Saturday, March 23, 2019
Home > Articles > ਰੱਖੜੀ ਇੱਕ ਭੇਡ ਚਾਲ ਹੈ ਜਾਂ? ਪ੍ਰੋ: ਸੁਖਵਿੰਦਰ ਸਿੰਘ ਦਦੇਹਰ

ਰੱਖੜੀ ਇੱਕ ਭੇਡ ਚਾਲ ਹੈ ਜਾਂ? ਪ੍ਰੋ: ਸੁਖਵਿੰਦਰ ਸਿੰਘ ਦਦੇਹਰ

ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਰੱਖੜੀ ਦਾ ਤਿਉਹਾਰ ਹਰ ਵਾਰ ਬੜੇ ਉਤਸ਼ਾਹ ਨਾਲ ਲੋਕ ਮਨਾਉਂਦੇ ਹਨ ।ਹਰ ਸਾਲ ਭੈਣਾਂ ਭਰਾਵਾਂ ਦੇ ਇਸ ਪਿਆਰ ਦੇ ਪ੍ਰਤੀਕ ਤਿਉਹਾਰ ਨੂੰ ਕਰੋੜਾਂ ਅਰਬਾਂ ਦੇ ਖਰਚੇ ਕਰਕੇ ਜੀਵਤ ਰੱਖਿਆ ਜਾ ਰਿਹਾ ਹੈ।ਭਰਾ ਹਰ ਸਾਲ ਅਪਣੀ ਭੈਣ ਕੋਲੋਂ ਗੁੱਟ ਤੇ ਰੱਖੜੀ ਬੰਨਵਾ ਕੇ ਪ੍ਰਣ ਦੁਹਰਾਉਦਾ ਹੈ ਕਿ ਮੈਂ ਤੇਰੀ ਰੱਖਿਆ ਕਰਾਂਗਾ, ਇਸ ਕਰਕੇ ਇਸ ਤਿਉਹਾਰ ਨੂੰ ਰੱਖਸ਼ਾ ਬੰਧਨ ਵੀ ਕਿਹਾ ਜਾਂਦਾ ਹੈ ।ਇਸ ਦਾ ਕੋਈ ਇਤਿਹਾਸਿਕ ਪਿਛੋਕੜ ਕੋਈ ਨਹੀਂ ਮਿਲਦਾ ।ਇਹ ਕਿਥੋਂ ਚੱਲਿਆ ਕਿਵੇਂ ਚੱਲਿਆ ਕੋਈ ਵੀ ਪੁਖਤਾ ਸਬੂਤ ਨਹੀਂ ਹੈ।ਭਾਰਤੀ ਸਮਾਜ ਵਿੱਚ ਤਾਂ ਖਾਸ ਕਰਕੇ ਐੈਸੇ ਘੱਸੇ ਪਿੱਟੇ ਰਸਮਾਂ ਰਿਵਾਜ ਤੇ ਤਿਉਹਾਰ ਹਨ ਜਿਨਾਂ ਦਾ ਕੋਈ ਪਿਛੋਕੜ ਜਾਂ ਸਿੱਖਿਆ ਹੈ ਹੀ ਕੋਈ ਨਹੀਂ ਹੈ।ਗੁਰੂਬਾਣੀ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਸਮਝਦਾਰ ਗਿਆਨੀ ਲੋਕ ਉਹਨਾਂ ਸਾਰੀਆਂ ਰਸਮਾਂ ਤਿਉਹਾਰਾਂ ਨੂੰ ਤਿਆਗਦਿਆਂ ਉਹਨਾਂ ਕੰਮਾਂ ਨੂੰ ਵਧੇਰੇ ਮਾਨਤਾ ਦਿੰਦੇ ਹਨ ਜਿੰਨਾ ਨਾਲ ਸਮਾਜ ਨੂੰ ਸੇਧ ਮਿਲੇ ਸਮਾਜ ਤਰੱਕੀ ਕਰੇ ।

