Thursday, January 21, 2021
Home > Articles > ਮਹਲੁ ਨ ਪਾਵੈ ਕਹਤੋ ਪਹੁਤਾ॥-ਭਾਈ ਹਰਜਿੰਦਰ ਸਿੰਘ ਸਭਰਾ

ਮਹਲੁ ਨ ਪਾਵੈ ਕਹਤੋ ਪਹੁਤਾ॥-ਭਾਈ ਹਰਜਿੰਦਰ ਸਿੰਘ ਸਭਰਾ

ਮਹਲੁ ਨ ਪਾਵੈ ਕਹਤੋ ਪਹੁਤਾ॥-ਭਾਈ ਹਰਜਿੰਦਰ ਸਿੰਘ ਸਭਰਾ

ਲੂੰਬੜੀ ਬੇਹੱਦ ਚਲਾਕ ਜੀਵ ਹੈ, ਸ਼ੇਰ ਦਾ ਘੁਰਨਾ ਖਾਲੀ ਵੇਖ ਕੇ ਉਸ ਦੇ ਬਾਹਰ ਆਕੜ ਕੇ ਖਲੋ ਜਾਣ ਨਾਲ ਲੂੰਬੜੀ ਦੀ ਇਹ ਚਲਾਕੀ ਤੇ ਵਿਖਾਵਾ ਉਸ ਨੂੰ ਬਹਾਦਰ ਸਾਬਤ ਨਹੀਂ ਕਰ ਸਕਦਾ ਅਤੇ ਨਾ ਹੀ ਜੰਗਲ ਦਾ ਰਾਜਾ ਸਿੱਧ ਕਰਦਾ ਹੈ।ਟਟਹਿਣੇ ਨੂੰ ਸੂਰਜ ਸਮਝੀ ਬੈਠੇ ਲੋਕ ਭਾਵੇਂ ਨਹੀਂ ਜਾਣਦੇ ਕਿ ਉਹ ਭੁਲੇਖੇ ਵਿਚ ਹਨ ਪਰ ਸੱਚਾਈ ਨੂੰ ਜਾਨਣ ਵਾਲੇ ਲੋਕ ਜਾਣਦੇ ਹਨ ਕਿ ਸੂਰਜ ਦੇ ਸਾਹਮਣੇ ਟਟਹਿਣੇ ਦੀ ਕੀ ਔਕਾਤ ਹੈ।ਮਾਨਸਰ ਸਰੋਵਰ ਤੇ ਬੈਠਾ ਬਗਲਾ ਆਪਣੇ ਆਪ ਨੂੰ ਕਿੰਨਾਂ ਵੀ ਹੰਸ ਸਾਬਤ ਕਰਨ ਦੀ ਕੋਸ਼ਿਸ਼ ਕਰੇ ਪਰ ਉਸ ਦੀ ਕਰਤੂਤ ਉਸ ਨੂੰ ਕਦੇ ਵੀ ਹੰਸ ਸਾਬਤ ਨਹੀਂ ਹੋਣ ਦਿੰਦੀ।ਪਾਵਨ ਗੁਰਬਾਣੀ ਦਾ ਫੁਰਮਾਨ ਇਨ੍ਹਾਂ ਦੋ ਕਿਰਦਾਰਾਂ ਨੂੰ ਇਉਂ ਵੱਖਰਿਆਂ ਕਰਦੀ ਹੈ-:ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥ (ਪੰਨਾ- 960)ਪਰ ਇਸ ਸੱਚਾਈ ਤੋਂ ਮੂੰਹ ਮੋੜ ਕੇ, ਸੰਸਾਰੀ ਪਦਾਰਥਾਂ ਵੱਟੇ, ਥੋਕ ਦੇ ਭਾਅ ਈਮਾਨ ਦਾ ਸੌਦਾ ਕਰ ਜਾਣ ਵਾਲਾ, ਕਲਯੁਗੀ ਸੁਭਾਅ ਦਾ ਮਨੁੱਖ, ਇਕ ਭਰਮ ਹੇਠ ਜਿਊਂਦਾ ਹੈ।ਉਸਦਾ ਇਹ ਭਰਮ ਕਿ ਮੈਂ ਵਿਖਾਵੇ ਨਾਲ ਇਹ ਸਾਬਤ ਕਰ ਸਕਦਾ ਹਾਂ ਕਿ “ਮੈਂ ਮਹਾਨ ਹਾਂ ਤੇ ਮੰਜ਼ਿਲ ਤੇ ਪਹੁੰਚ ਚੁੱਕਾ ਹਾਂ” ਉਸਦੀ ਸਭ ਤੋਂ ਬੁਰੀ ਆਦਤ ਹੁੰਦੀ ਹੈ।