(635)   *ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ ॥(234)   *ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥1॥ ਰਹਾਉ ॥ (973 ਪੰਨਾ )

13.ਵਹਿਮ ਭਰਮ ਤੇ ਭੁਲੇਖੇ ਦੂਰ ਕਰਨ ਲਈ:– *ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥(ਪੰਨਾ 172) *ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥(ਪੰਨਾ 145) *ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥(ਪੰਨਾ 141) *ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥(ਪੰਨਾ 205) *ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇੳਾ ਮਾਇੳਾ ਕੇ ਡਾਂਡੇ ॥(ਪੰਨਾ 338)

14.ਸੁੱਚ ਜੂਠ ਬਾਰੇ ਹੁਕਮ:—*ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥(ਪੰਨਾ 558)*ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥   *ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥2॥ (ਪੰਨਾ 472) *ਜੂਠਿ ਲਹੈ ਜੀਅੁ ਮਾਜੀਐ ਮੋਖ ਪਇਆਣਾ ਹੋਇ ॥2॥(ਪੰਨਾ 489)

15.ਗੁਰੂਬਾਣੀ ਦੇ ਉੱਲਟ ਕੱਚੀ ਬਾਣੀ ਬਾਰੇ:–*ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥(ਪੰਨਾ920) * ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ (ਪੰਨਾ 304)

16.ਜਾਤਿ ਪਾਤਿ ਦੀ ਨਖੇਧੀ :–  * ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥(ਪੰਨਾ 1127)  * ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥(ਪੰਨਾ 1128)  * ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥ (ਪੰਨਾ 349)

17.ਵਿਕਰਾਂ ਤੋਂ ਬਚਣ ਲਈ:–    *ਛੋਡਹੁ ਕਾਮ ਕ੍ਰੋਧੁ ਬੁਰਿਆਈ ॥ਹਉਮੈ ਧੰਧੁ ਛੋਡਹੁ ਲੰਪਟਾਈ ॥     ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥8॥ (1026 ਪੰਨਾ)    * ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥(419 ਪੰਨਾ)   *ਸਾਧੋ ਮਨ ਕਾ ਮਾਨੁ ਤਿਆਗਉ ॥       ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥ (219 ਪੰਨਾ)

18.ਸਤਿਗੁਰੂ ਦਾਤਾ ਹੈ, ਭਿਖਾਰੀ ਜਾਂ ਕਿਸੇ ਦਾ ਮੁਥਾਜ ਨਹੀਂ,ਉਹ ਕਿਸੇ ਤੇ ਨਿਰਭਰ ਵੀ ਨਹੀਂ ਹੈ:–    * ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥(ਪੰਨਾ 1428)    * ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥(ਪੰਨਾ 1313)    *ਨਾ ਓਹੁ ਮਰੈ ਨ ਹੋਵੈ ਸੋਗੁ ॥ਦੇਦਾ ਰਹੈ ਨ ਚੂਕੈ ਭੋਗੁ ॥ਗੁਣ ਏਹੋ ਹੋਰੁ ਨਾਹੀ ਕੋਇ ॥ਨਾ ਕੋ ਹੋਆ ਨਾ ਕੋ ਹੋਇ ॥3॥ (9 ਪੰਨਾ)    * ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥(ਪੰਨਾ 554)

19.ਦੇਵੀ ਦੇਵਤਿਆਂ ਦੀ ਪੂਜਾ ਦੀ ਮਨ੍ਹਾਹੀ:–    *ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥ (332 ਪੰਨਾ)    *ਦੇਵੀ ਦੇਵਾ ਮੂਲੁ ਹੈ ਮਾਇਆ ॥ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥ (129 ਪੰਨਾ)    *ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥6॥ (637 ਪੰਨਾ)     *ਹਉ ਤਉ ਏਕੁ ਰਮਈਆ ਲੈਹਉ ॥ਆਨ ਦੇਵ ਬਦਲਾਵਨਿ ਦੈਹਉ ॥ (874 ਪੰਨਾ)

20.ਧਾਰਮਿਕ ਤੇ ਰਾਜਨੀਤਿਕ ਆਗੂ ਚੁਣਨ ਲਈ:–    *ਕੂੜੁ ਬੋਲਿ ਮੁਰਦਾਰੁ ਖਾਇ ॥ਅਵਰੀ ਨੋ ਸਮਝਾਵਣਿ ਜਾਇ ॥ਮੁਠਾ ਆਪਿ ਮੁਹਾਏ ਸਾਥੈ ॥ਨਾਨਕ ਐਸਾ ਆਗੂ ਜਾਪੈ ॥ (139 ਪੰਨਾ)    *ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ (767 ਪੰਨਾ)

ਇਹ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਗੁਰੂਬਾਣੀ ਵਿੱਚ ਸਾਡੇ ਲਈ ਮੌਜੂਦ ਹੈ ।ਲੋੜ ਹੈ ਪੜਨ ਦੀ, ਵੀਚਾਰਨ ਦੀ, ਮੰਨਣ ਦੀ । ਗੁਰੁ ਸਾਹਿਬ ਦੇ ਇਹਨਾਂ ਹੁਕਮਨਾਮਿਆਂ ਦੇ ਬਰਾਬਰ ਕੋਈ ਹੋਰ ਕਿਸੇ ਬੰਦੇ ਦੇ ਹੁਕਮਨਾਮੇ ਕਿੰਨੀ ਕੁ ਮਾਨਤਾ ਰੱਖਦੇ ਹਨ। ਗੁਰੂਬਾਣੀ ਹੁਕਮਾਂ ਨੂੰ ਪਹਿਲ ਦੇਈਏ ਤਾਂ ਸਾਡੇ ਕਿੰਨੇ ਮਸਲੇ ਅਪਣੇ ਆਪ ਹੀ ਹੱਲ ਹੋਂਣ ਵਾਲੇ ਪਾਸੇ ਤੁਰ ਪੈਣਗੇ। ਆਓ ਗੁਰੁ ਸਾਹਿਬ ਜੀ ਦੇ ਗੁਰੂਬਾਣੀ ਹੁਕਮਾਂ ਨੂੰ ਮੰਨੀਏ ਜਿਸ ਤੇ ਕਿਸੇ ਨੂੰ ਵੀ ਇਤਰਾਜ ਨਹੀਂ ਹੋ ਸਕਦਾ। ਗੁਰੂਬਾਣੀ ਨੂੰ ਛੱਡ ਕੇ ਮਨਮਰਜੀਆਂ ਕਰਨ ਨਾਲ ਇਸ ਗੁਰੂਬਾਣੀ ਹੁਕਮ ਦੀ ਉਲੰਘਣਾ ਵੀ ਹੋਵੇਗੀ ਤੇ ਕੂੜਿਆਰ ਵੀ ਗੁਰੁ ਦੀਆਂ ਨਜ਼ਰਾਂ ਵਿੱਚ ਬਣ ਜਾਵਾਂਗੇ।     ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥   ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥  ਓਨਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥9॥ (ਪੰਨਾ 304)

6 thoughts on “ਗੁਰਸਿਖੋ ਹੁਕਮਨਾਮੇ ਮੰਨਣੇ ਹੀ ਪੈਣਗੇ…? – ਭਾਈ ਸੁਖਵਿੰਦਰ ਸਿੰਘ ਦਦੇਹਰ

  1. Vir Sukhwinder Singh Ji, Guru Fateh. You did a great search for the Guru’s hukamname. You’re right, We need to read and understand Sri Guru Granth Sahib Ji. Once again thanks for your precious work for us.

Leave a Reply