Thursday, January 21, 2021
Home > Articles > ਜੰਡ ਬੋਲਦਾ ਹੈ ਸ਼ਹੀਦੀ ਦਾਸਤਾਂ,ਪਾਕਿਸਤਾਨ ਯਾਤਰਾ (ਭਾਗ-6) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਜੰਡ ਬੋਲਦਾ ਹੈ ਸ਼ਹੀਦੀ ਦਾਸਤਾਂ,ਪਾਕਿਸਤਾਨ ਯਾਤਰਾ (ਭਾਗ-6) -ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

jand-1
14-06-2015 ਦੀ ਸਵੇਰ ਨੂੰ ਸਥਾਨਿਕ ਵੀਰਾਂ ਵਲੋਂ ਲਿਆਂਦੀ ਚਾਹ ਛਕੀ। ਫਿਰ ਅਸੀਂ ਕਮਰੇ ਵਿਚੋਂ ਬਾਹਰ ਆਏ ਤੇ ਸਭ ਤੋਂ ਪਹਿਲਾਂ ਸ਼ਹੀਦ ਗੰਜ ਦੇਖਿਆ ਜਿੱਥੇ ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਨੂੰ ਜ਼ਿਉਂਦਿਆਂ ਘੁਮਿਆਰਾਂ ਦੀ ਮੱਗਦੀ ਆਵੀ ਵਿਚ ਪਾ ਕੇ ਸਾੜ ਦਿੱਤਾ ਗਿਆ ਸੀ। ਅਖੰਡਪਾਠ ਦੀ ਸਮਾਪਤੀ ੳਪਰੰਤ ਆਸਾ ਕੀ ਵਾਰ ਦਾ ਕੀਰਤਨ ਹੋਇਆ ਤੇ ਫਿਰ ਭਾਈ ਸਰਬਜੀਤ ਸਿੰਘ ਧੂੰਦਾ ਨੇ ਸ਼ਬਦ ਦੀਆਂ ਵਿਚਾਰਾਂ ਕੀਤੀਆਂ। ਦੀਵਾਨ ਦੀ ਸਮਾਪਤੀ ਉਪਰੰਤ ਸਾਡੇ ਪਾਸ ਬਹੁਤ ਥੋੜਾ ਸਮਾਂ ਬਚਿਆ ਸੀ। ਸਾਡੇ ਮਨ ਦੀ ਭਾਵਨਾ ਸੀ ਕਿ ਏੱਥੇ ਵਾਪਰੇ ਖੂਨੀ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਦੇਖਣ ਦਾ ਯਤਨ ਕੀਤਾ ਜਾਏ ਜਿਸ ਨੂੰ ਸਾਡੇ ਪੁਰਖਿਆਂ ਨੇ ਖੂਨ ਨਾਲ ਸਿੰਞਿਆ ਹੈ। ਉਹਨਾਂ ਮਰ ਜੀਵੜਿਆਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਮਹੰਤਾਂ ਪਾਸੋਂ ਗੁਰਦੁਆਰੇ ਅਜ਼ਾਦ ਕਰਾਏ ਸਨ। ੨੦ ਫਰਵਰੀ ੧੯੨੧ ਨੂੰ ਬੰਦੂਕਾਂ ਦੀਆਂ ਗੋਲੀਆਂ, ਛਵੀਆਂ, ਕਿਰਪਾਨਾਂ, ਟਕੂਵਿਆਂ ਨਾਲ ਸਿੱਖ ਜੱਥੇ ਨੂੰ ਸ਼ਹੀਦ ਕੀਤਾ ਗਿਆ ਸੀ। ਅਸੀਂ ਉਸ ਜੰਡ ਥੱਲੇ ਗਏ ਜੋ ਜਨਮ ਅਸਥਾਨ ਤੋਂ ਕੇਵਲ ੧੨ ਕੁ ਮੀਟਰ ਦੀ ਦੂਰੀ ‘ਤੇ ਹੈ। ਏੱਥੇ ਭਾਈ ਲ਼ਛਮਣ ਸਿੰਘ ਜੀ ਨੂੰ ਜਿਉਦਿਆਂ ਜੰਡ ਨਾਲ ਪੁੱਠਾ ਲਟਕਾਅ ਕੇ ਮਹੰਤ ਨਰੈਣੂ ਨੇ ਸਾੜ ਕੇ ਸ਼ਹੀਦ ਕੀਤਾ ਸੀ। ਏੱਥੇ ਭਾਈ ਤਰਸੇਮ ਸਿੰਘ ਜੀ ਵੀ ਸਾਡੇ ਨਾਲ ਹੀ ਖੜੇ ਸਨ। ਇਹ ਉਹ ਜੰਡ ਹੈ ਜਿਸ ਨੇ ਸਾਰਾ ਸ਼ਹੀਦੀ ਸਾਕਾ ਆਪਣੀ ਹੋਂਦ ਨਾਲ ਦੇਖਿਆ ਸੀ ਪਰ ਵਿਚਾਰਾ ਬੋਲ ਨਹੀਂ ਸਕਦਾ। ਇਸ ਜੰਡ ਨੇ ਅਤੀਤ ਨੂੰ ਸੰਭਾਲ਼ ਕੇ ਰੱਖਿਆ ਹੋਇਆ ਹੈ।