ਰੱਖੜੀ ਜਾਂ ਰਖਸ਼ਾ ਬੰਧਨ ਦੇ ਨਾਮ ਨਾਲ ਪ੍ਰਚਿਲਿਤ ਇਹ ਤਿਉਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ,ਪਰ ਹੁਣ ਸੋਚਣ ਵਾਲੀ ਗੱਲ ਹੈ ਜਿਸ ਭੈਣ ਭਰਾ ਨੂੰ ਇਕ ਮਾਂ ਦੇ ਪੇਟ ਤੋਂ ਜਨਮ ਲੈ ਕੇ ਬਾਪ ਦੀ ਗੋਦੀ ਵਿੱਚ ਖੇਡ ਕੇ,ਬਚਪਨ ਇਕੱਠਾ ਬਤੀਤ ਕਰਦਿਆਂ ਯਕੀਨ ਨਹੀਂ ਬੱਝਾ ਉਹ ਹੁਣ ਇਕ ਧਾਗੇ ਰਾਹੀਂ ਯਕੀਨ ਬੰਨ ਰਹੇ ਹਨ ਕਿ ਅਸੀਂ ਭੈਣ ਭਰਾ ਹਾਂ।

ਚਲੋ ਇਹ ਵੀ ਮੰਨ ਲਈਏ ਕਿ ਧਾਗਾ ਬੰਨ ਕੇ ਭੈਣ ਭਰਾ ਦਾ ਪਿਆਰ ਬਣਦਾ ਹੈ ਫਿਰ ਹਰ ਸਾਲ ਇਸ ਪਰਕਿਰਿਆ ਨੂੰ ਦੁਹਰਾਉਣ ਦਾ ਮਤਲਬ ਹੈ ਕਿ ਪਿਛਲੇ ਸਾਲ ਵਾਲਾ ਪਿਆਰ ਪੁਰਾਣਾ ਹੋ ਗਿਆ ਹੈ ਹੁਣ ਇਸ ਨੂੰ ਫਿਰ ਨਵਾਂ ਕਰ ਲਈਏ ਕਿਤੇ ਭਰਾ ਇਕ ਸਾਲ ਬੀਤਣ ਤੇ ਭੁਲ ਹੀ ਨਾ ਗਿਆ ਹੋਵੇ ਨਵਾਂ ਕਰ ਲਿਆ।ਕੀ ਇਕ ਭੈਣ ਦਾ ਪਿਆਰ ਸਿਰਫ ਇਕ ਧਾਗੇ ਤੇ ਹੀ ਖੜਾ ਹੈ ?ਕੀ ਉਂਝ ਭਰਾ ਅਪਣੀ ਭੈਣ ਨਾਲ ਪਿਆਰ ਨਹੀਂ ਕਰਦਾ?ਫਿਰ ਮੰਨ ਲਉ ਭੈਣ ਕਨੇਡਾ ਅਮਰੀਕਾ ਜਾਂ ਕਿਤੇ ਹੋਰ ਦੂਰ ਦੁਰਾਡੇ ਵਿਆਹੀ ਹੈ ਤਾਂ ਭੈਣ ਨੂੰ ਮੁਸ਼ਕਲ ਪਈ ਹੈ ਸਹੁਰੇ ਘਰ, ਭਰਾ ਹੈ ਆਪਣੇ ਘਰ, ਕੀ ਸੰਭਵ ਹੈ ਕਿ ਭਰਾ ਭੈਣ ਦੀ ਇੰਨੀ ਛੇਤੀ ਮਦਦ ਕਰ ਸਕੇ ।ਦੂਜਾ, ਕੀ ਜਿਸ ਪਤੀ ਦੇ ਨਾਲ ਵਿਆਹੀ ਗਈ ਹੈ ਉਹ ਇੰਨਾ ਹੀ ਕਮਜੋਰ ਹੈ ਕਿ ਉਹ ਮਦਦ ਨਹੀਂ ਕਰ ਸਕਦਾ ਜਿਹੜਾ ਹਰ ਵਾਰ ਵੀਰ ਦੀ ਮਦਦ ਦੀ ਆਸ ਕੀਤੀ ਜਾਂਦੀ ਹੈ।

