Sunday, August 25, 2019
Home > Articles > ਸੰਤ ਕੀ ਨਿੰਦਾ…?

ਸੰਤ ਕੀ ਨਿੰਦਾ…?

ਸਲੋਕੁ ॥
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥ ( 279)

ਨਿੰਦਾ ਕਿਸੇ ਦੀ ਵੀ ਕਿਸੇ ਵੀ ਤਰ੍ਹਾਂ ਨਹੀਂ ਕਰਨੀ ਚਾਹੀਦੀ।ਨਿੰਦਾ ਕਰਨੀ ਪਾਪ ਹੈ ।ਗੁਰੂਬਾਣੀ ਨੇ ਹਰੇਕ ਮਨੁੱਖ ਮਾਤਰ ਨੂੰ ਇਹ ਸੁਨੇਹਾ ਦਿਤਾ ਹੈ ਕਿ ਨਿੰਦਾ ਤੋਂ ਬਚ ਕੇ ਰਹਿਣਾ ਹੈ।ਕਿਉਂਕਿ ਇਸ ਨਾਲ ਸਮਾਜ ਵਿੱਚ ਕਈ ਵਿਗਾੜ ਪੈਦਾ ਹੋ ਜਾਂਦੇ ਹਨ ।ਮਨੁੱਖੀ ਸੁਭਾਅ ਚੰਗਿਆਈ ਨਾਲੋਂ ਬੁਰਿਆਈ ਦੀ ਛੇਤੀ ਪਕੜ ਕਰਦਾ ਹੈ।ਚੰਗੀਆਂ ਗੱਲਾਂ ਭੁੱਲ ਜਾਂਦੀਆਂ ਹਨ,ਕੰਮ ਦੀਆਂ ਗੱਲਾਂ ਬੇਰਸੀਆਂ ਲਗਦੀਆਂ ਹਨ।ਨਿੰਦਿਆ ਚੁਗਲੀ ਵਿੱਚੋਂ ਬਹੁਤ ਸਵਾਦ ਲੈਂਦਾ ਹੈ ਤੇ ਇਹ ਗੱਲਾਂ ਭੁੱਲਦੀਆਂ ਵੀ ਨਹੀਂ। ਗੁਰੂਬਾਣੀ ਉਪਦੇਸ਼ਾਂ ਨੂੰ ਨਜ਼ਰ ਸਾਹਮਣੇ ਕਰਦੇ ਹਾਂ:-
* ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥ (ਪੰਨਾ 755 )
* ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ॥
ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ॥ (ਪੰਨਾ 315)
* ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨਾ ਪਰਾਇਆ ਭਲਾ ਨ ਸੁਖਾਈ ॥ (ਪੰਨਾ 850)
* ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ (ਪੰਨਾ 951)

ਮੌਜੂਦਾ ਸਮੇਂ ਕੁਝ ਸਵਾਰਥੀ ਲੋਕਾਂ ਨੇ ਨਿੰਦਿਆ ਦੀ ਪਹਿਚਾਣ ਹੀ ਬਦਲ ਦਿਤੀ ਹੈ।ਪਹਿਚਾਣ ਦਾ ਰੋਲ ਘਚੋਲਾ ਪੈ ਜਾਣ ਤੇ ਬੁਲਾਰੇ ,ਆਗੂ ਤੇ ਆਮ ਲੋਕ ਸਚਾਈ ਬੋਲਣਾ, ਬੁਰਾਈਆਂ ਦੇ ਖਿਲਾਫ ਮੂੰਹ ਖੋਲਣਾ ਵੀ ਠੀਕ ਨਹੀਂ ਸਮਝਦੇ, ਕਿਉਂਕਿ ਇਸ ਨੂੰ ਨਿੰਦਿਆ ਸਮਝਦੇ ਹਨ।ਖਾਸ ਕਰਕੇ ਧਰਮ ਦੇ ਦਾਇਰੇ ਵਿੱਚ,ਧਾਰਮਿਕ ਸਟੇਜਾਂ ਤੇ ਇਸ ਗੱਲ ਦਾ ਬਹੁਤਾ ਅਸਰ ਦਿਸਦਾ ਹੈ।