੧੬੯੯ ਦੀ ਵੈਸਾਖੀ ਦੇ ਪੂਰੇ ਸੌ ਸਾਲ ਬਾਅਦ ੧੭੯੯ ਨੂੰ ਮਹਾਂਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਕਿਲ੍ਹੇ ‘ਤੇ ਖਾਲਸਈ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਖਾਲਸਾ ਰਾਜ ਸਥਾਪਿਤ ਹੋਣ ‘ਤੇ ਮਹਾਂਰਾjand2ਜਾ ਰਣਜੀਤ ਸਿੰਘ ਨੇ ਆਪਣੀ ਪਰਜਾ ਲਈ ਸਿੱਕੇ ਬੰਦ ਕੰਮ ਕੀਤੇ ਜੇ ਕਿਤੇ ਕਾਲ ਪੈ ਗਿਆ ਤਾਂ ਉਸ ਨੇ ਆਪਣੀ ਜੰਤਾ ਲਈ ਭੰਡਾਰਿਆਂ ਦੇ ਮੂੰਹ ਖੋਲ੍ਹ ਦਿੱਤੇ ਸਨ। ਆਪ ਪਾਂਡੀ ਬਣ ਕੇ ਲੋਕਾਂ ਦਿਆਂ ਘਰਾਂ ਤੀਕ ਦਾਣੇ ਛੱਡ ਕੇ ਆਉਂਦਾ ਸੀ। ਸਿੱਖੀ ਭਾਵਨਾ ਨੂੰ ਸਮਝਦਿਆਂ ਹੋਇਆਂ ਉਸ ਨੇ ਇਕ ਬਹੁਤ ਉੱਚ ਪਾਏ ਦਾ ਕੰਮ ਕੀਤਾ। ਉਸ ਨੇ ਗੁਰੂ ਸਾਹਿਬਾਨ ਨਾਲ ਸੰਬਧਿਤ ਅਸਥਾਨਾਂ ਦੀ ਨਿਸ਼ਾਨਦੇਹੀ ਕਰਾ ਕੇ ਉਹਨਾਂ ਦੀ ਉਸਾਰੀ ਕਰਾਈ। ਇੰਜ ਉਸ ਨੇ ਗੁਰੂ ਸਾਹਿਬਾਨ ਦੇ ਇਤਿਹਾਸਕ ਅਸਥਾਨਾਂ ਨੂੰ ਉਜਾਗਰ ਕਰਕੇ ਪੱਕਾ ਕੀਤਾ ਤੇ ਉਹਨਾਂ ਦੇ ਨਾਂ ਨਾਲ ਜਗੀਰਾਂ ਲਗਾਈਆਂ ਸਨ। ਉਹ ਸਮਝਦਾ ਸੀ ਕਿ ਇਹਨਾਂ ਜਗੀਰਾਂ ਰਾਂਹੀਂ ਇਹ ਸੰਸਥਾਵਾਂ ਸਿੱਖੀ ਦੇ ਪਰਚਾਰ ਤੇ ਪਸਾਰ ਦਾ ਕੰਮ ਕਰਨਗੀਆਂ। ਸਿਆਣਿਆਂ ਦਾ ਇਕ ਕਥਨ ਹੈ ਕਿ ਕਿਰਸਾਨ ਆਪਣੀ ਜ਼ਮੀਨ ਵਿਚ ਘਾਹ ਨਹੀਂ ਬੀਜਦਾ ਸਗੋਂ ਕਣਕ ਬੀਜਦਾ ਹੈ। ਘਾਹ ਆਪਣੇ ਆਪ ਹੀ ਆ ਜਾਂਦਾ ਹੈ। ਘਾਹ ਨੂੰ ਮਾਰਨ ਲਈ ਦਵਾਈ ਜਾਂ ਗੋਡੀ ਆਦਿਕ ਦੀ ਲੋੜ ਪੈਂਦੀ ਹੈ। ਏਸੇ ਤਰ੍ਹਾਂ ਜਦੋਂ ਬੰਦੇ ਕੋਲ ਪੈਸਾ ਆਉਂਦਾ ਹੈ ਤਾਂ ਓਦੋਂ ਬੁਰੀਆਂ ਆਦਤਾਂ ਵੀ ਆਪਣੇ ਆਪ ਜਨਮ ਲੈ ਲੈਂਦੀਆਂ ਹਨ। ਪੈਸੇ ਦੀ ਸਹੀ ਵਰਤੋਂ ਕਰਨ ਲਈ ਉ
ਸਾਰੂ ਸੋਚ ਤੇ ਸਿਆਣਿਆਂ ਦੀ ਸਲਾਹ ਬਹੁਤ ਜ਼ਰੂਰੀ ਹੈ। ਮਹਾਂਰਾਜਾ ਰਣਜੀਤ ਸਿੰਘ ਨੇ ਸਿੱਖੀ ਭਾਵਨਾ ਨਾਲ ਜਗੀਰਾਂ ਲਗਾਈਆਂ ਸਨ ਪਰ ਗੁਰੁਦਆਰਿਆਂ ਵਿਚ ਪਿਤਾ ਪੁਰਖੀ ਮਹੰਤਾਂ ਨੇ ਹਿੰਦੂ ਮੰਦਰਾਂ ਵਾਂਗ ਪੁਜਾਰੀਆਂ ਦਾ ਰੂਪ ਧਾਰਨ ਕਰ ਲਿਆ ਸੀ। ਮਹੰਤ ਸਿਰੇ ਦੇ ਅਯਾਸ਼ ਹੋ ਗਏ ਸਨ।