ਕਿਉਂਕਿ ਅਜਿਹੇ ਭਰਮ ਵਿਚ ਪੈ ਗਿਆ ਮਨੁੱਖ ਕਦੇ ਸੱਚਾਈ ਤੇ ਧਰਮ ਵੱਲ ਇਕ ਪੈਰ ਵੀ ਨਹੀਂ ਪੁੱਟ ਸਕਦਾ ਕਿਉਂਕਿ ਉਸ ਨੂੰ ਆਪਣੇ ਪਹੁੰਚੇ ਹੋਣ ਦਾ ਭਰਮ ਰਾਹ ਵਿਚ ਹੀ ਅਟਕਾਈ ਰੱਖਦਾ ਹੈ।ਗੁਰਬਾਣੀ ਨੇ ਇਸਦਾ ਇਉਂ ਜ਼ਿਕਰ ਕੀਤਾ ਹੈ-:ਕਹਨ ਕਹਾਵਨ ਕਉ ਕਈ ਕੇਤੈ ॥   ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥ (ਪੰਨਾ-1302)ਇਕ ਮਨੁੱਖ ਉਹ ਹੁੰਦਾ ਹੈ ਜਿਸਨੂੰ ਇਸ ਵਿਚ ਕੋਈ ਸ਼ੱਕ ਨਹੀਂ ਹੁੰਦਾ ਕਿ  “ਮੈਂ ਅਧੂਰਾ ਹਾਂ”।ਯਾਦ ਰਹੇ ਅਧੂਰੇਪਨ ਤੋਂ ਧਰਮ ਵੱਲ ਸਫਰ ਅਜਿਹਾ ਵਿਅਕਤੀ ਤਾਂ ਕਰ ਸਕਦਾ ਹੈ ਪਰ ਜਿਸ ਨੂੰ ਇਹ ਭੁਲੇਖਾ ਘੇਰ ਲਵੇ ਕਿ “ਮੈਂ ਕੁਝ ਹਾਂ” ਉਹ ਤਾਂ ਗੁਰਮਤਿ ਮਾਰਗ ਤੇ ਚੱਲਣ ਦੇ ਯੋਗ ਹੀ ਨਹੀਂ ਰਹਿੰਦਾ ਕਿਉਂਕਿ ਇਹੀ ਭੁਲੇਖਾ ਉਸ ਨੂੰ ਅਪਾਹਜ ਬਣਾਈ ਰੱਖਦਾ ਹੈ।ਔਰੰਗਜ਼ੇਬ ਦੇ ਸੁਭਾਅ ਤੇ ਕਰਮ ਨੂੰ ਕਦੇ ਜਾਂਚਣ ਦਾ ਯਤਨ ਕਰ ਵੇਖਣਾ ਕੂੜ ਗ੍ਰਸੇ ਮਨੁੱਖ ਦਾ ਦੰਭ ਤੇ ਸੱਚ ਧਰਮ ਵਿਚਲਾ ਅੰਤਰ ਸ਼ਪੱਸ਼ਟ ਹੋ ਜਾਵੇਗਾ।ਔਰੰਗਜ਼ੇਬ ਨਮਾਜ਼ਾਂ ਦਾ ਪਾਬੰਦ ਹੈ, ਰੋਜ਼ੇ ਰੱਖਦਾ ਹੈ, ਤਸਬੀ ਫੇਰਦਾ ਹੈ ਤੇ ਮਸਜਿਦਾਂ ਲਈ ਦਾਨ ਪੁੰਨ ਲਈ ਦੌਲਤ ਖਰਚ ਕਰਦਾ ਹੈ।ਉਸਦੇ ਇਸ ਦੰਭ ਤੇ ਧਰਮੀ ਹੋਣ ਤੇ ਈਮਾਨ ਪ੍ਰਸਤ ਹੋਣ ਦੀ ਮੋਹਰ ਲਾਉਂਦੇ ਹਨ ਉਹ ਧਾਰਮਿਕ ਆਗੂ ਜੋ ਖੁਦ ਉਸਦੀ  ਮਾਇਕ ਚਕਾਚੌਂਧ ਅਤੇ ਸੱਤਾ ਦੀ ਤਾਕਤ ਅੱਗੇ ਆਪਣਾ ਸਿਦਕ ਤੇ ਈਮਾਨ ਗਹਿਣੇ ਧਰ ਬੈਠੇ ਹਨ।ਉਸਦਾ ਇਹ ਸਾਰਾ ਕੁਝ ਦੰਭ ਤੇ ਪਾਖੰਡ ਕਿਉਂ ਹੈ? ਜਦੋਂ ਕਿ ਇਨ੍ਹਾਂ ਸਾਰੇ ਧਰਮ ਕਰਮਾਂ ਨੂੰ ਵੇਖ ਕੇ ਕੋਈ ਵੀ ਉਸ ਨੂੰ ਧਾਰਮਿਕ ਹੋਣ ਦਾ ਖਿਤਾਬ ਦੇ ਸਕਦਾ ਹੈ। ਉਸਦੇ ਰਾਜਸੀ ਚਰਿਤਰ ਤੇ ਬਣਾਈ ਪਾਲਿਸੀ ਨੇ ਜ਼ੁਲਮਾਂ ਦੀ ਹੱਦ ਕਰ ਦਿੱਤੀ ਸੀ।ਉਸਦੇ ਫੁਰਮਾਨਾਂ ਤੇ ਖੁੱਲ੍ਹ ਖੇਡਣ ਦੀ ਛੋਟ ਨੇ ਗਰੀਬਾਂ ਦਾ ਲਹੂ ਨਿਚੋੜਿਆ ਤੇ ਕਿੰਨੇ ਬੇਦੋਸ਼ੇ ਜ਼ੁਲਮ ਦੀ ਤਲਵਾਰ ਦਾ ਖਾਜਾ ਬਣ ਗਏ।ਕਿੰਨੇ ਘਰ ਉਜੜੇ ਤੇ ਧਰਮ ਅਸਥਾਨ ਗਿਰਾਏ ਗਏ।ਘੱਟ ਗਿਣਤੀਆਂ ਦੇ ਸੱਥਰ ਵਿਛਾ ਦਿੱਤੇ ਗਏ ਤੇ ਜ਼ੁਲਮ ਦਾ ਭਾਂਡਾ ਭੰਨਣ ਵਾਲਿਆਂ ਨੂੰ ਚੁਣ ਚੁਣ ਕੇ ਖਤਮ ਕੀਤਾ ਗਿਆ।ਔਰੰਗਜ਼ੇਬ ਵਲੋਂ ਕੀਤੇ ਗਏ ਧਾਰਮਕ ਕਰਮ ਉਸ ਨੂੰ ਧਰਮੀ ਨਾ ਬਣਾ ਸਕੇ ਨਾ ਹੀ ਰੱਬੀ ਰਾਹ ਤੇ ਤੁਰਨ ਦਾ ਹੁਲਾਰਾ ਦੇ ਸਕੇ। ਕਿਉਂ? ਦੰਭ ਦੇ ਪਰਦੇ ਤੋਂ ਬਾਹਰ ਨਾ ਉਹ ਨਿਕਲ ਸਕਿਆ ਤੇ ਨਾ ਹੀ ਸਮੇਂ ਦੇ ਧਾਰਮਿਕ ਆਗੂਆਂ ਨੇ ਉਸਦਾ ਇਹ ਭਰਮ ਦੂਰ ਕੀਤਾ ਸਗੋਂ ਇਸ ਭਰਮ ਦੇ ਜਾਲ਼ੇ ਨੂੰ ਹੋਰ ਗੂੜ੍ਹਾ ਕਰ ਦਿੱਤਾ ਇਹ ਜਤਾ ਕੇ, ਕਿ “ਹੇ ਔਰੰਗਜ਼ੇਬ ਤੂੰ ਬਹੁਤ ਨੇਕ ਤੇ ਧਰਮੀ ਹੈਂ”।ਮਾਨੋਂ ਬਗਲਾ ਆਪਣੇ ਆਪ ਨੂੰ ਹੰਸ ਹੀ ਸਮਝਣ ਦਾ ਭਰਮ ਪਾਲ਼ਦਾ ਰਿਹਾ।ਤੇ ਦੋਸ਼ੀ ਉਹ ਵੀ ਹਨ ਜਿਨ੍ਹਾਂ ਨੇ ਉਸ ਦੇ ਭਰਮ ਨੂੰ ਹੋਰ ਗੂੜ੍ਹਾ ਕੀਤਾ।ਇਸ ਜ਼ੁਲਮ ਦਾ ਡਟ ਕੇ ਵਿਰੋਧ ਕਰਨ ਵਾਲੇ ਧਰਮੀ ਸੂਰੇ ਗੁਰੂਦੇਵ ਤੇਗ ਬਹਾਦਰ ਸਾਹਿਬ ਤੇ ਉਨ੍ਹਾਂ ਦੇ ਵਰੋਸਾਏ ਸਿਖਾਂ ਦੀ ਸ਼ਹਾਦਤ ਜ਼ੁਲਮ ਦੇ ਘੋਰਅੰਧਾਰ ਵਿਚ ਸੱਚਾਈ ਦੀ ਅਡੋਲ ਮੌਜੂਦਗੀ ਦਾ ਅਹਿਸਾਸ ਕਰਵਾਉਂਦੀ ਹੈ।