Sunday, January 19, 2020
Home > Articles > ਹੁਣਿ ਲਾਵਹੁ ਭੋਗੁ ਹਰਿ ਰਾਏ – ਹਰਜਿੰਦਰ ਸਿੰਘ ‘ਸਭਰਾਅ’

ਹੁਣਿ ਲਾਵਹੁ ਭੋਗੁ ਹਰਿ ਰਾਏ – ਹਰਜਿੰਦਰ ਸਿੰਘ ‘ਸਭਰਾਅ’

ਹੁਣਿ ਲਾਵਹੁ ਭੋਗੁ ਹਰਿ ਰਾਏ ॥ (ਹਰਜਿੰਦਰ ਸਿੰਘ ‘ਸਭਰਾਅ’)

ਕੁਝ ਵੀਚਾਰ ਜਾਂ ਰਸਮਾਂ ਰੀਤਾਂ ਵੇਖਾ ਵੇਖੀ ਹੀ ਸਮਾਜ ਵਿਚ ਪ੍ਰਚੱਲਤ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਨਿਭਾਉਣ ਦਾ ਕਈ ਮਨੁੱਖਾਂ ਦਾ ਸੁਭਾਅ ਜਿਹਾ ਪੱਕ ਜਾਂਦਾ ਹੈ।ਉਸ ਪੱਕੇ ਸੁਭਾਅ ਦੇ ਮੁਤਾਬਕ ਹੀ ਗ਼ਲਤ ਹੋਣ ਦੇ ਬਾਵਜੂਦ ਵੀ ਅਜਿਹੇ ਮਨੁੱਖ ਆਪਣੇ ਦੁਆਰਾ ਕੀਤੀ ਜਾਂਦੀ ਰਸਮ ਨੂੰ ਸਹੀ ਮੰਨਦੇ ਅਤੇ ਪ੍ਰਚਾਰਦੇ ਰਹਿੰਦੇ ਹਨ ਅਤੇ ਆਪਣੀਆਂ ਹੀ ਦਲੀਲਾਂ ਘੜ ਲੈਂਦੇ ਹਨ। ਓਪਰੀ ਨਜ਼ਰੇ ਵੇਖਿਆਂ ਤਾਂ ਅਜਿਹੇ ਮਨੁੱਖ ਬੜੇ ਹੀ ਸ਼ਰਧਾਵਾਨ ਅਤੇ ਨੇਮੀ ਜਿਹੇ ਜਾਪਦੇ ਹਨ ਪਰ ਸਿਧਾਂਤਕ ਤੌਰ ਤੇ ਪਰਖ ਕੀਤਿਆਂ ਅਜਿਹੇ ਮਨੁੱਖ ਕਰਮਕਾਂਡੀ ਅਤੇ ਵਿਖਾਵੇਬਾਜ਼ ਹੀ ਸਾਬਤ ਹੁੰਦੇ ਹਨ।
ਪੁਰਾਣੇ ਸਮਿਆਂ ਤੋਂ ਲੈ ਕੇ ਕਈ ਅਜਿਹੀਆਂ ਰਸਮਾਂ ਰੀਤਾਂ ਜੋ ਧਾਰਮਿਕ ਪੁਜਾਰੀਆਂ ਨੇ ਪ੍ਰਚੱਲਤ ਕੀਤੀਆਂ ਸਨ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਉਵੇਂ ਹੀ ਚੱਲ਼ ਰਹੀਆਂ ਹਨ।ਜਿਨ੍ਹਾਂ ਨੂੰ ਮਰਯਾਦਾ ਜਾਂ ਜ਼ਰੂਰੀ ਧਰਮ ਕਰਮ ਦਾ ਨਾਂ ਦੇ ਕੇ ਚਾਲਾਕ ਪੁਜਾਰੀ ਨੇ ਧਰਮ ਪ੍ਰਤੀ ਸ਼ਰਧਾ ਰੱਖਣ ਵਾਲਿਆਂ ਤੇ ਹਜ਼ਾਰਾਂ ਸਾਲਾਂ ਤੋਂ ਥੋਪੀਆਂ ਹੋਈਆਂ ਹਨ। ਭਾਵੇਂ ਉਨ੍ਹਾਂ ਰੀਤਾਂ ਰਸਮਾਂ ਦਾ ਸਿਵਾਏ ਇਕ ਪੁਜਾਰੀ ਤੋਂ ਕਿਸੇ ਨੂੰ ਕੋਈ ਫਾਇਦਾ ਨਹੀਂ ਪਰ ਫਿਰ ਵੀ ਕਰਮਕਾਂਡਾਂ ਦੀ ਜਕੜ ਵਿਚ ਆਏ ਹੋਏ ਲੋਕ ਸਿਰ ਸੁੱਟ ਕੇ ਅਜਿਹੇ ਧਰਮ ਕਰਮ ਕਰੀ ਹੀ ਜਾ ਰਹੇ ਹਨ। ਕਿਉਂਕਿ ਧਰਮ ਦੇ ਵਿਸ਼ੇ ਵਿਚ ਸੋਚਣ ਤੇ, ਧਰਮ ਦੇ ਅਖੌਤੀ ਠੇਕੇਦਾਰਾਂ ਨੇ ਬੜੀਆਂ ਕਰੜੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ।ਧਰਮ ਦਾ ਅਸਲ ਮਹੱਤਵ ਲੋਕਾਂ ਦੇ ਸਾਹਮਣੇ ਧਰਮ ਤੇ ਕਾਬਜ਼ ਲਾਬੀ ਆਉਣ ਹੀ ਨਹੀਂ ਦਿੰਦੀ ਬੱਸ! ਲੋਕਾਂ ਕੋਲੋਂ ਮਨਮਰਜ਼ੀ ਦੇ ਕਰਮ ਕਰਵਾਉਣੇ ਹੀ ਉਨ੍ਹਾਂ ਦਾ ਜੀਵਨ ਕਰਮ ਬਣ ਚੁਕਿਆ ਹੈ।
ਧਰਮ ਅਸਥਾਨ ਦੇ ਪੁਜਾਰੀ ਨੇ ਆਪਣੇ ਸੁਆਰਥ ਵੱਸ ਕਈ ਅਜਿਹੀਆਂ ਰਸਮਾਂ ਪ੍ਰਚੱਲਤ ਕੀਤੀਆਂ ਜਿਨ੍ਹਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਸੀ ਬਲਕਿ ਅਜਿਹੀਆਂ ਰਸਮਾਂ ਕੇਵਲ ਪੁਜਾਰੀ ਨੇ ਆਪਣੇ ਸੁਆਰਥ ਵੱਸ ਹੀ ਸ਼ੁਰੂ ਕੀਤੀਆਂ ਸਨ।