Saturday, November 28, 2020
Home > Articles > ਪੰਥ ਦਰਦੀਓ ਸੁਣੋ!ਸੁਣੋ!ਪੰਥ ਦੇ ਬੇੜਾ ਗਰਕਣ ਦੇ ਕਾਰਣ

ਪੰਥ ਦਰਦੀਓ ਸੁਣੋ!ਸੁਣੋ!ਪੰਥ ਦੇ ਬੇੜਾ ਗਰਕਣ ਦੇ ਕਾਰਣ

(ਪ੍ਰੋ:ਸੁਖਵਿੰਦਰ ਸਿੰਘ ਦਦੇਹਰ)

ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥

ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥

ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥1॥
ਅਰਥ:- ਕੰਗਾਲ ਦਾ ਨਾਮ ਬਾਦਸ਼ਾਹ ਰੱਖਿਆ ਜਾਂਦਾ ਹੈ, ਮੂਰਖ ਦਾ ਪੰਡਿਤ ਨਾਮ ਪਾਇਆ ਜਾਂਦਾ ਹੈ, ਅੰਨ੍ਹੇ ਨੂੰ ਪਾਰਖੂ ਆਖਿਆ ਜਾਂਦਾ ਹੈ ਬੱਸ! ਜਗਤ ਇਸ ਤਰ੍ਹਾਂ ਦੀਆਂ ੳੁੱਲਟੀਆਂ ਗੱਲਾਂ ਕਰਦਾ ਹੈ। ਸ਼ਰਾਰਤ ਕਰਨ ਵਾਲੇ ਦਾ ਨਾਮ ਚੌਧਰੀ ਪੈ ਜਾਂਦਾ ਹੈ ਤੇ ਝੂਠੀ ਜਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ। ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ ਭਾਵ, ਜਿੱਥੇ ਇਹ ਰਵਈਆ ਵਰਤਦਾ ਹੈ ਓਥੇ ਕਲਿਯੁੱਗ ਦਾ ਪਹਰਾ ਜਾਣੋ । ਪਰ, ਗੁਰੂ ਦੇ ਸਨਮੁੱਖ ਹੋਇਆਂ ਹੀ ਇਹ ਸਮਝ ਪੈਂਦੀ ਹੈ ਕਿ ਇਹ ਵਤੀਰਾ ਮਾੜਾ ਹੈ। ਮਨ ਦੇ ਪਿੱਛੇ ਤੁੱਰਨ ਵਾਲੇ ਲੋਕ ਇਸ ਰਵੱਈਏ ਦੇ ਆਦੀ ਹੋਏ ਰਹਿੰਦੇ ਹਨ ।
ਜਦੋਂ ਕਿਸੇ ਵੀ ਕੰਮ ਦੀ ਅਤਿ ਹੋ ਜਾਵੇ ਤਾਂ ਲੋਕ ਆਪ ਮੁਹਾਰੇ ਹੀ ਕਹਿਣ ਲੱਗ ਜਾਂਦੇ ਹਨ ਭਈ ਕਲਯੁੱਗ ਆ ਗਿਆ।ਵੈਸੇ ਗੁਰਬਾਣੀ, ਬ੍ਰਾਹਮਣ ਦੀ ਕਿਸੇ ਘੱੜੀ ਝੂਠੀ ਕਹਾਣੀ ਮੁਤਾਬਕ ਕਿਸੇ ਸਮੇਂ ਯੁੱਗ ਸਾਲ ਮਹੀਨੇ ਨੂੰ ਕਲਯੁੱਗ ਨਹੀਂ ਆਖਦੀ,ਸਮਾਂ ਕੋਈ ਵੀ ਮਾੜਾ ਜਾਂ ਚੰਗਾ ਨਹੀਂ ਹੈ। ਮਨੁੱਖ ਦੀ ਭੈੜੀ ਸੋਚ ਦਾ ਨਾਂ ਕਲਯੁੱਗ ਹੈ ।