ਗੁਰਦੁਆਰਾ ਨਨਕਾਣਾ ਸਾਹਿਬ ਦਾ ਪ੍ਰਬੰਧ ਉਦਾਸੀ ਸਾਧੂਆਂ ਦੇ ਪਾਸ ਸੀ। ਕਿਸ਼ਨ ਮਹੰਤ ਦੇ ਇਕ ਵਿਧਵਾ ਔਰਤ ਨਾਲ ਨਜ਼ਾਇਜ ਸਬੰਧ ਸਨ ਉਸ ਵਿਚੋਂ ਇਕ ਲੜਕਾ ਵੀ ਪੈਦਾ ਹੋਇਆ ਸੀ। ਇਸ ਸਾਧ ਨੇ ਆਪਣੇ ਭਤੀਜੇ ਦੇ ਵਿਆਹ ‘ਤੇ ਨਨਕਾਣਾ ਸਾਹਿਬ ਦੇ ਅੰਦਰ ਕੰਜਰੀਆਂ ਨਚਾਈਆਂ ਸਨ। ਮਹੰਤ ਭੈੜੇ ਰੋਗ ਦਾ ਸ਼ਿਕਾਰ ਹੋ ਕੇ ਮਰ ਗਿਆ ਤੇ ਇਸ ਦੀ ਥਾਂ ਮਹੰਤ ਨਰੈਣੂ ਆ ਗਿਆ। ਇਹ ਸ਼ਰਤੀਆਂ ਕਹਿੰਦਾ ਸੀ ਮੈਂ ਕਿਸ਼ਨ ਦਾਸ ਵਾਂਗ ਭੈੜੇ ਕਰਮ ਨਹੀਂ ਕਰਾਂਗਾ। ਥੋੜਾ ਸਮਾਂ ਹੀ ਠੀਕ ਨਿਕਲਿਆ ਸੀ ਪਰ ਪੈਸਾ ਮਤ ਮਾਰ ਦੇਂਦਾ ਹੈ। ਇਸ ਨੇ ਇਕ ਮਰਾਸਣ ਰੱਖ ਲਈ ਸੀ ਜਿਸ ਤੋਂ ਦੋ ਲੜਕੀਆਂ ਤੇ ਦੋ ਲੜਕੇ ਪੈਦਾ ਹੋਏ ਸਨ। ੧੯੧੭ ਵਿਚ ਇਸ ਨੇ ਗੁਰਦੁਆਰਾ ਦੀ ਹਦੂਦ ਅੰਦਰ ਕੰਜਰੀਆਂ ਦਾ ਨਾਚ ਕਰਾਇਆ ਸੀ। ੧੯੧੮ ਨੂੰ ਗੁਰਦੁਆਰਾ ਸਾਹਿਬ ਵਿਖੇ ਰਹਿਰਾਸ ਦਾ ਪਾਠ ਹੋ ਰਿਹਾ ਸੀ ਤਾਂ ਉਸ ਸਮੇਂ ਸਿੰਧੀ ਪਰਵਾਰ ਦੀ ੧੩ ਸਾਲ ਦੀ ਬੱਚੀ ਨਾਲ ਇਕ ਸਾਧ ਨੇ ਬਲਾਤਕਾਰ ਕਰ ਦਿੱਤਾ। ਏਸੇ ਸਾਲ ਦੇ ਅਖੀਰ ਵਿਚ ਹੀ ਜੜ੍ਹਾਂਵਾਲ ਦੀਆਂ ਛੇ ਬੀਬੀਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਈਆਂ ਸਨ ਤਾਂ ਇਹਨਾਂ ਬੀਬੀਆਂ ਨਾਲ ਮਹੰਤ ਤੇ ਪੁਜਾਰੀਆਂ ਨੇ ਜਬਰ-ਜ਼ਨਾਹ ਕੀਤਾ।

ਅਕਤੂਬਰ ੧੯੨੦ ਨੂੰ ਧਾਰੋਵਾਲੀ ਵਿਚ ਇਕ ਕਾਨਫਰੰਸ ਹੋਈ ਸੀ ਜਿਸ ਵਿਚ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਅਜ਼ਾਦ ਕਰਾਉਣ ਲਈ ਸ਼ਹੀਦੀ ਜੱਥਾ ਤਿਆਰ ਕੀਤਾ। ਮਹੰਤ ਨੂੰ ਜਦੋਂ ਪਤਾ ਲੱਗਾ ਤਾਂ ਉਸ ਨੇ ਇਲਾਕੇ ਦੇ ਬਦਮਾਸ਼ ਇਕੱਠੇ ਕਰ ਲਏ ਸਨ। ਮਹੰਤ ਨੇ ਇਕ ਪਾਸੇ ਕੌਮ ਦੇ ਅਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਸੀ ਦੁਜੇ ਪਾਸੇ ਮਾਰੂ ਹਥਿਆਰਾਂ ਨਾਲ ਆਪਣੀ ਤਿਆਰੀ ਵੀ ਕਰ ਰਿਹਾ ਸੀ। ੨੦-੦੨-੧੯੨੦ ਨੂੰ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਅਗਵਾਈ ਹੇਠ ਇਕ ਜੱਥਾ ਸਵੇਰੇ ਨਨਕਾਣਾ ਸਾਹਿਬ ਪਹੁੰਚਿਆ। ਜੱਥਾ ਕੀਰਤਨ ਕਰਨ ਲੱਗ ਪਿਆ ਸ਼ਾਂਤਮਈ ਜੱਥੇ ‘ਤੇ ਮਹੰਤ ਦੇ ਬੰਦਿਆਂ ਨੇ ਪੂਰੀ ਘੇਰਾਬੰਦੀ ਕਰਕੇ ਗੋਲੀਆਂ ਨਾਲ ਸਿੰjand6ਘਾਂ ‘ਤੇ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ। ਨਿਹੱਥੇ ਸਿੰਘਾਂ ਨੂੰ ਘੇਰ ਘੇਰ ਕੇ ਮੌਤ ਦੇ ਘਾਟ ਉਤਾਰਿਆ ਗਿਆ। ਭਾਈ ਦਲੀਪ ਸਿੰਘ ਨੂੰ ਪਤਾ ਲੱਗਿਆ ਉਹ ਭੱਜੇ ਆਏ ਤੇ ਮਹੰਤ ਨੂੰ ਅਜੇਹਾ ਪਾਪ ਕਰਨ ਤੋਂ ਮਨਾ ਕਰਨ ਲੱਗੇ। ਮਹੰਤ ਦੇ ਸਿਰ ਨੂੰ ਸਰਕਾਰੀ ਸ਼ਹਿ ਦਾ ਭੂਤ ਸਵਾਰ ਸੀ ਜਿਸ ਕਰਕੇ ਮਹੰਤ ਨੇ ਭਾਈ ਦਲੀਪ ਸਿੰਘ ਨੂੰ ਆਪ ਗੋਲੀ ਮਾਰੀ ਤੇ ਸਹਿਕਦੇ ਭਾਈ ਦਲੀਪ ਸਿੰਘ ਨੂੰ ਮਘਦੀ ਆਵੀ ਵਿਚ ਸੁੱਟ ਕੇ ਸ਼ਹੀਦ ਕਰ ਦਿੱਤਾ। ਭਾਈ ਵਰਿਆਮ ਸਿੰਘ ਨੂੰ ਵੀ ਗੰਭੀਰ ਜ਼ਖ਼ਮੀ ਕਰਕੇ ਮਘਦੀ ਆਵੀ ਵਿਚ ਸੁੱਟ ਕੇ ਸ਼ਹੀਦ ਕਰ ਦਿੱਤਾ। ਮਹੰਤ ਦੇ ਗੁੰਡਿਆਂ ਨੇ ਹੋਰ ਮਾਰੂ ਹਥਿਆਰਾਂ ਨਾਲ ਬੁਰਛਾ ਗਰਦੀ ਕਰਦਿਆਂ ਸਿੰਘਾਂ ਨੂੰ ਥਾਂਏਂ ਸ਼ਹੀਦ ਕੀਤਾ। ਇਕ ੧੨ ਕੁ ਸਾਲ ਦਾ ਬੱਚਾ ਬੱਚਿਆ ਸੀ ਬਾਕੀ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਕ ਰਿਪੋਰਟ ਦੇ ਅਨੁਸਾਰ ੧੬੮ ਦੇ ਕਰੀਬ ਸਿੰਘ ਸ਼ਹੀਦ ਹੋਏ ਸਨ। ਉਂਜ ੧੫੦ ਦੀ ਲਿਸਟ ਲੱਗੀ ਹੋਈ ਮਿਲਦੀ ਹੈ। ਮਹੰਤ ਦੀ ਨੰਗੀ ਚਿੱਟੀ ਗੁੰਡਾ ਗਰਦੀ ਦਾ ਗਵਾਹ ਜੰਡ ਅੱਜ ਵੀ ਆਪਣੀ ਹੋਂਦ ਦੁਆਰਾ ਇਕ ਅਸਹਿ ਪੀੜਾ ਦਾ ਅਹਿਸਾਸ ਕਰਾਉਂਦਾ ਹੈ। ਇਸ ਜੰਡ ਦੇ ਰੁੱਖ ਨਾਲ ਭਾਈ ਲਛਮਣ ਸਿੰਘ ਨੂੰ ਜ਼ਿਉਂਦਿਆਂ ਬੰਨ੍ਹ ਕੇ ਸਾੜਿਆ ਗਿਆ ਸੀ। ਇਹ ਤਾਂਡਵ ਨਾਚ ਜੰਡ ਦੇ ਰੁੱਖ ਨੇ ਆਪਣੇ ਪਿੰਡੇ ‘ਤੇ ਹੰਢਾਇਆ ਹੈ। ਪਰ ਅੱਜ ਕਲ੍ਹ ਕਈ ਭੋਲੇ ਲੋਕ ਜੰਡ ਦੇ ਲਾਗੇ ਲੂਣ ਜਾਂ ਉਸ ਨਾਲ ਧਾਗੇ ਬੰਨ੍ਹ ਕੇ ਅਗਿਆਨਤਾ ਦਾ ਪੂਰਾ ਪ੍ਰਗਟਾਵਾ ਕਰਦੇ ਹਨ ਜੋ ਕਿ ਪੂਰੀ ਮਨਮਤ ਹੈ।