ਬਾਬਰ ਤੋਂ ਲੈ ਕੇ ਇੰਦਰਾ ਤੱਕ  ਜ਼ੁਲਮ ਦੇ ਝੱਖੜਾਂ ਸਾਹਮਣੇ ਗੁਰੂ ਤੇ ਗੁਰੂ ਦੇ ਪਿਆਰਿਆਂ ਦਾ ਸੱਚ ਸਿਦਕ ਹੀ ਧਰਮ ਦੀ ਅਜਿੱਤ ਤੇ ਸਦੀਵ ਕਾਲੀ ਜਿੱਤ ਦਾ ਝੰਡਾ ਬੁਲੰਦ ਕਰਦੀ ਆ ਰਹੀ ਹੈ।ਇਤਿਹਾਸ ਦੇ ਇਨ੍ਹਾਂ ਉਤਰਾਵਾਂ ਚੜ੍ਹਾਵਾਂ ਵਿਚ ਇਕ ਗੱਲ ਖਾਸ ਵਰਨਣਯੋਗ ਹੈ ਕਿ ਜਿਥੇ ਸਮੇਂ ਦੇ ਹੁਕਮਰਾਨਾਂ ਦਾ ਜ਼ੁਲਮ ਤੇ ਜ਼ੁਲਮ ਤੇ ਪਰਦਾ ਪਾਉਣ ਲਈ ਧਰਮੀ ਹੋਣ ਦਾ ਕੀਤਾ ਗਿਆ ਦੰਭ ਤੇ ਪਾਖੰਡ ਇਤਿਹਾਸ ਦੇ ਪੰਨਿਆਂ ਤੇ ਦਰਜ਼ ਹੈ। ਉਥੇ ਸਮੇਂ ਦੇ ਧਾਰਮਿਕ ਠੇਕੇਦਾਰਾਂ ਵਲੋਂ ਅਜਿਹੇ ਦੰਭੀ ਚਰਿੱਤਰ ਦੇ ਮਾਲਕ ਲੋਕਾਂ ਦੀ ਕੀਤੀ ਤਾਬਿਆਦਾਰੀ, ਧਰਮ ਨਾਲ ਕੀਤਾ ਧ੍ਰੋਹ ਸਾਬਤ ਕਰਦੀ ਹੈ।ਮਲਕ ਭਾਗੋ ਦੇ ਘਰ ਪਕਵਾਨ ਖਾਣ ਵਾਲਿਆਂ ਨੇ ਉਸਦੀ ਕਮਾਈ ਵਿਚ ਵਾਧੇ ਦੀਆਂ ਅਰਦਾਸਾਂ ਕਰਨੀਆਂ ਸਨ ਜੋ ਹਰ ਸਾਲ ਹੀ ਕੀਤੀਆਂ ਜਾਂਦੀਆਂ ਸਨ।ਪਰ ਸਿਵਾਏ ਗੁਰੂ ਨਾਨਕ ਸਾਹਿਬ ਤੋਂ ਕਿਸੇ ਨੇ ਵੀ ਪਾਪ ਤੇ ਲਾਈ ਜਾਂਦੀ ਧਰਮ ਦੀ ਮੋਹਰ ਦਾ ਵਿਰੋਧ ਨਾ ਕੀਤਾ।ਇਹੋ ਹੀ ਸਿੱਖੀ ਦਾ ਸੱਚ ਹੈ।ਅਜਿਹੀਆਂ ਇੱਕ ਨਹੀਂ ਅਨਗਿਣਤ ਮਿਸਾਲਾਂ ਮਿਲ ਜਾਣਗੀਆਂ ਪਰ ਇਸ ਉਪਰੋਕਤ ਵੀਚਾਰ ਦਾ ਇਕ ਹੀ ਮੰਤਵ ਇਹ ਦੱਸਣਾ ਹੈ ਕਿ ਅਜਿਹੇ ਵਰਤਾਰੇ ਦਾ ਸਿਖੀ ਵਿਚ ਕੋਈ ਥਾਂ ਨਹੀਂ ਹੈ। ਪਰ ਇਹ ਪਖੰਡਵਾਦ ਅੱਜ ਵੀ ਉਵੇਂ ਹੀ ਚੱਲ਼ ਰਿਹਾ ਹੈ ਤੇ ਉਹ ਵੀ ਬੜੇ ਜ਼ੋਰ ਸ਼ੋਰ ਨਾਲ। ਸਿਖਾਂ ਦੇ ਧਾਰਮਕ ਆਗੂ ਕਥਿਤ ਜਥੇਦਾਰ ਆਪਣੇ ਈਮਾਨ ਤੇ ਸਿਦਕ ਨੂੰ ਸਮੇਂ ਦੀ ਰਾਜਸੀ ਸੱਤਾ ਤੇ ਮਾਇਕ ਚਕਾਚੌਂਧ ਸਾਹਮਣੇ ਬੈਅ ਕਰ ਚੁੱਕੇ ਹਨ ਇਸ ਸੌਦੇਬਾਜ਼ੀ ਵਿਚੋਂ ਹੀ ਦੰਭ ਦਾ ਪੱਖ ਪੂਰ ਕੇ ਖਾਲਸਾਈ ਪਰੰਪਰਾਵਾਂ ਤੇ ਗੁਰਮਤਿ ਸਿਧਾਂਤਾਂ ਦਾ ਵਿਰੋਧ ਕਰਨ ਦੀ ਭਾਵਨਾ ਨੇ ਸਿਖੀ ਬਾਣੇ ਵਿਚ ਹੀ ਜਨਮ ਲੈ ਲਿਆ ਹੈ।  