ਆਮ ਲੋਕ ਇਸ ਦੇ ਬੁਰੀ ਤਰਾਂ ਪ੍ਰਭਾਵ ਥੱਲੇ ਆ ਗਏ ਹਨ।ਇਸੇ ਕਰਕੇ ਹਰ ਪਾਸੇ ਬੁਰਾਈਆਂ ਦਾ ਬੋਲਬਾਲਾ ਵੀ ਹੋ ਰਿਹਾ ਹੈ,ਲੋਕ ਦੁਖੀ ਵੀ ਹਨ ,ਪਰ ਬੁਰਾਈਆਂ ਦੇ ਖਿਲਾਫ ਸੁਣਨਾ ਵੀ ਇਸ ਕਰਕੇ ਨਹੀਂ ਚਾਹੁੰਦੇ ਕਿਉਂਕਿ ਇਸ ਨੂੰ ਨਿੰਦਿਆ ਨਿੰਦਿਆ ਕਹਿ ਕੇ ਪ੍ਰਚਾਰ ਦਿਤਾ ਹੈ।ਅਸਲੀਅਤ ਨਾ ਬੋਲਣਾ, ਨਾ ਸੁਣਨ ਜਾਣਨ ਦੀ ਕੋਸ਼ਿਸ਼ ਕਰਨੀ ਇਹ ਵੀ ਨਿੰਦਿਆ ਹੀ ਹੈ ਕਿਉਂਕਿ ਇਸ ਰੂਪ ਵਿੱਚ ਝੂਠ ਨੂੰ ਬੁਰਾਈ ਨੂੰ ਵੱਧਣ ਫੁੱਲਣ ਦੀ ਤਾਕਤ ਦਿੱਤੀ ਗਈ ਹੈ। ਇਹੋ ਜਿਹਾ ਰੋਲ ਘਚੋਲਾ ਸਾਧਾਂ ਸੰਤਾਂ ਦੇ ਪ੍ਰਚਾਰ ਨੇ ਵੱਧ ਪਾਇਆ ਹੈ।ਨਾ ਇਹਨਾਂ ਸਾਧਾਂ ਸੰਤਾਂ ਨੇ ਗੁਰਬਾਣੀ ਨੂੰ ਚੰਗੀ ਤਰਾਂ ਪੜ੍ਹਿਆ ਹੈ ਅਤੇ ਨਾ ਹੀ ਲੋਕਾਂ ਨੇ ਰੀਝ ਨਾਲ ਜਾਨਣ ਦੀ ਕੋਸ਼ਿਸ਼ ਕੀਤੀ ਹੈ।
ਨਿੰਦਾ ਕਹਿੰਦੇ ਕਿਸ ਨੂੰ ਹਨ:—
ਪਹਿਲਾਂ ਤਾਂ ਸਾਨੂੰ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਚੋਰ ਨੂੰ ਚੋਰ ਕਹਿਣਾ, ਕਿਸੇ ਵੀ ਜਗਾ ਤੋਂ ਕਹਿਣਾ, ਨਿੰਦਿਆ ਨਹੀਂ ਹੈ।ਭਲੇ ਨੂੰ ਭਲਾ ਕਹਿਣਾ, ਉਸਤਤਿ ਨਹੀਂ ਹੈ।ਜਿਵੇਂ ਕੰਡੇ ਨੂੰ ਕੰਡਾ ਕਹਿਣਾ ਨਾ ਉਸਤਤਿ ਹੈ ਨਾ ਨਿੰਦਾ ਹੈ।ਇਵੇਂ ਹੀ ਫੁੱਲ ਨੂੰ ਫੁੱਲ ਕਹਿਣਾ ਨਾ ਉਸਸਤਿ ਨਾ ਨਿੰਦਾ।ਕੰਡੇ ਨੂੰ ਕੋਮਲ, ਖਸ਼ਬੂਦਾਰ,ਸੋਹਣਾ ਸੁਖਦਾਇਕ ਆਦਿਕ ਵਡਿਆਈ ਵਾਲੇ ਸ਼ਬਦਾਂ ਨਾਲ ਲਿਖਣਾ ਬੋਲਣਾ ਝੂਠੀ ਉਸਤਤਿ ਹੈ।ਫੁੱਲ ਨੂੰ ਕਠੋਰ ,ਬਦਬੂਦਾਰ,ਕਰੂਪ,ਦੁਖਦਾਇਕ ਆਦਿਕ ਲਿਖਣਾ ਬੋਲਣਾ ਨਿੰਦਾ ਹੈ, ਕਿਉਂਕਿ ਫੁੱਲ ਐਸਾ ਨਹੀਂ ਹੈ। ਉਸਤਤਿ ਨਿੰਦਾ ਦੇ ਭਰਮ ਭੁਲੇਖੇ ਦੂਰ ਕਰਨ ਲਈ ਸਾਨੂੰ ਕਿਸੇ ਬੰਦੇ ਨੂੰ ਪੁੱਛਣ ਦੀ ਲੋੜ ਨਹੀਂ ,ਕਿਤੇ ਹੋਰ ਆਸੇ ਪਾਸੇ ਮੱਥਾ ਮਾਰਨ ਦੀ ਲੋੜ ਨਹੀਂ ਸਗੋਂ ਗੁਰਬਾਣੀ ਦੇ ਅਮੋਲਕ ਖਜ਼ਾਨੇ ਨੂੰ ਹੀ ਖੋਜਣ ਵੱਲ ਧਿਆਨ ਦੇਣਾ ਚਾਹੀਦਾ ਹੈ।