Wednesday, July 24, 2019
Home > Articles > ਸਿੱਖੋ ! ਵਰਤ ਜ਼ਰੂਰ ਰੱਖੋ, ਪਰ…….?

ਸਿੱਖੋ ! ਵਰਤ ਜ਼ਰੂਰ ਰੱਖੋ, ਪਰ…….?

ਵਰਤ (ਭੁੱਖ ਹੜਤਾਲ) ਦਾ ਨਾਂ ਸੁਣਦਿਆਂ ਹੀ ਸਾਨੂੰ ਗੁਰਬਾਣੀ ਅਧਾਰਤ ਫੈਸਲਾ ਚੇਤੇ ਆ ਜਾਂਦਾ ਹੈ ਕਿ ਸਿੱਖ ਕਦੀ ਵੀ ਵਰਤ ਨਹੀਂ ਰੱਖਦਾ , ਭਾਵ ਅੰਨ ਆਦਿਕ ਦਾ ਤਿਆਗ ਨਹੀਂ ਕਰਦਾ। ਜੀ ਹਾਂ ਸਿੱਖ ਕਦੀ ਵੀ ਵਰਤ ਨਹੀਂ ਰੱਖਦਾ।ਇਥੇ ਇੱਕ ਵਿਚਾਰਨ ਵਾਲੀ ਹੋਰ ਗੱਲ ਵੀ ਹੈ ਕਿ ਗੁਰੂਬਾਣੀ ਨੇ ਆਖਿਆ ਸਿੱਖਾ!ਵਰਤ ਨਾ ਰੱਖੀਂ,ਪਰ ਨਾਲ ਹੀ ਆਖਿਆ ਵਰਤ ਜ਼ਰੂਰ ਰੱਖੀਂ ।ਅਸੀਂ ਸਾਰਾ ਪ੍ਰਚਾਰ ਇਸ ਜੋਰ ਨਾਲ ਕੀਤਾ ਕਿ ਸਿੱਖ ਵਰਤ ਨਹੀਂ ਰੱਖਦਾ। ਜੋ ਵਰਤ ਆਦਿਕ ਰੱਖਦਾ ਹੈ ਉਹ ਸਿੱਖੀ ਦੇ ਵਿਹੜੇ ਵਿੱਚ ਅਣਜਾਣ ਹੈ। ਪਰ ਗੁਰੂਬਾਣੀ ਵੀਚਾਰ ਰਾਹੀਂ ਇਹ ਵੀ ਸ਼ਪੱਸ਼ਟ ਹੈ ਕਿ ਜਿਸ ਨੇ ਵਰਤ ਨਹੀਂ ਰੱਖਿਆ ਉਹ ਵੀ ਅਣਜਾਣ ਹੀ ਹੈ।
ਸਿੱਖੀ ਦੇ ਪ੍ਰਚਾਰ ਨੇ ਕਈ ਲੋਕਾਂ ਨੂੰ ਅੰਨੁ ਛੱਡਣ ਵਾਲੇ ਪਾਖੰਡ ਤੋਂ ਤਾਂ ਬਚਾ ਲਿਆ। ਅੰਨੁ ਛੱਡਣ ਵਾਲੇ ਕਈਆਂ ਨੂੰ ਅੰਨੁ ਖਾਣ ਲਾ ਲਿਆ ਪਰ ਗੁਰੂਬਾਣੀ ਦੇ ਦੱਸੇ ਦੂਜੇ ਵਰਤ ਦੀ ਸੋਝੀ ਨਾ ਦੇਣ ਕਾਰਨ ਸਾਡੇ ਜਥੇਦਾਰ , ਸਾਧ ਬੂਬਨੇ , ਲੀਡਰ.ਪ੍ਰਚਾਰਕ ਆਦਿਕ ਗਰਕ ਗਏ। ਇਹਨਾਂ ਦੇ ਗਰਕਣ ਕਾਰਨ ਬਹੁਤੇ ਆਮ ਲੋਕਾਂ ਦਾ ਵੀ ਘਾਣ ਹੋਇਆ। ਆਉ ਪਹਿਲਾਂ ਗੁਰਬਾਣੀ ਦੇ ਦੱਸੇ ਉਸ ਵਰਤ ਨੂੰ ਸਾਹਮਣੇ ਲਿਆਈਏ ਜਿਸ ਤੋਂ ਸਾਡੇ ਜਥੇਦਾਰ ,ਬਾਬੇ, ਲੀਡਰ ,ਕਈ ਪ੍ਰਚਾਰਕ ,ਰਾਗੀ,ਢਾਡੀ ਅਤੇ ਬਹੁਤੇ ਵੀਰ ਭੈਣਾਂ ਵੀ ਅਣਜਾਣ ਹਨ ।ਅਣਜਾਣ ਤੋਂ ਭਾਵ ਇਹ ਨਹੀਂ ਕਿ ਇਸ ਦਾ ਪਾਠ ਨਹੀਂ ਕੀਤਾ , ਨਹੀਂ ਨਹੀਂ ਪਾਠ ਤਾਂ ਕੀਤਾ ਹੈ ਪਰ ਇਸ ਨੂੰ ਅਮਲ ਵਿੱਚ ਨਹੀਂ ਲਿਆਂਦਾ।ਕਰੀਏ ਦਰਸ਼ਨ :-
