Thursday, January 21, 2021
Home > Articles > ਚੂਹੜਕਾਣਾ,ਪਾਕਿਸਤਾਨ ਯਾਤਰਾ (ਭਾਗ-8)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

ਚੂਹੜਕਾਣਾ,ਪਾਕਿਸਤਾਨ ਯਾਤਰਾ (ਭਾਗ-8)-ਪ੍ਰਿੰ. ਗਿਆਨੀ ਗੁਰਬਚਨ ਸਿੰਘ ਪੰਨਵਾਂ

sacha-2ਨਨਕਾਣਾ ਸਾਹਿਬ ਤੋਂ ਕੋਈ ੫੦ ਕਿਲੋਮੀਟਰ ਦੀ ਦੂਰੀ ਤੇ ਚੂਹੜਕਾਣਾ ਸ਼ਾਹਿਰ ਹੈ ਜਿੱਥੇ ਗੁਰਦੁਆਰਾ ਸੱਚਾ ਸੌਦਾ ਬਣਿਆ ਹੋਇਆ ਹੈ। ਪਿੰਡ ਦੇਖਦਿਆਂ ਸੜਕਾਂ ਤੇ ਖਲੋਤੇ ਲੋਕਾਂ ਦਾ ਪਿਆਰ ਕਬੂਲਦਿਆਂ ਅਸੀਂ ਚੂਹੜਕਾਣ ਸ਼ਹਿਰ ਪਹੁੰਚ ਗਏ। ਚੂਹੜਕਾਣਾ ਤਹਿਸੀਲ ਤੇ ਜ਼ਿਲ੍ਹਾ ਸ਼ੇਖੂਪੁਰਾ ਦਾ ਇੱਕ ਪਿੰਡ ਹੈ। ਗੁਰਦੁਆਰਾ ਸੱਚਾ ਸੌਦਾ ਦੋ ਅਬਾਦੀਆਂ ਦੇ ਵਿਚਕਾਰ ਹੈ। ਇਸ ਸ਼ਹਿਰ ਦੇ ਕਈ ਥਾਂਈਂ ਕਰਤਾਰ ਕੰਬਾਇਨ ਹਾਰਵੈਸਟਰ ਦੇ ਵੱਡੇ ਵੱਡੇ ਫਲੈਕਸ ਲੱਗੇ ਹੋਏ ਸਨ ਜਿੰਨਾਂ ਤੇ ਸੰਗਤ ਨੂੰ ਪੰਜਾਬੀ ਵਿੱਚ ਜੀ ਆਇਆਂ ਲਿਖਿਆ ਹੋਇਆ ਸੀ। ਚੂਹੜਕਾਣਾ ਸ਼ਾਹਿਰ ਦਾ ਪੂਰਾ ਗੇੜਾ ਕੱਢਦਿਆਂ ਕਾਫਲਾ ਗੁਰਦੁਆਰਾ ਸੱਚਾ ਸੌਦਾ ਵਿਖੇ ਪਾਹੁੰਚ ਗਿਆ। ਕੋਈ ਬਹੁਤਾ ਵੱਡਾ ਬਜ਼ਾਰ ਤਾਂ ਨਹੀਂ ਦਿਸਿਆ ਪਰ ਜਿੰਨੀਆਂ ਕੁ ਦੁਕਾਨਾਂ ਦਿਸਦੀਆਂ ਸਨ ਉਹ ਸਾਰੀਆਂ ਬੰਦ ਕੀਤੀਆਂ ਹੋਈਆਂ ਸਨ। ਕਾਫਲੇ ਦੇ ਆਲੇ ਦੁਆਲੇ ਪੰਜਾਬ ਪੁਲੀਸ ਤੇ ਕੇਂਦਰੀ ਫੋਰਸ ਦੇ ਕਮਾਂਡੋਆਂ ਨੇ ਆਪੋ ਆਪਣਾ ਸਥਾਨ ਮੱਲਿਆ ਹੋਇਆ ਸੀ। ਗੁਰਦੁਆਰੇ ਦੀ ਅੰਦਰਲੀ ਜਗ੍ਹਾ ਦਰੱਖਤਾਂ ਨਾਲ ਭਰੀ ਹੋਈ ਸੀ ਜੋ ਦੇਖਣ ਨੂੰ ਬਹੁਤ ਸੁੰਦਰ ਦ੍ਰਿਸ਼ ਪੇਸ਼ ਕਰ ਰਹੇ ਸਨ।
ਇਸ ਗੁਰਦੁਆਰੇ ਦਾ ਨਾਂ ਸੱਚਾ ਸੌਦਾ ਹੈ। ਇਹ ਉਹ ਅਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਘਰੋਂ ੨੦ ਰੁਪਇਆਂ ਨਾਲ ਗ੍ਰਹਿਸਤੀ ਜੀਵਨ ਤੋਂ ਭਗੌੜੇ ਹੋ ਚੁੱਕੇ ਸਾਧੂਆਂ ਨੂੰ ਸਿੱਧੇ ਰਸਤੇ ਤੇ ਪਉਣ ਲਈ ਉਹਨਾਂ ਦੀ ਮਦਦ ਕੀਤੀ, ਲੰਗਰ ਛਕਾਇਆ ਤੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਸੱਚ ਤੇ ਚੱਲਣ ਦਾ ਉਪਦੇਸ਼ ਦਿੱਤਾ। ਇਸ ਗੁਰਦੁਆਰਾ ਸਾਹਿਬ ਦੇ ਨਾਮ ੨੫੦ ਕਿੱਲੇ ਜ਼ਮੀਨ ਹੈ। ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਮਹਾਂਰਾਜਾ ਰਣਜੀਤ ਸਿੰਘ ਨੇ ਕਰਾਈ ਸੀ। ੧੯੪੭ ਤੋਂ ਇਹ ਗੁਰਦੁਆਰਾ ਬੰਦ ਪਿਆ ਸੀ। ੧੯੯੩ ਦੀ ਵਿਸਾਖੀ ਨੂੰ ਸੰਗਤਾਂ ਲਈ ਇਹ ਗੁਰਦੁਆਰਾ ਖੋਲ੍ਹਿਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਨਵ ਉਸਾਰੀ ਤੇ ਮੁਰੰਮਤ ਇੰਗਲੈਂਡ ਦੀਆਂ ਸੰਗਤਾਂ ਵਲੋਂ ਕਰਾਈ ਗਈ ਹੈ। ਸੰਗਤ ਦੀ ਸਹੂਲਤ ਲਈ ਸਾਫ਼ ਸੁਥਰੇ ਪਾਖਾਨੇ ਤਿਆਰ ਕੀਤੇ ਗਏ ਹਨ। ਲੰਗਰ ਹਾਲ ਦੀ ਨਵੀਂ ਇਮਾਰਤ ਤਿਆਰ ਕੀਤੀ ਗਈ ਹੈ। ਏੱਥੇ ਇੱਕ ਦਰੱਖਤ ਹੈ ਜਿਸ ਸਬੰਧੀ ਕਿਹਾ ਜਾਂਦਾ ਹੈ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦਾ ਹੈ। ਗੁਰਦੁਆਰੇ ਦਾ ਗੇਟ ਲੰਘਦਿਆਂ ਸਾਹਮਣੇ ਖੱਬੇ ਹੱਥ ਦੋ ਟੈਂਟ ਲੱਗੇ ਹੋਏ ਸਨ ਇੱਕ ਸਿਹਤ ਵਿਭਾਗ ਵਲੋਂ ਸੀ ਜਿੱਥੇ ਡਾਕਟਰਾਂ ਦੀ ਟੀਮ ਬੈਠੀ ਹੋਈ ਸੀ ਤੇ ਦੂਜੇ ਤੰਬੂ ਥੱਲੇ ਸੰਗਤਾਂ ਲੰਗਰ ਛੱਕਣ ਉਪਰੰਤ ਬੈਠ ਰਹੀਆਂ ਸਨ। ਪੁਲੀਸ ਵਾਲਿਆਂ ਨੇ ਵੱਡੇ ਵੱਡੇ ਏਰੀਅਲ ਵਾਲੇ ਜੰਤਰ ਲਗਾਏ ਹੋਏ ਸਨ ਤੇ ਇਹਨਾਂ ਦੇ ਨਾਲ ਹੀ ਠੰਡੇ ਪਾਣੀ ਦੀਆਂ ਮਿੱਠੀਆਂ ਛਬੀਲਾਂ ਲੱਗੀਆਂ ਹੋਈਆਂ ਸਨ।
sacha-4ਨਵੀਂ ਉਸਾਰੀ ਹੋਣ ਕਰਕੇ ਸਭ ਕੁੱਝ ਸਾਫ਼ ਸੁਥਰਾ ਲੱਗਦਾ ਸੀ। ਗੁਰਦੁਆਰਾ ਸਾਹਿਬ ਉੱਚੇ ਅਸਥਾਨ `ਤੇ ਹੈ। ਵੱਡ ਅਕਾਰੀ ਗੇਟ ਲੰਘ ਕੇ ਗੁਰਦੁਆਰਾ ਸਾਹਿਬ ਆਉਂਦਾ ਹੈ। ਪੰਜਾਬ ਵਿੱਚ ਏਦਾਂ ਦੇ ਗੇਟ ਨੂੰ ਡਿਉੜੀ ਵੀ ਆਖਦੇ ਹਨ। ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਪਿੱਛਲੇ ਰਸਤੇ ਦੀ ਬਾਹਰ ਆ ਰਹੀਆਂ ਸਨ ਤੇ ਕੁੱਝ ਬੈਠ ਕੇ ਅਨੰਦ ਮਾਣ ਰਹੀਆਂ ਸਨ। ਗੁਰਦੁਆਰਾ ਸਾਹਿਬ ਵਿੱਚ ਦਰੱਖਤਾਂ ਦੀ ਬਹੁਤਾਤ ਕਰਕੇ ਛੰਘਣੀ ਛਾਂ ਥੱਲੇ ਖਲੋਣ ਨੂੰ ਹਰੇਕ ਦਾ ਚਿੱਤ ਕਰਦਾ ਸੀ। ਜੱਥੇ ਵਿੱਚ ਇੱਕ ਅਜੇਹੇ ਸੱਜਣ ਸਨ ਜਿੰਨਾਂ ਨੇ ਵਲ਼ ਵਲ਼ੇਵਿਆਂ ਵਾਲੀ ਢਿੱਲੀ ਜੇਹੀ ਦਸਤਾਰ ਸਜਾ ਕੇ ਆਪਣੇ ਆਪ ਹੀ ਬ੍ਰਹਮ ਗਿਆਨੀ ਹੋਣ ਦਾ ਭਰਮ ਪੈਦਾ ਕਰ ਰੱਖਿਆ ਸੀ। ਕੀਰਤਨ ਸੁਣਨ ਲਈ ਇਕਾਗਰਤਾ ਹੋਣੀ ਜ਼ਰੂਰੀ ਹੈ ਦੂਜਾ ਸਮਾਂ ਦੇਖਣਾ ਪੈਂਦਾ ਹੈ। ਇਹ ਸੱਜਣ ਆਪਣੀ ਮਰਜ਼ੀ ਨਾਲ ਫਟਾ ਫਟ ਵਾਜਾ ਖੋਲ੍ਹ ਕੇ ਸਟੇਜ `ਤੇ ਬੈਠ ਜਾਂਦੇ ਸਨ ਤੇ ਵਾਹਿਗੁਰੂ ਵਹਿਗੁਰੂ ਸ਼ੁਰੂ ਕਰ ਦੇਂਦੇ ਸਨ। ਚਾਹੀਦਾ ਤਾਂ ਇਹ ਸੀ ਕਿ ਏੱਥੇ ਸੰਗਤਾਂ ਨੂੰ ਥੋੜੇ ਸਮੇਂ ਵਿੱਚ ਸੰਬਧਿਤ ਅਸਥਾਨ ਦੀ ਢੁੱਕਵੀਂ ਜਾਣਕਾਰੀ ਦਿੱਤੀ ਜਾਂਦੀ ਜਿਸ ਦੀ ਸੰਗਤ ਮੰਗ ਕਰਦੀ ਸੀ। ਅਜੇਹਾ ਨਹੀਂ ਹੋ ਰਿਹਾ ਸੀ। ਸੰਗਤਾਂ ਲੰਗਰ ਛੱਕਣ ਵਲ ਨੂੰ ਜਾ ਰਹੀਆਂ ਸਨ ਕਿਉਂ ਕਿ ਅਗਲਾ ਸਫਰ ਪੰਜਾ ਸਾਹਿਬ ਦਾ ੪੦੦ ਕਿਲੋ ਮੀਟਰ ਦਾ ਸੀ। ਸੰਗਤਾਂ ਕਾਹਲ ਵਿੱਚ ਸਨ। ਜਦੋਂ ਅਸੀਂ ਲੰਗਰ ਛੱਕ ਕੇ ਬਾਥਰੂਮ ਵਲ ਨੂੰ ਗਏ ਤਾਂ ਇਸ ਦਾ ਇੱਕ ਆਦਮੀ ਸਾਡੇ ਕੋਲ ਖਲੋ ਕੇ ਕਹਿਣ ਲੱਗਾ ਕਿ ਜੀ ਇਹ ਤੇ ਬਹੁਤ ਹੀ ਪਹੁੰਚੇ ਹੋਏ ਬ੍ਰਹਮ ਗਿਆਨੀ ਹਨ। ਇਹਨਾਂ ਦੀ ਗੱਲ ਹੀ ਹੋਰ ਹੈ। ਅਸੀਂ ਉਸ ਦੀਆਂ ਪੂਰੀਆਂ ਜਭਲ਼ੀਆਂ ਨਹੀਂ ਸੁਣ ਸਕੇ ਕਿਉਂ ਕਿ ਅਸੀਂ ਗੁਰੂ ਸਾਹਿਬ ਦੇ ਦਰ ਦੇ ਦਰਸ਼ਨ ਕਰਨ ਲਈ ਆਏ ਹੋਏ ਸੀ ਤੇ ਵੱਧ ਤੋਂ ਵੱਧ ਜਾਣਕਾਰੀ ਲੈਣੀ ਸੀ। ਜਦੋਂ ਅਸੀਂ ਉਸ ਦੀ ਗੱਲ ਦਾ ਹੁੰਗਾਰਾ ਨਾ ਭਰਿਆ ਤਾਂ ਉਹ ਆਪੇ ਹੀ ਵਿਚਾਰਾ ਚਲਾ ਗਿਆ। ਸਮਾਂ ਬਹੁਤ ਥੋੜਾ ਸੀ।
ਲੰਗਰ ਹਾਲ ਵਿੱਚ ਬੈਠ ਕੇ ਬਹੁਤ ਹੀ ਅਨੰਦ ਵਿੱਚ ਲੰਗਰ ਛੱਕਿਆ। ਸਫਰ ਵਿੱਚ ਮੇਰਾ ਖਿਆਲ ਹੈ ਕਿ ਲੰਗਰ ਬਹੁਤ ਥੋੜਾ ਛੱਕਣਾ ਚਾਹੀਦਾ ਹੈ ਫਿਰ ਕਦੇ ਪਰੇਸ਼ਾਨੀ ਨਹੀਂ ਆਉਂਦੀ ਇਹ ਮੇਰਾ ਆਪਣਾ ਤਜਰਬਾ ਬੜੇ ਕੰਮ ਆਉਂਦਾ ਹੈ।
ਇਕ ਵਿਦਵਾਨ ਦੇ ਕਥਨ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਰੁਹਾਨੀ ਇਤਿਹਾਸਕਾਰ, ਸਾਇੰਸਦਾਨ, ਸਿਆਸੀ ਫਿਲਾਸਫਰ, ਰੂਹਾਨੀ ਸਮਾਜ ਵਿਗਿਆਨੀ ਤੇ ਮਹਾਨ ਮਨੋਵਿਆਗੀਆਨ ਸਨ। ਦੁਨੀਆਂ ਤੇ ਅਜੇਹੀ ਲਾਸਾਨੀ ਹਸਤੀ ਨਾ ਹੋਈ ਹੈ ਤੇ ਨਾ ਹੋਏਗੀ। ਇਹ ਇੱਕ ਵੱਖਰੀ ਗੱਲ ਹੈ ਕਿ ਅਸਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਕੀਰਤਨ ਦਰਬਾਰਾਂ, ਅੱਖਾਂ ਮੀਚ ਕੇ ਸਿਮਰਨ ਕਰਨ, ਅਖੰਡਪਾਠਾਂ ਦੀਆਂ ਲੜੀਆਂ, ਚਲੀਹਿਆਂ ਤਕ ਸੀਮਤ ਕਰਕੇ ਰੱਖ ਦਿੱਤਾ ਹੈ। ਸਿੱਖ ਧਰਮ ਦਾ ਸਿਧਾਂਤ ਨਨਕਾਣੇ ਦੀ ਧਰਤੀ ਤੋਂ ਉਪਜਿਆ ਸੀ ਜਿਸ ਦੀ ਯਾਤਰਾ ਲਈ ਹਰ ਸਿੱਖ ਤਤਪਰ ਰਹਿੰਦਾ ਹੈ। ਮੇਰੇ ਦੇਖਦਿਆਂ ਦੇਖਦਿਆਂ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਦਾ ਵਾਸੀ ਅੱਜ ਮਨਘੜਤ ਅਸਥਾਨ ਹੇਮਕੁੰਟ ਵਲ ਨੂੰ ਰੁਖ ਕਰੀ ਜਾ ਰਿਹਾ ਹੈ। ਪਤਾ ਨਹੀਂ ਕਿਉਂ, ਏਨੀ ਛੇਤੀ ਸਿੱਖ ਲਾਈ ਲਗ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਕ੍ਰਾਂਤੀਕਾਰੀ ਫਲਸਫੇ ਨੂੰ ਪ੍ਰੋਹਤਵਾਦੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ।