ਸਿੱਖ ਧਰਮ ਵਿੱਚ ਇਸਤਰੀ ਨੂੰ ਨਾ ਤਾਂ ਗੁਲਾਮ ਸਮਝਿਆ ਜਾਂਦਾ ਹੈ ਅਤੇ ਨਾ ਹੀ ਕਮਜੋਰ ਸਮਝਿਆ ਜਾਂਦਾ ਹੈ । ਇਸਤਰੀ ਆਪਣੀ ਇਜ਼ਤ ਦੀ ਆਪ ਰਾਖੀ ਕਰਨ ਲਈ ਸਮਰੱਥ ਹੈ ਜੇਕਰ ਇਸਤਰੀ ਸਿੱਖ ਧਰਮ ਦੇ ਅਸੂਲਾਂ ਦੀ ਪੂਰਨ ਰੂਪ ਵਿੱਚ ਪਾਲਣਾ ਕਰੇ।ਇਤਿਹਾਸ ਗਵਾਹ ਹੈ ਸਿੱਖ ਬੀਬੀਆਂ ਨੇ ਬਰਾਬਰ ਦਾ ਹਿਸਾ ਲਿਆ ਹੈ ਜੰਗਾਂ,ਸੇਵਾਵਾਂ ,ਧਰਮ ਦੇ ਪ੍ਰਚਾਰ ਪ੍ਰਸਾਰ ਲਈ। ਕਿਸੇ ਪੱਖੋਂ ਵੀ ਇਸਤਰੀ ਕਮਜੋਰ ਨਹੀਂ ਹੈ।ਪਰ ਫਿਰ ਵੀ ਇਹੋ ਜਿਹੇ ਤਿਉਹਾਰ ਜਾਂ ਰਸਮਾਂ ਵੱਡੇ ਪੱਧਰ ਤੇ ਕਿਉਂ ਹਰਮਨ ਪਿਆਰੇ ਹਨ ਜਿਨਾਂ ਰਾਹੀਂ ਗੁਲਾਮੀ ਤੇ ਕਮਜੋਰ ਦਿਖਾਉਣ ਵਾਲੇ ਲੱਛਣ ਪ੍ਰਤੱਖ ਦਿਸਦੇ ਹਨ।