ਤਨਖਾਹਦਾਰੀ ਤੇ ਪਦਵੀਆਂ ਦੇ ਮਾਣ ਨੇ ਕੌਮੀ ਕਾਜ ਵਿਚ ਅੜਿੱਕਾ ਖੜਾ ਕਰ ਦਿੱਤਾ ਹੈ ਤੇ ਮਹਾਨ ਅਕਾਲ ਤਖਤ ਦੀ ਮਾਣ ਮਰਯਾਦਾ ਮੁੱਠੀ ਭਰ ਬੰਦਿਆਂ ਦੀ ਕਠਪੁਤਲੀ ਬਣਾ ਦਿਤੀ ਗਈ ਹੈ ਜਿਸ ਨੂੰ ਉਹ ਜਿਵੇਂ ਮਰਜ਼ੀ ਵਰਤ ਸਕਦੇ ਹਨ। ਅਜਿਹੇ ਲੋਕਾਂ ਦੇ ਮਨ੍ਹਾਂ ਵਿਚ ਨਾ ਤਾਂ ਖਾਲਸੇ ਦੀਆਂ ਪਰੰਪਰਾਵਾਂ ਦਾ ਮਾਣ ਰਿਹਾ ਹੈ ਤੇ ਨਾ ਹੀ ਸਿਖੀ ਕਾਜ ਨਾਲ ਵਫਾਦਾਰੀ ਰਹੀ ਹੈ। ਸਿਖ ਅਖਵਾਉਂਦੇ ਲੋਕਾਂ ਵਿਚੋਂ ਸਿਖੀ ਸੋਚ ਨੂੰ ਖਤਮ ਕਰਨ ਦਾ ਜੋ ਪੈਂਤੜਾ ਸਮੇਂ ਦੀਆਂ ਸਰਕਾਰਾਂ ਤੇ ਵਿਰੋਧੀ ਲਾਬੀਆਂ ਨੇ ਅਪਣਾਇਆ ਹੈ ਅੱਜ ਉਸ ਨੂੰ ਸਾਡੇ ਅਖੌਤੀ ਧਾਰਮਿਕ ਆਗੂ ਖੁਦ ਹੀ ਸਿਰੇ ਚੜ੍ਹਾ ਰਹੇ ਹਨ। ਅੱਜ ਸੱਤਾ ਤੇ ਕਾਬਜ਼ ਚਿਹਰੇ ਉਸੇ ਦੰਭ ਵਰਤਾਰੇ ਦੇ ਮੋਹਰੇ ਹਨ ਜਿਸ ਨੂੰ ਗੁਰਮਤਿ ਲਹਿਰ ਨੇ ਸੰਘਰਸ਼ ਕਰਕੇ ਵਾਰ ਵਾਰ ਪਛਾੜਿਆ ਹੈ।ਕੌਮੀ ਕਾਜ ਤੋਂ ਮੁੱਖ ਮੋੜਨ ਵਾਲੇ ਅਜਿਹੇ ਚਿਹਰਿਆਂ ਦਾ ਪੰਥਕ ਖਿਤਾਬਾਂ ਨਾਲ ਕੀ ਰਿਸ਼ਤਾ ਹੈ?  ਕੀ ਸਿਖੀ ਦਾ ਇਤਿਹਾਸ ਤੇ ਸਿਖ ਚੇਤਨਾ ਅਜਿਹੇ ਖਿਤਾਬਾਂ ਨੂੰ ਸੱਚਿਆਂ ਸਵੀਕਾਰ ਕਰੇਗੀ? ਜਵਾਬ ਹੈ, ਕਦਾਚਿਤ ਨਹੀ!ਜਥੇਦਾਰਾਂ ਵਲੋਂ ਸ: ਬਾਦਲ ਨੂੰ ਦਿੱਤਾ ਗਿਆ  “ਪੰਥ ਰਤਨ ਫਖਰ-ਏ ਕੌਮ” ਇਸ ਕੜੀ ਵਿਚ ਕੋਈ ਪਹਿਲਾ ਕੰਮ ਨਹੀਂ ਜਿਸ ਤੇ ਹੱਦੋਂ ਵੱਧ ਅਫਸੋਸ ਕੀਤਾ ਜਾਵੇ। ਬਲਕਿ ਇਹ ਤਾਂ ਇਕ ਕੜੀ ਦੇ ਹਿੱਸੇ ਵਜੋਂ ਹੈ ਜਿਸਦਾ ਪਸਾਰਾ ਬਹੁਤ ਵੱਡਾ ਹੈ।