Wednesday, July 24, 2019
Home > Articles > ਸਿੱਖ ਭਰਾਵੋ! ਆਪਣਾ ਆਪਣਾ ਪਿੰਡ ਸੰਭਾਲਓ! ਆਓ! ਗੁਰੂ ਬਾਬੇ ਦੀ ਸਿੱਖੀ ਨੂੰ ਮੁੜ ਜੀਵਤ ਕਰੀਏ।

ਸਿੱਖ ਭਰਾਵੋ! ਆਪਣਾ ਆਪਣਾ ਪਿੰਡ ਸੰਭਾਲਓ! ਆਓ! ਗੁਰੂ ਬਾਬੇ ਦੀ ਸਿੱਖੀ ਨੂੰ ਮੁੜ ਜੀਵਤ ਕਰੀਏ।

(ਗੁਰਚਰਨ ਸਿੰਘ ਜਿਉਣ ਵਾਲਾ, ਬਰੈਂਪਟਨ)

ਸਿੱਖ ਭਰਾਵੋ! ਆਪਣਾ ਆਪਣਾ ਪਿੰਡ ਸੰਭਾਲਓ! ਆਓ! ਗੁਰੂ ਬਾਬੇ ਦੀ ਸਿੱਖੀ ਨੂੰ ਮੁੜ ਜੀਵਤ ਕਰੀਏ।
ਰੋਜਵੈਲ ਕੈਲੇਫੋਰਨੀਆਂ ਵਿਖੇ ਸੰਨ 2000 ਵਿਚ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਹੋਰਾਂ ਦੀ ਸ੍ਰਪਰਸਤੀ ਹੇਠ ਇਕ ਸੈਮੀਨਾਰ ਹੋਇਆ। ਜਿਸ ਵਿਚ ਸਿੱਖ ਧਰਮ ਦੀ ਬਦਲ ਚੁੱਕੀ ਨੁਹਾਰ ਤੇ ਇਸ ਵਿਚ ਆ ਚੁੱਕੇ ਨਿਘਾਰ ਤੇ ਦੀਰਘ ਵਿਚਾਰ ਕਰਨ ਉਪਰੰਤ ਸਿੰਘ ਸਭਾ ਲਹਿਰ ਦੀ ਸਥਾਪਨਾ ਬਾਰੇ ਵੀ ਵਿਚਾਰ ਕੀਤੀ ਗਈ ਅਤੇ ਸੁਝਾਓ ਆਏ ਕਿ ਗਿਆਨੀ ਦਿੱਤ ਸਿੰਘ ਅਤੇ ਪ੍ਰੋ.ਗੁਰਮੁਖ ਸਿੰਘ ਵਰਗੇ ਯੋਦਿਆਂ ਨੂੰ ਹੁਣ ਅੱਗੇ ਆਉਣ ਦੀ ਲੋੜ ਹੈ।
ਜੁਲਾਈ, 2003 ਈਸਵੀ ਵਿਚ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਹੋਰਾਂ ਨੇ ਇਕ ਕਾਨਫਰਾਂਸ ਅਯੋਜਤ ਕੀਤੀ। ਜਿਸ ਵਿਚ ਮੈਨੂੰ ਵੀ ਭਾਗ ਲੈਣ ਦਾ ਮੌਕਾ ਪ੍ਰਾਪਤ ਹੋਇਆ। ਸ਼ੇਰਗਿੱਲ ਜੀ ਹੋਰਾਂ ਮੁੜ ਤੋਂ ਆਪਣੇ ਵਿਚਾਰਾਂ ਨੂੰ ਦੁਹਰਾਇਆ ਕਿ ਸਿੱਖ ਧਰਮ ਵਿਚ ਆ ਚੁੱਕੀ ਗਿਰਾਵੱਟ ਨੂੰ ਦੂਰ ਕਿਵੇਂ ਕੀਤਾ ਜਾਵੇ। ਸਮਾਂ ਬੀਤ ਗਿਆ ਤੇ ਇਕੱਠੇ ਹੋਏ ਸਾਰੇ ਸੱਜਣ ਆਪਣੇ ਆਪਣੇ ਘਰਾਂ ਨੂੰ ਵਿਜੜ ਗਏ ਤੇ ਸਿੰਘ ਸਭਾ ਲਹਿਰ ਵਾਲਾ ਖਿਆਲ ਲੈ ਕੇ ਮੈਂ ਵੀ ਬਰੈਂਪਟਨ ਨੂੰ ਆ ਗਿਆ।
ਭਾਵੇਂ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ 2004-5 ਵਿਚ ਰੀਜਿਸਟਰਡ ਕਰਵਾ ਲਈ ਗਈ ਸੀ ਪਰ ਫਿਰ ਵੀ ਸਤੰਬਰ 2006 ਤਕ ਕੋਈ ਖਾਸ ਕੰਮ ਨਹੀਂ ਸੀ ਕੀਤਾ ਗਿਆ ਜਿਸ ਨਾਲ ਇਸ ਦੀ ਹੋਂਦ ਦਾ ਲੋਕਾਂ ਨੂੰ ਪਤਾ ਲੱਗ ਸਕੇ। ਅਗਸਤ 2006 ਵਿਚ ਜਦੋਂ ਪ੍ਰੋ. ਇੰਦਰ ਸਿੰਘ ਘੱਗਾ ਜੀ ਸਾਡੇ ਕੋਲ ਆਏ ਤਾਂ ਟਕਸਾਲੀਆਂ ਤੇ ਅਖੰਡ ਕੀਰਤਨੀਏ ਜੱਥੇ ਵਾਲਿਆਂ ਸਾਡਾ ਰੱਜ ਕੇ ਵਿਰੋਧ ਕੀਤਾ, ਗੁਰਦਵਾਰੇ ਵਿਚ ਲੜਾਈ ਵੀ ਹੋਈ ਤੇ ਬੈਂਕੁਇਟ ਹਾਲ ਵਾਲਿਆਂ ਨੂੰ ਵੀ ਮੁਕਰਾ ਦਿੱਤਾ ਗਿਆ ਤਾਂ ਹੁਣ ਇਸ ਲਹਿਰ ਦੀ ਕਾਰਗੁਜਾਰੀ ਦਾ ਮੁੱਢ ਬੱਝ ਗਿਆ। ਪ੍ਰੋ. ਇੰਦਰ ਸਿੰਘ ਘੱਗਾ ਤਕਰੀਬਨ ਸਾਡੇ ਕੋਲ ਦੋ ਮਹੀਨੇ ਰਹੇ। ਹਰ ਰੋਜ, ਸੈਂਕੜੇ ਸਿੱਖੀ ਪ੍ਰਤੀ ਸੁਹਿਰਦ ਸਿੱਖ ਮਿਲਣ ਆਉਂਦੇ, ਗੱਲਾਂ ਬਾਤਾ ਕਰਦੇ ਤੇ ਚਲੇ ਜਾਂਦੇ। ਇਹੋ ਖਿਆਲ ਆਉਂਦਾ ਕਿ ਮਰ ਚੁੱਕੀ ਕੌਮ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ। ਫਿਰ ਖਿਆਲ ਆਇਆ ਕਿ ਜਿਤਨਾ ਚਿਰ ਅਸੀਂ ਪਿੰਡਾਂ ਵਿਚ ਜਾ ਕੇ ਸਿੱਖੀ ਦਾ ਮੁੱਢ ਨਹੀਂ ਬੰਨਦੇ ਉਤਨਾ ਚਿਰ ਸਿੱਖ ਵਿਚਾਰਧਾਰਾ ਨੂੰ ਸੁਰਜੀਤ ਨਹੀਂ ਕੀਤਾ ਜਾ ਸਕਦਾ।
ਇਸ ਇਰਾਦੇ ਨੂੰ ਮੁੱਖ ਰੱਖ ਕੇ ਗੁਰਮਤਿ ਗਿਆਨ ਮਿਸਨਰੀ ਕਾਲਜ਼ ਲੁਧਿਆਣੇ ਵਾਲਿਆਂ ਨਾਲ ਪ੍ਰਚਾਰ ਕਰਵਾਉਣ ਸਬੰਧੀ ਗੱਲ ਬਾਤ ਕੀਤੀ ਗਈ, ਗਿਣਤੀ ਮਿਣਤੀ ਕੀਤੀ ਗਈ ਕਿ ਖਰਚਾ ਕਿਤਾਨਾ ਕੁ ਆਵੇਗਾ ਜੇ ਕਰ ਇਕ ਪ੍ਰਚਾਰਕ ਨੂੰ ਇਕ ਪਿੰਡ ਵਿਚ ਰੱਖ ਕੇ ਪ੍ਰਚਾਰ ਕਰਵਾਇਆ ਜਾਵੇ ਜਾਂ ਫਿਰ ਉਸੇ ਪ੍ਰਚਾਰਕ ਨੂੰ ਮੋਟਰਸਾਈਕਲ, ਸੈਲ-ਫੂਨ, ਲੈਪਟੌਪ ਤੇ ਪ੍ਰੋਜੈਕਟਰ ਨਾਲ ਪੂਰੀ ਤਰ੍ਹਾਂ ਲੈਸ ਕਰਕੇ ਆਸੇ ਪਾਸੇ ਦੇ ਪਿੰਡਾਂ ਵਿਚ ਵੀ ਇਸੇ ਤੋਂ ਹੀ ਪ੍ਰਚਾਰ ਕਰਵਾਇਆ ਜਾਵੇ ਤਾਂ ਖਰਚਾ ਕੀ ਆਵੇਗਾ?