ਜਿਨਾਂ ਭੈਣਾ ਦੇ ਵੀਰ ਨਹੀਂ ਹਨ ਉਹ ਇਸ ਦਿਨ ਵਿਲਕਦੀਆਂ ਜਾਂ ਨਿਰਾਸ਼ ਦੇਖੀਆਂ ਜਾ ਸਕਦੀਆਂ ਹਨ ।ਜਿਨਾਂ ਵੀਰਾਂ ਦੀ ਭੈਣ ਨਹੀਂ ਉਹ ਵੀ ਇਸ ਤਿਉਹਾਰ ਦੀ ਖੁਸ਼ੀ ਵਿੱਚ ਹਿਸਾ ਲੈਣ ਲਈ ਝੂਠੀ ਜਿਹੀ ਤਸੱਲੀ ਦਿੰਦੇ ਹੋਏ ਕੋਈ ਭੈਣ ਲੱਭਣ ਦਾ ਉਪਰਾਲਾ ਕਰਦੇ ਹਨ ।ਭਾਰਤ ਤੇ ਹਮਲਾਵਰ ਬਣ ਕੇ ਆਏ ਅਨੇਕਾਂ ਹੀ ਜਰਵਾਣਿਆਂ ਨੇ ਹਿੰਦੋਸਤਾਨ ਨੂੰ ਜਿਥੇ ਲੁਟਿਆ,ਬਰਬਾਦ ਕੀਤਾ, ਗੁਲਾਮ ਬਣਾਇਆ ,ਉਥੇ ਵਾਪਿਸ ਮੁੜਦੇ ਵਕਤ ਭਾਰਤ ਦੇ ਗਭਰੂ ਮੁਟਿਆਰਾਂ ਨੂੰ ਵੀ ਗੁਲਾਮ ਬਣਾ ਕੇ ਨਾਲ ਲੈ ਤੁਰਦੇ ਰਹੇ ਰਹੇ ਤੇ ਬਜ਼ਾਰਾਂ ਵਿੱਚ ਪਸ਼ੂਆਂ ਵਾਂਗ ਮੁੱਲ ਵੇਚਦੇ ਰਹੇ।ਗੁਰੂ ਨਾਨਕ ਜੀ ਦੇ ਗੁਰਸਿੱਖਾਂ ਨੇ ਸਿਰ ਧੜ ਦੀਆਂ ਬਾਜੀਆਂ ਲਾ ਕੇ ਇਹਨਾਂ ਜਰਵਾਣਿਆਂ ਤੋਂ ਅਨੇਕਾਂ ਧੀਆਂ ਅਤੇ ਗੱਭਰੂ ਛੁੱਡਵਾਏ ਅਤੇ ਫਿਰ ਬਾਇਜ਼ਤ ਘਰੋ ਘਰੀ ਪਹੁੰਚਾਏ।ਹੁਣ ਸਿਖਾਂ ਨੇ ਰੱਖੜੀ ਤਾਂ ਇਹਨਾਂ ਭੈਣਾ ਤੋਂ ਕੀ ਬੰਨਵਾਉਣੀ ਸੀ ਕਦੀ ਇਹ ਬੀਬੀਆਂ ਦੇਖੀਆਂ ਵੀ ਨਹੀਂ ਸੀ ।ਫਿਰ ਵੀ ਗੁਰਸਿੱਖਾਂ ਨੇ ਇਨਸਾਨੀਅਤ ਦੇ ਨਾਤੇ ਆਪਣਾ ਫਰਜ਼ ਨਿਭਾਇਆ।ਗੁਰੂ ਸਾਹਿਬਾਨ ਅਤੇ ਗੁਰਸਿਖਾਂ ਨੇ ਸਮਾਜ ਕੋਲੋਂ ਰੱਖੜੀਆਂ ਨਹੀਂ ਸੀ ਬਨਵਾਈਆਂ ਫਿਰ ਵੀ ਬੇਅੰਤ ਹੀ ਪਰਉਪਕਾਰ ਕੀਤੇ।ਚੰਗੇ ਇਨਸਾਨ ਦੇ ਸਾਹਮਣੇ ਕਿਸੇ ਵੀ ਧੀ ਭੈਣ ਨੂੰ ਕੋਈ ਵੀ ਛੋਟੀ ਵੱਡੀ ਮੁਸ਼ਕਲ ਪੈਦਾ ਹੋ ਜਾਵੇ ਕੀ ਉਹ ਇਹ ਵੇਖੇਗਾ ਕਿ ਇਸ ਨੇ ਮੈਨੂੰ ਰੱਖੜੀ ਬੱਧੀ ਹੈ ,ਜਾਂ ਉਹ ਭੈਣ ਇਸ ਤਾੱਕ ਵਿੱਚ ਬੈਠ ਜਾਏਗੀ ਕਿ ਹੁਣ ਮੇਰਾ ਭਰਾ ਹੀ ਆਵੇਗਾ ਜਿਸ ਨੂੰ ਮੈ ਰੱਖੜੀ ਬੰਨ ਕੇ ਰਾਖੀ ਦਾ ਵਚਨ ਲਿਆ ਸੀ ।ਇਕ ਹੋਰ ਵੀ ਗੱਲ ਵੀਚਾਰ ਮੰਗਦੀ ਹੈ ਕੇ ਭੈਣ ਦੀ ਰਾਖੀ ਭਰਾ ਨੇ ਕਰਨੀ ਹੈ ,ਪਰ ਕਦੀ ਨਹੀਂ ਹੋਇਆ ਕਿ ਕਦੀ ਮਾਇਆ ਜਾਂ ਹੋਰ ਪੱਖੋਂ ਤਾਕਤਵਰ ਭੈਣ ਨੇ ਵੀਰ ਕੋਲੋਂ ਰੱਖੜੀ ਅਪਣੇ ਗੁੱਟ ਤੇ ਬੰਨਵਾਈ ਹੋਵੇ ਕਿ ਕੋਈ ਗੱਲ ਨਹੀਂ ਵੀਰ ਤੇਰੀ ਰਾਖੀ ਹਰ ਪੱਖ ਤੋਂ ਮੈਂ ਕਰਾਂਗੀ ।