ਨਉਮੀ ਨੇਮੁ ਸਚੁ ਜੇ ਕਰੈ ॥ ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥
ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥
ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥
ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥2॥ (ਪੰਨਾ 1245)

ਅਰਥ-ਜੇ ਮਨੁੱਖ ਸੱਚ ਧਾਰਨ ਕਰਨ ਦੇ ਨੇਮ ਨੂੰ ਨੌਮੀ ਦਾ ਵਰਤ ਬਣਾਏ, ਕਾਮ ਕ੍ਰੋਧ ਤੇ ਲਾਲਚ ਨੂੰ ਚੰਗੀ ਤਰ੍ਹਾਂ ਦੂਰ ਕਰ ਲਏ। ਜੇ ਦਸ ਹੀ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕ ਰੱਖੇ ਇਸ ਉੱਦਮ ਨੂੰ ਦਸਮੀ ਥਿੱਤ ਦਾ ਵਰਤ ਬਣਾਏ। ਇਕ ਪਰਮਾਤਮਾ ਨੂੰ ਹਰ ਥਾਂ ਵਿਆਪਕ ਸਮਝੇ, ਇਹ ਉਸ ਦਾ ਏਕਾਦਸੀ ਦਾ ਵਰਤ ਹੋਵੇ।ਪੰਜ ਕਾਮਾਦਿਕਾਂ ਨੂੰ ਕਾਬੂ ਵਿਚ ਰੱਖੇ, ਜੇ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ। ਹੇ ਨਾਨਕ! ਤਾਂ ਮਨ ਪਤੀਜ ਜਾਂਦਾ ਹੈ। ਹੇ ਪੰਡਿਤ! ਜੇ ਇਹੋ ਜਿਹਾ ਵਰਤ ਨਿਬਾਹ ਸਕੀਏ ਤਾਂ ਕਿਸੇ ਹੋਰ ਸਿਖਿਆ ਦੀ ਲੋੜ ਨਹੀਂ ਪੈਂਦੀ॥2॥
ਕੂੜੀਆਂ ਇਛਾਵਾਂ ਪੂਰੀਆਂ ਕਰਨ ਕਰਵਾਉਣ ਲਈ ਕੀਤਾ ਰੋਟੀ ਦਾ ਤਿਆਗ ਭਰਮ ਭੁਲੇਖਿਆਂ ਤੋਂ ਵੱਧ ਸ਼ਾਇਦ ਕੋਈ ਹੋਰ ਨੁਕਸਾਨ ਨਹੀਂ ਕਰਦਾ। ਪਰ ਜੇ ਉਪਰੋਕਤ ਵਰਤ ਨਾ ਰੱਖੀਏ ਤਾਂ ਜ਼ਿੰਦਗੀ ਕੂੜ ਕਬਾੜ ਹੀ ਹੋ ਜਾਂਦੀ ਹੈ, ਸਮਾਜ ਬੁਰੀ ਤਰਾਂ ਭਰਿਸ਼ਟ ਹੋ ਜਾਂਦਾ ਹੈ। ਜੇ ਉਪਰੋਕਤ ਮੁਤਾਬਕ ਵੱਰਤ ਰੱਖ ਲਈਏ ਤਾਂ ਇਸਦੀ ਹੋਰ ਦ੍ਰਿੜਤਾ ਲਈ ਵੇਖੋ:-
ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥ ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ॥
ਮਨਿ ਸੰਤੋਖੁ ਸਰਬ ਜੀਅ ਦਇਆ ॥ ਇਨ ਬਿਧਿ ਬਰਤੁ ਸੰਪੂਰਨ ਭਇਆ ॥