ਕਈ ਰਸਮਾਂ ਤਾਂ ਇੰਨੀਆਂ ਘਟੀਆ ਸਨ/ਹਨ ਜਿਨ੍ਹਾਂ ਨਾਲ ਧਰਮ ਦਾ ਨਾਂ ਜੋੜਨਾ ਵੀ ਬੜੀ ਘਟੀਆ ਗੱਲ ਹੈ ਪਰ ਅਜਿਹਾ ਘਟੀਆ ਕੰਮ ਵੀ ਸੁਆਰਥ ਵੱਸ ਅਗਿਆਨੀ ਤੇ ਧਰਮ ਤੋਂ ਕੋਰੇ ਲੋਕਾਂ ਨੇ ਧਰਮ ਦੇ ਨਾਂ ਤੇ ਸ਼ੁਰੂ ਕੀਤਾ। ਆਪਣੇ ਹੀ ਕਹੇ ਜਾਂਦੇ ਧਰਮ ਅਸਥਾਨ ਮੰਦਰਾਂ ਵਿਚ ਪੁਜਾਰੀ ਨੇ ਜਿਸ ਨੂੰ ਉਹ ਭਗਵਾਨ ਦਾ ਦਰ ਤੇ ਘਰ ਮੰਨਦਾ ਸੀ ਨਸ਼ੇ ਦੇ ਭੋਗ ਲਵਾਏ ਤੇ ਲੋਕਾਂ ਨੂੰ ਪ੍ਰਸ਼ਾਦ ਦੇ ਤੌਰ ਤੇ ਨਸ਼ਾ ਵੰਡਿਆ ਜਿਵੇਂ ਭੰਗ ਦਾ ਪ੍ਰਸ਼ਾਦ, ਸ਼ਰਾਬ ਜੋ ਵਾਮਮਾਰਗੀ ਫਿਰਕੇ ਦੀ ਮਰਯਾਦਾ ਵਿਚ ਸ਼ਾਮਲ ਹੈ।ਇਥੋਂ ਤੱਕ ਕਿ ਦੇਵਦਾਸੀ ਪ੍ਰਥਾ ਪੁਜਾਰੀ ਤੇ ਸਮੇਂ ਦੇ ਹਾਕਮ ਨੇ ਰਲ਼ ਕੇ ਆਪਣੀ ਅੱਯਾਸ਼ੀ ਲਈ ਸ਼ੁਰੂ ਕੀਤੀ ਪਰ ਇਸਨੂੰ ਵੀ ਧਰਮ ਦੇ ਨਾਂ ਤੇ ਹੀ ਸ਼ੁਰੂ ਕੀਤਾ ਗਿਆ ਅਤੇ ਕਿੰਨੇ ਹੀ ਲੋਕਾਂ ਦੀ ਧਰਮ ਪ੍ਰਤੀ ਅਗਿਆਨਤਾ ਅਤੇ ਲਾਚਾਰੀ ਦਾ ਨਜਾਇਜ਼ ਫਾਇਦਾ ਲੈ ਕੇ ਅਤੇ ਕਿੰਨਿਆਂ ਨੂੰ ਮਜ਼ਬੂਰ ਕਰਕੇ ਜਬਰਨ ਉਨ੍ਹਾਂ ਦੀਆਂ ਬੱਚੀਆ ਨੂੰ ਪੱਥਰ ਦੇ ਕਥਿਤ ਭਗਵਾਨ ਨਾਲ ਵਿਆਹ ਦਿੱਤਾ ਜਾਂਦਾ ਅਤੇ ਉਨ੍ਹਾਂ ਨੂੰ ਭਗਵਾਨ ਦੀਆਂ ਦਾਸੀਆਂ ਹੋਣ ਦਾ ਝੂਠਾ ਮਾਣ ਦੇ ਦਿੱਤਾ ਜਾਂਦਾ।ਬਾਅਦ ਵਿਚ ਅਜਿਹੇ ਮਾਣ ਦੀਆਂ ਅਧਿਕਾਰੀ ਔਰਤਾਂ ਨਾਲ ਪੁਜਾਰੀ ਅਤੇ ਸਮੇਂ ਦਾ ਰਾਜਸੀ ਨੇਤਾ ਆਪਣੀ ਹਵਸ ਦੀ ਪੂਰਤੀ ਕਰਦਾ। ਧਾਰਮਕ ਪੁਜਾਰੀ ਸਿੱਧਾ ਨਸ਼ਾ ਨਹੀਂ ਸੀ ਕਰ ਸਕਦਾ ਅਤੇ ਨਾ ਹੀ ਬਦਫੈਲੀ ਕਰ ਸਕਦਾ ਸੀ ਪਰ ਇਹ ਕੰਮ ਉਸਨੇ ਭਗਵਾਨ ਤੇ ਧਰਮ ਦੇ ਨਾਂ ਤੇ ਕੀਤਾ ਅਤੇ ਇਸ ਨੂੰ ਉਸਨੇ ਆਪਣੇ ਗ੍ਰੰਥਾਂ ਰਾਹੀ ਆਪਣੇ ਸੰਬੰਧਤ ਦੇਵੀ ਦੇਵਤੇ ਜਾਂ ਇਸ਼ਟ ਨਾਲ ਜੋੜ ਲਿਆ। ਸ਼ਰਾਧ ਦੇ ਨਾਂ ਤੇ ਜਜਮਾਨਾਂ ਕੋਲੋਂ ਇਸ ਦਾਅਵੇ ਤੇ, ਕਿ ਇਹ ਛਕਾਇਆ ਭੋਜਨ ਅਤੇ ਦਿੱਤੀ ਦਾਨ ਦਖਸ਼ਣਾ ਮਰੇ ਪਿਤਰਾਂ ਨੂੰ ਪਹੁੰਚੇਗੀ ਤੇ ਉਨ੍ਹਾਂ ਨੂੰ ਸਵਰਗ ਮਿਲੇਗਾ ਪੁਜਾਰੀ ਆਪਣੇ ਜਜਮਾਨਾਂ ਨੂੰ ਲੁੱਟਦਾ ਆ ਰਿਹਾ ਹੈ। ਅਨਗਿਣਤ ਤਰ੍ਹਾਂ ਦੇ ਸੁਆਦਲੇ ਪਕਵਾਨਾਂ ਦਾ ਭੋਗ ਧਰਮ ਅਸਥਾਨਾਂ ਵਿਚ ਭਗਵਾਨ ਨੂੰ ਲਵਾਉਣ ਦੀ ਰੀਤ ਵੀ ਪੁਜਾਰੀ ਦੀ ਇਸੇ ਸੋਚ ਵਿਚੋਂ ਹੀ ਪੈਦਾ ਹੋਈ।
ਗੁਰਮਤਿ ਵੀਚਾਰਧਾਰਾ ਮਹਾਨ ਭਗਤ ਸਾਹਿਬਾਨਾਂ ਤੇ ਗੁਰੂ ਸਾਹਿਬਾਨ ਜੀ ਦੀ ਕਠਨ ਘਾਲਣਾ ਨਾਲ ਪ੍ਰਗਟ ਹੋਈ ਤੇ ਪ੍ਰਚੱਲਤ ਹੋਈ। ਗੁਰਮਤਿ ਨੇ ਉਪਰੋਕਤ ਅਜਿਹੇ ਸਾਰੇ ਅਡੰਬਰਾਂ ਨੂੰ ਮੁੱਢੋਂ ਰੱਦ ਕੀਤਾ। ਗੁਰੂ ਨਾਨਕ ਸਾਹਿਬ ਜੀ ਦੀ ਹਰਿਦੁਆਰ ਵਿਖੇ ਸੂਰਜ ਤੋਂ ਉਲਟੇ ਪਾਸੇ ਪਾਣੀ ਦੇਣ ਵਾਲੀ ਸਾਖੀ ਇਸੇ ਪਾਸੇ ਇਸ਼ਾਰਾ ਹੈ ਕਿ ਮਨੁੱਖ ਅਸਲ ਧਰਮ ਨੂੰ ਨਾ ਸਮਝ ਕੇ ਬਾਹਰੀ ਝੂਠੇ ਅਡੰਬਰਾਂ ਵਿਚ ਫਸਿਆ ਹੋਇਆ ਬੁਰੀ ਤਰ੍ਹਾਂ ਵਹਿਮਾਂ ਭਰਮਾਂ ਵਿਚ ਉਲਝਿਆ ਰਹਿੰਦਾ ਹੈ।