ਗੁਰਬਾਣੀ ਵਿੱਚ ਚੰਗੇ ਗੁਣਾਂ ਦੀ ਵਡਿਆਈ ਕੀਤੀ ਗਈ ਹੈ,ਤੇ ਠੱਗ ਨੂੰ ਠੋਕ ਕੇ ਠੱਗ ਕਿਹਾ ਗਿਆ ਹੈ।ਉਹ ਵਿਅਕਤੀ ਭਾਵੇਂ ਧਾਰਮਿਕ ਖੇਤਰ ਦਾ ਹੋਵੇ ਤੇ ਭਾਵੇਂ ਰਾਜਨੀਤੀ ਦੇ ਖੇਤਰ ਦਾ।ਜਿਹੜੇ ਲੋਕ ਬੁਰਾਈ ਦੇ ਖਿਲਾਫ ਕੁਝ ਬੋਲਣਾ ਸੁਣਨਾ ਵੀ ਨਹੀਂ ਚਾਹੁੰਦੇ (ਕਿਉਂਕਿ ਉਹ ਇਸ ਨੂੰ ਨਿੰਦਿਆ ਸਮਝਦੇ ਹਨ)ਕੀ ਉਹ ਇਹਨਾਂ ਗੁਰਬਾਣੀ ਪ੍ਰਮਾਣਾ ਨੂੰ ਵੀ ਨਿੰਦਿਆ ਹੀ ਕਹਿਣਗੇ:–
*ਕਾਦੀ ਕੂੜੁ ਬੋਲਿ ਮਲੁ ਖਾਇ ॥ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ਤੀਨੇ ਓਜਾੜੇ ਕਾ ਬੰਧੁ ॥2॥ (ਪੰਨਾ 662)
* ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥
ਐਸੇ ਸੰਤ ਨ ਮੋ ਕਉ ਭਾਵਹਿ ॥ਡਾਲਾ ਸਿਉ ਪੇਡਾ ਗਟਕਾਵਹਿ ॥1॥ ਰਹਾਉ ॥ (ਪੰਨਾ 476)

ਇਹੋ ਜਿਹੇ ਬੇਅੰਤ ਗੁਰਬਾਣੀ ਦੇ ਪੱਖ ਹਨ ਜਿਨਾਂ ਰਾਹੀਂ ਠੱਗਾਂ ਪਾਖੰਡੀਆਂ ਦੇ ਪਾਜ ਉਘਾੜੇ ਗਏ ਹਨ ਤੇ ਸਚਾਈ ਸਾਹਮਣੇ ਲਿਆਂਦੀ ਗਈ ਹੈ।ਗੁਰਬਾਣੀ ਦੇ ਇਸ ਪੱਖ ਨੂੰ ਅਸੀਂ ਨਿੰਦਾ ਨਹੀਂ ਕਹਿੰਦੇ ਸਗੋਂ ਝੁੱਕਕੇ ਨਮਸ਼ਕਾਰ ਕਰਦੇ ਹਾਂ।
ਇਥੇ ਇਕ ਗੱਲ ਦਾ ਹੋਰ ਵੀ ਭੁਲੇਖਾ ਹੈ ਕਿ ਅਸੀਂ ਧਰਮ ਕੇਵਲ ਕਰਮਕਾਂਡ ਪਾਖੰਡ ਨੂੰ ਹੀ ਸਮਝ ਲਿਆ ਹੈ, ਤੇ ਜੋ ਪਖੰਡ ਨੂੰ ਨਕਾਰਦਾ ਹੈ ਅਸੀਂ ਕਹਿੰਦੇ ਹਾਂ ਇਹ ਨਿੰਦਾ ਕਰਦਾ ਹੈ।ਧਰਮ ਵੀ ਕੋਈ ਕਰਮਕਾਂਡ ਜਾਂ ਪਾਖੰਡ ਵਿਖਾਵਾ ਨਹੀਂ ਹੈ।ਧਰਮ ਇਕ ਚੰਗੀ ਜੀਵਨ ਜਾਚ ਹੈ ਜੋ ਗੁਣਾਂ ਅਧਾਰਤ ਹੈ।
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ (ਪੰਨਾ 266 )
ਜੇਕਰ ਧਰਮ ਸਮਝ ਲਵਾਂਗੇ ਫਿਰ ਬੁਰਾਈ ਦੇ ਖਿਲਾਫ ਖਲੋਂਦਿਆਂ ਨਿੰਦਿਆ ਦਾ ਭਰਮ ਨਹੀਂ ਸਤਾਏਗਾ।
ਨਿੰਦਿਆ ਕਰਦਾ ਕੌਣ ਹੈ:–

1. ਜੋ ਸਾਡੇ ਮਿਥੇ ਭਰਮ ਭੁਲੇਖੇ ਵਿੱਚ ਸ਼ਾਮਿਲ ਨਾ ਹੋਵੇ ?