ਰੱਖੜੀ ਵਾਲੇ ਦਿਨ ਭਾਰਤ ਦੇ ਰਾਸ਼ਟਰਪਤੀ ,ਪ੍ਰਧਾਨ ਮੰਤਰੀ,ਸੂਬਿਆਂ ਦੇ ਮੁੱਖ ਮੰਤਰੀਆਂ,ਜੱਜਾਂ ,ਡਿਪਟੀ ਕਮਿਸ਼ਨਰਾਂ,ਪੁਲੀਸ ਅਫਸਰਾਂ ਆਦਿ ਨੂੰ ਬੜੇ ਮਾਣ ਨਾਲ ਰੱਖੜੀਆਂ ਬੰਨੀਆਂ ਜਾਂਦੀਆਂ ਹਨ।ਦੇਸ਼ ਦੀਆਂ ਕੁਝ ਧੀਆਂ ਵੱਲੋਂ ਇਹਨਾਂ ਖਾਸ ਵਿਅਕਤੀਆਂ ਨੂੰ ਜਦੋਂ ਰੱਖੜੀ ਬੰਨੀਂ ਜਾਂਦੀ ਹੈ ਤਾਂ ਇਸ ਵਕਤ ਇਹਨਾਂ ਖਾਸ ਵਿਅਕਤੀਆਂ ਵਲੋਂ ਪੂਰੇ ਦੇਸ਼ ਦੀਆਂ ਧੀਆਂ ਦੀ ਰਾਖੀ ਦੀ ਜਿਮੇਵਾਰੀ ਦਾ ਪ੍ਰਤੀਕ ਸਮਝੀ ਜਾਂਦੀ ਹੈ ।ਹੁਣ ਦੇਖਿਆ ਜਾਵੇ ਤਾਂ ਭਾਰਤ ਵਿੱਚ ਇੱਕ ਮੋਟੇ ਜਿਹੇ ਅੰਕੜੇ ਮੁਤਾਬਿਕ 15 ਲੱਖ ਤੋਂ ਜਿਅਦਾ ਵੇਸ਼ਵਾਵਾਂ ਹਨ ।ਇਹਨਾਂ ਦੀ ਰਾਖੀ ਕੌਣ ਕਰੇਗਾ ।ਅਨੇਕਾਂ ਹੀ ਐੈਸੇ ਕੇਸ ਸਾਹਮਣੇ ਆ ਚੁੱਕੇ ਹਨ ਜਿਨਾਂ ਵਿੱਚ ਉਚ ਅਧਿਕਾਰੀ ਤੇ ਇਹੀ ਲੀਡਰ ਖੇਹ ਖਰਾਬੀਆਂ ਕਰਦੇ ਨਜ਼ਰ ਆਏ ਹਨ ।ਰੱਖੜੀਆਂ ਦਾ ਹੇਜ ਰੱਖਣ ਵਾਲਿਆਂ ਨੇ ਜਿਨੀ ਭਰੂਣ ਹੱਤਿਆ ਕੀਤੀ ਹੈ ਉਹ ਕਿਸੇ ਤੋਂ ਛਿਪੀ ਨਹੀਂ,ਦਾਜ ਦੇ ਬਦਲੇ ਅਨੇਕਾਂ ਮਸੂਮ ਧੀਆਂ ਦਾ ਸਾੜ ਫੁਕ ਕੇ ਕਤਲ ਕਰ ਦੇਣ ਵਾਲੇ ਕਿਸੇ ਤੋਂ ਛਿਪੇ ਨਹੀਂ ਹਨ ।ਭੈਣਾਂ ਵੱਲੋਂ ਜਾਇਦਾਦਾਂ ਮੰਗਣ ਦੇ ਬਦਲੇ ਪਏ ਝਗੜਿਆਂ ਕਾਰਨ ਰੱਖਸ਼ਾ ਬੰਧਨ ਅਦਾਲਤਾਂ ਦੀ ਧੂੜ ਚਟਦਾ ਫਿਰਦਾ ਹੈ।ਅਸੀਂ ਤਾਂ ਗੁਰਬਾਣੀ ਅਨੁਸਾਰ ਚੱਲਣ ਦਾ ਪ੍ਰਣ ਕਰਨਾ ਹੈ ਤੇ ਸਭ ਧੀਆਂ ਭੇਣਾਂ ਨੂੰ ਆਪਣੀਆਂ ਧੀਆਂ ਭੇਣਾ ਹੀ ਸਮਝਣਾ ਹੈ।ਇਹ ਨਹੀਂ ਕਿ ਜਿਸ ਨੇ ਸਾਨੂੰ ਰੱਖੜੀ ਬੱਧੀ ਹੈ ਉਸ ਦੀ ਇਜ਼ਤ ਪੱਤ ਦੇ ਅਸੀਂ ਰਾਖੇ ਹਾਂ ਤੇ ਦੂਜੀ ਦੀ ਪੱਤ ਰੋਲਣ ਦਾ ਸਾਨੂੰ ਅਧਿਕਾਰ ਹੈ?