ਇਸ ਖਿਆਲ ਨੂੰ ਲਾਗੂ ਕੀਤਾ ਗਿਆ ਤੇ 2007 ਵਿਚ ਤਕਰੀਬਨ 15 ਗੁਰਮਤਿ ਪ੍ਰਚਾਰ ਸੈਂਟਰ ਹੋਰ ਖ੍ਹੋਲੇ ਗਏ। ਜਿਨ੍ਹਾਂ ਦੀ ਗਿਣਤੀ 2008 ਵਿਚ 25 ਹੋ ਗਈ ਤੇ ਹੁਣ 2009 ਵਿਚ 52 ਸੈਂਟਰ ਕੰਮ ਕਰ ਰਹੇ ਹਨ। ਇਕੋ ਪ੍ਰਚਾਰਕ ਪੰਜਾਂ ਛਿਆਂ ਪਿੰਡਾਂ ਵਿਚ ਪ੍ਰਚਾਰ ਕਰਦਾ ਹੈ ਤੇ ਇਸਦਾ ਕੁੱਲ ਮਿਲਾ ਕੇ ਪਹਿਲੇ ਸਾਲ ਦਾ ਖਰਚਾ 2500 ਡਾਲਰ ਕੈਨੇਡੀਅਨ ਹੈ ਫਿਰ ਹਰ ਸਾਲ ਦਾ ਖਰਚਾ 2000 ਡਾਲਰ ਹੈ। ਪਹਿਲੇ ਸਾਲ ਮੋਟਰਸਾਈਕਲ, ਲੈਪਟੌਪ, ਪਰੋਜੈਕਟਰ ਤੇ ਮੋਬਾਇਲ ਫੂਨ ਦਾ ਖਰਚਾ ਹੀ ਕਾਫੀ ਹੋ ਜਾਂਦਾ ਹੈ ਇਸ ਕਰਕੇ ਜੇ ਕਰ ਸਿੰਘ ਸਭਾ ਨੂੰ ਕੁੱਝ ਕੋਲਂੋ ਵੀ ਪਾਉਣਾ ਪਵੇ ਤਾਂ ਗੁਰੇਜ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਕਰਕੇ ਅਸੀਂ ਬਾਹਰਲੇ ਮੁਲਕਾਂ ਵਿਚੋਂ ਸਪਾਂਸਰ ਲੱਭਦੇ ਹਾਂ ਤੇ ਲੁਧਿਆਣੇ ਵਾਲੇ ਉਧਰ ਪੰਜਾਬ ਵਿਚ ਅਤੇ ਪੰਜਾਬੋਂ ਬਾਹਰਲੀਆਂ ਰਿਆਸਤਾਂ ਵਿਚ ਇਨ੍ਹਾਂ ਸੈਂਟਰਾਂ ਦੀ ਦੇਖ-ਭਾਲ ਕਰਦੇ ਹਨ।
ਇਸ ਪ੍ਰਚਾਰਕ ਦਾ ਕੰਮ ਹੈ:- ਸਵੇਰੇ ਆਏ ਹੁਕਮਨਾਮੇ ਦੀ ਗੁਰਮਤਿ ਮੁਤਾਬਕ ਪਿੰਡ ਦੇ ਗੁਰਦਵਾਰੇ ਵਿਚ ਵਿਆਖਿਆ ਕਰਦਾ। ਦਿਨ ਚੜੇ ਪਿੰਡਾਂ ਦੇ ਸਰਕਾਰੀ ਸਕੂਲਾਂ ਜਾਂ ਫਿਰ ਪ੍ਰਾਈਵੇਟ ਸਕੂਲਾਂ ਵਿਚ ਸਿੱਖ ਇਤਹਾਸ ਜੋ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਅਤੇ ਗੁਰਬਾਣੀ ਦਾ ਪ੍ਰਚਾਰ ਕਰਦਾ ਹੈ ਅਤੇ ਸ਼ਾਮ ਨੂੰ ਉਸੇ ਪਿੰਡ ਵਿਚ ਹਰ ਰੋਜ ਬੱਚਿਆਂ, ਬੀਬੀਆਂ ਤੇ ਵੀਰਾਂ ਦੀ ਕਲਾਸ ਲਾਉਂਦਾ ਹੈ ਜਿਸ ਵਿਚ ਗੁਰਬਾਣੀ ਦੀ ਸੰਥਿਆ, ਵਿਆਖਿਆ ਤੇ ਇਤਹਾਸ ਬਾਰੇ ਚਾਨਣਾ ਪਾਇਆ ਜਾਂਦਾ ਹੈ। ਇਸਦੇ ਨਾਲ ਨਾਲ ਵਿਸ਼ੇ ਵਿਕਾਰਾਂ ਤੇ ਨਸ਼ਿਆਂ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਹੈ। ਕਾਲਜ਼ ਵਾਲੇ ਸਾਲ ਵਿਚ ਦੋ ਵਾਰ ਪਿੰਡ ਵਿਚ ਸੈਮੀਨਾਰ ਵੀ ਕਰਦੇ ਹਨ ਜਿਸ ਨਾਲ ਪਿੰਡਾਂ ਦੇ ਲੋਕਾਂ ਦੀ ਮਰ ਚੁੱਕੀ ਜ਼ਮੀਰ ਵਿਚ ਮੁੜ ਬਾਬੇ ਨਾਨਕ ਦੀ ਵਿਚਾਰਧਾਰਾ ਵਾਲੀ ਰੂਹ ਭਰੀ ਜਾਂਦੀ ਹੈ। ਇਨ੍ਹਾਂ ਕਲਾਸਾਂ ਵਿਚ ਭਾਗ ਲੈ ਰਹੇ ਹਰ ਬੱਚੇ ਨੂੰ ਸਟੇਜ ਤੇ ਬੋਲਣ ਦਾ ਅਭਿਆਸ ਕਰਾਇਆ ਜਾਂਦਾ ਹੈ ਤੇ ਯੋਗਤਾ ਮੁਤਾਬਕ ਕਵਿਤਾ ਪੜ੍ਹਨ, ਕਵੀਸ਼ਰੀ ਕਰਨ, ਪਾਠ ਕਰਨ ਜਾਂ ਕਥਾ ਕਰਨ ਜਾਂ ਫਿਰ ਸਿਰਫ ਲੈਕਚਰ ਕਰਨ ਦਾ ਗੁਣ ਭਰਿਆ ਜਾਦਾ ਹੈ ਜੋ ਇਨ੍ਹਾਂ ਬੱਚਿਆ ਦੀ ਰੋਜ਼ਮਰਾ ਦੀ ਜਿੰਦਗੀ ਵਿਚ ਕੰਮ ਆਉਂਦਾ ਹੈ। ਇਸਦੇ ਨਤੀਜੇ ਕਾਫੀ ਚੰਗੇ ਤੇ ਉਤਸ਼ਾਹ ਜਨਕ ਆ ਰਹੇ ਹਨ।
ਕੌਮਾਂ ਦੇ ਕੰਮ ਕੌਮਾਂ ਹੀ ਕਰਦੀਆਂ ਹੁੰਦੀਆਂ ਹਨ। ਇਹ ਕਿਸੇ ਕੱਲੇ-ਦੁਕੱਲੇ ਦਾ ਕੰਮ ਨਹੀਂ। ਆਓ ਰਲ ਮਿਲ ਕੇ ਸਿੱਖ ਕੌਮ ਤੇ ਹੋ ਚੁੱਕੇ ਸਰਕਾਰੀ ਪਿਠੂਆਂ ਦੇ ਕਬਜੇ ਨੂੰ ਪਛਾੜੀਏ, ਆਰ.ਐਸ.ਐਸ ਦੇ ਏਜੰਟਾਂ ਨੂੰ ਤਖਤਾਂ ਤੋਂ ਲਾਹੀਏ, ਸਿੱਖੀ ਦੇ ਹੋ ਚੁਕੇ ਬ੍ਰਾਹਮਣੀ ਕਰਨ ਨੂੰ ਧੋਈਏ ਤੇ ਗੁਰੂ ਬਾਬੇ ਦੀ ਸਿਖਿਆ ਅਨੁਸਾਰ ਸਿੱਖ ਨੂੰ ਜੀਵਨ ਬਤੀਤ ਕਰਨ ਦਾ ਸੌਖਾ ਤੇ ਸਾਦਾ ਤਰੀਕਾ ਦੱਸੀਏ ਤੇ ਸਿੱਖ ਕੌਮ ਨੂੰ ਮੁੜ ਸ਼ੇਰਾਂ ਦੀ ਕੌਮ ਬਣਾਉਣ ਦਾ ਉਪਰਾਲਾ ਕਰੀਏ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ, ਕੈਨੇਡਾ।
ਟੈਲੀਫੂਨ    905-454 4741   905-454 4741 ਅਤੇ 716 536 2346    716 536 2346।

Leave a Reply