ਜੰਡ ਦਾ ਰੁੱਖ ਅਹਿਸਾਸ ਕਰਾਉਂਦਿਆਂ ਕਈ ਸਵਾਲ ਪੁੱਛਦਾ ਹੈ ਕਿ ਮੇਰੇ ਸਾਹਮਣੇ ਮਰ ਜੀਵੜਿਆਂ ਨੂੰ ਜਦੋਂ ਮਹੰਤ ਦੇ ਗੁੰਡਿਆਂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਅੱਗ ਲੱਗਾ ਦਿੱਤੀ ਸੀ ਤਾਂ ਓਦੋਂ ਕਈ ਸਹਿਕ ਰਹੇ ਸਨ। ਕਈਆਂ ਨੇ ਉੱਠਣ ਦਾ ਯਤਨ ਵੀ ਕੀਤਾ ਪਰ ਮਹੰਤ ਦੇ ਗੁੰਡਾ ਫੌਜ ਨੇ ਕਿਸੇ ਨੂੰ ਅੱਗ ਵਿਚੋਂ ਬਾਹਰ ਨਹੀਂ ਆਉਣ ਦਿੱਤਾ। ਮਹੰਤ ਆਪ ਘੋੜੀ ‘ਤੇ ਚੜ੍ਹ ਕੇ ਗੇੜਾ ਦੇਂਦਿਆਂ ਹੋਇਆਂ ਆਪਣੇ ਆਦਮੀਆਂ ਨੂੰ ਲਲਕਾਰ ਲਲਕਾਰ ਕੇ ਕਹਿ ਰਿਹਾ ਸੀ ਕਿ ਕਿਸੇ ਨੂੰ ਵੀ ਸੁੱਕਾ ਨਾ ਜਾਣ ਦਿੱਤਾ ਜਾਏ। ਚਾਰ ਚੁਫੇਰੇ ਮਹੰਤ ਆਪਣਿਆਂ ਬੰਦਿਆਂ ਨੂੰ ਸਿੱਖ ਖਤਮ ਕਰਨ ਦਾ ਹੋਕਾ ਦੇ ਰਿਹਾ ਸੀ। ਦਾਰੂ ਦਾ ਖੁਲ੍ਹਾ ਦੌਰ ਚਲ ਰਿਹਾ ਸੀ। ਸਿੰਘਾਂ ਦੇ ਖੂਨ ਨਾਲ ਥਾਂ ਥਾਂ ਛੱਪੜ ਲੱਗ ਗਏ ਹੋਏ ਸਨ।

ਜੰਡ ਦਾ ਰੁੱਖ ਅੱਜ ਸਵਾਲ ਪੁੱਛ ਰਿਹਾ ਹੈ ਕਿ ਗੁਰਦੁਆਰੇ ਤਾਂ ਅਜ਼ਾਦ ਹੋ ਗਏ ਹਨ ਕੀ ਉਹਨਾਂ ਗੁਰਦੁਆਰਿਆਂ ਵਿਚ ਸਿੱਖ ਸਿਧਾਂਤ ਲਾਗੂ ਕਰਾ ਲਿਆ ਜੇ? ਕੀ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਕੋਈ ਹੋਰ ਗੁਰੂ ਬਣਾਉਣ ਦੇ ਯਤਨ ਤਾਂ ਨਹੀਂ ਕਰ ਰਹੇ? ਅੱਜ ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਸਿਰਮੋਰਤਾ ਨੂੰ ਚਣੌਤੀ ਦਿੱਤੀ ਜਾ ਰਹੀ ਹੈ, ਤੁਸੀਂ ਅਰਾਮ ਨਾਲ ਦੇਖ ਰਹੇ ਹੋ? ਤੁਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਤਰੀਕ ਨੂੰ ਵੀ ਨਹੀਂ ਸੰਭਾਲ ਰਹੇ ਕਦੇ ਕਿਸੇ ਪੰਡਤ ਪਾਸੋਂ ਪੁੱਛਦੇ ਕਦੇ ਕਿਸੇ ਹੋਰ ਪਾਸੋਂ ਪੁੱਛਦੇ ਹੋ ਕੇ ਸਾਡੇ ਗੁਰੂ ਦਾ jand3ਆਗਮਨ ਪੁਰਬ ਕਦੋਂ ਆਉਣਾ ਹੈ? ਤੁਸੀਂ ਗੁਰਦੁਆਰੇ ਤਾਂ ਅਜ਼ਾਦ ਕਰਾ ਲਏ ਹਨ ਪਰ ਤੁਹਾਡਾ ਆਪਣਾ ਘੜਿਆ ਸਿਧਾਂਤ ਬ੍ਰਹਾਮਣੀ ਕਰਮ-ਕਾਂਡ ਨੂੰ ਮਾਤ ਪਾ ਰਿਹਾ ਹੈ। ਸਿੱਖੀ ਖਖੜੀਆਂ ਹੋ ਕੇ ਕਈ ਧੜਿਆਂ ਵਿਚ ਵੰਡੀ ਹੋਈ ਫਿਰਦੀ ਹੈ, ਤੁਸੀਂ ਉਸ ਵਾਸਤੇ ਕੀ ਕਰ ਰਹੇ ਹੋ? ਜੰਡ ਦਾ ਰੁੱਖ ਆਪਣੇ ਪਤੇ ਹਿਲਾ ਕਿ ਹਰ ਯਾਤਰੂ ਨੂੰ ਸਵਾਲ ਕਰਕੇ ਪੁੱਛਦਾ ਹੈ। ਜਿਸ ਕਰਮ ਕਾਂਡ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਾਹਰ ਦਾ ਰਸਤਾ ਦਿਖਾਇਆ ਸੀ ਅੱਜ ਉਹ ਹੀ ਕਰਮ-ਕਾਂਡ ਤੁਹਾਡੇ ਗੁਰਦੁਆਰਿਆਂ ਵਿਚ ਆ ਗਿਆ ਹੈ। ਜੰਡ ਦਾ ਰੁੱਖ ਭਾਂਵੇਂ ਬੋਲਦਾ ਤਾਂ ਨਹੀਂ ਸੀ ਪਰ ਉਹ ਸਵਾਲਾਂ ਦੀ ਮਹਿਸੂਸਤਾ ਜ਼ਰੂਰ ਕਰਾ ਰਿਹਾ ਸੀ।

ਜਦੋਂ ਏੱਥੇ ਸਾਕਾ ਵਰਤਿਆ ਸੀ ਓਦੋਂ ਪੂਰੇ ਪੰਜਾਬ ਵਿਚ ਕੋਈ ਵੀ ਲੋਟੂ ਸਾਧ-ਲਾਣਾ ਨਹੀਂ ਸੀ। ਨਾ ਕੋਈ ਡੇਰਾ ਹੋਂਦ ਵਿਚ ਸੀ ਨਾ ਕੋਈ ਕਰਨੀ ਵਾਲਾ ਫਿੱਟਿਆ ਹੋਇਆ ਸਾਧ ਸੀ। ਅੱਜ ਸਿੱਖੀਂ ਦੀ ਜੜ੍ਹੀਂ ਤੇਲ ਦੇਣ ਲਈ ਪਾਖੰਡੀ ਸਾਧਾਂ ਦਾ ਪੂਰਾ ਬੋਲਬਾਲਾ ਹੈ। ਹਰ ਮੋੜ ‘ਤੇ ਕਰਨੀ ਵਾਲੇ ਮਹਪੁਰਸ਼ ਦਾ ਡੇਰਾ ਸਥਾਪਿਤ ਹੈ ਤੇ ਚਲੀਹੇ ਕੱਟੇ ਜਾ ਰਹੇ ਹਨ। ਇਹ ਅਖੌਤੀ ਬ੍ਰਹਮ ਗਿਆਨੀ ਗੁਰਬਾਣੀ ਵਿਚਾਰ ਨਾਲੋਂ ਤੋੜ ਕੇ ਸੰਪਟ ਪਾਠਾਂ ਵਿਚ ਉਲ਼ਝਾ ਰਹੇ ਹਨ। ਜੰਡ ਆਇਆਂ ਯਾਤਰੂਆਂ ਨੂੰ ਪੁੱਛਦਾ ਸੀ ਤੁਸਾਂ ਸਿੱਖੀ ਕਿੰਨੇ ਪ੍ਰਕਾਰ ਦੀ ਕਰ ਲਈ ਹੈ। ਅੱਜ ਤੁਹਾਡੇ ਜੱਥੇਦਾਰ ਇਹਨਾਂ ਮਰਿਆਂ ਸਾਧਾਂ ਨੂੰ ਬ੍ਰਹਮ ਗਿਆਨੀ ਦਾ ਖਿਤਾਬ ਦੇ ਕੇ ਲਫਾਫਾ ਬੋਝੇ ਵਿਚ ਪਾ ਕੇ ਚਲ ਤੁਰਦੇ ਹਨ। ਕਿੱਥੇ ਤੁਹਾਡੇ ਉਹ ਆਗੂ ਜਿੰਨ੍ਹਾਂ ਨੇ ਗੁਰਦੁਆਰੇ ਅਜ਼ਾਦ ਕਰਾਏ ਸਨ ਤੇ ਕਿੱਥੇ ਤੁਸੀਂ ਅੱਜ ਉਹਨਾਂ ਗੁਰਦੁਆਰਿਆਂ ਦੀ ਗੋਲਕ ਵਿਚੋਂ ਲੱਖਾਂ ਦਾ ਪੈਟ੍ਰੋਲ ਹੀ ਫੂਕੀ ਜਾ ਰਹੇ ਹੋ। ਰਾਇ ਬੁਲਾਰ ਨੇ ਬਾਬਾ ਜੀ ਤੁਹਾਡੀ ਕੌਮ ਦੀ ਸੇਵਾ ਲਈ ਆਪਣੀ ਅੱਧੀ ਜ਼ਮੀਨ ਦੇ ਦਿੱਤੀ ਸੀ। ਬਾਬਾ ਜੀ ਇਹ ਤੇਰੀਆਂ ਜ਼ਮੀਨਾਂ ‘ਤੇ ਕਬਜ਼ੇ ਜਮਾਈ ਬੈਠੇ ਹਨ। ਜੰਡ ਦਾ ਰੱਖ ਪੁੱਛਦਾ ਸੀ ਮੈਂ ਸੁਣਿਆਂ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਨਾਲ ਜਵਾਨੀਆਂ ਬਰਬਾਦ ਹੋ ਗਈਆਂ ਹਨ। ਲੱਚਰ ਗਾਇਕੀ ਨੇ ਚੰਗੀ ਭਲੀ ਨੌਜਵਾਨੀ ਨੂੰ ਰਾਹੋਂ ਕੁਰਾਹੇ ਪਉਣ ਵਿਚ ਪੂਰਾ ਯੋਗਦਾਨ ਪਾਇਆ ਹੈ। ਤੁਹਾਡੇ ਲੀਡਰ ਵੋਟਾਂ ਦੀ ਖਾਤਰ ਸਿੱਖ ਸਿਧਾਂਤ ਨੂੰ ਰੋਲ਼ ਕੇ ਰਾਜ ਕਰਨ ਦੀ ਹਵਸ਼ ਪੂਰੀ ਕਰ ਰਹੇ ਹਨ। ਜੰਡ ਦੇ ਰੁੱਖ ਵਲੋਂ ਹੋਰ ਵੀ ਕਈ ਸਵਾਲ ਉਠਾਏ ਸਨ ਜਿੰਨਾਂ ਦਾ ਸਾਡੇ ਪਾਸ ਕੋਈ ਉੱਤਰ ਨਹੀਂ ਸੀ, ਸਾਡੇ ਪਾਸ ਦਸਣ ਲਈ ਕੁਝ ਵੀ ਨਹੀਂ ਬਚਿਆ ਸੀ। ਸਾਰੇ ਜਾਣਦੇ ਹਨ ਕਿ ਪੰਜਾਬ ਦੀਆਂ ਜਵਾਨੀਆਂ ਨੂੰ ਤਬਾਹ ਕਰਨ ਲਈ ਨਕਲੀ ਨਸ਼ਿਆਂ ਦਾ ਕਾਰੋਬਾਰ ਸ਼ਰੇਆਮ ਹੋ ਰਿਹਾ ਹੈ। ਨਾਂ ਵੀ ਸਰਕਾਰੀ ਧਿਰ ਦਾ ਲੱਗਦਾ ਹੈ ਪਰ ਲੋਕ ਖਾਮੋਸ਼ ਹਨ। ਡਾਢੇ ਦਾ ਸੌ ਵੀ ਸੱਤ ਵੀਂਹਾਂ ਦਾ ਹੁੰਦਾ ਹੈ। ਖੈਰ ਜੰਡ ਦਾ ਰੁੱਖ ਆਪਣੇ ਆਪ ਵਿਚ ਬਹੁਤ ਕੁਝ ਸਮੋਈ ਬੈਠਾ ਹੈ ਪਰ ਬੋਲਣ ਤੋਂ ਅਸਮਰੱਥ ਹੈ।

ਮਿਰਜ਼ਾ ਕਿਸੇ ਦੀ ਧੀ ਭੈਣ ਕੱਢ ਕੇ ਲੈ ਗਿਆ ਸੀ ਪਰ ਉਦ੍ਹੇ ਭਰਾਵਾਂ ਨੇ ਜੰਡ ਦੇ ਰੁੱਖ ਥੱਲੇ ਸੁੱਤੇ ਪਏ ਦੇ ਕਈ ਟੋਟੇ ਕਰ ਦਿੱਤੇ ਸਨ। ਅਜੇਹੇ ਜੰਡ ਥੱਲੇ ਪਏ ਮਿਰਜ਼ੇ ਨੂੰ ਪੰਜਾਬੀ ਲੋਕ ਗਾਇਕ ਕਿੱਲ੍ਹ ਕਿੱਲ੍ਹ ਕੇ ਗਾਉਂਦੇ ਹਨ ਅਖੇ ਅਸੀਂ ਸਭਿਅਚਾਰ ਦੀ ਸੇਵਾ ਕਰ ਰਹੇ ਹਾਂ। ਅਸੀਂ ਇਸ ਜੰਡ ਨੂੰ ਭੁੱਲ ਗਏ ਹਾਂ ਜਿੱਥੇ ਸਾਡੇ ਪੁਰਖਿਆਂ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ ਖਾਤਰ ਜੰਡ ਨਾਲ ਪੁੱਠੇ ਬੰਨ੍ਹ ਕੇ ਸ਼ਹੀਦੀਆਂ ਦਿੱਤੀਆਂ ਸਨ। ਸਾਡਾ ਵਿਰਸਾ ਮਿਰਜ਼ੇ ਵਰਗੇ ਆਸ਼ਕਾਂ ਦਾ ਨਹੀਂ ਹੈ ਇਹ ਤੇ ਜੰਡਾਂ ਨਾਲ ਬੰਨ੍ਹ ਕੇ ਸ਼ਹੀਦ ਹੋਣ ਵਾਲਿਆਂ ਦਾ ਹੈ। ਨਨਕਾਣੇ ਵਾਲਾ ਜੰਡ ਦਾ ਰੁੱਖ ਮਹਿਸੂਸ ਕਰਾ ਰਿਹਾ ਸੀ ਕਿ ਏੱਥੇ ੨੩ ਫਰਵਰੀ ੧੯੨੧ ਨੂੰ ਸ਼ਹੀਦ ਹੋ ਚੁੱਕੇ ਸ਼ਹੀਦਾਂ ਦੇ ਅੱਧ ਸੜੇ ਮਾਸ ਦੇ ਟੁਕੜਿਆਂ ਨੂੰ ਇਕ ਥਾਂ ਇਕੱਠਾ ਕਰਕੇ ਅਗਨ ਭੇਟ ਕੀਤਾ ਗਿਆ ਸੀ। ਬਲ਼ ਰਹੇ ਅੰਗੀਠੇ ਕੋਲ ਬੈਠੇ ਸੂਝਵਾਨ ਲੀਡਰਾਂ ਨੇ ਪੜ੍ਹੇ ਲਿਖੇ ਪ੍ਰਚਾਰਕ ਤਿਆਰ ਕਰਨ ਲਈ ਤੇ ਨਨਕਾਣੇ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਪੁਤਲੀ ਘਰ ਅੰਮ੍ਰਿਤਸਰ ਬਣਾਇਆ ਸੀ। ਦਰਬਾਰ ਸਾਹਿਬ ਤੋਂ ਬਾਹਰ ਆਏ ਤੇ ਭਾਈ ਦਲੀਪ ਸਿੰਘ ਦੇ ਨਾਂ ਦਾ ਜਿੱਥੇ ਗੇਟ ਲੱਗਿਆ ਹੋਇਆ ਹੈ ਓੱਥੇ ਭਾਈ ਮਨਿੰਦਰ ਸਿੰਘ ਦੇ ਦੱਸਣ ਅਨੁਸਾਰ ਏੱਥੇ ਹੁਣ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਵੱਡ ਅਕਾਰੀ ਲਾਇਬ੍ਰੇਰੀ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਸਮਾਂ ਥੋੜਾ ਹੋਣ ਕਰਕੇ ਕਈ ਜਾਣਕਾਰੀਆਂ ਰਹਿ ਗਈਆਂ ਸਨ। ਫਿਰ ਵੀ ਗੱਲਾਂ ਬਾਤਾਂ ਕਰਦਿਆਂ ਅਸੀਂ ਭਾਈ ਮਨਿੰਦਰ ਸਿੰਘ ਦੇ ਘਰ ਸਵੇਰ ਦਾ ਲੰਗਰ ਛੱਕਣ ਲਈ ਚਲੇ ਗਏ। ਪਰਵਾਰ ਨੇ ਬਹੁਤ ਚਾਓ ਕੀਤਾ। ਭਾਈ ਮਨਿੰਦਰ ਸਿੰਘ ਦੇ ਪਰਵਾਰ ਨਾਲ ਮਿਲ ਕੇ ਸਾਨੂੰ ਅਹਿਸਾਸ ਹੋਇਆ ਕਿ ਦੇਖੋ ਪਕਿਸਤਾਨ ਵਿਚ ਰਹਿ ਕੇ ਵੀ ਇਹ ਆਪਣੇ ਸਿੱਖੀ ਸਿਧਾਂਤ ਨਾਲ ਜੁੜੇ ਹੋਏ ਹੀ ਨਹੀਂ ਹਨ ਸਗੋਂ ਸਿੱਖੀ ਸਿਧਾਂਤ ‘ਤੇ ਪੂਰਾ ਪਹਿਰਾ ਵੀ ਦੇ ਰਹੇ ਹਨ। ਸਮਾਂ ਥੋੜਾ ਹੋਣ ਕਰਕੇ ਅਸੀਂ ਕੇਵਲ ਦੋ ਗੁਰਦੁਆਰਿਆਂ ਦੇ ਹੀ ਦਰਸ਼ਨ ਕਰ ਸਕੇ। ਗੁਰਦੁਆਰਾ ਪੱਟੀ ਸਾਹਿਬ ਦੇ ਦਸ਼ਰਨ ਕੀਤੇ। ਏੱਥੇ ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਗੁਪਾਲ ਦਾਸ ਪਾਸੋਂ ਹਿੰਦੀ, ਬ੍ਰਿਜਲਾਲ ਪਾਸੋਂ ਸੰਸਕ੍ਰਿਤ ਤੇ ਮੌਲਾਨਾ ਕੁਤਬਦੀਨ ਪਾਸੋਂ ਅਰਬੀ ਫਾਰਸੀ ਪੜ੍ਹੀ ਸੀ। ਗੁਰਦੁਆਰਾ ਬਾਲ ਲੀਲਾ ਸਾਹਿਬ ਦੇਖਿਆ ਜਿੱਥੇ ਬਾਲਕ ਨਾਨਕ ਆਪਣੇ ਹਾਣੀਆਂ ਨਾਲ ਖੇਡਿਆ ਕਰਦੇ ਸਨ। ਨਨਕਾਣਾ ਸਾਹਿਬ ਹੋਰ ਵੀ ਗੁਰਦੁਆਰੇ ਸਨ। ਸਾਡੇ ਕੋਲ ਸਮਾਂ ਨਹੀਂ ਸੀ ਜਿਸ ਕਰਕੇ ਅਸੀਂ ਉਹ ਸਾਰੇ ਗੁਰਦੁਆਰੇ ਨਹੀਂ ਦੇਖ ਸਕੇ। ਇਕ ਗੱਲ ਮਹਿਸੂਸ ਹੋਈ ਕਿ ਲੰਬਾ ਸਮਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨਾਲ ਵਿਚਰੇ ਸਨ ਪਰ ਉਹਨਾਂ ਦੀ ਕੋਈ ਇਤਿਹਾਸਕ ਥਾਂ ਸੰਭਾਲ਼ ਕੇ ਨਹੀਂ ਰੱਖੀ ਤੇ ਨਾ ਹੀ ਕੋਈ ਨਿਸ਼ਾਨ ਦੇਹੀ ਕੀਤੀ ਹੈ। ਪ੍ਰਬੰਧਕਾਂ ਨੂੰ ਸਾਡੀ ਬਿਨੇ ਹੈ ਕਿ ਅਜੇਹੇ ਮਹਾਨ ਸਿੱਖ ਦੀ ਜ਼ਰੂਰ ਕੋਈ ਯਾਦ ਸਥਾਪਿਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ।

Leave a Reply