Tuesday, September 22, 2020
Home > News > ਧਰਤੀ ‘ਤੇ ਪਾਪ ਵਧਣ ’ਤੇ ਅਰਸ਼ਾਂ ਤੋਂ ਦੇਵਤੇ ਉਤਰ ਕੇ ਆਉਂਦੇ ਹਨ – ਇਹ ਸਿਧਾਂਤ ਗੀਤਾ ਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਨਹੀਂ: ਪ੍ਰੋ. ਹਰਜਿੰਦਰ ਸਿੰਘ ਸਭਰਾਅ

ਧਰਤੀ ‘ਤੇ ਪਾਪ ਵਧਣ ’ਤੇ ਅਰਸ਼ਾਂ ਤੋਂ ਦੇਵਤੇ ਉਤਰ ਕੇ ਆਉਂਦੇ ਹਨ – ਇਹ ਸਿਧਾਂਤ ਗੀਤਾ ਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਨਹੀਂ: ਪ੍ਰੋ. ਹਰਜਿੰਦਰ ਸਿੰਘ ਸਭਰਾਅ

ਧਰਤੀ ‘ਤੇ ਪਾਪ ਵਧਣ ’ਤੇ ਅਰਸ਼ਾਂ ਤੋਂ ਦੇਵਤੇ ਉਤਰ ਕੇ ਆਉਂਦੇ ਹਨ – ਇਹ ਸਿਧਾਂਤ ਗੀਤਾ ਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਨਹੀਂ: ਪ੍ਰੋ. ਹਰਜਿੰਦਰ ਸਿੰਘ ਸਭਰਾਅ


 

ਜੰਮੂ ਦੀਆਂ ਸੰਗਤਾਂ ਵਲੋਂ ਸਾਂਝੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਗੁਰਮਤਿ ਸਮਾਗਮ ਕਰਵਾਇਆ ਗਿਆ ਸੀ, ਜਿਸ ਵਿੱਚ ਤਕਰੀਬਨ 20 ਹਜਾਰ ਸੰਗਤ ਦਾ ਇਕੱਠ ਸੀ ਅਤੇ ਜੰਮੂ ਕਸ਼ਮੀਰ ਸਰਕਾਰ ਦੇ ਦੋ ਮੰਤਰੀ ਵੀ ਉਥੇ ਵਿਸ਼ੇਸ਼ ਸੱਦੇ ’ਤੇ ਪਹੁੰਚੇ ਸਨ। ਸਟੇਜ ਸਕੱਤਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਸਮੇਂ ਦੇ ਬਾਦਸ਼ਾਹ ਨੇ ਹਿੰਦ ਦੇ ਪੀਰ ਦਾ ਦਰਜਾ ਦਿੱਤਾ ਸੀ। ਉਨ੍ਹਾਂ ਇੱਕ ਮੰਤਰੀ ਨੂੰ ਬੇਨਤੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਜਾਣ। ਗੁਰਮਤਿ ਗਿਆਨ ਤੋਂ ਅਣਜਾਣ ਦੂਸਰੇ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸਬੰਧੀ ਬੋਲਦਿਆਂ ਕਿਹਾ ਕਿ ਜਦੋਂ ਵੀ ਧਰਤੀ ’ਤੇ ਪਾਪ ਵਧਦੇ ਹਨ ਤਾਂ ਉਨ੍ਹਾਂ ਦੇ ਖਾਤਮੇ ਲਈ ਅਰਸ਼ਾਂ ਤੋਂ ਦੇਵਤੇ ਉਤਰ ਕੇ ਆਉਂਦੇ ਹਨ ਅਤੇ ਇਸੇ ਸਿਧਾਂਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਇਸ ਧਰਤੀ ’ਤੇ ਆਏ ਤੇ ਉਨ੍ਹਾਂ ਅਧਰਮ ਦਾ ਨਾਸ਼ ਕੀਤਾ। ਉਨ੍ਹਾਂ ਕਿਹਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਉਸ ਵੇਲੇ ਉਸ ਵਿੱਚ ਬੈਠੇ ਜਿਥੇ ਕਬੀਰ ਨੂੰ ਮੱਥਾ ਟੇਕਦੇ ਹਾਂ, ਉਥੇ ‘ਚੰਡੀ’ ਅਤੇ ‘ਸ਼੍ਰੀ ਰਾਮ’ ਨੂੰ ਵੀ ਮੱਥਾ ਟੇਕਦੇ ਹਾਂ।

ਇਸ ਤੋਂ ਇਲਾਵਾ ਸਟੇਜ ਤੋਂ ਕੁਝ ਮਤੇ ਪੇਸ਼ ਕਰਕੇ ਜੰਮੂ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਸਿੱਖਾਂ ਦੀਆਂ ਮੰਗਾਂ ਮੰਨੀਆਂ ਜਾਣ।
ਇਹ ਮੌਕਾ ਮੇਲ ਹੀ ਸੀ ਕਿ ਮੰਤਰੀਆਂ ਵਲੋਂ ਭਾਸ਼ਣ ਦੇਣ ਉਪ੍ਰੰਤ ਪ੍ਰੋ. ਸਭਰਾਅ ਨੂੰ ਗੁਰਮਤਿ ਵੀਚਾਰਾਂ ਸਾਂਝੀਆਂ ਕਰਨ ਲਈ ਸਮਾਂ ਦਿੱਤਾ ਗਿਆ। ਇਹ ਪ੍ਰੋ. ਸਭਰਾਅ ਉਪਰ ਗੁਰੂ ਦੀ ਮਿਹਰ ਅਤੇ ਬਖ਼ਸ਼ਿਆ ਹੋਇਆ ਹੌਸਲਾ ਹੀ ਸਮਝੋ ਕਿ ਉਨ੍ਹਾਂ ਅਕਾਲ ਪੁਰਖ਼ ਦੀ ਭੈਅ ਭਾਵਨੀ ਵਿੱਚ ਰਹਿੰਦਿਆਂ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚੋਂ ਠੋਸ ਦਲੀਲਾਂ ਦੇ ਕੇ ਮੰਤਰੀ ਜੀ ਅਤੇ ਸਟੇਜ ਸਕੱਤਰ ਵਲੋਂ ਜਾਣੇ ਜਾਂ ਅਣਜਾਣੇ ਵਿੱਚ ਪਾਏ ਗਏ ਭੁਲੇਖੇ ਤੁਰੰਤ ਹੀ ਦੂਰ ਕਰ ਦਿਤੇ। ਉਨ੍ਹਾਂ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਅਰਸ਼ਾਂ ਤੋਂ ਉਤਰ ਕੇ ਨਹੀਂ ਸੀ ਆਇਆ, ਸਗੋਂ ਇਸੇ ਧਰਤੀ ’ਤੇ ਨੰਦੇੜ ਵਿਖੇ ਮਾਧੋ ਦਾਸ ਬੈਰਾਗੀ ਦੇ ਰੂਪ ਵਿੱਚ ਹੀ ਬੈਠਾ ਸੀ ਪਰ ਉਸ ਨੇ ਸੱਚ ਤੋਂ ਕਿਨਾਰਾ ਕਰਕੇ ਆਪਣੇ ਆਪ ਨੂੰ ਲੁਕਾਇਆ ਸੀ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਜਿਨ੍ਹਾਂ ਨੇ ਉਥੇ ਪਹੁੰਚ ਕੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਨੂੰ ਸਮਝਾਇਆ ਕਿ ਤੈਨੂੰ ਆਪਣਾ ਡੇਰਾ ਪਲੀਤ ਹੋਣ ਦੀ ਪਈ ਹੈ, ਤੂ ਬਾਹਰ ਨਿਕਲ ਕੇ ਵੇਖ, ਇਸ ਰੱਬ ਦੇ ਧਰਤੀ ਰੂਪ ਡੇਰੇ ਨੂੰ ਧਰਮ ਵਿਹੂਣੇ ਰਾਜਿਆ ਅਤੇ ਧਰਮ ਦਾ ਲਿਬਾਸ ਪਹਿਨੀ ਅਖੌਤੀ ਧਰਮੀਆਂ ਨੇ ਕਿਸ ਤਰ੍ਹਾਂ ਪਲੀਤ ਕੀਤਾ ਹੋਇਆ ਹੈ। ਸਮਝ ਆਉਣ ਪਿੱਛੋਂ ਸਿੱਖੀ ਦੀ ਮੰਗ ਕਰਨ ’ਤੇ ਗੁਰੂ ਸਾਹਿਬ ਨੇ ਸੱਚ ਦੀ ਸੋਝੀ ਕਰਵਾ ਕੇ ਮਾਧੋ ਦਾਸ ਬੈਰਾਗੀ ਨੂੰ ਸਿੱਖੀ ਦੀ ਦਾਤ ਦਿੱਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਜਾਲਮਾਂ ਨੂੰ ਸੋਧਣ ਲਈ ਤੋਰਿਆ।
ਅਮਲੀ ਅਮਲੁ ਨ ਅੰਬੜੈ, ਮਛੀ ਨੀਰੁ ਨ ਹੋਇ ॥ ਜੋ ਰਤੇ ਸਹਿ ਆਪਣੈ, ਤਿਨ ਭਾਵੈ ਸਭੁ ਕੋਇ ॥1॥’ (ਵਡਹੰਸ ਮ: 1, ਗੁਰੂ ਗ੍ਰੰਥ ਸਾਹਿਬ – ਪੰਨਾ 557) ਦਾ ਹਵਾਲਾ ਦਿੰਦਿਆਂ ਪ੍ਰੋ. ਸਭਰਾਅ ਨੇ ਕਿਹਾ ਕਿ ਜਿਸ ਤਰ੍ਹਾਂ ਅਮਲੀ ਅਮਲ ਨਾਲ ਪਿਆਰ ਕਰਦਾ ਹੈ, ਮੱਛੀ ਪਾਣੀ ਨਾਲ ਪਿਆਰ ਕਰਦੀ ਹੈ। ਉਸੇ ਤਰ੍ਹਾਂ ਧਰਮੀ ਮਨੁਖ ਧਰਮ ਨਾਲ ਪਿਆਰ ਕਰਦਾ ਹੈ। ਜੇ ਨਸ਼ਾ ਕਰ ਰਹੇ ਇੱਕ ਨਸ਼ੇੜੀ ਦੀ ਸ਼ਰਾਬ ਦੀ ਬੋਤਲ, ਉਸ ਦਾ ਖੇਡਦਾ ਹੋਇਆ ਬੱਚਾ ਭੰਨ ਦੇਵੇ ਤਾਂ ਉਹ ਆਪਣੇ ਬੱਚੇ ਨੂੰ ਕੁੱਟਣ ਲੱਗ ਪੈਂਦਾ ਹੈ, ਹਾਲਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਸ਼ਰਾਬ ਨਾਲੋਂ ਆਦਮੀ ਨੂੰ ਆਪਣੀ ਉਲਾਦ ਜਿਆਦਾ ਅਹਿਮ ਹੁੰਦੀ ਹੈ। ਇਸ ਲਈ ਉਸ ਨਸ਼ੇੜੀ ਨੂੰ ਤਾਂ ਉਸ ਬੱਚੇ ਦਾ ਧੰਨਵਾਦ ਕਰਨਾ ਚਾਹੀਦਾ ਸੀ ਕਿ ਇਹ ਬੋਤਲ ਮੈਂ ਤਾਂ ਨਹੀਂ ਭੰਨ ਸਕਿਆ, ਚੰਗਾ ਹੋਇਆ ਤੂੰ ਭੰਨ ਕੇ ਨਸ਼ੇ ਤੋਂ ਕੁਝ ਸਮੇ ਲਈ ਮੇਰਾ ਖਹਿੜਾ ਛੁਡਾ ਦਿੱਤਾ ਹੈ। ਪਰ ਨਸ਼ੇ ਦੀ ਹਾਲਤ ਵਿੱਚ ਉਸ ਨਸ਼ੇੜੀ ਨੂੰ ਆਪਣੀ ਉਲਾਦ ਨਾਲੋਂ ਨਸ਼ਾ ਹੀ ਅਹਿਮ ਲਗਦਾ ਹੈ ਤੇ ਇਸ ਕਾਰਣ ਉਹ ਬੱਚੇ ਨੂੰ ਕੁੱਟਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਬੰਦਾ ਭਾਵੇ ਧੰਨ, ਦੌਲਤ, ਅਹੁਦਾ ਜਾਂ ਸ਼ੁਹਰਤ ਆਦਿ ਦੇ ਕਿਸੇ ਵੀ ਨਸ਼ੇ ਵਿੱਚ ਹੋਵੇ ਤਾਂ ਉਸ ਨੂੰ ਆਪਣੇ ਲਈ ਚੰਗੇ ਮੰਦੇ ਦੀ ਸੂਝ ਨਹੀਂ ਰਹਿੰਦੀ। ਪਰ ਧਰਮੀ ਮਨੁਖ ਲਈ ਹਮੇਸ਼ਾਂ ਆਪਣਾ ਧਰਮ ਹੀ ਪਿਆਰਾ ਹੁੰਦਾ ਹੈ ਤੇ ਉਹ ਉਸਦੀ ਰੱਖਿਆ ਲਈ ਆਪਣਾ ਸਰੀਰ ਵੀ ਨਿਸ਼ਾਵਰ ਕਰ ਸਕਦਾ ਹੈ। ਹਰ ਆਦਮੀ ਦੀ ਆਪਣੀ ਆਪਣੀ ਸੋਚ ਹੈ ਕਿ ਉਹ ਕਿਹੜੀ ਚੀਜ ਨੂੰ ਬਚਾਉਣਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਧਰਮ ਦੀ ਰਾਖੀ ਲਈ ਜੇ ਉਸ ਵਿਅਕਤੀ ’ਤੇ ਭਰੋਸਾ ਕਰ ਲਿਆ ਜਾਵੇ ਜਿਹੜਾ ਖੁਦ ਹੀ ਅਧਰਮ ਫੈਲਾ ਰਿਹਾ ਹੋਵੇ ਤਾਂ ਇਸ ਤੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ ਹੈ? ਪ੍ਰੋ: ਸਭਰਾ ਨੇ ਕਿਹਾ ਕਿ ਆਪਣੇ ਆਪ ਤੋਂ ਵੱਧ ਭਰੋਸਾ ਹੋਰ ਕਿਸੇ ’ਤੇ ਕੀਤਾ ਹੀ ਨਹੀਂ ਜਾ ਸਕਦਾ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਧਰਮ ਦੀ ਰਾਖੀ ਲਈ ਅਰਸ਼ਾਂ ਤੋਂ ਦੇਵਤੇ ਨਹੀਂ ਸਨ ਸੱਦੇ ਸਗੋਂ ਇਸ ਧਰਤੀ ’ਤੇ ਅਧਰਮੀਆਂ ਅਤੇ ਜਰਵਾਣਿਆਂ ਹੱਥੋਂ ਜੁਲਮ ਸਹਿ ਰਹੇ ਦੱਬੇ ਕੁੱਚਲੇ ਲੋਕਾਂ ਦੀ ਸੋਚ ਨੂੰ ਬਾਣੀ ਦੀ ਸਾਨ ’ਤੇ ਤਿੱਖਿਆਂ ਕਰਨ ਲਈ: ‘ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ ॥’ (ਤਿਲੰਗ ਮ: 1, ਗੁਰੂ ਗ੍ਰੰਥ ਸਾਹਿਬ – ਪੰਨਾ 723),
ਕਲਿ ਕਾਤੀ, ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ, ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥’ (ਮਾਝ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ – ਪੰਨਾ 145)
ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥’ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ – ਪੰਨਾ 472) ਦਰਜ ਕਰ ਕੇ ਉਨ੍ਹਾਂ ਨੂੰ ਬਿਬੇਕੀ ਸਿੱਖ ਬਣਾਇਆ ਤੇ ਕਿਹਾ, ਜੇ ਰਾਜ ਗੱਦੀ ’ਤੇ ਕੋਈ ਅਧਰਮੀ ਬੰਦਾ ਬੈਠ ਕੇ ਜੁਲਮ ਕਰੇ, ਅਖੌਤੀ ਧਾਰਮਕ ਵਿਅਕਤੀ ਵੀ ਉਨ੍ਹਾਂ ਦਾ ਪੱਖ ਪੂਰਨ ਲੱਗ ਪੈਣ ਤਾਂ ਪ੍ਰਵਾਹ ਨਹੀਂ ਕਰਨੀ, ਉਨ੍ਹਾਂ ਦਾ ਮੂੰਹਤੋੜ ਜਵਾਬ ਦੇਣਾ ਹੈ। ਇਹੋ ਕਾਰਣ ਸੀ ਕਿ ਇਸ ਦੇਸ਼ ਵਿੱਚ ਜਿਥੇ 30 ਵਿਦੇਸ਼ੀ ਜਰਵਾਣੇ ਆਏ ਤੇ ਸੋਮ ਨਾਥ ਦੇ ਮੰਦਰ ’ਚੋਂ ਸੋਨਾ ਤੇ ਧੰਨ ਦੌਲਤ ਲੁੱਟ ਕੇ ਲੈ ਜਾਂਦੇ ਸੀ, ਪਰ ਪਾਪਾਂ ਤੋਂ ਰਾਖੀ ਲਈ ਦੇਵਤਿਆਂ ’ਤੇ ਵਿਸ਼ਵਾਸ਼ ਰੱਖਣ ਵਾਲੇ ਉਸ ਖੇਤਰ ਦੇ 30 ਹਜਾਰ ਪਿੰਡਾਂ ਦੇ ਲੋਕ ਕੁਝ ਕਰਨ ਤੋਂ ਅਸਮਰਥ ਸਨ, ਪਰ ਉਸੇ ਦੇਸ਼ ਵਿੱਚ 30 ਹਜਾਰ ਵਿਦੇਸ਼ੀ ਜਰਵਾਣਿਆਂ ਦੀਆਂ ਫੌਜਾਂ ਚੜ੍ਹ ਕੇ ਆਈਆਂ ਤਾਂ ਗੁਰੂ ਨਾਨਕ ਦੀ ਉਕਤ ਸਿਖਿਆ ਸਦਕਾ ਬਾਬਾ ਗੁਰਬਖ਼ਸ਼ ਸਿੰਘ ਨੇ 30 ਸਿੰਘਾਂ ਨੂੰ ਨਾਲ ਲੈ ਕੇ ਉਨ੍ਹਾਂ ਦਾ ਮੁਕਾਬਲਾ ਕੀਤਾ।
ਪ੍ਰੋ: ਸਭਰਾਅ ਨੇ ਕਿਹਾ ਕਿ 25 ਮਈ 1675 ਨੂੰ ਜਿਸ ਸਮੇਂ 16 ਮੁਖੀ ਬ੍ਰਹਮਣਾਂ ਅਤੇ 500 ਛੋਟੇ ਬ੍ਰਹਮਣਾਂ ਦਾ ਜਥਾ ਅਨੰਦਪੁਰ ਦੀ ਧਰਤੀ ’ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਆਪਣੇ ਧਰਮ ਦੀ ਰਾਖੀ ਲਈ ਪੁਕਾਰ ਕਰਨ ਲਈ ਆਏ, ਉਸ ਸਮੇਂ ਉਨ੍ਹਾਂ ਕਿਹੜੇ ਮੰਦਰ ਵਿੱਚ ਜਾ ਕੇ ਟੱਲ ਨਹੀ ਖੜਕਾਏ ਹੋਣੇ, ਕਿਹੜੇ ਦੇਵਤੇ ਨੂੰ ਨਹੀਂ ਧਿਆਇਆ ਹੋਵੇਗਾ? ਉਨ੍ਹਾਂ ਕਿਹਾ ਇਹ ਮੇਰੇ ਵਰਗੇ ਕੱਚ ਘਰੜ ਪ੍ਰਚਾਰਕਾਂ ਵਲੋਂ ਪਾਏ ਗਏ ਭੁਲੇਖਿਆਂ ਦਾ ਹੀ ਸਦਕਾ ਹੈ, ਕਿ ਮਨਿਸਟਰ ਸਾਹਿਬ ਭੁਲੇਖਾ ਖਾ ਗਏ ਹਨ, ਨਹੀਂ ਤਾਂ ਕੌਣ ਨਹੀ ਜਾਣਦਾ ਕਿ ਜਿਸ ਗ੍ਰੰਥ ਵਿੱਚ ਲਿਖਿਆ ਹੋਵੇ ‘ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥’ (ਗੋਂਡ ਨਾਮਦੇਵ ਜੀ, ਗੁਰੂ ਗ੍ਰੰਥ ਸਾਹਿਬ – ਪੰਨਾ 874), ਉਸ ਨੂੰ ਮੰਨਣ ਵਾਲੇ ਸਿੱਖ ਆਪਣੀ ਰੱਖਿਆ ਲਈ ਕਿਸੇ ਦੇਵਤੇ ਜਾਂ ਸਰਕਾਰ ਅੱਗੇ ਸਿਜਦਾ ਕਰਨ! ਇਹ ਕਿਵੇਂ ਸੰਭਵ ਹੋ ਸਕਦਾ ਹੈ?