ਜਦੋਂ ਗੁਰੂ ਸਾਹਿਬ ਜੀ ਨੇ ਇਸ ਗੱਲ ਤੇ ਹੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਕਿ ਤੁਹਾਡਾ ਦਿੱਤਾ ਪਾਣੀ ਸੂਰਜ ਤੋਂ ਵੀ ਅੱਗੇ ਪਿੱਤਰ ਲੋਕ ਤੱਕ ਕਿਵੇਂ ਪਹੁੰਚ ਸਕਦਾ ਹੈ? ਇਵੇਂ ਪੁਜਾਰੀਆਂ ਦੁਆਰਾ ਫੈਲਾਇਆ ਇਹ ਭਰਮ ਜਾਲ ਕਿ ਸਾਡੇ ਦੁਆਰਾ ਕੀਤੀ ਪਾਠ ਪੂਜਾ, ਸਾਨੂੰ ਦਿੱਤੇ ਦਾਨ ਪੁੰਨ, ਸ਼ਰਾਧ ਆਦਿ ਸਭੋ ਕੁਝ ਪਿਤਰਾਂ ਨੂੰ ਪਹੁੰਚਦਾ ਹੈ ਤੇ ਸਵਰਗ ਜਾਂ ਸੁਖ ਦਿੰਦਾ ਹੈ ਸਭੋ ਕੁਝ ਰੱਦ ਹੋ ਗਿਆ। ਰੱਬ ਦੇ ਨਾਂ ਤੇ ਦਿੱਤੀਆਂ ਜਾਂਦੀਆਂ ਭੇਟਾਵਾਂ ਜੋ ਪੁਜਾਰੀ ਨੇ ਆਪਣੇ ਸੁਆਰਥ ਤੇ ਚਸਕੇ ਲਈ ਸ਼ੁਰੂ ਕੀਤੀਆਂ ਤੇ ਕਰਵਾਈਆਂ ਸਨ ਨੂੰ ਗੁਰਮਤਿ ਨੇ ਪ੍ਰਵਾਨ ਹੀ ਨਹੀਂ ਕੀਤਾ ਤੇ ਕਿਹਾ ‘ਹੇ ਪ੍ਰਭੂ ਤੇਰਾ ਪੈਦਾ ਕੀਤਾ ਤੈਨੂੰ ਕਿਵੇਂ ਦਿੱਤਾ ਜਾ ਸਕਦਾ ਹੈ।
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥ (ਧਨਾਸਰੀ ਭਗਤ ਰਵਿਦਾਸ ਜੀ ਪੰਨਾ 694)
ਅਰਥ: (ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ ਤੇਰੇ ਅੱਗੇ ਕੀਹ ਰੱਖਾਂ? (ਸੋ,) ਮੈਂ ਤੇਰਾ ਨਾਮ ਰੂਪ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ ॥
ਜਦੋਂ ਸਾਰਾ ਕੁਝ ਪੈਦਾ ਹੀ ਪ੍ਰਮਾਤਮਾ ਦਾ ਕੀਤਾ ਹੋਇਆ ਹੈ ਤਾਂ ਫਿਰ ਮਨੁੱਖ ਰੱਬ ਨੂੰ ਕੀ ਭੇਟਾ ਦੇ ਸਕਦਾ ਹੈ ਅਤੇ ਕੀ ਚੜ੍ਹਾਵਾ ਚੜ੍ਹਾ ਸਕਦਾ ਹੈ ਅਤੇ ਨਾ ਹੀ ਫਿਰ ਕੁਝ ਹੱਥੋਂ ਦੇ ਕੇ ਕੋਈ ਅਹਿਸਾਨ ਜਤਾ ਸਕਦਾ ਹੈ। ਕਿਉਂਕਿ ਐਸਾ ਸੋਚਣਾ ਅਤੇ ਕਰਨਾ ਵੀ ਮੂਰਖਤਾਈ ਹੈ। ਕੀ ਪ੍ਰਭੂ ਨੂੰ ਕਿਸੇ ਚੀਜ਼ ਦੀ ਥੁੜ ਹੈ ਜਾਂ ਜ਼ਰੂਰਤ ਹੈ? ਕੀ ਮਨੁੱਖ ਰੱਬ ਦੀ ਜ਼ਰੂਰਤ ਪੂਰੀ ਕਰਨ ਦੀ ਤਾਕਤ ਰੱਖਦਾ ਹੈ? ਕੁਦਰਤ ਦੇ ਰਚਣਹਾਰੇ ਦੇ ਭੰਡਾਰੇ ਵਿਚੋਂ ਹੀ ਮਨੁੱਖ ਖਾ ਖਰਚ ਤੇ ਵਰਤ ਰਿਹਾ ਹੈ ਅਤੇ ਉਸੇ ਵਿਚੋਂ ਹੀ ਕੁਝ ਰੱਬ ਦੇ ਨਾਂ ਤੇ ਕਿਸੇ ਨੂੰ ਦੇ ਕੇ ਜੇ ਇਹ ਸੋਚਦਾ ਹੈ ਕਿ ਮੈਂ ਦਾਨੀ ਹਾਂ ਤਾਂ ਗੁਰੂ ਅਰਜਨ ਸਾਹਿਬ ਜੀ ਐਸਾ ਸੋਚਣ ਵਾਲੇ ਨੂੰ ਸਿਆਣਾ ਨਹੀਂ ਸਗੋਂ ਗਾਵਾਰ ਕਹਿੰਦੇ ਹਨ:
ਜੇ ਕੋ ਹੋਇ ਬਹੈ ਦਾਤਾਰੁ ॥ ਤਿਸੁ ਦੇਨਹਾਰੁ ਜਾਨੈ ਗਾਵਾਰੁ ॥ (282, ਗਉੜੀ ਸੁਖਮਨੀ, ਮਃ 5)
ਗੁਰਮਤਿ ਸਿਧਾਂਤ ਅਨੁਸਾਰ ਤਾਂ ਰੱਬ ਸਰਬ ਵਿਆਪਕ ਹੈ ਅਤੇ ਉਸ ਦੀ ਜੋਤ ਹਰ ਜਗ੍ਹਾ ਵਿਆਪਕ ਹੈ।ਉਸ ਨੂੰ ਕਿਸੇ ਇਕ ਖਾਸ ਥਾਂ ਜਾਂ ਖਾਸ ਰੂਪ ਵਿਚ ਬੰਨ੍ਹਿਆ ਨਹੀਂ ਜਾ ਸਕਦਾ ਕਿਉਂਕਿ ਉਸਦਾ ਕੋਈ ਖਾਸ ਟਿਕਾਣਾ ਅਤੇ ਰੂਪ ਨਹੀਂ ਹੈ।ਸਾਰੀ ਸ੍ਰਿਸ਼ਟੀ ਵਿਚ ਵਿਆਪਕ ਪ੍ਰਭੂ ਆਪ ਸਮਾਇਆ ਹੋਇਆ ਹੈ।ਗੁਰਬਾਣੀ ਬਚਨ ਹਨ:
ਸੋ ਅੰਤਰਿ ਸੋ ਬਾਹਰਿ ਅਨੰਤ ॥ਘਟਿ ਘਟਿ ਬਿਆਪਿ ਰਹਿਆ ਭਗਵੰਤ ॥ ਧਰਨਿ ਮਾਹਿ ਆਕਾਸ ਪਇਆਲ ॥ ਸਰਬ ਲੋਕ ਪੂਰਨ ਪ੍ਰਤਿਪਾਲ ॥ ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥ਜੈਸੀ ਆਗਿਆ ਤੈਸਾ ਕਰਮੁ ॥ ਪਉਣ ਪਾਣੀ ਬੈਸੰਤਰ ਮਾਹਿ ॥ ਚਾਰਿ ਕੁੰਟ ਦਹ ਦਿਸੇ ਸਮਾਹਿ ॥ਤਿਸ ਤੇ ਭਿੰਨ ਨਹੀ ਕੋ ਠਾਉ ॥ ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥ (ਪੰਨਾ-293-94 ਮਃ 5)
ਅਰਥ:- ਉਹ ਬੇਅੰਤ ਭਗਵਾਨ ਅੰਦਰ ਬਾਹਰ (ਸਭ ਥਾਈਂ) ਹਰੇਕ ਸਰੀਰ ਵਿਚ ਮੌਜੂਦ ਹੈ; ਧਰਤੀ ਅਕਾਸ਼ ਤੇ ਪਤਾਲ ਵਿਚ ਹੈ, ਸਾਰੇ ਭਵਨਾਂ ਵਿਚ ਮੌਜੂਦ ਹੈ ਤੇ ਸਭ ਦੀ ਪਾਲਨਾ ਕਰਦਾ ਹੈ; ਉਹ ਪਾਰਬ੍ਰਹਮ ਜੰਗਲ ਵਿਚ ਹੈ, ਘਾਹ (ਆਦਿਕ) ਵਿਚ ਹੈ ਤੇ ਪਰਬਤ ਵਿਚ ਹੈ; ਜਿਹੋ ਜਿਹਾ ਉਹ ਹੁਕਮ (ਕਰਦਾ ਹੈ), ਉਹੋ ਜਿਹਾ (ਜੀਵ) ਕੰਮ ਕਰਦਾ ਹੈ; ਪਉਣ ਵਿਚ, ਪਾਣੀ ਵਿਚ, ਅੱਗ ਵਿਚ, ਚਹੁੰ ਕੂਟਾਂ ਵਿਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ; ਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ; (ਪਰ) ਹੇ ਨਾਨਕ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥
ਪੰਡਤ ਪੁਜਾਰੀ ਉਸ ਪ੍ਰਭੂ ਨੂੰ ਇਕ ਖਾਸ ਥਾਂ ਤੇ ਰਹਿੰਦਾ ਦੱਸ ਕੇ ਅਤੇ ਇਕ ਖਾਸ ਰੂਪ ਵਿਚ ਉਸਦੀ ਮੂਰਤੀ ਬਣਾ ਕੇ ਉਸ ਦੀ ਪੂਜਾ ਕਰਦਾ ਹੈ ਅਤੇ ਤਰ੍ਹਾ ਤਰ੍ਹਾਂ ਦੀਆਂ ਮਰਯਾਦਾ ਬਣਾ ਕੇ ਉਸੇ ਆਪਣੇ ਬਣੇ ਬਣਵਾਏ ਭਗਵਾਨ ਦੇ ਨਾਂ ਤੇ ਕਈ ਤਰ੍ਹਾਂ ਦੀਆਂ ਭੇਟਾਵਾਂ ਸ਼ਰਧਾਲੂਆਂ ਕੋਲੋਂ ਚੜ੍ਹਵਾਉਂਦਾ ਹੈ। ਪੂਜਾ ਕਰਨ ਲਈ ਸੁੱਚੀਆਂ ਚੀਜ਼ਾਂ ਮੰਗਵਾਉਂਦਾ ਹੈ ਅਤੇ ਭਗਵਾਨ ਨੂੰ ਖਵਾਉਣ ਲਈ ਕਈ ਤਰ੍ਹਾਂ ਦੇ ਪਕਵਾਨਾਂ ਦਾ ਭੋਗ ਲਵਾਉਂਦਾ ਹੈ। ਭਗਤ ਰਵਿਦਾਸ ਜੀ ਆਪਣੇ ਸ਼ਬਦ ਵਿਚ ਜ਼ਿਕਰ ਕਰਦਿਆਂ ਪੁਜਾਰੀਆਂ ਦੇ ਬਣਾਏ ਮਾਇਆਜਾਲ ਨੂੰ ਤਾਰ ਤਾਰ ਕਰਦੇ ਹੋਏ ਕਹਿੰਦੇ ਹਨ ਕਿ ‘ਹੇ ਪੰਡਿਤ! ਜਦੋਂ ਪ੍ਰਭੂ ਦੀ ਜੋਤ ਸਾਰੇ ਪਾਸੇ ਹੈ ਤਾਂ ਕੀ ਉਸ ਵੱਛੇ ਵਿਚ ਨਹੀਂ ਹੈ ਜਿਸਨੇ ਪਹਿਲਾਂ ਦੁੱਧ ਚੁੰਘਿਆ? ਫਿਰ ਉਸਨੇ ਜੂਠਾ ਵੀ ਕਰ ਦਿੱਤਾ। ਫੁੱਲ ਦਾ ਭਵਰੇ ਨੇ ਰਸ ਪੀਤਾ ਉਸ ਵਿਚ ਵੀ ਜੋਤ ਹੈ ਨਾਲੇ ਉਸ ਨੇ ਫੁੱਲ ਨੂੰ ਜੂਠਾ ਵੀ ਕਰ ਦਿੱਤਾ। ਪਾਣੀ ਵਿਚ ਵੀ ਜੀਵਾਂ ਦਾ ਜਨਮ ਮਰਨ ਬਣਿਆ ਹੋਇਆ ਹੈ ਉਹ ਵੀ ਤੇਰੇ ਹਿਸਾਬ ਨਾਲ ਪਵਿੱਤਰ ਨਹੀਂ ਹੈ। ਇਵੇਂ ਜਦੋਂ ਕਿ ਸਾਰੀਆਂ ਚੀਜ਼ਾਂ ਵਿਚ ਹੀ ਭਗਵਾਨ ਮੌਜੂਦ ਹੈ ਤਾਂ ਫਿਰ ਕਿਸੇ ਖਾਸ ਰੂਪ ਵਿਚ ਭਗਵਾਨ ਨੂੰ ਭੇਟਾ ਦੇਣ ਦਾ ਕੀ ਮਤਲਬ? ਫਿਰ ਇਹ ਸਾਰੀਆਂ ਚੀਜ਼ਾਂ ਜੂਠੀਆਂ ਵੀ ਹਨ ਤਾਂ ਫਿਰ ਸੁੱਚ ਜੂਠ ਦੇ ਭਰਮ ਦਾ ਕੀ ਅਰਥ ਰਹਿ ਗਿਆ?
ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥1॥
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥1॥ ਰਹਾਉ ॥
ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥2॥
ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥3॥
ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥4॥
ਪੂਜਾ ਅਰਚਾ ਆਹਿ ਨ ਤੋਰੀ ॥ ਕਹਿ ਰਵਿਦਾਸ ਕਵਨ ਗਤਿ ਮੋਰੀ ॥5॥ (ਪੰਨਾ-525 ਗੂਜਰੀ, ਭਗਤ ਰਵਿਦਾਸ ਜੀ)
ਭਗਤ ਜੀ ਦੇ ਉਪਦੇਸ਼ ਮੁਤਾਬਕ ਜ਼ਰੂਰਤ ਤਾਂ ਆਪਣਾ ਜੀਵਨ ਉਸ ਪ੍ਰਭੂ ਦੇ ਗੁਣਾਂ ਨੂੰ ਸਮਰਪਤ ਹੋਕੇ ਉਸਦੇ ਗੁਣਾਂ ਅਨੁਸਾਰ ਜੀਵਨ ਜਿਊਣ ਦੀ ਹੈ ਨਾ ਕਿ ਫੋਕੇ ਕਰਮਕਾਂਡਾਂ ਵਿਚ ਫਸ ਕੇ ਜੀਵਨ ਅਜਾਈਂ ਗਵਾਉਣ ਦੀ। ਕੀ ਅੱਜ ਸਾਡਾ ਸਿਖ ਸਮਾਜ ਇਸ ਉਪਦੇਸ਼ ਨੂੰ ਸਮਝ ਕੇ ਮੰਨ ਰਿਹਾ ਹੈ? ਅਸਲ ਭੇਟਾ ਤਨ ਮਨ ਦੁਆਰਾ ਗੁਰਮਤਿ ਨੂੰ ਅਪਣਾ ਕੇ ਅਕਾਲ ਪੁਰਖ ਦੇ ਗੁਣਾਂ ਨੂੰ ਜੀਵਨ ਵਿਚ ਧਾਰਨ ਕਰਨਾ ਹੈ।ਇਹੀ ਅਸਲ ਭਗਤੀ ਹੈ।ਪਰ ਕਰਮਕਾਂਡੀ ਬਿਰਤੀ ਦਾ ਮਾਲਕ ਮਨੁੱਖ ਅਖੌਤੀ ਧਾਰਮਕ ਪੁਜਾਰੀਆਂ ਦੁਆਰਾ ਵਹਿਮਾਂ ਭਰਮਾਂ ਵਿਚ ਫਸਾਇਆ ਗਿਆ ਹੁੰਦਾ ਹੈ ਜਿਸ ਕਾਰਨ ਧਰਮ ਨੂੰ ਜੀਵਨ ਵਿਚ ਧਾਰਨ ਕਰਨ ਦੀ ਬਜਾਏ ਬਾਹਰੀ ਕਰਮਕਾਂਡਾਂ ਅਤੇ ਫੋਕੇ ਅਡੰਬਰਾਂ ਵਿਚ ਹੀ ਫਸਿਆ ਰਹਿੰਦਾ ਹੈ। ਫੁੱਲ਼ਾਂ ਦੇ ਢੇਰਾਂ ਦੇ ਢੇਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਚੜ੍ਹਾਈ ਜਾ ਰਹੇ ਹਾਂ ਅਤੇ ਫਿਰ ਉਤਾਰ ਕੇ ਕਚਰੇ ਦੇ ਢੇਰ ਵਿਚ ਸੁੱਟ ਦਿੰਦੇ ਹਾਂ। ਉਨ੍ਹਾਂ ਫੁੱਲਾਂ ਦਾ ਰੂਪ, ਰੰਗ, ਸੁਗੰਧ ਕਿਸੇ ਕੰਮ ਵੀ ਨਾ ਆਈ। ਜਿਸ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੁਦਰਤ ਨੂੰ ਪਿਆਰ ਕਰਨ ਦੀ ਸਿੱਖਿਆ ਮਿਲਦੀ ਹੋਵੇ ਉਸ ਸਿੱਖਿਆ ਨੂੰ ਅਣਸੁਣਿਆਂ ਕਰਕੇ ਉਸੇ ਗੁਰੂ ਸਾਹਿਬ ਜੀ ਦੇ ਸਨਮੁਖ ਹੀ ਐਸੀ ਮਨਮਤ ਕਰੀ ਜਾਣੀ ਕਿਧਰ ਦੀ ਗੁਰ ਮਰਯਾਦਾ ਹੈ? ਕੀ ਉਹ ਫੁੱਲ ਉਥੇ ਹੀ ਵਾਹਿਗੁਰੂ ਦੀ ਭੇਟਾ ਨਹੀਂ ਜਿਥੇ ਡਾਲੀ ਤੇ ਲੱਗੇ ਹੋਏ ਉਹ ਸੁਗੰਧੀ ਤੇ ਆਪਣਾ ਸੋਹਣਾ ਰੂਪ ਬਿਖੇਰ ਰਹੇ ਹਨ। ਜੇਕਰ ਭਗਤ ਕਬੀਰ ਜੀ ਕਰਮਕਾਂਡੀ ਮਾਲਣ ਨੂੰ ਇਸ ਗੱਲ ਤੋਂ ਵਰਜਦਿਆਂ ਕਹਿੰਦੇ ਹਨ ਕਿ ‘ਹੇ ਮਾਲਣ ਤੂੰ ਭਗਵਾਨ ਨੂੰ ਘਟ ਘਟ ਵਾਸੀ ਨਹੀਂ ਸਮਝਦੀ ਕਿਉਂਕਿ ਤੂੰ ਖਾਸ ਜਗ੍ਹਾ ਭਗਵਾਨ ਲਈ ਫੁੱਲ ਲੇ ਕੇ ਜਾ ਰਹੀਂ ਹੈ ਅਤੇ ਤੂੰ ਭੁੱਲੀ ਹੋਈ ਹੈਂ’ ਤਾਂ ਐਸੇ ਉਪਦੇਸ਼ ਨੂੰ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿਚ ਥਾਂ ਦਿੱਤੀ ਤਾਂ ਇਸਦਾ ਭਾਵ ਤਾਂ ਇਹੀ ਸੀ ਨਾ ਕਿ ਸਿਖ ਇਸ ਮਨਮਤ ਤੋਂ ਬਚਣ। ਪਰ ਸਾਡੀ ਚਤੁਰਾਈ ਦੇ ਕਮਾਲ ਵੇਖੋ! ਅਸੀਂ ਉਸੇ ਸ਼ਬਦ ਦਾ ਖੰਡਨ ਵੀ ਕੀਤਾ ਤਾਂ ਉਸੇ ਉਪਦੇਸ਼ ਨਾਲ ਵੀ ਉਹੋ ਹੀ ਸਲੂਕ ਕਰਕੇ। ਜਿਸ ਕਰਮਕਾਂਡ ਤੋਂ ਭਗਤ ਜੀ ਸਾਨੂੰ ਰੋਕ ਰਹੇ ਹਨ।ਸ਼ਬਦ ਪੜ੍ਹੋ:
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥1॥
ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥1॥
ਰਹਾਉ ॥ ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥ ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥2॥…” (ਪੰਨਾ-479, ਆਸਾ, ਭਗਤ ਕਬੀਰ ਜੀ)
ਅਰਥ:- (ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ। ਜਿਸ ਪੱਥਰ (ਦੀ ਮੂਰਤੀ) ਦੇ ਖਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ ॥1॥ (ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤਰ੍ਹਾਂ (ਇਹ) ਮਾਲਣ ਭੁੱਲ ਰਹੀ ਹੈ (ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ ॥1॥ ਰਹਾਉ। (ਹੇ ਮਾਲਣ!) ਪੱਤਰ ਬ੍ਰਹਮਾ ਰੂਪ ਹਨ, ਡਾਲੀ ਵਿਸ਼ਨੂ ਰੂਪ ਅਤੇ ਫੁੱਲ ਸ਼ਿਵ ਰੂਪ। ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ (ਫਿਰ) ਸੇਵਾ ਕਿਸ ਦੀ ਕਰਦੀ ਹੈਂ? ॥