ਜਿਵੇਂ ਸਮਾਜ ਦੀ ਧਾਰਨਾਂ ਹੈ ਕੁਝ ਸਮੇਂ ਲਈ ਮੰਨ ਲਉ ਕਿ ਰੱਖੜੀ ਭੈਣ ਭਰਾ ਦੇ ਪਿਆਰ ਦਾ ਤਿਉਹਾਰ ਹੈ ਚਲੋ ਮੰਨ ਲੈਂਦੇ ਹਾਂ ਪਰ ਭਾਰਤੀ ਸਮਾਜ ਤਾਂ ਇਥੇ ਵੀ ਨਹੀਂ ਰੁਕਿਆ ਟਰੈਕਟਰ ਦੇ ਰੱਖੜੀ,ਬੰਬੀ ਦੇ ਰੱਖੜੀ,ਸਾਈਕਲ ਦੇ ਹੈਂਡਲ ਨਾਲ ਰੱਖੜੀ,ਬਲਦ ਦੇ ਸਿੰਗ ਨਾਲ,ਝੋਟੇ ਦੇ ਸਿੰਗ ਨਾਲ,ਕੁਤਿਆਂ ਦੇ ਗਲਾਂ ਵਿੱਚ, ਦਰਖਤਾਂ ਜੰਡਾਂ ਨਾਲ,ਝੰਡੇ ਨਾਲ ,ਪੀੜੇ ਨਾਲ,ਜੰਗਲੇ ਨਾਲ ਹੋਰ ਪਤਾ ਨਹੀਂ ਕਿਥੇ ਕਿਥੇ ……..ਓ ਹੋ ਵਿਚਾਰੀ ਰੱਖੜੀ ਚ ਚ ਚ ਚ ਚ ਚ ।(ਨੋਟ:-ਗੁਰਦੁਆਰੇ ਲੱਕੜ ਦੇ ਪੀੜੇ ਦੇ ਪਾਵੇ ਨਾਲ ਰੱਖੜੀ ਬੰਨ ਕੇ ਕੀ ਅਸੀਂ ਇਹ ਸਮਝਦੇ ਹਾਂ ਕਿ ਗੁਰੂ ਸਹਿਬ ਦੇ ਰੱਖੜੀ ਬੰਨ ਦਿਤੀ ਹੈ,ਉਸੇ ਹੀ ਪਾਵੇ ਨੂੰ ਦੂਜਾ ਕੋਈ ਚਰਨ ਸਮਝ ਕੇ ਘੁੱਟ ਰਿਹਾ ਹੁੰਦਾ ਹੈ।ਹੁਣ ਫੈਸਲਾ ਕਰੋ ਕਿ ਜਾਂ ਤਾਂ ਅਸਾਂ ਰੱਖੜੀ ਗਿੱਟੇ ਨਾਲ ਬੰਨ ਦਿਤੀ ਹੈ ਜਾਂ ਦੂਜਾ ਕੋਈ ਗੋਡੇ ਘੁੱਟਣ ਦੀ ਥਾਂ ਗੁੱਟ ਦਬਾ ਰਿਹਾ ਹੈ। ਫਿਰ ਕੀ ਗੁਰੂ ਦੇ ਚਰਨ ਜਾਂ ਗੁੱਟ ਲੱਕੜ ਦੇ ਹਨ,ਜਰਾ ਸੋਚੋ ਜੀ।ਇਸੇ ਤਰਾਂ ਬਾਕੀ ਜੋ ਹੋਰ ਉਪਰੋਕਤ ਹਨ ਉਹਨਾਂ ਦੇ ਗੁਟਾਂ ਗੋਡਿਆ ਗਿਟਿਆਂ ਬਾਰੇ ਸੋਚ ਲਈਏ ਕਿ ਇਕ ਦਰਖਤ ਦਾ ਗੁਟ ਕਿਥੇ ਹੈ ਕੁੱਤੇ ਦੇ ਗਲ ਦੀ ਥਾਂ ਗੁਟ ਤੇ ਬੰਨੀ ਜਾਏ ਬਾਕੀ ਪਸ਼ੂਆਂ ਤੇ ਹੋਰਨਾਂ ਬਾਰੇ ਵੀ ਜਰੂਰ ਸੋਚਿਆ ਜਾਏ।)