2. ਜੋ ਸਾਡੇ ਮਿਥੇ ਭਰਮ ਭੁਲੇਖੇ ਦੇ ਉਲਟ ਬੋਲੇ ਲਿਖੇ ?
ਨਹੀਂ ਇਹ ਨਿੰਦਾ ਨਹੀਂ ਹੈ ਜੋ ਗੁਰਬਾਣੀ ਦੇ ਅਧਾਰਤ ਬੋਲਦਾ ਦੱਸਦਾ ਲਿਖਦਾ ਹੈ।ਇਸ ਨਾਲ ਭਾਵੇਂ ਬੰਦਿਆਂ ਨੂੰ ਸੰਤ ਗੁਰੂ ਮਹਾਰਾਜ ਮੰਨਣ ਦਾ ਭੁਲੇਖਾ ਦੂਰ ਹੋਵੇ,ਭਾਵੇਂ ਤੀਰਥ ਯਾਤਰਾ ਦਾ ਭਰਮ ਦੂਰ ਹੋਵੇ ਤੇ ਭਾਵੇਂ ਕੋਈ ਹੋਰ ਭਰਮ ਭੁਲੇਖੇ ਦੂਰ ਹੋਣ ਇਹ ਨਿੰਦਿਆ ਨਹੀਂ ਹੈ।ਆਮ ਹਾਲਤਾਂ ਵਿੱਚ ਸਾਨੂੰ ਸਾਡੇ ਵਿਰੋਧੀ ਹੀ ਨਿੰਦਿਆ ਕਰਦੇ ਨਜ਼ਰ ਆਉਂਦੇ ਹਨ।
ਆਉ ਵੇਖੀਏ ਕਿਤੇ ਅਸੀਂ ਸਾਰੇ ਹੀ ਨਿੰਦਕ ਨਾ ਹੋਈਏ ਕਿਉਂਕਿ ਗੁਰਬਾਣੀ ਅਧਾਰਤ ਤਾਂ ਕੁਝ ਇਸ ਤਰਾਂ ਦਾ ਪ੍ਰਗਟਾਵਾ ਹੋ ਰਿਹਾ ਹੈ।

* ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ, ਮੇਰੈ ਠਾਕੁਰਿ ਆਪਿ ਦਿਵਾਈ ॥
ਨਿੰਦਕ ਨਰ, ਕਾਲੇ ਮੁਖ ਨਿੰਦਾ, ਜਿਨ ,ਗੁਰ ਕੀ ਦਾਤਿ ਨ ਭਾਈ ॥ (ਪੰਨਾ 505)

ਗੁਰ ਕੀ ਦਾਤਿ ਕਿਹੜੀ ਹੈ ਜਿਹੜੀ ਭਾਉਂਦੀ ਨਹੀਂ ।ਕੀ ਕਿਸੇ ਨੂੰ ਕਾਰ, ਕੋਠੀ ,ਪੁੱਤਰ ਧੀ, ਸੋਨਾ ਚਾਂਦੀ, ਰਾਜ ਭਾਗ, ਸੁੰਦਰਤਾ, ਵਡਿਆਈ,ਧਨ ਦੌਲਤ,ਚੰਗੀ ਨਹੀਂ ਲਗਦੀ ? ਨਹੀਂ ਇਹ ਤਾਂ ਹਰੇਕ ਹੀ ਮੰਗਦਾ ਹੈ ਤੇ ਹਰੇਕ ਹੀ ਬੜੇ ਚਾਅ ਨਾਲ ਵਰਤਦਾ ਤੇ ਸਾਂਭਦਾ ਹੈ।ਇਹਨਾਂ ਦਾਤਾਂ ਬਦਲੇ ਤਾਂ ਦੂਜਿਆਂ ਨੂੰ ਕੁਟਣਾ ਮਾਰਨਾ ਦੁਰਕਾਰਨਾ ਵੀ ਪਵੇ ਤਾਂ ਕੋਈ ਬੁਰਾ ਕਰਮ ਨਹੀਂ ਸਮਝਿਆ ਜਾਂਦਾ।ਜਿਹੜੀ ਦਾਤਿ ਨਹੀਂ ਭਾਉਂਦੀ ਉਹ ਹੈ ਗੁਰੂ ਦੀ ਮੱਤਿ,ਗੁਰੂ ਦਾ ਉਪਦੇਸ਼,ਗੁਰੂ ਵਲੋਂ ਬਖਸ਼ੇ ਹੋਏ ਗੁਣ,ਜੀਵਨ ਦੇ ਪੱਲੇ ਬੰਨੀਆਂ ਜਾਣ ਵਾਲੀਆਂ ਗੱਲਾਂ।
