Sunday, July 5, 2020
Home > News > ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ਦੇ ਹੜ੍ਹ ਪੀੜ੍ਹਤਾਂ ਦੀ ਕੀਤੀ ਗਈ ਮੱਦਦ ਅਤੇ ਅੱਖੀਂ ਡਿੱਠੇ ਹੜ੍ਹ ਪ੍ਰਭਾਵਿੱਤ ਇਲਾਕੇ ਦੀ ਵਿਸ਼ੇਸ਼ ਰਿਪੋਰਟ

ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ਦੇ ਹੜ੍ਹ ਪੀੜ੍ਹਤਾਂ ਦੀ ਕੀਤੀ ਗਈ ਮੱਦਦ ਅਤੇ ਅੱਖੀਂ ਡਿੱਠੇ ਹੜ੍ਹ ਪ੍ਰਭਾਵਿੱਤ ਇਲਾਕੇ ਦੀ ਵਿਸ਼ੇਸ਼ ਰਿਪੋਰਟ

ਮੌਤ ਇੱਕ ਅਟੱਲ ਸੱਚਾਈ ਹੈ। ਸੰਸਾਰ ਵਿੱਚ ਜੋ ਵੀ ਆਇਆ ਹੈ ਉਸ ਨੇ ਚਲੇ ਜਾਣਾ ਹੈ। ਮੌਤ ਦਾ ਸਾਇਆ ਬੁਰਾ ਹੈ ਅਤੇ ਜਿੱਥੇ ਵੀ ਪੈਂਦਾ ਹੈ ਉੱਥੇ ਵੈਰਾਨਗੀ, ਉਦਾਸੀ ਅਤੇ ਕਈ ਤਰ੍ਹਾਂ ਦੇ ਹੋਰ ਖਲਾਅ ਪੈਦਾ ਕਰ ਦਿੰਦਾ ਹੈ।ਕੁਦਰਤੀ ਆਫ਼ਤ ਵਿੱਚ ਜਿਹਨਾਂ ਮਾਪਿਆਂ ਦੇ ਪੁੱਤ-ਧੀਆਂ, ਭੈਣਾਂ ਦੇ ਵੀਰ, ਬੀਬੀਆਂ ਦੇ ਸੁਹਾਗ, ਬੱਚਿਆਂ ਦੇ ਮਾਪੇ, ਲੋਕਾਂ ਦੇ ਕਾਰੋਬਾਰ ਅਤੇ ਅਣਗਿਣਤ ਹੱਸਦੇ-ਵੱਸਦੇ ਪਰਿਵਾਰ ਕੁਦਰਤੀ ਆਫ਼ਤ ਵਿੱਚ ਅਚਾਨਕ ਮੌਤ ਦੀ ਗੋਦ ਵਿਚ ਚਲੇ ਗਏ।
ਜੰਮੂ ਕਸ਼ਮੀਰ ਦੇ ਸਮੁੱਚੇ ਭਾਈਚਾਰੇ ਨਾਲ ਦੁਨੀਆਂ ਭਰ ਦੇ ਭਲੇ ਇਨਸਾਨਾਂ ਦੀ ਹਮਦਰਦੀ ਉੱਭਰ ਕੇ ਸਾਹਮਣੇ ਆ ਰਹੀ ਹੈ। ਹਰ ਤਰ੍ਹਾਂ ਦੀ ਸੰਭਵ ਸਹਾਇਤਾ ਪਹੁੰਚਾਣ ਦਾ ਯਤਨ ਹੋ ਰਿਹਾ ਹੈ। ਭਾਵੇਂ ਕਿ ਇਹ ਹਮਦਰਦੀ ਇਹ ਸਹਾਇਤਾ ਵਿਛੁੜ ਚੁੱਕੇ ਪਰਿਵਾਰ ਮੈਂਬਰਾਂ ਦੀ ਥਾਂ ਪੂਰੀ ਨਹੀਂ ਕਰ ਸਕੇਗੀ। ਪਰ ਫਿਰ ਵੀ ਇਨਸਾਨੀਅਤ ਦਾ ਫ਼ਰਜ਼ ਪਹਿਚਾਣਦਿਆਂ ਪਰਿਵਾਰਾਂ ਨੂੰ ਮੁੜ ਪੈਰਾਂ ਸਿਰ ਖੜੇ ਕਰਨ ਲਈ ਇਹ ਯਤਨ ਜ਼ਰੂਰੀ ਹਨ। ਇਸ ਤਹਿਤ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਵੀ ਯਥਾਸ਼ਕਤ ਸੇਵਾ ਵਿੱਚ ਹਿੱਸਾ ਪਾਉਣ ਦਾ ਯਤਨ ਕੀਤਾ ਗਿਆ ਹੈ।