sacha-5ਸਿਆਣਿਆਂ ਦਾ ਕਥਨ ਹੈ ਕਿ ਜੇ ਇੱਕ ਝੂਠ ਨੂੰ ਸੌ ਵਾਰ ਬੋਲਿਆ ਜਾਏ ਤਾਂ ਉਹ ਸੱਚ ਪ੍ਰਤੀਤ ਹੁੰਦਾ ਹੈ। ਜੇ ਆਪਣੀ ਸੱਚੀ ਗੱਲ ਨੂੰ ਲੋਕਾਂ ਸਾਹਮਣੇ ਬਾਰ ਬਾਰ ਦਹੁਰਾਓਗੇ ਤਾਂ ਉਹ ਝੂਠ ਲੱਗਣ ਲੱਗਦੀ ਹੈ। ਜਨਮ ਸਾਖੀਆਂ ਦੀ ਪ੍ਰੰਪਰਾ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਕਲਿਆਣ ਦਾਸ ਮਹਿਤਾ ਨੇ ਵਪਾਰੀ ਬਣਾਉਣ ਦੀ ਮਨਸ਼ਾ ਨਾਲ ੨੦ ਰੁਪਏ ਦੇ ਕੇ ਸੌਦਾ ਲਿਆਉਣ ਲਈ ਕਿਹਾ। ਗੁਰੂ ਸਾਹਿਬ ਜੀ ਨੇ ਕਈ ਦਿਨਾਂ ਦੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਪਿਤਾ ਜੀ ਨੇ ਬਹੁਤ ਵੱਡੀ ਨਰਾਜ਼ਗੀ ਪ੍ਰਗਟ ਕੀਤੀ ਸਾਡੇ ਪ੍ਰਚਾਰਕ ਵੀਰ ਤਾਂ ਚਪੇੜਾਂ ਪਈਆਂ ਵੀ ਦਸਦੇ ਹਨ। ਰਾਇ ਬੁਲਾਰ ਦੇ ਵਿੱਚ ਆਉਣ ਨਾਲ ਮੁਆਮਲਾ ਰਫਾ ਦਫਾ ਹੋ ਗਿਆ। ਰਾਇ ਬੁਲਾਰ ਨੇ ਏੱਥੋਂ ਤੀਕ ਕਿਹਾ ਕੇ ਕਾਲੂ ਜੀ ਤੁਹਾਡਾ ਕੋਈ ਨੁਕਸਾਨ ਹੋਇਆ ਤਾਂ ਮੈਂ ਉਸ ਦੀ ਭਰਪਾਈ ਕਰ ਦੇਂਦਾ ਹਾਂ।
ਜੇ ਇਸ ਸਾਖੀ ਦਾ ਸਿਧਾਂਤਿਕ ਪੱਖ ਸਮਝਣ ਦਾ ਯਤਨ ਕਰਾਂਗੇ ਤਾਂ ਗੁਰੂ ਸਾਹਿਬ ਜੀ ਨੇ ਕਦੇ ਵੀ ਵਿਹਲੜ ਲੋਕਾਂ ਦਾ ਪੱਖ ਨਹੀਂ ਪੂਰਿਆ। ਇਸ ਗੱਲ ਦੀ ਗਵਾਹੀ ਉਹਨਾਂ ਦੀ ਬਾਣੀ ਵਿਚੋਂ ਪ੍ਰਗਟ ਹੁੰਦੀ ਹੈ ਕਿ ਉਹ ਕਦੇ ਵੀ ਮਖੱਟੂ ਲੋਕਾਂ ਨੂੰ ਏਦਾਂ ਲੰਗਰ ਨਹੀਂ ਛਕਾਇਆ ਹੋਏਗਾ।
ਗਿਆਨ ਵਿਹੂਣਾ ਗਾਵੈ ਗੀਤ।। ਭੁਖੇ ਮੁਲਾਂ ਘਰੇ ਮਸੀਤਿ।।
ਮਖਟੂ ਹੋਇ ਕੈ ਕੰਨ ਪੜਾਏ।। ਫਕਰੁ ਕਰੇ ਹੋਰੁ ਜਾਤਿ ਗਵਾਏ।।
ਗੁਰੁ ਪੀਰੁ ਸਦਾਏ ਮੰਗਣ ਜਾਇ।। ਤਾ ਕੈ ਮੂਲਿ ਨ ਲਗੀਐ ਪਾਇ।।
ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ੧।।
ਸਲੋਕ ਮ: ੧ ਪੰਨਾ ੧੨੪੫
ਗੁਰੂ ਸਾਹਿਬ ਜੀ ਦਾ ਘਾਲ ਕਰਕੇ ਵੰਡ ਕੇ ਖਾਣ ਦਾ ਨਿਆਰਾ ਸਿਧਾਂਤ ਪ੍ਰਗਟ ਹੁੰਦਾ ਹੈ। ਸਵਾਲਾਂ ਦਾ ਸੁਆਲ ਹੈ ਕਿ ਕੀ ਓਦੋਂ ਕਰੰਸੀ ਰੁਪਇਆਂ ਵਿੱਚ ਹੁੰਦੀ ਸੀ? ਕੀ ਗੁਰੂ ਸਾਹਿਬ ਜੀ ਦਾ ਫਲਸਫਾ ਲੋਕਾਂ ਤੇ ਬੋਝ ਬਣੇ ਵਿਹਲੜ ਸਾਧਾਂ ਨੂੰ ਰੋਟੀ ਛਕਾਉਣ ਦੀ ਆਗਿਆ ਦੇਂਦਾ ਹੈ? ਪਹਿਲੀ ਗੱਲ ਕਿ ਓਦੋਂ ਬਹਿਲੋਲੀ ਸਿੱਕਾ ਹੁੰਦਾ ਸੀ। ਇੱਕ ਸਿੱਕੇ ਵਿੱਚ ੪੦ ਪੈਸੇ ਹੁੰਦੇ ਸੀ। ਇੱਕ ਪੈਸੇ ਦਾ ਪੰਜ ਮਣ ਅਨਾਜ ਆਉਂਦਾ ਸੀ। ਪਿੰਡਾਂ ਦੀ ਅਬਾਦੀ ਵੀ ਦੂਰ ਦੂਰ ਹੁੰਦੀ ਸੀ। ਇਸ ਸਾਖੀ ਨੂੰ ਏੰਨੀ ਵਾਰ ਸੁਣਾਇਆ ਗਿਆ ਹੈ ਕਿ ਇਸ ਵਿਚੋਂ ਸਿਧਾਂਤਿਕ ਪੱਖ ਹੀ ਖਤਮ ਕਰ ਦਿੱਤਾ ਹੈ। ਇਸ ਸਾਖੀ ਰਾਂਹੀ ਤੇ ਕੁੱਝ ਫੋਟੋਆਂ ਰਾਂਹੀਂ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਗੁਰੂ ਸਾਹਿਬ ਜੀ ਨੂੰ ਕਈ ਦਿਨਾਂ ਦੇ ਭੁੱਖੇ ਵਿਹਲੜ ਸਾਧੂਆਂ ਨੂੰ ਭੋਜਨ ਛਕਾਇਆ ਹੈ।