ਪਰ ਮੈਂ ਇੰਨਾਂ ਹੀ ਕਹਿਣਾ ਚਾਹਾਂਗਾ ਕਿ ਸ:ਬਾਦਲ ਤੇ ਇਹ ਖਿਤਾਬ ਦੇਣ ਵਾਲੇ ਜਥੇਦਾਰ ਆਪਣੀ ਜ਼ਮੀਰ ਨੂੰ 1978 ਵਿਚ ਨਿਰੰਕਾਰੀ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਦੀ ਰੂਹ ਦੇ ਸਾਹਮਣੇ ਕਰਨ ਦਾ ਜ਼ਰਾ ਅਹਿਸਾਸ ਕਰ ਕੇ ਵੇਖਣ ਇੰਨਾਂ ਨੂੰ ਸੂਰਜ ਤੇ  ਟਟਹਿਣੇ ਦੇ ਫਰਕ ਦਾ ਅਹਿਸਾਸ ਹੋ ਜਾਵੇਗਾ। ਅਕਾਲ ਤਖਤ ਦੇ ਮਤਿਆਂ ਤੇ ਫੈਸਲਿਆਂ ਦਾ ਇਤਿਹਾਸ ਵਾਚ ਕੇ ਇਕ ਪਲ ਲਈ ਆਪਣੇ ਆਪ ਨੂੰ  ਅਕਾਲ ਤਖਤ ਦੇ ਸਿਧਾਂਤ ਦੀ ਅਦਾਲਤ ਵਿਚ ਖੜਾ ਕਰ ਕੇ ਵੇਖ ਲੈਣ ਆਪਣੇ ਦੋਸ਼ ਜਾਂ ਨਿਰਦੋਸ਼ ਦੇ ਫੈਸਲੇ ਦਾ ਕਿਆਸ ਜ਼ਰੂਰ ਹੋਵੇਗਾ। ਜਿਸ ਤਖਤ ਦੇ ਸਿਧਾਂਤ ਤੋਂ ਜਥੇਦਾਰ ਤੇ ਸੱਤਾ ਦੇ ਮਾਲਕ ਚਿਹਰੇ ਦੋਵੇਂ ਹੀ ਮੁਨਕਰ ਤੇ ਭਗੌੜੇ ਹਨ ਫਿਰ ਉਸੇ ਜਗ੍ਹਾ ਤੋਂ ਇਸ ਦੰਭ ਨੂੰ ਪਸਾਰਨ ਦਾ ਕੀ ਅਰਥ? ਭਾਈ ਰਣਜੀਤ ਸਿੰਘ ਜੀ ਹੋਰਾਂ ਦੇ ਸ਼ਬਦਾਂ ਵਿਚ ਕਿ “ਇਸ ਕਾਰਵਾਈ ਨੇ ਅਰੂੜ ਸਿੰਘ ਵਲੋਂ ਕੀਤੀ ਕਾਰਵਾਈ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ” ਕੋਈ ਝੂਠ ਨਹੀਂ। ਜੇਲ੍ਹਾਂ ਵਿਚ ਰੁਲਦੇ ਤੇ ਰੁਲ਼ ਚੁੱਕੇ ਸਿਖਾਂ ਦੀ ਦਾਸਤਾਨ, ਪੰਝੀ ਹਜ਼ਾਰ ਲਾਸ਼ਾਂ ਦਾ ਹੋਕੇਦਾਰ ਭਾਈ ਖਾਲੜਾ, ਸਿਖ ਜਵਾਨੀ ਦਾ ਭੋਗਿਆ ਸੰਤਾਪ ਤੇ ਖੇਡ੍ਹਿਆ ਗਿਆ ਸ਼ਿਕਾਰ, ਸਰਕਾਰੀ ਕਤਲੇਆਮ ਤੇ ਪੰਜਾਬ ਦੇ ਮਸਲੇ, ਕਿੰਨਾਂ ਕੁਝ ਹੈ ਜਿਸ ਵਿਚ “ਫਖਰ ਏ ਕੌਮ”? ਕਿੰਨੇ ਕਿੰਨੇ ਹਿੱਸੇਦਾਰ ਰਹੇ ਨੇ ਭਲਾ! ਜੇ ਮੁਕਟ ਸਜਾ ਕੇ “ਫਖਰ ਏ ਕੌਮ”? ਹੋ ਸਕੀਦਾ ਹੈ ਤਾਂ ਜਥੇਦਾਰਾਂ ਨੂੰ ਝਿਜਕ ਕਿਉਂ ਸਤਾਉਂਦੀ ਹੈ? ਜੇ ਸਿਖੀ ਦੇ ਵਿਨਾਸ਼ ਲਈ ਪੈਦਾ ਕੀਤੇ ਗਏ ਡੇਰਿਆਂ ਨੂੰ ਚਾਰ ਚੰਨ ਲਾਉਣਾ ਪੰਥ ਰਤਨ ਦੀ ਨਿਸ਼ਾਨੀ ਹੈ ਤਾਂ ਫਿਰ ਜਥੇਦਾਰ ਇਹ ਖਿਤਾਬ ਉਨ੍ਹਾਂ ਡੇਰੇਦਾਰਾਂ ਨੂੰ ਸਿੱਧਾ ਹੀ ਦੇ ਆਉਣ।ਇਸ ਨਾਲ ਜਥੇਦਾਰਾਂ ਦੀ ਸੋਚ ਦਾ ਪ੍ਰਗਟਾਅ ਵੀ ਹੋ ਜਾਵੇਗਾ।ਯਾਦ ਰਹੇ ਇਹ ਉਹ ਦਰ ਹੈ ਜਿਥੇ ਪੀਰ ਬੁੱਧੂ ਸ਼ਾਹ ਆਪਣੇ ਪੁੱਤਰ ਕੁਰਬਾਨ ਕਰਕੇ ਵੀ ਕਲਗੀਧਰ ਦੇ ਕੇਸ ਜੋ ਕੰਘੇ ਦਾ ਸ਼ਿੰਗਾਰ ਬਣੇ ਸਨ ਨੂੰ ਬਖਸ਼ਿਸ਼ ਲੋੜਦਾ ਹੈ।ਉਨ੍ਹਾਂ ਸੋਹਣੇ ਕੇਸਾਂ ਤੇ ਦੰਭ ਦਾ ਮੁਕਟ ਸਜਾ ਕੇ ਕਲਗੀਧਰ ਦੀ ਇਲਾਹੀ ਬਖਸ਼ਿਸ਼  ਦਾ ਪਾਤਰ ਕੋਈ ਨਹੀਂ ਬਣ ਸਕਦਾ।ਕਿਉਂਕਿ ਗੁਰੂ ਨਾਨਕ ਦੇ ਦਰ ਦੀਆਂ ਬਖਸ਼ਿਸ਼ਾਂ, ਦੰਭ ਤੇ ਲੂੰਬੜ ਚਾਲਾਂ ਦੇ ਘੇਰੇ ਤੋਂ ਕਿਤੇ ਦੂਰ ਹਨ, ਉਥੇ ਚਲਾਕੀਆਂ ਚੁਸਤੀਆਂ ਤੇ ਵਿਖਾਵਿਆਂ ਦਾ ਅਰਥ ਹੀ ਕੋਈ ਨਹੀਂ।ਅੱਜ ਖਾਲਸਾ ਇਸ ਸਾਰੇ ਮੰਚ ਤੋਂ ਗ਼ੈਰਹਾਜ਼ਰ ਹੈ ਤੇ ਉਸਦੀ ਪਰੰਪਰਾ ਵੀ।ਪਰ ਇਸ ਗ਼ੈਰ ਹਾਜ਼ਰੀ ਦਾ ਮਤਲਬ ਖਾਲਸੇ ਸੀ ਸੋਚ ਦਾ ਪਤਨ ਨਾ ਸਮਝਿਆ ਜਾਵੇ ਬਲਕਿ ਇਹ ਪਾਪ, ਦੰਭ ,ਤੇ ਸਾਜ਼ਿਸ਼ਾਂ ਨੂੰ ਖੁੱਲ੍ਹ ਖੇਡਣ ਦੀ ਉਹੋ ਜਿਹੀ ਹੀ ਇਜਾਜ਼ਤ ਹੈ ਜਿਵੇਂ ਪੈਂਦੇ ਖਾਂ ਨੂੰ ਛਠਮ ਪੀਰ ਨੇ ਕਿਹਾ ਸੀ ਕਿ” ਪੈਂਦੇ ਖਾਂ ਪਹਿਲਾਂ ਤੂੰ ਜ਼ੋਰ ਅਜਮਾਈ ਕਰ ਲੈ”।ਪੈੰਦੇ ਖਾਂ ਦੀਆਂ ਜੁਗਤਾਂ ਤੇ ਜੁਗਤਾਂ ਨਾਲ ਬਲ ਵਰਤ ਕੇ ਕੀਤੇ ਵਾਰਾਂ ਦਾ ਕੀ ਹਸ਼ਰ ਹੋਇਆ ਤੇ ਕੀ ਨਤੀਜਾ ਨਿਕਲਿਆ ਸੀ ਭਲਾ? ਇਹ ਇਤਿਹਾਸ ਦਾ ਸੱਚ ਹੈ।