ਧਾਵਤ ਮਨੁ ਰਾਖੈ ਇਕ ਠਾਇ ॥ ਮਨੁ ਤਨੁ ਸੁਧੁ ਜਪਤ ਹਰਿ ਨਾਇ ॥
ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥ ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥11॥ (ਪੰਨਾ 299)

ਅਰਥ-ਹੇ ਭਾਈ! ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਵੇਖੋ, ਆਪਣੇ ਇੰਦ੍ਰਿਆਂ ਨੂੰ ਕਾਬੂ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ; ਇਹੀ ਹੈ ਇਕਾਦਸ਼ੀ ਦਾ ਵਰਤ। ਜੇਹੜਾ ਮਨੁੱਖ ਆਪਣੇ ਮਨ ਵਿਚ ਸੰਤੋਖ ਧਾਰਦਾ ਹੈ ਤੇ ਸਭ ਮਨੁੱਖਾਂ ਨਾਲ ਦਇਆ ਪਿਆਰ ਵਾਲਾ ਸਲੂਕ ਕਰਦਾ ਹੈ, ਇਸ ਤਰੀਕੇ ਨਾਲ ਜੀਵਨ ਗੁਜ਼ਾਰਦਿਆਂ ਉਸ ਦਾ ਵਰਤ ਕਾਮਯਾਬ ਹੋ ਜਾਂਦਾ ਹੈ ਭਾਵ, ਇਹੀ ਹੈ ਅਸਲੀ ਵਰਤ। ਇਸ ਤਰ੍ਹਾਂ ਦੇ ਵਰਤ ਨਾਲ ਉਹ ਮਨੁੱਖ ਵਿਕਾਰਾਂ ਵਲ ਦੌੜਦੇ ਆਪਣੇ ਮਨ ਨੂੰ ਇਕ ਟਿਕਾਣੇ ਤੇ ਟਿਕਾ ਰੱਖਦਾ ਹੈ, ਪਰਮਾਤਮਾ ਦੇ ਗੁਣ ਗਾਉਂਦਿਆਂ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ। ਹੇ ਨਾਨਕ! ਜੇਹੜਾ ਪ੍ਰਭੂ ਸਾਰੇ ਜਗਤ ਵਿਚ ਹਰ ਥਾਂ ਵਿਆਪਕ ਹੈ, ਉਸ ਪ੍ਰਭੂ ਦੀ ਸਿਫਤਿ ਸਾਲਾਹ ਕਰਦਾ ਰਹੁ, ਇਹ ਐਸਾ ਧਰਮ ਹੈ ਜਿਸ ਦਾ ਫਲ ਜ਼ਰੂਰ ਮਿਲਦਾ ਹੈ ॥11॥
ਜੇ ਸਾਡੇ ਸਮਾਜ ਵਿੱਚ,ਸਾਡੇ ਘਰਾਂ ਵਿੱਚ ਇਹ ਵਰਤ ਰੱਖ ਲਿਆ ਜਾਵੇ ਤਾਂ ਕਿੰਨਾਂ ਸੋਹਣਾ ਵਾਤਾਵਰਨ ਬਣ ਜਾਵੇ। ਜੇ ਸਾਡੇ ਰਾਜਨੀਤਿਕ ਆਗੂ, ਧਾਰਮਿਕ ਆਗੂ, ਇਹ ਵਰਤ ਰੱਖ ਲੈਣ ਤਾਂ ਸਮਾਜ ਦੇ ਰਹਿਣ ਸਹਿਣ ਦੀ ਤਸਵੀਰ ਕਿੰਨੀ ਛੇਤੀ ਬਦਲੇਗੀ, ਜਰਾ ਸੋਚੀਏ। ਜਿੰਨਾ ਜੋਰ ਅੰਨ ਤਿਆਗੀਆਂ ਨੂੰ ਅੰਨ ਖਵਾਉਣ ਵੱਲ ਲਾਇਆ, ਜਾਂ ਲਾ ਰਹੇ ਹਾਂ ਉਸ ਦਾ ਫਾਇਦਾ ਕੀ ਹੋਏਗਾ ਭਰਮ ਮਿਟਣ ਤੋਂ ਇਲਾਵਾ ਅੰਨ ਦੀ ਘਾਟ, ਗੰਦਗੀ ਵਾਧੂ, ਵਧੇਰਾ ਖਾ ਕੇ ਬਦਹਜ਼ਮੀ, ਭਾਰ ਵਧਣ ਜਿਹੀਆਂ ਬਿਮਾਰੀਆਂ ਆਦਿ। ਪਰ ਜੇ ਗੁਰੂ ਸਾਹਿਬ ਜੀ ਦੇ ਦੱਸੇ ਮੁਤਾਬਕ ਬੁਰਾਈਆਂ ਦਾ ਵਰਤ ਰੱਖ ਲਈਏ ਫਾਇਦਾ ਕੀ ਹੋਏਗਾ ਇਮਨਦਾਰੀ ਵਧੇਗੀ,ਪਿਆਰ ਵਧੇਗਾ, ਸਬਰ ਸੰਤੋਖ, ਸਮਾਜ ਸੇਵਾ, ਸੱਚਾਈ, ਕਾਮ ਕ੍ਰੋਧ ਵਰਗੀਆਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਗੁਰੂਬਾਣੀ ਕਿੰਨੀ ਉੱਚੀ ਸੁੱਚੀ ਤੇ ਕਮਾਲ ਦੀ ਜ਼ਿੰਦਗੀ ਬਖਸ਼ਦੀ ਹੈ।ਇਹ ਬਖਸ਼ਿਸ਼ ਵਿਖਾਵੇ ਦੇ ਪਾਠਾਂ ਜਾਂ ਕਿਸੇ ਬੂਬਨੇ ਦੇ ਪੈਰਾਂ ਦੀ ਪੂਜਾ ਜਾਂ ਮੜੀਆਂ ਕਬਰਾਂ ਦੀ ਪੂਜਾ ਨੇ ਨਹੀਂ ਦੇਣੀਂ। ਇਸ ਲਈ ਗੁਰਬਾਣੀ ਨੂੰ ਵੀਚਾਰਨਾ,ਸਮਝਣਾ ਤੇ ਅਮਲ ਕਰਨਾਂ ਜ਼ਰੂਰੀ ਹੈ।
ਜਿਹੜਾ ਵਰਤ ਕਦੀ ਵੀ ਨਹੀਂ ਰੱਖਣਾ:- ਸਾਡੀ ਦਿਸ਼ਾ ਵਿਹੂਣੀ ਪ੍ਰਚਾਰ ਪ੍ਰਣਾਲੀ ਨੇ ਅੰਨ ਨਾ ਤਿਆਗਣ ਦੀਆਂ ਬੜੀਆਂ ਪ੍ਰੇਰਨਾਵਾਂ ਹੋਈਆਂ। ਪਏ ਨਿੱਕੇ ਨਿੱਕੇ ਭੁਲੇਖਿਆਂ ਤੋਂ ਵੀ ਖਹਿੜਾ ਛੁਡਾਉਣਾ ਚਾਹੀਦਾ ਹੈ, ਪਰ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ ਇਹ ਇਹਨਾਂ ਭਰਮ ਭੁਲੇਖਿਆਂ ਦੀ ਅਸਲ ਜੜ ਅਗਿਆਨਤਾ ਹੀ ਹੈ। ਅਗਿਆਨਤਾ ਹੀ ਅੰਨ ਤਿਆਗ ਕਰਵਾਉਂਦੀ ਹੈ ਅਤੇ ਹੋਰ ਕਰਮਕਾਡਾਂ ਨੂੰ ਜਨਮ ਦਿੰਦੀ ਹੈ। ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਸਾਨੂੰ ਗੁਰੂਬਾਣੀ ਦੇ ਅਸੂਲਾਂ ਦੀ ਸਦਾ ਪਾਲਣਾ ਕਰਨੀ ਚਾਹੀਦੀ ਹੈ,ਇਹਨਾਂ ਅਸੂਲਾਂ ਦਾ ਵਰਤ ਕਦੇ ਨਹੀਂ ਰੱਖਣਾ ਚਾਹੀਦਾ। ਆਉ ਗੁਰਬਾਣੀ ਦੇ ਇਸ ਪੱਖ ਨੂੰ ਵਿਚਾਰੀਏ ਜਿਸ ਵਿੱਚ ਜ਼ਿੰਦਗੀ ਨੂੰ ਸਵਾਰ ਦੇਣ ਵਾਲੇ ਅਸੂਲਾਂ ਦਾ ਕਦੀ ਵੀ ਵਰਤ ਨਾ ਰੱਖਣ ਲਈ ਆਖਿਆ ਹੈ । ਜਿਹੜੇ ਇਹਨਾਂ ਅਸੂਲਾਂ ਦਾ (ਤਿਆਗ) ਵੱਰਤ ਰੱਖ ਲੈਂਦੇ ਹਨ ਉਹਨਾਂ ਦੀ ਹਾਲਤ ਮਾੜੀ ਹੋ ਜਾਂਦੀ ਹੈ ਪਰ ਬਾਹਰ ਪ੍ਰਗਟ ਕਰਦੇ ਹਨ ਕਿ ਸਭ ਕੁਝ ਹੱਛਾ ਹੀ ਹੈ :-