ਬਹੁਤਿਆਂ ਘਰਾਂ ਵਿੱਚ,ਬਹੁਤਿਆਂ ਵੱਲੋਂ ਕੀਤੀ ਜਾਣ ਵਾਲੀ ਨਿੰਦਿਆ ਦੇ ਮੁੱਖ ਰੂਪ:-
1.ਗੁਰਬਾਣੀ ਪੜਨ ਲਈ ਸਾਡੇ ਕੋਲ ਟਾਈਮ ਨਹੀਂ ਹੈ।
2.ਗੁਰਬਾਣੀ ਦੀ ਸਾਨੂੰ ਸਮਝ ਨਹੀਂ ਲਗਦੀ।
3.ਜੇ ਕੋਈ ਸਮਝਾਉਣ ਦਾ ਜਤਨ ਕਰ ਦੇਵੇ ਤਾਂ ਅਸੀਂ ਤਾਂ ਗ੍ਰਹਿਸਥੀ ਲੋਕ ਹਾਂ ਸਾਰੀਆਂ ਗੱਲਾਂ ਕਿਵੇਂ ਮੰਨ ਸਕਦੇ ਹਾਂ।

ਹੁਣ ਲੜੀਵਾਰ ਉਪਰਲੇ ਤਿੰਨਾਂ ਪੱਖਾਂ ਨੂੰ ਸੰਖੇਪ ਜਿਹਾ ਵਿਚਾਰਦੇ ਹਾਂ:-
1.ਗੁਰੂਬਾਣੀ ਬਹੁਤ ਉਚੀ ਸੋਚ ਵਾਲੀ, ਬਹੁਤ ਕੀਮਤੀ ਗੁਣਾਂ ਵਾਲੀ,ਗਿਆਨ ਦਾ ਭੰਡਾਰ ਹੈ ਬਾਣੀ,ਜਿਨੀ ਉਪਮਾਂ ਕਰੀਏ ਥੋੜੀ ਹੈ। ਦੁਨਿਆਵੀ ਕੋਈ ਗਿਆਨ ,ਧਿਆਨ ,ਪਦਾਰਥ ,ਸੁੱਖ,ਆਦਿ ਗੁਰਬਾਣੀ ਦੇ ਮੁਕਾਬਲੇ ਤੇ ਨਹੀਂ ਆ ਸਕਦਾ।ਹੁਣ ਜਿਸ ਗੁਰਬਾਣੀ ਨੂੰ ਗੁਰੂ ਵੀ ਆਖੀਏ,ਨਮਸ਼ਕਾਰਾਂ ਵੀ ਕਰੀਏ,ਸਭ ਕੁਝ ਕੁਰਬਾਣ ਵੀ ਕਰੀਏ ਤੇ ਇਹ ਵੀ ਆਖੀਏ ਕਿ ਸਾਡੇ ਕੋਲ ਟਾਈਮ ਨਹੀਂ ਹੈ ਇਸ ਨੂੰ ਪੜਨ ਸੁਣਨ ਦਾ।ਗੁਰੂਬਾਣੀ ਦੇ ਸਮਰੱਥ ਹੋਣ ਦੇ ਕੀ ਅਰਥ ਰਹਿ ਗਏ ਇਸ ਵਿਅਕਤੀ ਦੀਆਂ ਨਜ਼ਰਾਂ ਵਿੱਚ।ਭੈੜੀਆਂ ਗੱਲਾਂ ਲਈ ਵੀ ਸਮਾਂ ਹੈ, ਹੋਰ ਸਾਰੀਆਂ ਮਤਲਬ ਪ੍ਰਸਤ ਗੱਲਾਂ ਲਈ ਸਮਾਂ ਹੈ ,ਮਾੜੇ ਤੋਂ ਮਾੜੇ ਬੰਦੇ ਲਈ ਸਮਾਂ ਹੈ, ਪਰ ਗੁਰੂਬਾਣੀ ਲਈ ਜ਼ਿੰਦਗੀ ਵਿੱਚ ਥੋੜਾ ਜਿਹਾ ਸਮਾਂ ਹੀ ਨਹੀਂ।