ਅੱਜ ਸਿਖੀ ਸੋਚ ਦਾ ਨਾਇਕ ਨਾ ਤਾਂ ਅਰੂੜ ਸਿੰਘ ਹੈ ਤੇ ਨਾ ਹੀ ਅਡਵਾਇਰ। ਸਿਖੀ ਸੋਚ ਵਿਚ ਤਾਂ ਸਦਾ ਨਿਰਮਾਣਤਾ ਨਾਲ ਗੁਰਮਤਿ ਰਹਣੀ ਦਾ ਡੰਕਾ ਵਜਦਾ ਹੈ ਤੇ ਇਸਦੀ ਆਵਾਜ਼ ਦਮਾਮੇ ਦੀ ਉਹ ਸੱਟ ਹੈ ਜੋ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵਾਂਗ ਹਾਜ਼ਰੀ ਥੋੜ੍ਹੀ ਜਿਹੀ ਹੀ ਭਰਦੀ ਹੈ ਪਰ ਦੁਨਿਆਵੀ ਸੱਤਾ ਇਸ ਸਾਹਮਣੇ ਕੂੜ ਹੈ! ਝੂਠ ਹੈ! ਛੋਟੀ ਹੈ! ਨਿਗੁਣੀ ਹੈ!ਸ਼ੇਰ ਦਾ ਘੁਰਨਾ ਖਾਲੀ ਵੇਖ ਕੇ ਉਸ ਦੇ ਬਾਹਰ ਆਕੜ ਕੇ ਖਲੋ ਜਾਣ ਨਾਲ ਲੂੰਬੜੀ ਦੀ ਇਹ ਚਲਾਕੀ ਤੇ ਵਿਖਾਵਾ ਉਸ ਨੂੰ ਬਹਾਦਰ ਸਾਬਤ ਨਹੀਂ ਕਰ ਸਕਦਾ ਅਤੇ ਨਾ ਹੀ ਜੰਗਲ ਦਾ ਰਾਜਾ ਸਿੱਧ ਕਰਦਾ ਹੈ।ਝੂਠੇ ਕਉ ਨਾਹੀ ਪਤਿ ਨਾਉ ॥ ਕਬਹੁ ਨ ਸੂਚਾ ਕਾਲਾ ਕਾਉ ॥ (ਪੰਨਾ-839)
ਹਰਜਿੰਦਰ ਸਿੰਘ “ਸਭਰਾਅ”ਮੋ: 098555-98833  email–hssabhra@gmail.com

6 thoughts on “ਮਹਲੁ ਨ ਪਾਵੈ ਕਹਤੋ ਪਹੁਤਾ॥-ਭਾਈ ਹਰਜਿੰਦਰ ਸਿੰਘ ਸਭਰਾ

  1. Gayni Ji suti koom nu Jagoon vaste ayho jaihay hugaray zooruri haan keep it up.

    U will See step taken with pious intentions will make us successful in achieving our goal.

    May WAHEGURU JI BLESS ALL OF U.

    Waheguru ji ka khalsa, Waheguru ji ki fathe.

Leave a Reply