ਗੋਂਡ ॥
ਧੰਨੁ ਗੁਪਾਲ ਧੰਨੁ ਗੁਰਦੇਵ ॥ ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥
ਧਨੁ ਓਇ ਸੰਤ ਜਿਨ ਐਸੀ ਜਾਨੀ ॥ ਤਿਨ ਕਉ ਮਿਲਿਬੋ ਸਾਰਿੰਗਪਾਨੀ ॥1॥
ਆਦਿ ਪੁਰਖ ਤੇ ਹੋਇ ਅਨਾਦਿ ॥ ਜਪੀਐ ਨਾਮੁ ਅੰਨ ਕੈ ਸਾਦਿ ॥1॥ ਰਹਾਉ ॥
ਜਪੀਐ ਨਾਮੁ ਜਪੀਐ ਅੰਨੁ ॥ ਅੰਭੈ ਕੈ ਸੰਗਿ ਨੀਕਾ ਵੰਨੁ ॥
ਅੰਨੈ ਬਾਹਰਿ ਜੋ ਨਰ ਹੋਵਹਿ ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥2॥
ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥
ਜਗ ਮਹਿ ਬਕਤੇ ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥3॥
ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥
ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥4॥8॥11॥ (ਪੰਨਾ 873)

ਭੂਮਿਕਾ:-ਭਗਤ ਕਬੀਰ ਜੀ ਦਾ ਇਹ ਸ਼ਬਦ ਪੜਿਆਂ ਇੰਜ ਲਗਦਾ ਹੈ ਜਿਵੇਂ ਉਹਨਾਂ ਮਨੁੱਖਾਂ ਲਈ ਹੋਵੇ ਜਿਹੜੇ ਰੋਟੀ ਆਦਿਕ ਦਾ ਤਿਆਗ ਕਰਦੇ ਹਨ।ਰੋਟੀ ਛੱਡ ਕੇ ਬੈਠਣ ਨਾਲ ਜ਼ਿੰਦਗੀ ਵਿੱਚ ਧਰਮ ਨਹੀਂ ਆ ਸਕਦਾ,ਭਾਵ ਸੁਭਾਅ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਇੱਕ ਗੱਲ ਹੋਰ ਵੀ ਹੈ, ਜੇਕਰ ਰੋਟੀ ਛੱਡਣ ਨਾਲ ਕੋਈ ਧਰਮੀ ਨਹੀਂ ਬਣਦਾ, ਤਾਂ ਰੋਟੀ ਖਾ ਕੇ ਵੀ ਕੋਈ ਧਰਮੀ ਨਹੀਂ ਬਣਦਾ।
ਸੱਚਾ ਧਰਮੀ ਤਾਂ ਹੀ ਬਣਦਾ ਹੈ ਜਦੋਂ ਗੁਰੂ ਸ਼ਬਦ ਦੁਆਰਾ ਪ੍ਰਭੂ ਗੁਣਾਂ ਨੂੰ ਜੀਵਨ ਦੇ ਪੱਲੇ ਬੰਨਦਾ ਹੈ। ਜੀਵਨ ਦੀ ਅਸਲੀਅਤ ਪੱਲੇ ਨਾ ਹੋਵੇ ਤੇ ਕੇਵਲ ਵਿਖਾਵਾ ਕਰੀ ਜਾਣ ਨਾਲ ਹੀ ਸੋਭਾ ਨਹੀਂ ਬਣੀ ਰਹਿ ਸਕਦੀ , ਜੀਵਨ ਦੀ ਸੋਭਾ ਤਾਂ ਗੁਣਾਂ ਨਾਲ ਹੀ ਬਣਦੀ ਹੈ ।