ਦੂਜਾ ਪੱਖ ਗੁਰੂ ਸਾਹਿਬ ਜੀ ਦੇ ਕੋਲ ਅਕਸਰ ਦੂਰ ਦੁਰਾਡੇ ਤੋਂ ਵਿਦਵਾਨ ਲੋਕ ਆਉਂਦੇ ਸਨ। ਵਿਚਾਰਾਂ ਚੱਲਦੀਆਂ ਰਹਿੰਦੀਆਂ ਸਨ ਫਿਰ ਆਇਆਂ ਨੂੰ ਲੰਗਰ ਤਾਂ ਛਕਾਉਣਾ ਹੀ ਹੰਦਾ ਸੀ। ਪੁਰਾਣੇ ਸਮੇਂ ਵਿੱਚ ਰਮਤੇ ਸਾਧ ਅਕਸਰ ਤੂੰਬਿਆਂ ਨਾਲ ਫ਼ਰੀਦ ਜੀ, ਕਬੀਰ ਜੀ, ਭਗਤ ਰਵਿਦਾਸ ਜੀ ਦੀ ਬਾਣੀ ਗਾਉਂਦੇ ਸਨ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਬੋਲ ਬਹੁਤ ਪਿਆਰੇ ਲੱਗਦੇ ਸਨ। ਅਜੇਹੀਆਂ ਵਿਚਾਰਾਂ ਤਾਂ ਗੁਰੂ ਸਾਹਿਬ ਜੀ ਨਾਲ ਚਲਦੀਆਂ ਹੀ ਰਹਿੰਦੀਆਂ ਹੋਣੀਆਂ ਨੇ। ਫਿਰ ਲੰਗਰ ਪਾਣੀ ਦੀ ਸੇਵਾ ਵੀ ਚਲਦੀ ਹੋਣੀ ਏਂ। ਇੰਜ ਕਹੀਏ ਕਿ ਗੁਰੂ ਸਾਹਿਬ ਜੀ ਨੂੰ ਜਿਹੜਾ ਵੀ ਮਿਲਣ ਲਈ ਆਉਂਦਾ ਸੀ ਗੁਰੂ ਸਾਹਿਬ ਜੀ ਉਸ ਦੀ ਲੰਗਰ ਆਦਿ ਦੀ ਪੂਰੀ ਸੇਵਾ ਕਰਦੇ ਸਨ।
ਤੀਜਾ ਪੱਖ ਮੇਰੀ ੬੫ ਸਾਲ ਦੀ ਉਮਰ ਹੋ ਗਈ ਹੈ। ਅਸੀਂ ਆਪਣੇ ਪਿੰਡੋਂ ਮਹਿਮੇ ਚੱਕ ਜਨੀ ਕੇ ਚਾਰ ਪੰਜ ਮੀਲ ਦਾ ਪੈਂਡਾ ਤਹਿ ਕਰਕੇ ਸੌਦਾ ਲੈਣ ਜਾਂਦੇ ਸੀ। ਸਾਨੂੰ ਬਹੁਤ ਚਾਅ ਹੁੰਦਾ ਸੀ ਕਿ ਖੱਤਰੀ ਮੂਲੇ ਸ਼ਾਹ ਸਾਨੂੰ ਨਿਆਣੇ ਦੇਖ ਕੇ ਮਿੱਠੀਆਂ ਫੁੱਲੀਆਂ ਨਾਲ ਝੋਲ਼ੀ ਭਰ ਦੇਂਦਾ ਸੀ। ਪੈਸੇ ਉਸ ਨੇ ਕਦੇ ਪੁੱਛੇ ਨਹੀਂ ਹੁੰਦੇ ਸਨ। ਇੰਜ ਕਈ ਪਿੰਡਾਂ ਦੇ ਲੋਕ ਮਹਿਮੇ ਚੱਕ ਤੋਂ ਸੌਦਾ ਲੈਣ ਜਾਂਦੇ ਸਨ। ਫਿਰ ਹੌਲ਼ੀ ਹੌਲ਼ੀ ਧਿਆਨਪੁਰ ਤੋਂ ਸੌਦਾ ਲਿਆਉਣ ਲੱਗ ਪਏ ਸੀ ਏਦਾਂ ਹੀ ਚੂਹੜਚੱਕ ਵੀ ਪੁਰਾਣਾ ਸ਼ਹਿਰ ਹੋਣ ਦੇ ਨਾਤੇ ਲੋਕ ਏੱਥੋਂ ਹੀ ਆਪਣੀਆਂ ਗ਼ਰਜ਼ਾਂ ਪੂਰੀਆਂ ਕਰਦੇ ਹੋਣੇ ਨੇ। ਗੁਰੂ ਸਾਹਿਬ ਜੀ ਕਈ ਵਾਰ ਚੂਹੜਕਾਣੇ ਨੂੰ ਜਾਂਦੇ ਹੋਣਗੇ ਤੇ ਘਰੋਂ ਖੁਲ੍ਹਾ ਪ੍ਰਸ਼ਾਦਾ ਲੈ ਕੇ ਜਾਂਦੇ ਹੋਣਗੇ ਤੇ ਸਾਰਿਆਂ ਨੂੰ ਲੰਗਰ ਛਕਾਉਂਦੇ ਹੋਣਗੇ। ਸਭ ਨੂੰ ਲੰਗਰ ਪਾਣ ਕਰਾਉਂਦੇ ਸਨ ਤੇ ਨਾਲ ਹੀ ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ੧।। ਦਾ ਉਪਦੇਸ਼ ਵੀ ਦੇਂਦੇ ਸਨ। ਆਪਣੇ ਦਸਵੰਦ ਵਿਚੋਂ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਸਨ।
ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਿਧਾਂਤ ਹੀ ਇਹ ਹੈ ਕਿ ਕਿਰਤ ਕਰਨੀ ਵੰਡ ਕੇ ਛੱਕਣਾ ਤੇ ਜਿਹੜਾ ਇਹਨਾਂ ਦੋਹਾਂ ਦੀ ਵਰਤੋਂ ਕਰਦਾ ਹੈ ਉਹ ਹੀ ਅਸਲ ਵਿੱਚ ਨਾਮ ਜਪਦਾ ਹੈ।