‘ਬਲਿਹਾਰੀ ਕੁਦਰਤਿ ਵਸਿਆ’ ਜਿਹੇ ਗੁਰਵਾਕਾਂ ਦਾ ਕੀ ਬਣਿਆ? ਇਸ ਗੱਲ ਦਾ ਖਿਆਲ ਸਾਡੀ ਕਰਮਕਾਂਡੀ ਬੁੱਧੀ ਨੂੰ ਕਿਵੇਂ ਆ ਸਕਦਾ ਹੈ? ਸਾਨੂੰ ਗੁਰੂ ਸਾਹਿਬ ਜੀ ਨੇ ਬਿਬੇਕਸ਼ੀਲ ਬਣਾਇਆ ਹੈ ਪਰ ਅਸੀਂ ਗੁਰਮਤਿ ਸੋਝੀ ਵਲੋਂ ਵਾਂਝੇ ਹੋ ਕੇ ਬ੍ਰਾਹਮਣੀ ਕਰਮਕਾਂਡਾਂ ਨੂੰ ਗਲ਼ ਲਾਈ ਬੈਠੇ ਹਾਂ ਅਤੇ ਉਹੋ ਕੁਝ ਹੀ ਬਦਲਵੇਂ ਰੂਪ ਵਿਚ ਗੁਰਦੁਆਰਿਆਂ ਵਿਚ ਕਰ ਰਹੇ ਹਾਂ ਜੋ ਕੁਝ ਮੰਦਰਾਂ ਵਿਚ ਪੁਜਾਰੀ ਲੋਕ ਕਰਦੇ ਸਨ/ਹਨ ਅਤੇ ਜਿਸਦਾ ਖੰਡਨ ਗੁਰਬਾਣੀ ਨੇ ਆਪ ਕੀਤਾ ਹੈ।
ਅਨਿਕ ਪ੍ਰਕਾਰ ਦੇ ਸੁਆਦਲੇ ਪਕਵਾਨ ਤਿਆਰ ਕਰਨੇ ਅਤੇ ਸੰਗਤ ਵਿਚ ਲੰਗਰ ਦੇ ਤੌਰ ਤੇ ਵਰਤਾਉਣੇ ਮਨ੍ਹਾਂ ਨਹੀਂ ਹਨ। ਲੰਗਰ ਵਿਚ ਸੋਹਣਾ, ਸੁਆਦਲਾ ਅਤੇ ਸਾਦਾ ਭੋਜਨ ਤਿਆਰ ਕੀਤਾ ਜਾਵੇ ਅਤੇ ਸੰਗਤ ਨੂੰ ਬਿਨ੍ਹਾਂ ਭੇਦ ਭਾਵ ਦੇ ਵਰਤਾਇਆ ਜਾਵੇ। ਇਹ ਗੁਰੂ ਕੇ ਲੰਗਰ ਦੀ ਮਰਯਾਦਾ ਹੈ। ਜਿਸ ਨੂੰ ਗੁਰੂ ਸਾਹਿਬ ਜੀ ਨੇ ਆਪ ਲਾਗੂ ਕੀਤਾ ਸੀ। ਅੱਜ ਲੰਗਰਾਂ ਦੀ ਆਪਣੀ ਹਾਲਤ ਤਾਂ ਬਹੁਤੀ ਚੰਗੀ ਨਹੀਂ ਹੁੰਦੀ ਪਰ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲਿਜਾ ਕੇ ਭੋਗ ਜ਼ਰੂਰ ਲਾਇਆ ਜਾਂਦਾ ਹੈ ਅਤੇ ਇਹ ਪੰਕਤੀਆਂ ਵੀ ਪੜ੍ਹੀਆਂ ਜਾਂਦੀਆਂ ਹਨ ਕਿ ‘ਲਾਵਹੁ ਭੋਗੁ ਹਰਿ ਰਾਏ’। ਕੀ ਇਹ ਪੰਕਤੀਆਂ ਸਾਡੇ ਬਣਾਏ ਭੋਜਨ ਲਈ ਹਨ? ਕੀ ਗੁਰੂ ਸਾਹਿਬ ਜੀ ਨੇ ਇਹ ਪੰਕਤੀਆਂ ਕੜ੍ਹਾਹ ਪ੍ਰਸ਼ਾਦ ਜਾਂ ਰੋਟੀਆਂ ਸਬਜ਼ੀਆਂ ਤੇ ਹੋਰ ਪਕਵਾਨਾਂ ਲਈ ਉਚਾਰਣ ਕੀਤੀਆਂ ਹਨ? ਆਉ! ਇਸ ਸ਼ਬਦ ਨੂੰ ਪੜ੍ਹੀਏ ਤੇ ਸਮਝਣ ਦਾ ਯਤਨ ਕਰੀਏ! ਕਿ ਕਿਤੇ ਅਸੀਂ ਗੁਰਬਾਣੀ ਗਿਆਨ ਤੋਂ ਸੱਖਣੇ ਹੋ ਕੇ ਗੁਰਬਾਣੀ ਦੀ ਗਲਤ ਵਰਤੋਂ ਤਾਂ ਨਹੀਂ ਕਰ ਰਹੇ?
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ॥ ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥1॥ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥ ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥1॥ ਰਹਾਉ ॥ ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥2॥ ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥ ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥3॥ ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥ ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥4॥ (ਪੰਨਾ-1266, ਮਲਾਰ ਮਃ 5)
ਅਰਥ:- ਹੇ ਸਹੇਲੀ! (ਮੇਰੇ ਹਿਰਦੇ) ਘਰ ਵਿਚ ਪ੍ਰਭੂ ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ। ਹੇ ਕਿਰਪਾ ਦੇ ਖਜ਼ਾਨੇ ਪ੍ਰਭੂ! ਹੇ ਮਾਲਕ, ਪ੍ਰਭੂ! ਮੈਂ ਕੰਗਾਲ ਨੂੰ ਆਪਣੇ ਨਾਮ ਵਿਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖਜ਼ਾਨੇ ਹੈ ॥1॥ ਰਹਾਉ। ਹੇ ਭਾਈ! (ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ? (ਵੇਖ,) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ? ॥1॥ ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ, ਹੇ ਮੇਰੇ ਪ੍ਰਭੂ ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ ॥2॥ ਹੇ ਸਖੀ! ਇਹਨਾਂ (ਸਰੀਰ) ਘਰਾਂ ਮੰਦਰਾਂ ਨੂੰ (ਜਦੋਂ ਪ੍ਰਭੂ ਪਤੀ) ਅਪਣਾਂਦਾ ਹੈ (ਇਹਨਾਂ ਵਿਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ। ਹੇ ਸਖੀ! ਜਦੋਂ ਤੋਂ ਮੇਰੇ ਹਿਰਦੇ ਘਰ ਵਿਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ ॥3॥ ਹੇ ਦਾਸ ਨਾਨਕ! ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉØੱਤੇ ਸਾਧ ਸੰਗਤਿ ਵਿਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਸੋਹਣਾ ਪ੍ਰਭੂ ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ ॥4॥