ਉਨ੍ਹਾਂ ਕਿਹਾ ਜਿਹੜਾ ਮੈਂ ਸ਼ਬਦ ਪੜ੍ਹਿਆ ਹੈ: ‘
ਭੈਰਉ ਮਹਲਾ 5 ॥
ਊਠਤ ਸੁਖੀਆ ਬੈਠਤ ਸੁਖੀਆ ॥ ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥1॥
ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥1॥ ਰਹਾਉ ॥
ਸੋਇ ਅਚਿੰਤਾ ਜਾਗਿ ਅਚਿੰਤਾ ॥ ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥2॥
ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥ ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥3॥2॥’
ਇਸ ਤੋਂ ਅਗਲਾ ਹੀ ਸ਼ਬਦ ਹੈ ਭੈਰਉ ਮਹਲਾ 5 ॥
ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥
ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ ਰਹਾਉ ॥
ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥
ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥
ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥
ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥’ (ਪੰਨਾ 1136)
ਉਨ੍ਹਾਂ ਕਿਹਾ ਇਹ ਗੁਰਬਾਣੀ ਸਾਨੂੰ ਆਪ ਪੜ੍ਹਨੀ ਤੇ ਆਪਣੇ ਬੱਚਿਆਂ ਨੂੰ ਪੜ੍ਹਾਉਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੀਆਂ ਕਿ ਸਾਡੇ ਪੁਰਖੇ ਕਿੰਨੇ ਸੁਆਰਥੀ ਤੇ ਖ਼ੁਦਗਰਜ਼ ਸਨ ਕਿ ਉਹ ਸਿੱਖੀ ’ਤੇ ਆਪ ਹੀ ਸੱਪ ਵਾਂਗ ਕੁੰਡਲੀ ਮਾਰ ਕੇ ਬੈਠੇ ਰਹੇ ਤੇ ਸਾਨੂੰ ਕੁਝ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਬਾਣੀ ਸਿਰਫ ਅਖੰਡਪਾਠ ਕਰਨ, ਸਾਡੇ ਵਿਆਹ ਕਰਨ ਅਤੇ ਮਰਿਆਂ ਦੇ ਭੋਗ ਪਾਉਣ ਲਈ ਹੀ ਨਹੀਂ ਬਲਕਿ ਇਸ ਨੂੰ ਪੜ੍ਹ ਸਮਝ ਕੇ ਆਪਣਾ ਜੀਵਨ ਸੁਧਾਰਣ ਲਈ ਹੈ।