ਮੈਂ ਪੇਂਡੂ ਜੀਵਨ ਨਾਲ ਸਬੰਧ ਰੱਖਦਾ ਹਾਂ, ਜੇ ਅਸੀਂ ਆਪਣੀ ਜ਼ਿੰਦਗੀ ਵਲ ਝਾਤੀ ਮਾਰਦੇ ਹਾਂ ਤਾਂ ਪੜ੍ਹਾਈ ਦੇ ਨਾਲ ਨਾਲ ਪੁਸ਼ੂ ਵੀ ਚਾਰੇ ਹਨ ਹੱਲ਼ ਵੀ ਵਾਹਿਆ ਹੈ। ਕਈ ਵਾਰੀ ਥੋੜਾ ਬਹੁਤਾ ਵਪਾਰ ਕਰਨ ਨੂੰ ਵੀ ਸੋਚਿਆ ਜਾਂਦਾ ਸੀ, ਪਰ ਰਾਸ ਪੂੰਜੀ ਸਾਥ ਛੱਡ ਜਾਂਦੀ ਸੀ। ਏਦਾਂ ਕਹਿ ਸਕਦੇ ਹਾਂ ਕਿ ਹਰ ਮਾਂ ਬਾਪ ਆਪਣੇ ਬੱਚਿਆਂ ਦੇ ਚੰਗੇ ਭਵਿੱਖਤ ਲਈ ਕਈ ਤਰ੍ਹਾਂ ਦੀਆਂ ਦੀ ਤਰਕੀਬਾਂ ਸੋਚਦਾ ਰਹਿੰਦਾ ਹੈ।
ਗੁਰੂ ਨਾਨਕ ਸਾਹਿਬ ਜੀ ਚੂਹੜਕਾਣੇ ਤੋਂ ਖਰਾ ਸੌਦਾ ਲ਼ਿਆਉਂਦੇ ਸਨ ਤੇ ਉਹਨਾਂ ਦੁਕਾਨਦਾਰਾਂ ਨੂੰ ਵੀ ਖਰਾ ਸੌਦਾ ਵੇਚਣ ਦੀਆਂ ਤਕਨੀਕਾਂ ਸਮਝਾਉਂਦੇ ਸਨ। ਗੁਰੂ ਸਾਹਿਬ ਜੀ ਆਪਣੀ ਕਿਰਤ ਕਮਾਈ ਵਿਚੋਂ ਪੂਰਾ ਦਸਵੰਦ ਕੱਢਦੇ ਸਨ ਜਿਹੜਾ ਲੋੜਵੰਦਾਂ ਵਿੱਚ ਵੰਢਦੇ ਸਨ। ਆਏ ਗਏ ਦੀ ਲੰਗਰ ਆਦਿ ਨਾਲ ਸੇਵਾ ਕਰਦੇ ਸਨ। ਸੰਦਲ ਬਾਰ ਵਿੱਚ ਫਿਲਾਸਫਰਾਂ, ਵੱਖ ਵੱਖ ਧਰਮਾ ਦੇ ਵਿਦਵਾਨਾਂ ਨਾਲ ਉਹਨਾਂ ਦੀ ਅਕਸਰ ਵਿਚਾਰ ਗੋਸ਼ਟੀ ਚਲਦੀ ਹੀ ਰਹਿੰਦੀ ਸੀ। ਕੁਦਰਤੀ ਗੱਲ ਹੈ ਕਿ ਲੰਗਰ ਵੀ ਸਾਂਝੇ ਥਾਂ ਬਣਦਾ ਹੋਏਗਾ। ਜੇ ਨਿਰਾ ਅਸੀਂ ਇਹੀ ਦਾਅਵਾ ਕਰੀਏ ਕਿ ਗੁਰੂ ਨਾਨਕ ਸਾਹਿਬ ਜੀ ਨੇ ਵਿਹਲੜ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਤਾਂ ਇਹ ਸਿੱਖ ਸਿਧਾਂਤ ਨਹੀਂ ਹੈ। ਹਾਂ ਇਹ ਸਾਖੀ ਸਾਧ ਲਾਣੇ ਦੇ ਬਹੁਤ ਫਿੱਟ ਬੈਠਦੀ ਹੈ ਕਿ ਕਿਰਤੀਓ ਤੁਸੀਂ ਕਿਰਤ ਕਰੋ, ਤੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਵਿਹਲੜ ਸਾਧਾਂ ਨੂੰ ਲੰਗਰ ਛਕਾਇਆ ਸੀ ਏਸੇ ਤਰ੍ਹਾਂ ਤੁਸੀ ਵੀ ਸਾਡੇ ਲੰਗਰ ਦਾ ਪ੍ਰਬੰਧ ਕਰੋ ਕਿਉਂਕਿ ਅਸੀ ਨਾਮ ਜਪਦੇ ਹਾਂ। ਅਖੇ ਨਾਮ ਜੱਪਣੀ ਬੜੀ ਔਖੀ ਕਾਰ ਹੈ।
ਗੁਰੂ ਨਾਨਕ ਸਾਹਿਬ ਜੀ ਨਾਲ ਜਿਹੜੇ ਵੀ ਦੁਕਾਨਦਾਰ ਦਾ ਵਾਹ ਪਿਆ ਹੋਇਆ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਓਸੇ ਨੂੰ ਇਹ ਗੱਲ ਸਮਝਾਈ ਜਾਂਦੇ ਸਨ ਕਿ ਭਈ ਖਰਾ ਸੌਦਾ ਕਰ। ਏਦਾਂ ਕਹੀਏ ਕਿ ਗੁਰੂ ਨਾਨਕ ਸਾਹਿਬ ਜੀ ਨੇ ਵਪਾਰ ਕਰਦਿਆਂ ਸੱਚਾ ਵਿਹਾਰ ਕਰਕੇ ਵਪਾਰ ਨੂੰ ਇੱਕ ਨਿਵੇਕਲੀ ਦਿਸ਼ਾ ਦਿੱਤੀ। ਕੀ ਅੱਜ ਦਾ ਵਪਾਰੀ ਕੋਈ ਇਸ ਤਰ੍ਹਾਂ ਸੱਚਾ ਵਪਾਰ ਕਰਦਾ ਹੈ? ਕੀ ਅੱਜ ਅਸੀਂ ਲੋੜਵੰਦ ਦੀ ਸੇਵਾ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਫੌਰੀ ਮਦਦ ਦੀ ਗੱਲ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਭੁੱਖੇ ਨੂੰ ਲੰਗਰ ਛਕਾਓ, ਅਗਲੀ ਗੱਲ ਫਿਰ ਕਰਿਆ ਜੇ। ਲੰਗਰ ਦਾ ਅਰਥ ਕੇਵਲ ਲੰਗਰ ਛੱਕਣਾ ਨਹੀਂ ਹੈ ਇਸ ਪਿੱਛੇ ਇੱਕ ਡੂੰਘੀ ਫਿਲਸਫੀ ਕਿਰਤ ਦੀ ਛੁਪੀ ਹੋਈ ਹੈ। ਵੰਡ ਕੇ ਛਕਣਾ ਸਮਾਜਕ ਬਰਾਬਰੀ ਦੀ ਗੱਲ ਆਉਂਦੀ ਹੈ। ਅੱਜ ਸੜਕਾਂ ਰੋਕ ਰੋਕ ਕੇ ਰੱਜਿਆਂ ਹੋਇਆਂ ਨੂੰ ਲੰਗਰ ਛਕਾ ਰਹੇ ਹਾਂ। ਸੱਚੇ ਸੋਦੇ ਵਾਲੀ ਸਾਖੀ ਸੁਣਾਈ ਤਾਂ ਜ਼ਰੂਰ ਜਾਂਦੀ ਹੈ ਪਰ ਇਸ `ਤੇ ਅਮਲ ਕੋਈ ਨਹੀਂ ਕਰਦਾ। ਸਵਾਲ ਪੈਦਾ ਹੁੰਦਾ ਹੈ ਕਿ ਕੀ ਰਾਜਨੀਤਿਕ ਲੋਕ ਸੱਚੀ ਰਾਜਨੀਤੀ ਕਰਦੇ ਹਨ? ਕੀ ਵਪਾਰੀ ਸੱਚਾ ਵਪਾਰ ਕਰਦੇ ਹਨ? ਕੀ ਕੋਈ ਦੁੱਧ ਵਿੱਚ ਮਿਲਾਵਟ ਨਹੀਂ ਕਰ ਰਿਹਾ। ਪੰਜਾਬ ਦੀ ਧਰਤੀ ਤੇ ਝਾਤ ਮਾਰ ਕੇ ਦੇਖਦੇ ਹਾਂ ਕਿ ਹਰ ਮਹਿਕਮਾ ਵੱਢੀਖੋਰ ਹੋ ਚੁੱਕਾ ਹੈ। ਰਿਸ਼ਵੱਤ ਤੋਂ ਬਿਨਾ ਫਾਈਲ ਅਗਾਂਹ ਤੁਰਦੀ ਨਹੀਂ ਹੈ। ਇਹ ਲੋਕ ਗੁਰਪੁਰਬਾਂ ਤੇ ਉਗਰਾਹੀਆਂ ਤਾਂ ਜ਼ਰੂਰ ਦੇਂਦੇ ਹਨ ਤੇ ਸੱਚੇ ਸੌਦੇ ਵਾਲੀ ਸਾਖੀ ਵੀ ਸੁਣਦੇ ਹਨ ਪਰ ਸੁਣ ਕੇ ਓੱਥੇ ਹੀ ਛੱਡ ਆਉਂਦੇ ਹਨ। ਇਹ ਸਾਖੀ ਬਹੁਤ ਵੱਡੀ ਪ੍ਰੇਰਨਾ ਦੇਂਦੀ ਹੈ ਪਰ ਇਸ ਦੇ ਤੱਤ ਗਿਆਨ ਨੂੰ ਸਮਝਿਆ ਨਹੀਂ ਹੈ। ਗੁਰੂ ਸਾਹਿਬ ਜੀ ਨੇ ਮਨੁੱਖਤਾ ਦੇ ਭਲੇ ਲਈ ਅਜੇਹੀ ਸੇਧ ਦਿੱਤੀ ਜਿਸ ਨਾਲ ਸਮਾਜ ਵਿੱਚ ਹਰ ਮਨੁੱਖ ਨੂੰ ਪ੍ਰਸ਼ਾਦਾ ਮਿਲੇ।
ਸਾਡੀ ਯਾਤਰਾ ਵਿੱਚ ਇਸ ਅਸਥਾਨ ਤੇ ਵੱਡੀ ਘਾਟ ਰੜਕਦੀ ਰਹੀ ਸੀ ਕਿ ਏੱਥੇ ਅਸੀਂ ਕੁੱਝ ਮਿੰਟਾਂ ਲਈ ਹੀ ਆਏ ਸੀ। ਕੁੱਝ ਵੀ ਹੋਵੇ ਫਿਰ ਵੀ ਅਸੀਂ ਇਸ ਅਸਥਾਨ ਦੇ ਦਰਸ਼ਨ ਕਰਕੇ ਕਈ ਗਹਿਰਾਈਆਂ ਦਾ ਪਤਾ ਲੱਗਿਆ।
sacha-3ਪ੍ਰਿੰਸੀਪਲ ਸਤਿਬੀਰ ਸਿੰਘ ਜੀ ਬੜਾ ਵਧੀਆ ਲਿਖਦੇ ਹਨ ਕਿ ਜਿਸ ਤਰ੍ਹਾਂ ਵਿਗਿਆਨੀ ਪ੍ਰਯੋਗਸ਼ਾਲਾ ਵਿੱਚ ਜਾ ਕੇ ਸਹੀ ਤੱਥ ਲਭ ਕੇ ਲੋਕਾਂ ਸਾਹਮਣੇ ਰੱਖਦੇ ਹਨ ਏਸੇ ਤਰ੍ਹਾਂ ਇਤਿਹਾਸ ਨੂੰ ਸਮਝਣ ਲਈ ਉਸ ਸਮੇਂ ਦੇ ਹਾਲਾਤ ਨੂੰ ਸਮਝ ਕੇ ਸਹੀ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ। ਭਾਈ ਹਰਜਿੰਦਰ ਸਿੰਘ ਜੀ ਸਭਰਾਅ ਇਤਿਹਾਸ ਦੇ ਡੂੰਘੇ ਖੋਜੀ ਹਨ ਉਹ ਇੱਕ ਗੱਲ ਅਕਸਰ ਕਰਦੇ ਹਨ ਕਿ ਸਾਖੀਆਂ ਵਿਚੋਂ ਸਬੰਧਿਤ ਨਾਮ ਤੇ ਅਸਥਾਨ ਲੈ ਲਓ ਬਾਕੀ ਇਤਿਹਾਸ ਵਿੱਚ ਵਾਪਰੀ ਘਟਨਾਂ ਸਾਨੂੰ ਗੁਰਬਾਣੀ ਅਨੁਸਾਰ ਪੇਸ਼ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਦੀਆਂ ਗਹਿਰਾਈਆਂ ਨੂੰ ਸਮਝਣ ਲਈ ਗੁਰਬਾਣੀ ਸਿਧਾਂਤ ਨੂੰ ਮੁੱਖ ਰੱਖਣਾ ਚਾਹੀਦਾ ਹੈ।
ਲੰਗਰ ਛੱਕ ਕੇ ਅਸੀਂ ਬਾਹਰ ਲੱਗੇ ਹੋਏ ਤੰਬੂ ਥੱਲੇ ਬੈਠ ਕੇ ਇਸ ਅਸਥਾਨ ਨੂੰ ਦੇਖ ਰਹੇ ਸੀ ਕਿ ਏੱਥੇ ਗੁਰੂ ਸਾਹਿਬ ਜੀ ਵਿਦਵਾਨ ਸਾਧੂਆਂ ਨਾਲ ਵਿਚਾਰ ਚਰਚਾ ਕੀਤੀ ਤੇ ਆਪਣੇ ਦਸਵੰਦ ਵਿਚੋਂ ਲੰਗਰ ਛਕਾਇਆ। ਮੇਰਾ ਖਿਆਲ ਹੈ ਕਿ ਗੁਰੂ ਸਾਹਿਬ ਜੀ ਜਦੋਂ ਵੀ ਏੱਥੇ ਵਪਾਰ ਕਰਨ ਲਈ ਸੌਦਾ ਲੈਣ ਆਉਂਦੇ ਹੋਣਗੇ ਓਦੋਂ ਏਸੇ ਅਸਥਾਨ `ਤੇ ਲੰਗਰ ਵੀ ਚਲਦਾ ਹੋਏਗਾ। ਪੁਰਾਣੇ ਸਮਿਆਂ ਵਿੱਚ ਲੰਗਰ ਲੋਕ ਆਪਣੇ ਘਰਾਂ ਤੋਂ ਬਣਾ ਕੇ ਹੀ ਲਿਜਾਂਦੇ ਸਨ। ਸ਼ਹਿਰਾਂ ਵਿੱਚ ਕੁੱਝ ਥਾਂਵਾਂ ਅਜੇਹੀਆਂ ਹੁੰਦੀਆਂ ਸਨ ਜਿੱਥੇ ਯਾਤਰੂ ਬੈਠ ਕੇ ਲੰਗਰ ਛੱਕਦੇ ਸਨ। ਅੱਜ ਕਲ੍ਹ ਤਾਂ ਹਰ ਥਾਂ ਢਾਬਿਆਂ ਨੇ ਲੈ ਲਈ ਹੈ।
ਸੁਰੱਖਿਆ ਦਾ ਬਹੁਤ ਹੀ ਪੁਖਤਾ ਪ੍ਰਬੰਧ ਕੀਤਾ ਹੋਇਆ ਸੀ ਅਸੀਂ ਬਾਹਰ ਨਹੀਂ ਜਾ ਸਕਦੇ ਸੀ। ਮੇਰਾ ਖਿਆਲ ਹੈ ਕਿ ਇਹ ਵਧੀਆ ਸੀ ਨਹੀਂ ਤਾਂ ਸੰਗਤ ਦੇ ਕਈਆਂ ਯਾਤਰੂਆਂ ਨੂੰ ਲੱਭਦਿਆਂ ਲੱਭਦਿਆਂ ਹੀ ਸਮਾਂ ਨਿਕਲ ਜਾਣਾ ਸੀ। ਇੱਕ ਯਾਤਰੂ ਉਡੀਕਦਿਆਂ ਉਡੀਕਦਿਆਂ ਸ਼ਾਮਾਂ ਪੈ ਜਾਣੀਆਂ ਸਨ।
ਹੱਥ ਵਾਲੇ ਸਪੀਕਰ ਤੋਂ ਅਵਾਜ਼ ਆਈ ਕਿ ਭਈ ਸਾਰੇ ਯਾਤਰੂ ਅਗਲੇ ਪੜਾਅ ਲਈ ਗੇਟ ਵਲ ਨੂੰ ਆਉਣ ਦੀ ਕ੍ਰਿਪਾਲਤਾ ਕਰਨ ਜੀ। ਸਮਾਨ ਕਿਸੇ ਦੇ ਹੱਥ ਵਿੱਚ ਕੋਈ ਨਹੀਂ ਸੀ। ਸਾਰੇ ਯਾਤਰੂ ਗੱਡੀਆਂ ਦਾ ਇੰਤਜ਼ਾਰ ਕਰਨ ਲਈ ਗੇਟ ਤੇ ਪਹੁੰਚ ਗਏ। ਇਹ ਇੱਕ ਛੋਟਾ ਜੇਹਾ ਪੜਾਅ ਸੀ। ਏੱਥੋਂ ਅਸੀਂ ਪੰਜਾ ਸਾਹਿਬ ਵਲ ਨੂੰ ਰਵਾਨਗੀ ਲੈਣੀ ਸੀ। ਪਾਕਿਸਾਤਨੀ ਅਫ਼ਸਰ ਆਪਣੇ ਹਿਸਾਬ ਨਾਲ ਯਾਤਰੂਆਂ ਦੀ ਗਿਣਤੀ ਕਰਦੇ ਸਨ। ਜਦੋਂ ਉਹਨਾਂ ਨੂੰ ਪੂਰੀ ਤਸੱਲੀ ਹੋ ਜਾਂਦੀ ਸੀ ਤਾਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਪੂਰੀ ਹਰਕਤ ਵਿੱਚ ਆ ਜਾਦੀਆਂ ਸਨ। ਚੌਂਕਾਂ ਵਿੱਚ ਖੜੇ ਸਿਪਾਹੀ ਸਾਰੀ ਅਵਾਜਾਈ ਨੂੰ ਰੋਕ ਕੇ ਪਹਿਲ ਦੇ ਅਧਾਰ `ਤੇ ਸਾਨੂੰ ਪਹਿਲਾਂ ਤੋਰਿਆ ਜਾਂਦਾ ਸੀ। ਵਿੰਗੀਆਂ ਟੇਢੀਆਂ ਸੜਕਾਂ ਦਾ ਪੰਧ ਮੁਕਾ ਕੇ ਇੱਕ ਵਧੀਆ `ਤੇ ਸਾਫ਼ ਸੁਥਰੀ ਸੜਕ `ਤੇ ਪੈਂਦਿਆਂ ਹੀ ਸਾਡੀਆਂ ਗੱਡੀਆਂ ਨੇ ਸਪੀਡ ਫੜਨੀ ਸ਼ੁਰੂ ਕੀਤੀ। ਦੇਖਦਿਆਂ ਦੇਖਦਿਆਂ ਸਾਡੀਆਂ ਗੱਡੀਆਂ ਹਵਾ ਨਾਲ ਗੱਲਾਂ ਕਰਨ ਲੱਗ ਪਈਆਂ। ਸੜਕ ਦੇ ਦਰੱਖਤ ਪਿੱਛੇ ਨੂੰ ਭੱਜ ਰਹੇ ਸਨ ਤੇ ਅਸੀਂ ਅੱਗੇ ਨੂੰ–

Leave a Reply