ਵਧੇਰੇ ਜਾਣਕਾਰੀ ਲਈ ਵੇਖੋ ਪੰਨਾ ਨੰਬਰ 902 ਵਾਲਾ ਸ਼ਬਦ :-ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥ ਸਤਿਗੁਰੂ ਜੀ ਦੀ ਬਾਣੀ ਸੱਚ ਧਰਮ ਅਤੇ ਮਨੁੱਖਤਾ ਦਾ ਘਾਣ ਕਰਨ ਵਾਲੇ ਉਸ ਹਰ ਕਰਮ ਨੂੰ ਕਲਯੁੱਗ ਆਖਦੀ ਹੈ ਤੇ ਇਹੋ ਜਿਹਾ ਕਰਮ ਕਰਨ ਵਾਲੇ ਨੂੰ ਕਲਯੁੱਗੀ ਆਖਦੀ ਹੈ।
ਸਿੱਖ ਪੰਥ ਵਿੱਚ ਤਖਤਾਂ ਦੇ ਜੱਥੇਦਰਾਂ ਅਤੇ ਸ਼੍ਰੋਮਣੀ ਕਮੇਟੀ ਨੇ ਜੋ ਧਰਮ ਦੇ ਨਾਂ ਹੇਠ ਆਪ ਹੁੱਦਰੀਆਂ ਸ਼ੁਰੂ ਕੀਤੀਆ ਹੋਈਆਂ ਹਨ ਹੁਣ ਤਾਂ ਇਹਨਾਂ ਆਪ ਹੁੱਦਰੀਆਂ ਦੀ ਅੱਤ ਹੀ ਹੋ ਗਈ ਹੈ।ਅਗਾਂਹ ਵਧੂ ਕੋਈ ਕੰਮ ਕਰਨ ਦੀ ਥਾਂ ਹਰ ਮੁਕਾਮ ਤੇ ਪਿਛਾਂਹ ਖਿੱਚੂ ਸੋਚ ਹੀ ਅਪਣਾਈ ਹੈ ।ਇਸ ਤਰੀਕੇ ਕਹਿ ਸਕਦੇ ਹਾਂ ਪੰਥ ਦਾ ਬੇੜਾ ਗਰਕ ਕਰਨ ਵਾਲੇ ਹੀ ਇਹ ਲੋਕ ਹਨ। ਇਹ ਹਮੇਸ਼ਾਂ ਹੀ “ਰਾਜੇ ਸੀਹ ਮੁਕਦਮਕੁਤੇ ॥” ਲੋਕਾਂ ਦੇ ਦੁੰਮ ਛੱਲੇ (ਪੂਸ਼ਾਂ)ਬਣਦੇ ਰਹੇ।ਲਫਾਫਾਬੋਚ ਇਸ ਜੱਥੇਦਾਰੀ ਵੱਗ ਨੇ ਕੋਈ ਉਂਗਲਾਂ ਤੇ ਗਿਣਿਆਂ ਜਾਣ ਵਾਲਾ ਕੰਮ ਵੀ ਨਹੀਂ ਕੀਤਾ।ਪੰਥ ਦਾ ਬੋਝ ਬਣ ਚੁੱਕੀ ਸ੍ਰੋਮਣੀ ਕਮੇਟੀ ਤੇ ਪੰਥ ਦੇ ਬੂਹੇ ਬਧੇ ਪੰਜੇ ਚਿੱਟੇ ਹਾਥੀ (ਜੱਥੇਦਾਰ)ਕਿਹੜਾ ਖੋਜ ਵਾਲਾ ਕੰਮ ਕਰ ਸਕੇ ਹਨ ।ਸੰਵਿਧਾਨ ਮੁਤਾਬਕ ਸੰਨ 1925 ਵਿੱਚ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ।ਪੰਥ ਦਰਦੀਓ ਆਉ ਇਹਨਾਂ ਗੁਰੁ ਦੀਆਂ ਗੋਲਕਾਂ ਤੇ ਪਲਣ ਵਾਲੇ ਲਫਾਫਾਬੋਚਾਂ ਦੇ ਵੱਗ ਨੂੰ ਕੁਝ ਸਵਾਲ ਪੁੱਛੀਏ:-
1.ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਭਾਵ ਸੰਗਤ ਨੂੰ ਸਮਝਾਉਣ ਲਈ ਅੱਜ ਤੱਕ ਕਿਹੜਾ ਟੀਕਾ ਕਰਵਾਇਆ ਜਾਂ ਛੱਪਵਾਇਆ?