2.ਜਿਸ ਦੀ ਗੱਲ ਸਮਝ ਨਾ ਆਵੇ ਉਹ ਵੀ ਉੱਚਾ ਤੇ ਸਮਰੱਥ ਕਿਵੇਂ ਹੋਇਆ।ਇਹ ਵੀ ਮਨੁੱਖ ਦਾ ਨਿਰਾ ਝੂਠ ਹੈ ।ਸਮਝਣ ਨੂੰ ਤਾਂ ਉਹ ਗੱਲਾਂ ਵੀ ਸਮਝ ਜਾਂਦਾ ਹੈ ਜਿਨਾਂ ਦੀ ਕੋਈ ਭਾਸ਼ਾ ਨਾ ਹੋਵੇ।ਛੋਟੇ ਬੱਚੇ ਦੀਆਂ ਹਰਕਤਾਂ ਜਤਨ ਕਰਕੇ ਸਮਝ ਹੀ ਲੈਂਦਾ ਹੈ।ਮਸ਼ੀਨਾਂ ਦੀ ਅਵਾਜ਼,ਬਣਤਰ,ਅਦਿਕ ਗੱਲਾਂ ਸਮਝ ਹੀ ਲੈਂਦਾ ਹੈ।ਪਸ਼ੂਆਂ ਦੇ ਹਾਵ ਭਾਵ ਸਮਝ ਲੈਂਦਾ ਹੈ।ਹੋਰ ਬਹੁਤੀਆਂ ਗੱਲਾਂ ਸਮਝ ਲੈਂਦਾ ਹੈ ਫਿਰ ਗੁਰੂਬਾਣੀ ਦੀਆਂ ਗੱਲਾਂ ਸਮਝਣ ਲੱਗਿਆਂ ਇਹ ਝੂਠ ਕਿਉਂ ਬੋਲਿਆ ?ਜਦਕਿ ਸਚਾਈ ਇਹ ਹੈ ਕਿ ਇਸ ਪਾਸੇ ਲੋੜ ਹੀ ਨਹੀਂ ਸਮਝੀ।
3.ਅਸੀਂ ਗ੍ਰਹਿਸਥੀ ਹਾਂ ਸਾਰੀਆਂ ਗੱਲਾਂ ਗੁਰਬਾਣੀ ਦੀਆਂ ਕਿਵੇਂ ਮੰਨੀਏ।ਜਦਕਿ ਗੁਰਬਾਣੀ ਦੀਆਂ ਸਾਰੀਆਂ ਗੱਲਾਂ ਸਾਡੇ ਹੀ ਕੰਮ ਆਉਣ ਵਾਲੀਆਂ ਹਨ।ਕੋਈ ਔਖੀਆਂ ਨਹੀਂ ਕੋਈ ਸਾਡੇ ਤੋਂ ਉਲਟ ਨਹੀਂ।ਇਹ ਗੱਲਾਂ
ਗੁਰੂ ਸਾਹਿਬ ਜੀ ਨੇ ਭਗਤ ਸਾਹਿਬ ਨੇ ਗੁਰਸਿਖਾਂ ਨੇ ਆਪਣੇ ਜੀਵਨ ਵਿੱਚ ਕਮਾ ਕੇ ਦਿਖਾਈਆਂ ਹਨ।
ਇਮਾਨਦਾਰੀ,ਸਚਾਈ,ਵਿਕਾਰਾਂ ਵਲੋਂ ਸੰਜਮ,ਸੰਤੋਖ,ਪਖੰਡ ਰਹਿਤ,ਭਰਮ ਰਹਿਤ,ਨਸ਼ਾ ਰਹਿਤ,ਈਰਖਾ ਰਹਿਤ ਅਦਿਕ ਗੁਣਾਂ ਵਾਲਾ ਜੀਵਨ ਕਿਉਂ ਨਹੀਂ ਜੀਵਿਆ ਜਾ ਸਕਦਾ।ਇਸ ਤੋਂ ਉਲਟ ਬੇਈਮਾਨੀ,ਈਰਖਾ,ਝੂਠ,