ਰੱਖੜੀ ਦੀ ਉਹ ਦੁਰਦਸ਼ਾ ਕੀਤੀ ਕਿ ਰੱਖੜੀ ਰੱਖੜੀ ਨਾ ਰਹਿ ਕੇ,ਕੁਰਾਹੇ ਤੁਰਦੀ ਹੋਈ ਹੁਣ ਪਖੰਡ ਦੇ ਸਭ ਹੱਦਾਂ ਬੰਨੇ ਹੀ ਟੱਪ ਗਈ ਹੈ ।ਭੈਣਾ ਧੀਆਂ ਕਮਜੋਰ ਗੁਲਾਮ ਤੇ ਮੰਗਣ ਵਾਲੀ ਹਾਲਤ ਵਿੱਚੋਂ ਆਪ ਵੀ ਨਹੀਂ ਬਾਹਰ ਆਉਣਾਂ ਚਾਹੁੰਦੀਆਂ ਆਪ ਹੀ ਇਸ ਮਾੜੀ ਹਾਲਤ ਦੀ ਦੱਬ ਕੇ ਹਮਾਇਤ ਕਰਦੀਆਂ ਹਨ ਤੇ ਇਹੀ ਕਰਮ ਜਾਰੀ ਰੱਖਣ ਦੀ ਜਿਦ ਕਰਦੀਆਂ ਹਨ ।