2.ਮਹਾਨਕੋਸ਼ ਵਰਗਾ ਜਾਂ ਹੋਰ ਕੋਈ ਗੁਰਬਾਣੀ ਦਾ ਕੋਸ਼ ਬਣਵਾਇਆ?
3.ਗੁਰਮਤਿ ਮਾਰਤੰਡ (ਭਾਈ ਕਾਹਨ ਸਿੰਘ ਜੀ ਨਾਭਾ)ਸ਼ਬਦਾਰਥ ਚਾਰ ਪੋਥੀਆਂ (ਸੰਪਾਦਕ ਤੇਜਾ ਸਿੰਘ ਤੇ ਸਾਥੀ)ਵੀ ਇਹਨਾਂ ਨੇ
ਨਹੀਂ ਬਣਵਾਏ ਸਗੋਂ ਬਣੇ ਬਣਾਏ ਕੰਮ ਤੇ ਸਿਰਫ ਪ੍ਰਕਾਸ਼ਕ ਹੋਣ ਦੀ ਮੋਹਰ ਹੀ ਲਾਈ ਹੈ?
4.ਸਕੂਲ,ਕਾਲਜ, ਜਾਂ ਹੋਰ ਉੱਚ ਪੱਧਰ ਦੇ ਵਿੱਦਿਅਕ ਅਦਾਰੇ ਜੋ ਕੌਮੀ ਵਿਰਾਸਤ ਨੂੰ ਦੇਸ਼ ਵਿਦੇਸ਼ ਦੇ ਲੋਕਾਂ ਦੇ ਹਾਣ ਦਾ ਕਰ ਸਕਦੇ,ਇਹਨਾਂ ਲਫਾਫੇਬਾਜ ਜਥੇਦਾਰਾਂ ਦੇ ਧਿਆਨ ਵਿੱਚ ਹੀ ਨਹੀਂ।ਜਿਹੜੇ ਸ਼੍ਰੋਮਣੀ ਕਮੇਟੀ ਵਲੋਂ ਚੱਲਦੇ ਸਕੂਲਾਂ ਕਾਲਜਾਂ ਦੀ ਇਹ
ਉਦਾਹਰਨ ਦੇਣਗੇ ਉਹਨਾਂ ਵਿੱਚ ਇੰਨੀਂਕੁ ਜਿਆਦਾ ਸ਼ਿਫਾਰਸ਼ਖੋਰੀ ਦੀ ਮੈਲ ਹੈ ਕਿ ਉਹਨਾਂ ਦਾ ਵਿੱਦਿਅਕ ਪੱਧਰ ਹੀ ਕੋਈ ਨਹੀਂ।ਜੇ ਕੋਈ ਪੱਧਰ ਹੁੰਦਾ ਤਾਂ ਈਸਾਈਅਤ ਅਤੇ ਹਿੰਦੂਵਾਦ ਦਾ ਪਾਠ ਪੰਜਾਬ ਦੀ ਧਰਤੀ ਤੇ ਸਿੱਖਾਂ ਦੇ ਬੱਚੇ ਕਦੇ ਵੀ ਨਾਹ ਪੜ੍ਹਦੇ। ਮਾਪੇ ਮਜਬੂਰੀ ਵੱਸ ਗੈਰ ਸਿੱਖ ਸਕੂਲਾਂ ਵਿੱਚ ਬੱਚੇ ਪੜ੍ਹਾਉਂਦੇ ਹਨ?
5.ਮੈਡੀਕਲ ਖੇਤਰ ਦੀਆਂ ਕਰਤੂਤਾਂ ਅਖਬਾਰਾਂ ਵਿੱਚੋਂ ਹੀ ਪਤਾ ਲਗਦੀਆਂ ਹਨ।ਉਂਝ ਤਾਂ ਇਹ ਇੰਨੇ ਸੰਗ ਸ਼ਰਮ ਵਾਲੇ ਜਥੇਦਾਰ ਹਨ ਕਿ ਪਤਾ ਹੀ ਨਹੀਂ ਲਗਣ ਦਿੰਦੇ ।ਸ਼੍ਰੋਮਣੀ ਕਮੇਟੀ ਦੇ ਚਲਦੇ ਗੁਰੁ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਆਪਣੇ ਚਹੇਤਿਆਂ ਦੇ ਬੱਚੇ ਸ਼ਿਫਾਰਸ਼ੀ ਭਰਤੀ ਕੀਤੇ ਉਹ ਵੀ ਲੱਖਾਂ ਰੁਪਏ ਕਾਲਜ ਫੀਸ ਜਮਾਂ ਕਰਵਾਏ ਬਿਨਾਂ।ਗਿਆਨੀ ਦਿੱਤ ਸਿੰਘ ਜੀ ਤੋਂ ਹਾਰੇ ਹੋਏ ਆਰੀਆ ਸਮਾਜੀ ਦਯਾ ਨੰਦ ਦੇ ਨਾਂ ਤੇ ਲੁਧਿਆਣੇ ਦਾ ਡੀ.ਐਮ.ਸੀ.ਹਸਪਤਾਲ ਅਤੇ ਉਸ ਦੇ ਨਾਂ ਹੇਠ ਚਲਦੇ ਸਕੂਲ ਡੀ.ਏ.ਵੀ. ਇਹਨਾਂ ਨੂੰ ਲਾਹਣਤਾਂ ਪਾਉਂਦੇ ਹਨ?
6.ਨਿਰੋਲ ਗੁਰਮਤਿ ਅਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਪੰਥਕ ਸੋਚ ਰੱਖਣ ਵਾਲੇ ਗ੍ਰੰਥੀ ਪ੍ਰਚਾਰਕ ਇਹ ਕੌਮ ਨੂੰ ਨਹੀਂ ਦੇ ਸਕੇ।ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਅਤੇ ਇੱਕ ਦੋ ਹੋਰ ਮਿਸ਼ਨਰੀ ਸਕੂਲ ਡੇਰਾਵਾਦੀ ਸ਼ਿਫਾਰਸ਼ੀ ਸੋਚ ਭਾਰੂ ਹੋਣ ਕਾਰਣ ਬੁਰੀ ਤਰਾਂ ਬਿਮਾਰ ਹਨ। ਅੱਜ ਤੱਕ ਕਿੰਨੇ ਪੰਥਕ ਵਿਦਵਾਨਾਂ ਨੂੰ ਉਤਸ਼ਾਹਤ ਕੀਤਾ ਹੈ ਕੇਵਲ ਉਂਗਲਾਂ ਤੇ ਗਿਣੇ ਜਾਣ ਜੋਗੇ ਵੀ ਨਹੀਂ।ਗ੍ਰੰਥੀ ਤੇ ਜੱਥੇਦਾਰ ਤਾਂ ਅਜੇ ਤੱਕ ਵੀ ਡੇਰਿਆਂ ਦੇ ਹੀ ਥਾਲੀ ਚੱਟ ਹਨ।ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ।
7.ਕੋਈ ਅਖਬਾਰ ਜਾਂ ਟੀਵੀ ਚੈਨਲ ਵੀ ਪੰਥਕ ਸੋਚ ਵਾਲਾ ਨਹੀਂ ਚੱਲਾ ਸਕੇ।ਕਰੋੜਾਂ ਦਾ ਬਜਟ ਚੋਲਿਆਂ ਕਛਿਹਰਿਆਂ ਗੋਗੜਾਂ ਦੀ ਘੁੰਮਣਘੇਰੀ ਵਿੱਚ ੳੁੱਲਝਾ ਦਿੰਦੇ ਹਨ ਹੋਰ ਤਾਂ ਕਿਤੇ ਨਜ਼ਰ ਨਹੀਂ ਆਉਂਦਾ।ਹਿੰਦੀ ਭਾਸ਼ਾ ਦਾ ਬੋਲ ਬਾਲਾ ਕਰਨ ਦੀ ਮਨਸ਼ਾ ਨਾਲ ਧੱੜਾ ਧੱੜ ਵੰਨ ਸਵੰਨੇ ਹਿੰਦੀ ਅਖਬਾਰ ਆਪੋ ਆਪਣੀਆਂ ਤੂਤੀਆਂ ਵੱਜਾ ਰਹੇ ਹਨ।ਕੁੱਝ ਭੁੱਲੜ ਮਾਂ ਬੋਲੀ ਪੰਜਾਬੀ ਤਿਆਗ ਕੇ ਹਿੰਦੀ ਦੀ ਤੂਤੀ ਅੱਗੇ ਮੱਸਤ ਹਨ ਤੇ ਹੋਰ ਹੋ ਰਹੇ ਹਨ।ਪਰ ਇਹਨਾਂ ਜੱਥੇਦਾਰਾਂ ਦੀ ਮੱਤ ਤਾਂ ਗੋਲਕਾਂ ਦੇ ਧਾਨ ਨੇ ਭਰਿੱਸ਼ਟ ਕਰ ਦਿੱਤੀ ਲੱਗਦੀ ਹੈ।
8.ਜਿੰਨਾਂ ਪੈਸਾ ਸ਼੍ਰੋਮਣੀ ਕਮੇਟੀ ਕੋਲ ਹੈ ਇਸ ਨਾਲ ਤਾਂ ਘਰ ਘਰ ਹਰ ਪਿੰਡ ਸ਼ਹਿਰ ਗੁਟਕੇ ਪੋਥੀਆਂ ਹੋਰ ਸਿੱਖ ਸਹਿਤ ਪਹੁੰਚਾਉਂਦੇ।ਦੂਜੀਆਂ ਭਸ਼ਾਵਾਂ ਵਿੱਚ ਸਿੱਖ ਸਹਿਤ ਪਹੁੰਚਾਉਂਦੇ।ਕਿੰਨੀ ਵੱਡੀ ਬੇਵਕੂਫੀ ਹੈ ਭਾਸ਼ਾ ਦੇ ਅਧਾਰਤ ਸੂਬਾ ਤਾਂ 1966ਵਿੱਚ ਲੰਗੜਾ ਲੂਲਾ ਬਣਵਾ ਲਿਆ ਪਰ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ 2008 ਵਿੱਚ ਦੇ ਰਹੇ ਹਨ।
9.ਇਹ ਜਥੇਦਾਰੀ ਦੇ ਵੰਝ ਤੇ ਚੜੇ ਬੈਠੇ ਲੋਕ, ਬਾਕੀ ਲੋਕਾਂ ਨੂੰ ਤਾਂ ਕੀ ਸਿੱਖੀ ਸਮਝਾਉਣਗੇ ,ਇਹ ਤਾਂ ਆਪ ਵੀ ਸਿੱਖੀ ਸਿਧਾਂਤਾਂ ਤੋਂ ਬਿਲਕੁੱਲ ਕੋਰੇ ਹਨ।ਸਾਧਾਂ ਦੀਆਂ ਲੱਤਾਂ ਘੁੱਟਦਿਆਂ ਘੁੱਟਦਿਆਂ ਇਹ ਸਿੱਖ ਬਣ ਗਏ। ਇਸੇ ਤਰਾਂ ਚਰਨਾਂ ਤੇ ਝੁੱਕੇ ਰਹਿਣ ਵਾਲੀ ਆਦਤ ਨੇ ਪੰਥ ਦੀਆਂ ਵੱਡੀਆਂ ਪੱਦਵੀਆਂ ਦਿਵਾ ਦਿੱਤੀਆਂ, ਹੋਰ ਕਿਸੇ ਯੋਗਤਾ ਨਾਲ ਤਾਂ ਜੱਥੇਦਾਰੀ ਮਿਲਦੀ ਨਹੀਂ।ਕਮੇਟੀ ਦੇ ਬਹੁਤੇ ਮੁਲਾਜਮ ਸਿੱਖੀ ਦਾ ੳ,ਅ ਵੀ ਨਹੀ ਜਾਣਦੇ।ਕੀ ਮੁਲਾਜਮਾਂ ਨੂੰ ਕਲਾਸਾਂ ਲਾ ਕੇ ਸਿੱਖੀ ਦੇ ਅਸੂਲ ਸਮਝਾਏ ਨਹੀਂ ਜਾ ਸਕਦੇ।ਪਰ ਸੇਵਾਦਰਾਂ ਦੇ ਸਵਾਲਾਂ ਦੇ ਜਵਾਬ ਕੌਣ ਦੇਵੇਗਾ।ਜੇ ਸਮਝਾਉਣ ਯੋਗ ਹੁੰਦੇ ਤਾਂ ਸ਼ਰਧਾਲੂ ਸੰਗਤ ਨਾਲ ਮਾੜੇ ਵਰਤਾਉ ਦੀਆਂ ਖਬਰਾਂ ਨਾਂ ਛੱਪਦੀਆਂ।
10.ਗੁਰਦਵਾਰਿਆਂ ਦੀ ਮਰਿਯਾਦਾ ਇਕ ਸਾਰ ਨਹੀਂ ਕਰ ਸਕੇ।ਦਰੱਖਤਾਂ ਥੱੜਿਆਂ ਦੀ ਪੂਜਾ ਆਪਣੇ ਹੀ ਪ੍ਰਬੰਧ ਹੇਠਲੇ ਗੁਰਦਵਾਰਿਆਂ ਵਿੱਚੋਂ ਬੰਦ ਨਹੀਂ ਕਰਵਾ ਸਕੇ।ਦਸਮ ਗ੍ਰੰਥ,ਰਾਗਮਾਲਾ,ਵੱਖੋ ਵੱਖ ਢੋਲਕੀ ਕੁੱਟੀ ਜਾਂਦੀਆਂ ਨਿੱਕੀਆਂ ਮੋਟੀਆਂ ਜਥੇਬੰਦੀਆਂ ਦੇ ਕਈ ਮੱਤਭੇਦ ਜਿਵੇਂ ਕਕਾਰਾਂ ਤੇ,ਮੂਲ ਮੰਤਰ ਤੇ,ਖੰਡੇ ਕੀ ਪਾਹੁਲ ਤੇ,ਅਖੰਡ ਪਾਠ ਤੇ ,ਆਦਿਕ ਇਹ ਕਿਸ ਨੇ ਨਿਵਿਰਤ ਕਰਨੇ ਹਨ ।ਹੁਣ ਗੁਰਸਿੱਖੋ ! ਜਰਾ ਗੌਰ ਨਾਲ ਸੋਚੋ ਇਹਨਾਂ ਪੰਜਾਂ ਜਥੇਦਾਰਾਂ ਦੇ ਪ੍ਰਚਾਰ ਨਾਲ ਕਿੰਨੇ ਲੋਕ ਸਿੱਖ ਬਣੇ ਹਨ ਜਾਂ ਕਿੰਨਿਆਂ ਲੋਕਾਂ ਦੇ ਸ਼ੰਕਿਆਂ ਦਾ ਸਮਾਧਾਨ ਕਰ ਸਕੇ ਹਨ।