ਧੋਖਾ,ਨਸ਼ਾ,ਵਿਕਾਰੀ,ਤ੍ਰਿਸ਼ਨਾਲੂ,ਪਖੰਡ,ਕਰਮਕਾਂਡ,ਤੇ ਹੋਰ ਬੁਰੇ ਕਰਮ ਜਿਨਾਂ ਨੂੰ ਕਰਨ ਲਗਿਆਂ ਪੜਦਾ ਵੀ ਕਰਨਾ ਪੈਂਦਾ ਹੈ ਤੇ ਕਈ ਹੋਰ ਝੂਠ ਪਾਪੜ ਵੇਲਣੇ ਪੈਂਦੇ ਹਨ,ਸ਼ਰੇਆਮ ਕਰ ਵੀ ਨਹੀਂ ਸਕਦੇ ਤੇ ਹਮਾਇਤ ਵੀ ਨਹੀਂ ਕਰ ਸਕਦੇ।ਇਹ ਸਾਰੇ ਕਰਮ ਗ੍ਰਹਿਸਥੀ ਹੁੰਦਿਆਂ ਕੀਤੇ ਜਾ ਸਕਦੇ ਹਨ ਤੇ ਉਹ ਕੰਮ ਜਿਹੜੇ ਗੁਰੂਬਾਣੀ ਨੇ ਕਰਨ ਵਾਸਤੇ ਆਖੇ ਜਿਹਨਾਂ ਨੂੰ ਕਰਨ ਲੱਗਿਆਂ ਕੋਈ ਪੜਦਾ ਵੀ ਨਹੀਂ ਤੇ ਹਮਾਇਤ ਵੀ ਸ਼ਰੇਆਮ ਕੀਤੀ ਜਾ ਸਕਦੀ ਹੈ ਉਹ ਮੰਨਣੇ ਔਖੇ ਇਸ ਤੋਂ ਵੱਧ ਨਿੰਦਿਆ ਹੋਰ ਕੀ ਹੋ ਸਕਦੀ ਹੈ।ਇਕ ਵਾਰੀ ਗੁਰੂ ਬਖਸ਼ਸ਼ ਫੇਰ ਦੁਹਰਾ ਲਈਏ:–
* ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ, ਮੇਰੈ ਠਾਕੁਰਿ ਆਪਿ ਦਿਵਾਈ ॥
ਨਿੰਦਕ ਨਰ, ਕਾਲੇ ਮੁਖ ਨਿੰਦਾ, ਜਿਨ ,ਗੁਰ ਕੀ ਦਾਤਿ ਨ ਭਾਈ ॥ (ਪੰਨਾ 505)

ਆਉ ਇਸੇ ਤਰਾਂ ਹੁਣ ਉਪਰੋਕਤ ਸਲੋਕ ਦੇ ਅਰਥ ਵੀਚਾਰੀਏ:-
ਸੰਤ ਸਰਨਿ =ਸੰਤ ਇਕ ਵਚਨ ਪੁਲਿੰਗ ਹੈ ਪਰ ਇਥੇ ਅਖੀਰਲੇ ਅੱਖਰ ਨੂੰ ਔਂਕੜ ਇਸ ਕਰਕੇ ਨਹੀਂ ਹੈ
ਕਿਉਂਕਿ ਇਥੇ ਸੰਬੰਧਕੀ ਅੱਖਰ “ਦੀ” ਕੰਮ ਕਰ ਰਿਹਾ ਹੈ।ਸੋ ਇਸ ਦਾ ਅਰਥ ਹੈ ਗੁਰੂ।
ਸ਼ਰਨਿ ਪੈਣ ਦਾ ਭਾਵ ਹੈ ਗੁਰੁ ਦੀ ਸੋਚ ਨੂੰ ਅਪਣਾ ਲੈਣਾ।ਗੇੜੇ ਲਾਈ ਜਾਣੇ ਤੇ ਮੰਨਣਾ ਇਕ
ਅੱਖਰ ਵੀ ਨਾ ਇਹ ਸ਼ਰਨ ਜਾਣਾ ਨਹੀਂ ਹੈ।
ਉਧਰਨਹਾਰ =ਭਾਵ ਤਰਨ ਲਾਇਕ।ਤਰਨਾ ਕਿਸਨੂੰ ਹੈ,ਸੋਚ ਵਿੱਚ ਦਾਖਲ ਹੋਏ ਵਿਕਾਰਾਂ ਤੋਂ ਉੱਚਾ ਉਠਣਾ।