ਇਕ ਪਤਨੀ ਵਲੋਂ ਪਤੀ ਲਈ ਪਿਆਰ ਨਾਲ ਜਿਵੇਂ ਕਈ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ ਹੇ ਪ੍ਰਭੂ! ਇਸੇ ਤਰ੍ਹਾਂ ਹੀ ਮੈਂ ਆਪਣੇ ਹਿਰਦੇ ਦੀ ਰਸੋਈ ਵਿਚ ਗੁਣਾਂ ਰੂਪ ਭੋਜਨ ਨੂੰ ਤਿਆਰ ਕੀਤਾ ਹੈ ਭਾਵ ਹਿਰਦੇ ਨੂੰ ਮਨਮਤ, ਵਹਿਮ, ਭਰਮ, ਵਿਕਾਰ ਤੇ ਦਵੈਸ਼ ਆਦਿ ਤੋਂ ਮੁਕਤ ਕਰਕੇ ਤੇਰੇ ਗੁਣ ਵਸਾ ਲਏ ਹਨ। ਹੁਣ ਤੂੰ ਇਸ ਨੂੰ ਪ੍ਰਵਾਨ ਕਰ! ਅਜਿਹੀ ਭਾਵਨਾ ਵਾਲੇ ਗੁਰਵਾਕ ਨੂੰ ਕੜਾਹ ਪ੍ਰਸ਼ਾਦ ਲਈ ਵਰਤਣਾ ਜਾਂ ਰੋਟੀਆਂ ਸਬਜ਼ੀਆਂ ਲਈ ਵਰਤਣਾ ਯੋਗ ਹੈ? ਕੀ ਇਥੇ ‘ਅਨਿਕ ਪ੍ਰਕਾਰ ਭੋਜਨ’ ਦਾ ਮਤਲਬ ਦਾਲ ਸਬਜ਼ੀ ਜਾਂ ਖੀਰ ਕੜਾਹ ਹੈ? ਕੀ ਸਾਡੇ ਤਿਆਰ ਕੀਤੇ ਭੋਜਨ ਨੂੰ ਗੁਰੂ ਗ੍ਰੰਥ ਸਾਹਿਬ ਜਾਂ ਅਕਾਲ ਪੁਰਖ ਜੀ ਛਕਦੇ ਹਨ? ਜੇ ਛਕਦੇ ਹਨ ਤਾਂ ਕੀ ਫਿਰ ਉਨ੍ਹਾਂ ਨੂੰ ਵੀ ਮਨੁੱਖਾਂ ਵਾਂਗ ਹੀ ਲੋੜਾਂ ਹਨ? ਜੇ ਮਨੁੱਖਾਂ ਵਾਂਗ ਉਨ੍ਹਾਂ ਦੀਆਂ ਲੋੜਾਂ ਹਨ ਤਾਂ ਫਿਰ ਕੀ ਇਹ ਨਹੀਂ ਮੰਨਣਾ ਪਵੇਗਾ ਕਿ ਉਹ ਵੀ ਦੇਹਧਾਰੀ ਹਨ? ਕੀ ਦੇਹਧਾਰੀ ਨੂੰ ਗੁਰੂ ਮੰਨਣਾ ਗੁਰਮਤਿ ਵਿਚ ਜਾਇਜ਼ ਹੈ? ਫਿਰ ਤਾਂ ਉਨ੍ਹਾਂ ਦੀਆਂ ਬਾਕੀ ਲੋੜ੍ਹਾਂ ਵੀ ਮਨੁੱਖਾਂ ਵਰਗੀਆਂ ਹੋਣਗੀਆਂ ਹੀ ਜਿਵੇਂ ਸੌਣਾ, ਜਾਗਣਾ, ਇਸ਼ਨਾਨ ਕਰਨਾ, ਸੈਰ ਕਰਨਾ, ਹਾਜਤ ਕਰਨਾ, ਭੁੱਖ ਲੱਗਣਾ, ਆਦਿ? ਕੀ ਐਸਾ ਸੋਚਣਾ ਵੀ ਗੁਰਮਤਿ ਦੀ ਉਲੰਘਣਾ ਨਹੀਂ ਹੈ? ਜੋਤ ਸਰੂਪ ਅਕਾਲ ਪੁਰਖ ਜੀ ਅਤੇ ਸ਼ਬਦ ਸਰੂਪ ਸਤਿਗੁਰੂ ਜੀ ਬਾਰੇ ਇਹ ਸੋਚਣਾ ਕਿ ਉਨ੍ਹਾਂ ਨੂੰ ਭੁੱਖ ਲਗਦੀ ਹੈ ਜਾਂ ਸਾਡਾ ਲਿਆਂਦਾ ਭੋਜਨ ਉਹ ਛਕਦੇ ਹਨ ਕਿਸੇ ਬੇਈਮਾਨੀ ਅਤੇ ਪਾਪ ਤੋਂ ਘੱਟ ਨਹੀਂ। ਫਿਰ ‘ਹੁਣਿ ਲਾਵਹੁ ਭੋਗੁ ਹਰਿ ਰਾਏ’ ਦਾ ਮਤਲਬ ਇਹ ਨਹੀਂ ਹੈ ਕਿ ‘ਹੇ ਸਤਿਗੁਰੂ ਜੀ ਜਾਂ ਅਕਾਲ ਪੁਰਖ ਜੀ! ਇਹ ਅਨਿਕ ਪ੍ਰਕਾਰ ਦੇ ਭੋਜਨ ਛਕੋ ਜੀ! ਕਿਉਂਕਿ ਨਾ ਹੀ ਅਕਾਲ ਪੁਰਖ ਜੀ ਅਤੇ ਨਾ ਹੀ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਖ ਲਗਦੀ ਹੈ ਅਤੇ ਨਾ ਹੀ ਉਹ ਛਕਦੇ ਹਨ। ਗੁਰੂ ਅਰਜਨ ਸਾਹਿਬ ਜੀ ਦਾ ਇਹ ਬਚਨ ਕਿ ਜਨਮ ਨਾਲ ਮੌਤ, ਖੁਸ਼ੀ ਨਾਲ ਗਮੀ ਅਤੇ ਭੋਗਣ ਭਾਵ ਖਾਣ ਨਾਲ ਰੋਗ ਹਮੇਸ਼ਾ ਜੁੜਿਆ ਰਹਿੰਦਾ ਹੈ। ਸਾਡੇ ਜੀਵਾਂ ਤੇ ਲਾਗੂ ਹੁੰਦਾ ਹੈ ਸਤਿਗੁਰੂ ਤੇ ਨਹੀਂ।ਪੜ੍ਹੋ:
ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥
ਅਰਥ:- (ਜਿਥੇ) ਜਨਮ ਹੈ (ਉਥੇ) ਮੌਤ ਭੀ ਹੈ, ਖੁਸ਼ੀ ਹੈ ਤਾਂ ਗਮੀ ਭੀ ਹੈ (ਮਾਇਕ ਪਦਾਰਥਾਂ ਦੇ) ਭੋਗ ਹਨ ਤਾਂ (ਉਹਨਾਂ ਤੋਂ ਉਪਜਦੇ) ਰੋਗ ਭੀ ਹਨ।
ਕੀ ਜੇ ਗੁਰੂ ਜੀ ਭੋਗਦੇ ਹਨ ਭਾਵ ਭੋਜਨ ਛਕਦੇ ਹਨ ਤਾਂ ਕੁਦਰਤੀ ਨੇਮ ਅਨੁਸਾਰ ਰੋਗ ਦਾ ਨੇਮ ਲਾਗੂ ਨਹੀਂ ਹੋਵੇਗਾ? ਫਿਰ ਗੁਰਬਾਣੀ ਦਾ ਬਚਨ ਤਾਂ ਇਹ ਹੈ ਕਿ:
ਜੋ ਜੋ ਦੀਸੈ ਸੋ ਸੋ ਰੋਗੀ ॥
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥ (ਪੰਨਾ 1140, ਭੈਰਉ, ਮਃ 5)
ਅਰਥ:- ਹੇ ਭਾਈ! ਜਿਹੜਾ ਜਿਹੜਾ ਜੀਵ (ਜਗਤ ਵਿਚ) ਦਿੱਸ ਰਿਹਾ ਹੈ, ਹਰੇਕ ਕਿਸੇ ਨ ਕਿਸੇ ਰੋਗ ਵਿਚ ਫਸਿਆ ਹੋਇਆ ਹੈ। (ਅਸਲ) ਜੋਗੀ ਮੇਰਾ ਸਤਿਗੁਰੂ (ਸਭ) ਰੋਗਾਂ ਤੋਂ ਰਹਿਤ ਹੈ ॥