ਕੀ ਇਹ ਜੱਥੇਦਾਰ ਕੇਵਲ ਵੱਡੇ ਵੱਡੇ ਕਛਿਹਰਿਆਂ,ਚੋਲਿਆਂ,ਪੱਗਾਂ ਦਾ ਕੱਪੜਾ ਖਰਾਬ ਕਰਨ ਲਈ ਹੀ ਬਣਦੇ ਹਨ।ਜਥੇਦਾਰੋ ਸ਼ਰਮ ਕਰੋ, ਕਿਵੇਂ ਕੌਮ ਦਾ ਦੇਣਾ ਦਿਓਗ,ੇ ਜਰਾ ਅਪਣੀ ਜਮੀਰ ਨੂੰ ਪੁੱਛ ਕੇ ਵੇਖੋ।ਜਥੇਦਾਰੋ ਤੁਹਾਡੀਆਂ ਗੱਡੀਆਂ ਵਿੱਚ ਤੇਲ ਨਹੀਂ ਮੱਚਦਾ ਸਿੱਖਾਂ ਦੀ ਮਿਹਨਤ ਦਾ ਖੂਨ ਪਸੀਨਾ ਮੱਚਦਾ ਹੈ।ਜਥੇਦਾਰੋ ਤੁਹਾਡੇ ਸਰੀਰ ਤੇ ਪਾਏ ਹੋਏ ਚੋਲੇ ਕਛਿਹਰੇ ਕੱਪੜੇ ਦੇ ਨਹੀਂ ਸਿੱਖਾਂ ਦੀ ਚੱਮੜੀ ਦੇ ਹਨ, ਭਾਵ ਹੱਡ ਭੰਨਵੀਂ ਮਿਹਨਤ ਦੇ ਹਨ।ਜਰਾ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ ਵਿੱਚ ਬਹਿ ਕੇ ਸੋਚਿਓ ਕਿ ਸਾਡਾ ਕਿਹੜਾ ਕਰਮ ਗੁਰਬਾਣੀ ਨਾਲ ਮੇਲ ਖਾਂਦਾ ਹੈ।
ਮੈਂ ਐਂਵੇ ਸਿਰ ਮੱਥਾ ਮਾਰ ਰਿਹਾ ਹਾਂ ਇਹਨਾਂ ਬਜਾਰੋਂ ਮੁੱਲ ਖਰੀਦੇ ਹੋਏ ਬੇਜਾਨ ਖਿਡੌਣਿਆਂ ਨਾਲ ।ਇਹ ਤਾਂ ਵਿਚਾਰੇ ਕਿਸੇ ਦੇ ਟਿਕਾਏ ਹੋਏ ਟਿੱਕੇ ਹਨ, ਕਿਸੇ ਦੇ ਚਾਬੀ ਭਰਨ ਤੇ ਮਾੜਾ ਮੋਟਾ ਮਨੋਰੰਜਨ ਕਰ ਦਿੰਦੇ ਹਨ ਕਦੀ ਕਦੀ ।ਇਹੋ ਜਿਹੇ ਤਾਂ ਪਹਿਲਾਂ ਵੀ ਅਮੀਰ ਮਾਲਕਾਂ ਨੇ ਕਈ ਖਰੀਦੇ ਕੁੱਝ ਦਿਨ ਚਲਾਏ ਤੇ ਮਨਮਰਜੀ ਨਾਲ ਨਵਾਂ ਲਿਆ ਕੇ ਪਹਿਲਾ ਤੋੜ ਮਰੋੜ ਸੁੱਟਿਆ।ਖਿਡੌਣੇ ਹੀ ਕਹਾਂਗੇ ਜਦੋਂ ਇਹ ਪਦਵੀ ਦੀ ਵਰਤੋਂ ਸੁਤੰਤਰ ਸੋਚ ਨਾਲ ਨਹੀਂ ਕਰ ਸਕਦੇ,ਜੇ ਮਾਲਕਾਂ ਲੱਤ ਬਾਂਹ ਮਰੋੜ ਕੇ ਬਾਹਰ ਸੁੱਟ ਦਿੱਤਾ ਤਾਂ ਵੀ ਕੋਈ ਹਾਲ ਦੁਹਾਈ ਨਹੀਂ ਪਾਉਂਦੇ,ਫਿਰ ਬੇਜਾਨ ਹੀ ਹੋਏ।