ਉਨ੍ਹਾਂ ਕਿਹਾ ਇਸੇ ਬਾਣੀ ਨੂੰ ਸੁਣ ਕੇ ਭਾਈ ਲਹਿਣਾ ਜੀ ਗੁਰੂ ਨਾਨਕ ਦੀ ਸ਼ਰਣ ਵਿੱਚ ਆ ਕੇ ਗੁਰੂ ਅੰਗਦ ਬਣੇ। ਇਸੇ ਬਾਣੀ ਨੂੰ ਸੁਣ ਕੇ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੀ ਸ਼ਰਨ ਵਿੱਚ ਆ ਕੇ ਗੁਰੂ ਪਦਵੀ ਹਾਸਲ ਕੀਤੀ। ਪ੍ਰੋ: ਸਭਰਾਅ ਨੇ ਕਿਹਾ ਮੈਨੂੰ ਦੱਸੋ ਉਨ੍ਹਾਂ ਕਿਹੜੇ ਬਾਬੇ ਦੇ ਡੇਰੇ ਜਾ ਕੇ ਲੌਂਗ ਲਾਚੀਆਂ ਦਾ ਪ੍ਰਸ਼ਾਦ ਲਿਆ ਸੀ। ਸਿੱਖ ਨੂੰ ਮੂਲ ਮੰਤਰ ਵਿੱਚ ਪਹਿਲਾ ਹੀ ਸਬਕ ਪੜ੍ਹਾਇਆ ਜਾਂਦਾ ਹੈ ‘ੴ ’ ਜੇ ਅਸੀਂ ਇਸ ਇੱਕ ਨੂੰ ਹੀ ਦ੍ਰਿੜ ਕੀਤਾ ਹੁੰਦਾ ਤਾਂ ਸਿੱਖ ਕਦੀ ਵੀ ਇੱਕ ਨੂੰ ਛੱਡ ਕੇ ਕਿਸੇ ਮੰਦਰ, ਮਜ਼ਾਰ, ਮੜੀਆਂ, ਕਬਰਾਂ ’ਤੇ ਮੱਥਾ ਟੇਕਣ ਨਾ ਜਾਂਦੇ। ਦੇਵੀ ਦੇਵਤੇ ਜਾਂ ਕਿਸੇ ਮਨੁਖ ਦੇ ਡੇਰੇ ਅੱਗੇ ਨਾ ਝੁਕਦੇ। ਪ੍ਰੋ: ਸਭਰਾਅ ਨੇ ਕਿਹਾ ਜੇ ਸਿੱਖ ਨੇ ਬਾਣੀ ਪੜ੍ਹੀ ਹੁੰਦੀ ਤਾਂ ਉਸ ਨੂੰ ਪਤਾ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ‘ਹਿੰਦ ਦਾ ਪੀਰ’ ਸਮੇ ਦੇ ਬਾਦਸ਼ਾਹ ਨੇ ਨਹੀ ਕਰਤਾਪੁਰਖ ਵਾਹਿਗੁਰੂ ਨੇ ਆਪ ਬਣਾਇਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਮੁਸਲਮਾਨ ਫਕੀਰ ਯੋਗੀ ਅੱਲਾਯਾਰ ਖਾਂ ਤਾਂ ਯਾਦ ਕਰਵਾ ਰਿਹਾ ਹੈ ‘ਸਿੰਘੋਂ ਨੇ ਸਰਦਾਰੀ ਸਰ ਕਟਾ ਕਰ ਲਈ’ ਪਰ ਅਸੀਂ ਸਰਦਾਰੀਆਂ ਸਰਕਾਰਾਂ ਤੋਂ ਲਭਦੇ ਹਾਂ।
ਪ੍ਰੋ: ਸਭਰਾਅ ਨੇ ਕਿਹਾ ਜਦੋਂ ਅਸੀਂ ਸਮਝਦੇ ਹਾਂ ਕਿ ਸਿੱਖ ਵਾਹਿਗੁਰੂ ਦਾ ਹੈ, ਤਾਂ ਕਿਸੇ ਹੋਰ ਅੱਗੇ ਮੰਗਾਂ ਰੱਖਣ ਦਾ ਮਤਲਬ ਹੀ ਕੀ ਹੈ? ਉਨ੍ਹਾਂ ਕਿਹਾ ਇਸ ਦੇਸ਼ ਦੇ ਲੋਕਾਂ ਦੀ ਸਮਝ ਦਾ ਪਿਆਲਾ ਇੰਨਾਂ ਛੋਟਾ ਹੈ ਕਿ ਇਸ ਵਿੱਚ ਥੋਹੜੀ ਜਿੰਨੀ ਸਮਝ ਪਾਇਆਂ ਇਹ ਛੇਤੀ ਹੀ ਉਛਲ ਜਾਂਦਾ ਹੈ, ਨਹੀ ਤਾਂ ਮੈਨੂੰ ਦੱਸੋ ਕਿ ਕਿਸ ਨੂੰ ਸਮਝਾਉਣ ਲਈ 15 ਸਾਲ ਹੋ ਗਏ ਇਹ ਮਤੇ ਪਾਸ ਕਰਦਿਆਂ। ਇਨ੍ਹਾਂ ਨੂੰ ਨਹੀ ਪਤਾ ਕਿ ਇਹ ਉਸ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸਿੱਖ ਹਨ, ਜਿਨ੍ਹਾਂ ਸਦਕਾ ਇਸ ਦੇਸ਼ ਦੇ ਬਸ਼ਿੰਦਿਆਂ ਨੂੰ ਧਾਰਮਕ ਅਜਾਦੀ ਮਿਲੀ ਹੈ। ਇਨ੍ਹਾਂ ਨੂੰ ਤਾਂ ਪਾਰਲੀਮੈਂਟ ਦਾ ਬੂਹਾ ਹੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈ ਕੇ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਬੇਸ਼ੱਕ ਇਹ ਗੱਲ ਕਿਸੇ ਨੂੰ ਕਹਿੰਦਿਆਂ ਜਾਂ ਸੁਣਦਿਆਂ ਕੌੜੀ ਲੱਗੇ, ਪਰ ਸੱਚ ਇਹ ਹੈ ਕਿ ਵਧਾਈਆਂ ਕਿਸੇ ਤੋਂ ਮੰਗ ਕੇ ਨਹੀਂ ਲਈਆਂ ਜਾਂਦੀਆਂ ਇਹ ਦਿਲ ਦੀਆਂ ਗਹਿਰਾਈਆਂ ਤੋਂ ਨਿਕਲਨੀਆਂ ਚਾਹੀਦੀਆਂ ਹਨ।