ਦੂਜਾ ਕਾਰਨ ਵੀ ਬਹੁਤ ਜਿਆਦਾ ਧਿਆਨ ਮੰਗਦਾ ਹੈ ਜਿਥੇ ਸਾਡੀ ਅਗਿਆਨਤਾ ਇਸ ਰੂੜੀ ਵਾਦੀ ਸੋਚ ਵਿੱਚੋਂ ਬਾਹਰ ਆਉਣ ਲਈ ਤਿਆਰ ਨਹੀਂ ਹੈ ਉਥੇ ਇਸ ਦੇ ਪਿਛੇ ਖੜਾ ਕਰੋੜਾਂ ਅਰਬਾਂ ਦਾ ਵਪਾਰ ਵੀ ਕਿਸੇ ਪੲਸੇ ਨਹੀਂ ਲਗਣ ਦਿੰਦਾ।ਪਹਿਲਾਂ ਤਾਂ ਰੱਖੜੀ ਬਣਾਉਣ ਵਾਲਿਆਂ ਦਾ ਰੋਜਗਾਰ,ਫਿਰ ਦੁਕਾਨਾਂ ਵਾਲੇ,ਫਿਰ ਲੱਡੂ ਬਰਫੀ ਵਾਲੇ,ਟੀ ਵੀ ਫਰਿਜਾਂ ਵਾਲੇ,ਕਪੜੇ ਗਹਿਣੇ ਵਾਲੇ ,ਫਿਰ ਹੁਣ ਭੈਣ ਨੇ ਲੈ ਕੇ ਜਾਣਾ ਹੈ ਪਹਿਲਾਂ ਰਿਕਸ਼ੇ ਵਾਲਾ,ਬੱਸਾਂ ਵਾਲੇ ,ਟੈਂਪੂਆਂ ਵਾਲੇ,ਅਤੇ ਹੋਰ ਹੋਰ……

ਹੁਣ ਜਿਸ ਚੀਜ ਦੇ ਪਿਛੇ ਇੰਨਾਂ ਵੱਡਾ ਵਪਾਰ ਵੀ ਖੜਾ ਹੋਵੇ ਫਿਰ ਸਾਡੀ ਅਗਿਆਨਤਾ ਵੀ ਖੜੀ ਹੋਵੇ ਉਹ ਕਿਵੇਂ ਨਾ ਤਰੱਕੀ ਕਰੇ।ਗਲਾਂ ਬਹੁਤ ਨੇ ਕਰਨ ਵਾਲੀਆਂ ਪਰ ਹੋਰ ਜਿਆਦਾ ਵਿਸਥਾਰ ਵਿੱਚ ਨਾ ਜਾਂਦਾ ਹੋਇਆ ਬਸ ਇਨਾਂ ਹੀ ਆਪਣੀਆਂ ਭੇਣਾਂ ਧੀਆਂ ਨੂੰ ਕਹਿਣਾਂ ਚਾਹਵਾਂਗਾ ਕਿ ਆਉ ਇਸ ਉਜਾੜੂ, ਤ੍ਰਿਸ਼ਨਾਲੂ,ਵਿਖਾਵੇ ਦੇ ਪਿਆਰ,ਪਖੰਡ ਤੋਂ ਉਤੇ ਉਠੀਏ ਤੇ ਜੀਵਨ ਕਿਰਦਾਰ ਸੋਹਣਾ ਗੁਰਬਾਣੀ ਮੁਤਾਬਿਕ ਬਣਾਉਂਦਿਆਂ ਸਤਿਗੁਰੂ ਜੀ ਦੀ ਇਸ ਇਕੇ ਹੀ ਗਲ ਤੇ ਯਕੀਨ ਕਰ ਲਈਏ

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥1॥  –  (ਪੰਨਾ 103, ਮਾਝ ਮਃ 5)
-ਪ੍ਰੋ ਸੁਖਵਿੰਦਰ ਸਿੰਘ ਦਦੇਹਰ
98555 98855

 

One thought on “ਰੱਖੜੀ ਇੱਕ ਭੇਡ ਚਾਲ ਹੈ ਜਾਂ? ਪ੍ਰੋ: ਸੁਖਵਿੰਦਰ ਸਿੰਘ ਦਦੇਹਰ

Leave a Reply