ਸੰਤ ਕੀ ਨਿੰਦਾ =ਗੁਰੂਬਾਣੀ ਗੁਰੂ ਜੀ ਦੀ ਦਿਤੀ ਵੀਚਾਰ ਤੋਂ ਮੂੰਹ ਫੇਰ ਕੇ ਰੱਖਣਾ ਭਾਵ ਨਾ ਮੰਨਣਾ।“ਨਿੰਦਕ ਨਰ, ਕਾਲੇ ਮੁਖ ਨਿੰਦਾ, ਜਿਨ ,ਗੁਰ ਕੀ ਦਾਤਿ ਨ ਭਾਈ ॥”
1.ਗੁਰਬਾਣੀ ਪੜਨ ਲਈ ਸਾਡੇ ਕੋਲ ਟਾਈਮ ਨਹੀਂ ਹੈ।
2.ਗੁਰਬਾਣੀ ਦੀ ਸਾਨੂੰ ਸਮਝ ਨਹੀਂ ਲਗਦੀ।
3.ਜੇ ਕੋਈ ਸਮਝਾਉਣ ਦਾ ਜਤਨ ਕਰ ਦੇਵੇ ਤਾਂ ਅਸੀਂ ਤਾਂ ਗ੍ਰਹਿਸਥੀ ਲੋਕ ਹਾਂ ਸਾਰੀਆਂ ਗੱਲਾਂ ਕਿਵੇਂ ਮੰਨ ਸਕਦੇ ਹਾਂ।
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ (ਪੰਨਾ 646)

ਜਦੋਂ ਐਸੀ ਹਾਲਤ ਮਨੁੱਖ ਦੀ ਬਣ ਜਾਏ ਫਿਰ “ਬਹੁਰਿ ਬਹੁਰਿ ਅਵਤਾਰ”ਹੁੰਦਾ ਹੈ।ਵਾਰ ਵਾਰ ਉਹਨਾਂ ਬੁਰਾਈਆਂ ,ਔਗੁਣਾਂ ਵਿੱਚ ਡਿੱਗਦਾ ਰਹਿੰਦਾ ਹੈ।ਕਿਉਂਕਿ ਸਤਿਗੁਰੂ ਜੀ ਦੀ ਮੱਤਿ ਨੇ ਵਿਕਾਰੀ ਬੰਧਨਾਂ ਤੋਂ ਛੁਟਕਾਰਾ ਦਿਵਾਉਣਾ ਸੀ ।ਉਹ ਦਾਤਿ ਚੰਗੀ ਨਹੀਂ ਲਗਦੀ ਭਾਵ ਮੰਨਣ ਤੋਂ ਇਨਕਾਰੀ ਹੈ,ਫਿਰ ਮੁਕਤੀ ਹੋ ਕਿਵੇਂ ਜਾਵੇ।ਸੋ ਚੰਗੇ ਪੱਖ ਵੱਲ ਮੂੰਹ ਨਾ ਕਰਨਾ ਆਲਾ ਟਾਲਾ ਕਰਦੇ ਰਹਿਣਾ ਦਿਲੋਂ ਸਹਿਮਤ ਨਾ ਹੋਣਾ, ਨਿੰਦਾ ਹੈ। ਭਾਵੇਂ ਮੂੰਹੋਂ ਕੋਈ ਭੈੜਾ ਅੱਖਰ ਬੋਲਿਆ ਜਾਵੇ ਭਾਵੇਂ ਨਾ ਬੋਲਿਆ ਜਾਵੇ।ਬੁਰੇ ਪੱਖ ਦੀ ਹਮਾਇਤ ਭਾਵੇਂ ਬੋਲ ਕੇ ਜਾਂ ਕਿਸੇ ਹੋਰ ਤਰੀਕੇ ਕਰਨੀ, ਝੂਠੀ ਉਸਤਤ ਹੈ।ਦੋਵਾਂ ਤੋਂ ਬਚਣਾ ਹੈ ਗੁਰੂਬਾਣੀ ਨੂੰ ਪੜਣਾ ਸੁਣਨਾ ਤੇ ਪਹਿਰਾ ਦੇਣਾ ਹੈ।

Leave a Reply