ਜੰਮੂ ਕਸ਼ਮੀਰ ਵਿੱਚ ਪਿਛਲੇ ਦਿਨੀਂ ਆਏ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਜਿੱਥੇ ਵੱਖ-ਵੱਖ ਜਥੇਬੰਦੀਆਂ, ਸੰਸਥਾਵਾਂ, ਸਭਾ-ਸੁਸਾਇਟੀਆਂ ਨੇ ਮਦੱਦ ਦਾ ਉਪਰਾਲਾ ਕੀਤਾ ਹੈ।ਉੱਥੇ ਉਚੇਚੇ ਤੌਰ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਦਦ ਭੇਜੀ। ਭੇਜੀ ਹੋਈ ਸਮੱਗਰੀ ਨੂੰ ਵੰਡਣ ਲਈ ਵਿਸ਼ੇਸ਼ ਤੌਰ ਤੇ ਕਾਲਜ ਵੱਲੋਂ ਇਕ ਟੀਮ ਭੇਜੀ ਗਈ ਜਿਸ ਨੇ ਸ਼੍ਰੀਨਗਰ ਦੇ ਵੱਖ-ਵੱਖ ਇਲਾਕੇ ਜਿਵੇਂ ਅਲੂਚਾ ਬਾਗ, ਤੁਲਸੀ ਬਾਗ, ਜਵਾਹਰ ਨਗਰ, ਮੋਤੀ ਬਾਗ ਆਦਿ ਇਲਾਕਿਆਂ ਵਿੱਚ ਇਸ ਸਮੱਗਰੀ ਨੂੰ ਵੰਡਿਆ।ਕਾਲਜ ਦੀ ਟੀਮ ਨੇ ਤਕਰੀਬਨ 9 ਦਿਨ ਸ਼੍ਰੀਨਗਰ ਵਿੱਚ ਰਹਿੰਦਿਆ ਉੱਥੇ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਘਰ-ਘਰ ਜਾ ਕੇ ਸੁਣਿਆ ਅਤੇ ਲੋੜਵੰਦਾਂ ਤੱਕ ਸਮੱਗਰੀ ਨੂੰ ਪਹੁੰਚਾਣ ਦਾ ਪੂਰਾ ਯਤਨ ਕੀਤਾ।

ਕਾਲਜ ਦੀ ਟੀਮ ਦੇ ਵਿਚਰਦਿਆਂ ਹੋਇਆਂ ਇਕ ਘਟਨਾ ਗੁਰਦੁਆਰਾ ਕਲਗੀਧਰ ਸਾਹਿਬ, ਜਵਾਹਰ ਨਗਰ ਇਲਾਕੇ ਦੀ ਸਾਹਮਣੇ ਆਈ ਕਿ ਗੁਰਦੁਆਰਾ ਸਾਹਿਬ ਦੀ ਦੂਸਰੀ ਮੰਜਿਲ ਪਾਣੀ ਵਿੱਚ ਡੁੱਬੀ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖਣ ਲਈ ਸੁਖਾਂਵੀਂ ਥਾਂ ਨਹੀਂ ਸੀ ਅਤੇ ਨਾ ਹੀ ਕੋਈ ਸੇਵਾਦਾਰ ਅਤੇ ਸੰਗਤ ਆਪਣੇ ਆਪਣੇ ਦੁਖਾਂ ਕਾਰਨ ਇਸ ਪਾਸੇ ਧਿਆਨ ਦੇ ਸਕੀ। ਪਰ ਇੱਕ ਗੁਰੂ ਕਾ ਪਿਆਰਾ ਪਰਿਵਾਰ ਵੀਰ ਜੰਗਬਹਾਦਰ ਸਿੰਘ ਅਤੇ ਉਸਦੀ ਪਤਨੀ ਤੇ ਹੋਰ ਪਰਵਾਰਿਕ ਮੈਂਬਰ ਜਿੰਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਛੱਤ ਉੱਪਰ ਇਕ ਸ਼ੈਡ ਹੇਠਾਂ ਰੱਖਿਆ ਅਤੇ ਬੇਅੰਤ ਮੁਸ਼ਕਲਾਂ ਦੇ ਬਾਵਜੂਦ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਰਹੇ। ਇਹ ਪਰਿਵਾਰ ਭਾਰਤੀ ਫੌਜ ਦੇ ਅਤੇ ਹੋਰ ਬਚਾਅ ਕਰਮੀਆਂ ਦੇ ਕਹਿਣ ਤੇ ਵੀ ਸਤਿਗੁਰੂ ਜੀ ਦੇ ਸਰੂਪਾਂ ਨੂੰ ਛੱਡ ਕੇ ਜਾਣ ਲਈ ਤਿਆਰ ਨਾ ਹੋਇਆ ਅਤੇ ਤਕਰੀਬਨ 22 ਦਿਨ ਇੱਕ ਤਖਤ ਤੇ ਗੁਰੂ ਗੰ੍ਰਥ ਸਾਹਿਬ ਜੀ ਦੇ ਸਰੂਪਾਂ ਨੂੰ ਸਜ਼ਾ ਕੇ ਆਪ ਹੇਠਾਂ ਹੀ ਸਮਾਂ ਬਤੀਤ ਕਰਦਾ ਰਿਹਾ।ਐਸੇ ਪਰਿਵਾਰਾਂ ਨੂੰ ਮਿਲ ਕੇ ਕਾਲਜ ਦੀ ਟੀਮ ਨੇ ਜਿੱਥੇ ਪਰਿਵਾਰ ਦਾ ਧੰਨਵਾਦ ਕੀਤਾ ਉੱਥੇ ਅਕਾਲ ਪੁਰਖ ਦਾ ਵੀ ਸ਼ੁਕਰ ਕੀਤਾ।

ਇਲਾਕੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਕੀ ਸਿੰਘ ਸਭਾਵਾਂ ਨੂੰ ਵੀ ਉਚੇਚੇ ਤੌਰ ਤੇ ਪਰਿਵਾਰ ਦਾ ਸਨਮਾਨ ਕਰਨਾ ਬਣਦਾ ਹੈ।ਇਸੇ ਤਰਾਂ ਦੀ ਇਕ ਘਟਨਾ 4 ਸਤੰਬਰ 2014 ਨੂੰ ਵੇਖਣ ਦਾ ਮੌਕਾ ਮਿਲਿਆ ਜੋ ਪੱਥਰ ਦਿਲਾਂ ਨੂੰ ਵੀ ਦਹਿਲਾ ਦੇਣ ਵਾਲਾ ਸੀ –ਬਰਾਤ ਵਾਲੀ ਬੱਸ- ਕਈ ਪਰਿਵਾਰਾਂ ਦੇ ਸਾਰੇ ਜੀਅ ਰੁੜ ਗਏ – ਸਭ ਤੋਂ ਛੋਟਾ ਬੱਚਾ 45 ਦਿਨ ਦਾ ‘ਤੇ ਬਜੁਰਗ ਤੱਕ- ਭੋਗ ਤੇ ਰਾਜਨੀਤਿਕ ਲੋਕ ਵੀ ਆਏ ‘ਤੇ ਲਾਰੇ ਲਾ ਕੇ ਤੁਰ ਗਏ।ਕਾਲਜ ਦੀ ਟੀਮ ਨੇ ਉਥੇ ਵੀ ਪਰਿਵਾਰਾਂ ਨੂੰ ਦੇਖਿਆ ਤੇ ਹਮਦਰਦੀ ਪਰਗਟ ਕੀਤੀ।

ਕਾਲਜ ਵੱਲੋਂ ਆਰ.ਐਸ.ਪੂਰਾ ਜੰਮੂ ਵਿਖੇ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਕੇਂਦਰ ਦੇ ਇੰਚਾਰਜ ਭਾਈ ਰਣਜੀਤ ਸਿੰਘ ਜੀ ਜੰਮੂ ਨੇ ਸਾਰੇ ਸਾਮਾਨ ਦੀ ਸਾਂਭ ਸੰਭਾਲ ਅਤੇ ਸ਼੍ਰੀਨਗਰ ਵਿਖੇ ਭੇਜਣ ਦਾ ਪ੍ਰਬੰਧ ਕੀਤਾ।ਇਸ ਦੇ ਨਾਲ ਹੀ ਉਚੇਚੇ ਤੌਰ ‘ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੀ ਟੀਮ ਭਾਈ ਨਛੱਤਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਹਰਮਿੰਦਰ ਸਿੰਘ, ਭਾਈ ਪੁਸ਼ਪਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਦਿੱਤਾ ਸਿੰਘ ਨੇ ਪੂਰਾ ਸਹਿਯੋਗ ਦਿਤਾ।ਗੁਰਮਤਿ ਗਿਆਨ ਮਿਸ਼ਨਰੀ ਕਾਲਜ ਸਾਰੇ ਹੀ ਸਹਿਯੋਗ ਕਰਨ ਵਾਲੇ ਵੀਰਾਂ ਭੈਣਾਂ ਦਾ ਧੰਨਵਾਦੀ ਹੈ।

ਸਬੰਧਤ ਹੋਰ ਤਸਵੀਰਾਂ ਵੇਖਣ ਲਈ ਕਲਿਕ ਕਰੋLeave a Reply