ਹੇ ਸੱਚਿਆ ਸਤਿਗੁਰਾ !ਕੋਈ ਭਾਣਾ ਤੂੰ ਹੀ ਵਰਤਾ ਜਿਸ ਨਾਲ ਕੌਮ ਸਿੱਧੇ ਰਾਹ ਤੁਰ ਪਵੇ।ਕੌਮ ਨੂੰ ਆਗੂ ਚੁਣਨ ਵਾਲੀ ਤੁਹਾਡੀ ਪ੍ਰੇਰਨਾ ਚੇਤੇ ਆ ਜਾਵੇ।ਖੁੂਨ ਪੀਣੇ ਚਿੱਚੜਾਂ ਜੋਕਾਂ ਤੋਂ ਤੇਰੀ ਕੌਮ ਮੁਕਤ ਹੋ ਜਾਵੇ।ਹੇ ਸੱਚੇ ਸਤਿਗੁਰੂ ਜੀ!ਤੁਹਾਡੇ ਬਖਸ਼ਿਸ਼ ਹੋਏ ਉਪਰਲੇ ਸਲੋਕ ਵਿੱਚ ਜੋ ਆਪ ਜੀ ਦੇ ਮੁਬਾਰਕ ਬਚਨ ਹਨ ਇਹਨਾਂ ਦੀ ਰੌਸ਼ਨੀ ਵਿੱਚ ਵੇਖਦਿਆਂ ਤਾਂ ਸਾਫ ਦਿੱਸਦਾ ਹੈ ਕਿ ਤੁਹਾਡੇ ਬਹੁੜੀ ਕੀਤੇ ਬਿਨਾਂ ਇਹਨਾਂ ਚਿੱਟੇ ਹਾਥੀਆਂ ਨੇ ਕੌਮ ਪੈਰਾਂ ਹੇਠ ਰੋਲਣੋ ਹੱਟਣਾ ਨਹੀਂ।
ਕੌਮ ਸਿਧੇ ਰਾਹ ਕਿਵੇਂ ਪੈ ਜਾਵੇ ਕਿਉਂਕਿ ਜਿਨਾਂ ਨੇ ਕੌਮ ਲਈ ਕੁਝ ਕਰਨਾਂ ਸੀ ਉਹ ਤਾਂ ਸੰਗ ਸ਼ਰਮ ਚਾਹ ਬਿਸਕੁੱਟਾਂ ਨਾਲ ਹੀ ਖਾ ਗਏ ਲੱਗਦੇ ਹਨ।ਜਿਹੜਾ ਬੰਦਾ ਸਿੱਖੀ ਵਲੋਂ ਰੱਜ ਕੇ ਕੰਗਾਲ ਹੈ ਉਸ ਨੂੰ ਪ੍ਰਧਾਨ ਜੀ ਕਿਹਾ ਜਾਂਦਾ ਹੈ।ਜਿਹੜਾ ਰੱਜ ਕੇ ਮੂਰਖ ਹੈ ਉਸ ਨੂੰ ਇਹ ਕੌਮੀ ਵਿਦਵਾਨ ਆਖਦੇ ਹਨ।ਅਗਿਆਨਤਾ ਦੀ ਸ਼ਾਖਸ਼ਾਤ ਮੂਰਤਿ ਨੂੰ ਗੁਰਮਤਿ ਦਾ ਪਾਰਖੂ ਆਖਦੇ ਹਨ।ਵੱਡੇ ਸ਼ਰਾਰਤੀ ਨੂੰ ਸਲਾਹਕਾਰ ਥਾਪਦੇ ਹਨ।ਕੇਵਲ ਝੂਠ ਹੀ ਨਹੀਂ, ਸਗੋਂ ਜਿਹੜਾ ਵਿਅਕਤੀ ਝੂਠ ਦੀ ਵੀ ਮਾਂ ਅਖਵਾਵੇ ਉਸ ਨੂੰ ਇਹਨਾਂ ਦੀ ਸਭਾ ਵਿੱਚ ਵਿਸ਼ੇਸ਼ ਜਗਾ ਮਿਲਦੀ ਹੈ।ਇਹ ਕਲਯੁੱਗੀ ਵਰਤਾਰਾ ਤਾਂ ਸਤਿਗੁਰੂ ਜੀ ਦੇ ਸਨਮੁੱਖ ਹੋਇਆਂ ਹੀ ਪਤਾ ਲੱਗਦਾ ਹੈ।ਜਿੱਥੇ ਸਭ ਆਵਾ ਹੀ ਊਤਿਆ ਹੋਵੇ ਉਥੋਂ ਭਲੇ ਦੀ ਆਸ ਹੀ ਕੀ ਕੀਤੀ ਜਾ ਸਕਦੀ ਹੈ:–
ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥(ਪੰਨਾ 307)

Leave a Reply