ਪ੍ਰੋ: ਸਭਰਾ ਨੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਸਿੱਖਾਂ ਵਿੱਚ ਪਏ ਅਨੇਕਾਂ ਹੋਰ ਵਹਿਮਾਂ, ਭਰਮ ਅਤੇ ਭੁਲੇਖਿਆਂ ਨੂੰ ਦੂਰ ਕੀਤਾ। ਉਨ੍ਹਾਂ ਦੇ ਵਖਿਆਨ ਤੋਂ ਸੰਗਤਾਂ ਇੰਨੀਆਂ ਪ੍ਰਭਾਵਤ ਹੋਈਆਂ ਜਾਪਦੀਆਂ ਸਨ ਕਿ ਜੈਕਾਰਿਆਂ ਦੀ ਗੂੰਜ ਨਾਲ ਅਨੇਕਾਂ ਵਾਰ ਉਨ੍ਹਾਂ ਦੀਆਂ ਕਹੀਆਂ ਗੱਲਾਂ ’ਤੇ ਠੀਕ ਹੋਣ ਦੀ ਮੋਹਰ ਲਾਈ।
ਬਹੁਤੇ ਸ੍ਰੋਤਿਆਂ ਨੇ ਦੱਸਿਆ ਕਿ ਅੱਜ ਦੇ ਸਿੱਖਾਂ ਵਿੱਚ ਇੰਨੀ ਗਿਰਾਵਟ ਆ ਗਈ ਹੈ ਕਿ ਉਹ ਗੁਰਪੁਰਬ ਜਿਹੇ ਅਹਿਮ ਮੌਕਿਆਂ ਨੂੰ ਵੀ ਆਪਣੀ ਸ਼ੋਹਰਤ ਦੇ ਵਿਖਾਵੇ ਲਈ ਜਾਂ ਨਿਜੀ ਸੁਆਰਥਾਂ ਦੀ ਪੂਰਤੀ ਲਈ ਰਾਜਨੀਤਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਮੰਗਪੱਤਰ ਦੇਣ ਦੇ ਫੋਰਮ ਵਜੋਂ ਵਰਤਣ ਲੱਗ ਪਏ ਹਨ। ਜਿਸ ਕਾਰਣ ਆਮ ਤੌਰ ’ਤੇ ਗੁਰਮਤਿ ਤੋਂ ਅਣਜਾਣ ਰਾਜਨੀਤਕ ਆਗੂ ਅਤੇ ਉਨ੍ਹਾਂ ਦੀ ਖੁਸ਼ੀ ਹਾਸਲ ਕਰਨ ਲਈ ਉਨ੍ਹਾਂ ਦੀ ਉਪਮਾ ਵਿੱਚ ਬੋਲਣ ਲੱਗੇ ਪ੍ਰਬੰਧਕ ਕੁਝ ਐਸੀਆਂ ਗੱਲਾਂ ਕਰ ਜਾਂਦੇ ਹਨ, ਜਿਸ ਨਾਲ ਸਿੱਖੀ ਸਿਧਾਂਤਾਂ ਨੂੰ ਭਾਰੀ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਬਾਕੀ ਦੇ ਸਿੱਖ ਪ੍ਰਚਾਰਕ ਅਤੇ ਪ੍ਰਬੰਧਕ ਵੀ ਪ੍ਰੋ: ਸਭਰਾ ਵਾਂਗ ਮੌਕੇ ’ਤੇ ਸੱਚ ਬੋਲਣ ਦੀ ਹਿੰਮਤ ਕਰ ਲੈਣ, ਤਾਂ ਸਿੱਖੀ ਸਿਧਾਂਤਾਂ ਵਿੱਚ ਰਲਾਵਟ ਕਰਨ ਦੀ ਕਿਸੇ ’ਚ ਹਿੰਮਤ ਨਹੀਂ ਪੈ ਸਕਦੀ ਅਤੇ ਨਾ ਹੀ ਸਿੱਖਾਂ ਨੂੰ ਕਿਸੇ ਸਰਕਾਰ ਅੱਗੇ ਹੱਥ ਅੱਡਣ ਦੀ ਲੋੜ ਰਹੇਗੀ।

2 thoughts on “ਧਰਤੀ ‘ਤੇ ਪਾਪ ਵਧਣ ’ਤੇ ਅਰਸ਼ਾਂ ਤੋਂ ਦੇਵਤੇ ਉਤਰ ਕੇ ਆਉਂਦੇ ਹਨ – ਇਹ ਸਿਧਾਂਤ ਗੀਤਾ ਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਨਹੀਂ: ਪ੍ਰੋ. ਹਰਜਿੰਦਰ ਸਿੰਘ ਸਭਰਾਅ

Leave a Reply