ਸੋ ਨਾ ਹੀ ਗੁਰੂ ਨੂੰ ਭੁੱਖ ਤੇਹ ਹੈ ਨਾ ਹੀ ਸਾਡੇ ਵਾਂਗ ਛਕਣ ਦੀ ਜ਼ਰੂਰਤ ਤੇ ਨਾ ਹੀ ਕੋਈ ਵਿਪਦਾ ਹੈ। ਕਈ ਐਸੇ ਡੇਰੇ ਵੀ ਹਨ ਜੋ ਸਵੇਰੇ ਚਾਹ ਨਾਸ਼ਤਾ, ਦੁਪਹਿਰੇ ਭੋਜਨ, ਸ਼ਾਮੀਂ ਭੋਜਨ ਆਦਿ ਦਾ ਭੋਗ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਉਂਦੇ ਹਨ ਅਤੇ ਇਸ ਸਾਰੀ ਕਾਰਵਾਈ ਨੂੰ ‘ਥਾਲਾ ਸਜਾਉਣਾ’ ਕਹਿੰਦੇ ਹਨ। ਅਤੇ ਇਹੀ ਉਪਰੋਕਤ ਸ਼ਬਦ ਪੜ੍ਹਦੇ ਹਨ। ਅਜਿਹਾ ਸਾਰਾ ਕੁਝ ਉਦਾਸੀ ਮਹੰਤਾਂ ਅਤੇ ਪੰਡਤਾਂ ਰਾਹੀਂ ਗੁਰਦੁਆਰਿਆਂ ਵਿਚ ਅਜਿਹਾ ਪ੍ਰਵੇਸ਼ ਕੀਤਾ ਕਿ ਸਾਡੀ ਬਹੁਗਿਣਤੀ ਨੇ ਅਤੇ ਖਾਸ ਕਰਕੇ ਡੇਰੇਦਾਰਾਂ ਨੇ ਗੁਰਬਾਣੀ ਗਿਆਨ ਤੋਂ ਆਪ ਵੀ ਅੱਖਾਂ ਮੀਟੀਆਂ ਹੋਈਆਂ ਹਨ ਅਤੇ ਸੰਗਤਾਂ ਨੂੰ ਵੀ ਫੋਕੀਆਂ ਮਰਯਾਦਾਵਾਂ ਵਿਚ ਹੀ ਉਲਝਾਇਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖੀ ਜੀਵਨ ਨੂੰ ਜੋ ਅਗਵਾਈ ਦਿੰਦੀ ਹੈ ਉਸ ਪਾਸੇ ਤੋਂ ਧਿਆਨ ਹਟਾ ਕੇ ਜਾਂ ਤਾਂ ਮੰਦਰਾਂ ਵਾਲੀ ਪੂਜਾ ਸ਼ੁਰੂ ਕਰਵਾ ਦਿੱਤੀ ਗਈ ਜਾਂ ਫਿਰ ਸੰਪਟ, ਮਹਾਂ ਸੰਪਟ ਤੇ ਇਕੋਤਰੀਆਂ ਦੇ ਕਰਮਕਾਂਡਾਂ ਵਿਚ ਹੀ ਸਿਖ ਜਗਤ ਨੂੰ ਫਸਾਇਆ ਹੋਇਆ ਹੈ।
ਅਜਿਹਾ ਸਾਰਾ ਭੁਲੇਖਾ ਇਸ ਗੱਲ ਤੋਂ ਹੀ ਪਾਇਆ ਜਾਂਦਾ ਹੈ ਕਿ ‘ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ ਤਾਂ ਫਿਰ ਦੇਹ ਯਾਨੀ ਸਰੀਰ ਵਾਂਗ ਸਤਿਕਾਰ ਕਿਉਂ ਨਾ ਕਰੀਏ’?
ਗਿ: ਗਿਆਨ ਸਿੰਘ ਜੀ ਦਾ ਲਿਖਿਆ ਇਹ ਦੋਹਰਾ
ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ, ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੇਂ ਲੇਹ…
ਜਿਸ ਵਿਚੋਂ ‘ਪ੍ਰਗਟ ਗੁਰਾਂ ਕੀ ਦੇਹ’ ਵਾਲੇ ਤਿੰਨ ਸਬਦਾਂ ਨੂੰ ਸਾਹਮਣੇ ਰੱਖ ਕੇ ਹੀ ਸਾਰੀ ਗੁਰਮਤਿ ਤੋਂ ਉਲਟ ਰੀਤੀ ਕੀਤੀ ਜਾ ਰਹੀ ਹੈ। ਦਰਅਸਲ ਇਹ ਦੋਹਰਾ ਗਿ; ਗਿਆਨ ਸਿੰਘ ਜੀ ਨੇ ਲਿਖਿਆ ਹੈ ਪਰ ਇਸ ਤੋਂ ਵੀ ਪਹਿਲਾ ਭਾਈ ਪ੍ਰਹਲਾਦ ਸਿੰਘ ਜੀ ਦੇ ਰਹਿਤਨਾਮੇ ਵਿਚ ਇਹ ਦੋਹਰਾ ਦਰਜ਼ ਹੈ ਜਿਸਦੇ ਬੋਲ ਹਨ:
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ, ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ।
ਗੁਰੂ ਖਾਲਸਾ ਮਾਨਯੋ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੇਂ ਲੇਹ
ਗਿ: ਗਿਆਨ ਸਿੰਘ ਜੀ ਨੇ ਆਪਣਾ ਦੋਹਰਾ ਇਸੇ ਤਰਜ਼ ਤੇ ਲਿਖਿਆ ਅਤੇ ਇਸ ਵਿਚ ਕੁਝ ਵਾਧਾ ਘਾਟਾ ਵੀ ਹੋਇਆ। ਹੁਣ ਆਪ ਵੀਚਾਰੋ ! ਕਿ ਜ਼ਿਆਦਾ ਸ਼ਪੱਸ਼ਟ ਤੇ ਗੁਰਮਤਿ ਦੇ ਨੇੜੇ ਕਿਹੜਾ ਦੋਹਰਾ ਹੈ? ਪਰ ਪ੍ਰਚੱਲਤ ਗਿ: ਗਿਆਨ ਸਿੰਘ ਜੀ ਵਾਲਾ ਦੋਹਰਾ ਹੀ ਹੋਇਆ। ਪਰ ਫਿਰ ਵੀ ਉਸ ਵਿਚ ਦੋਹਰੇ ਵਿਚ ਭੋਗ ਲਵਾਉਣ, ਗਰਮੀ ਸਰਦੀ ਦੇ ਭਰਮ ਕਰਨ ਦਾ ਤਾਂ ਕੋਈ ਜ਼ਿਕਰ ਨਹੀਂ? ਡੇਰੇਦਾਰਾਂ ਤੇ ਬ੍ਰਾਹਮਣੀ ਬਿਰਤੀ ਵਾਲੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਮੰਦਰਾਂ ਵਾਲੀਆਂ ਪੁਜਾਰੀਪੁਣੇ ਵਾਲੀਆਂ ਰੀਤਾਂ ਰਸਮਾਂ ਜੋੜ ਦਿੱਤੀਆਂ ਹਨ।

One thought on “ਹੁਣਿ ਲਾਵਹੁ ਭੋਗੁ ਹਰਿ ਰਾਏ – ਹਰਜਿੰਦਰ ਸਿੰਘ ‘ਸਭਰਾਅ’

  1. i read this topic and i m very much surprised all this happens in our daily life either we all do this or we see these things mentioned in above topic happening in our daily life. i m definitely going to make all my friends my relatives and as many as peoples i can make aware by sending this topic on emails so that they might get aware of Karam Kands we are doing.

    so that we should at least take a start to live our life as per GURMAT.

Leave a Reply