ਗੁਰੂਬਾਣੀ ਵਿੱਚ ਅੰਨ ਅਨਾਜ ਲਈ ਵੀ ਵਰਤਿਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ ,ਪਰ ਹਰੇਕ ਥਾਂ ਵਰਤੇ ਅੰਨ ਅੱਖਰ ਨੂੰ ਕੇਵਲ ਅਨਾਜ ਤੱਕ ਹੀ ਸੀਮਤ ਰੱਖਣਾ ਵਾਜਬ ਨਹੀਂ ਹੋਵੇਗਾ। ਭਗਤ ਕਬੀਰ ਜੀ ਦੇ ਉਪਰਲੇ ਸ਼ਬਦ ਵਿੱਚ ਆਏ ਅੰਨੁ ਅੱਖਰ ਨੂੰ ਕੇਵਲ ਰੋਟੀ ਤੱਕ ਹੀ ਸੀਮਤ ਕਰ ਦਿਤਾ ਹੈ।ਹੁਣ ਜਦੋਂ ਗੁਰੂਬਾਣੀ ਨੂੰ ਆਪਾਂ ਧਿਆਨ ਨਾਲ ਪੜਦੇ ਹਾਂ ਤਾਂ ਇਕ ਗੱਲ ਸਾਫ ਹੋ ਜਾਂਦੀ ਹੈ ਕਿ ਇੱਕ ਅਕਾਲ ਪੁਰਖ ਜੀ ਤੋਂ ਬਿਨਾਂ ਹੋਰ ਕਿਸੇ ਵਿਅਕਤੀ, ਪਦਾਰਥ ਜਾਂ ਆਲ ਪਤਾਲ ਨੂੰ ਜਪਣ ਦੀ ਹਦਾਇਤ ਨਹੀਂ ਹੈ।ਸਿਰਫ ਇੱਕ ਅਕਾਲ ਪੁਰਖ ਦੀ ਅਰਾਧਣਾ ਦਾ ਉਪਦੇਸ਼ ਹੈ। ਇਸ ਸ਼ਬਦ ਵਿੱਚ “ ਜਪੀਐ ਨਾਮੁ ਜਪੀਐ ਅੰਨੁ ” ਵੱਲ ਧਿਆਨ ਦਿਤਿਆਂ ਵੀਚਾਰਨਾ ਪੈਣਾ ਹੈ ਕਿ ਫਿਰ ਏਥੇ ਨਾਮ ਨਾਲ ਅੰਨ ਵੀ ਜਪਣ ਲਈ ਕਿਉਂ ਆਖਿਆ ਹੈ ? ਦੂਜਾ “ਧੰਨੁ ਅਨਾਦਿ” ਪੜ ਕੇ ਇਹ ਵੀ ਵੀਚਾਰਨਾ ਪਵੇਗਾ ਕਿ ਅੰਨ ਆਦਿ ਵੀ ਧੰਨ ਤੇ ਅਕਾਲ ਪੁਰਖ ਵੀ ਧੰਨ ? “ਅੰਨੈ ਬਾਹਰਿ ਜੋ ਨਰ ਹੋਵਹਿ ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥” ਕੀ ਅੰਨ ਤੋਂ ਬਾਹਰ ਭਾਵ ਰੋਟੀ ਦਾ ਤਿਆਗ ਕਰ ਦੇਣ ਵਾਲੇ ਆਪਣੀ ਇਜ਼ਤ ਗਵਾ ਬੈਠਦੇ ਹਨ ? ਕਦੀ ਕਦੀ ਰੋਟੀ ਦਾ ਤਿਆਗ ਕਰ ਦੇਣ ਨਾਲ ਇਜ਼ਤ ਨੂੰ ਕੀ ਖਤਰਾ ਪੈਦਾ ਹੋਇਆ ? ਕਿਹੜੇ ਅੰਨ ਦੀ ਗੱਲ ਕਬੀਰ ਜੀ ਕਰਦੇ ਹਨ ਆਓ ਜੀ ਗੁਰੂ ਬਾਣੀ ਵਿੱਚੋਂ ਦਰਸ਼ਨ ਕਰਦੇ ਹਾਂ ਇਸ ਵੀਚਾਰ ਦੀ ਪ੍ਰੋੜਤਾ ਲਈ :-
ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥ – (ਪੰਨਾ 321)
ਜਦੋਂ ਪਰਮਾਤਮਾ ਨੇ ਹੁਕਮ ਦਿੱਤਾ ਤਾਂ ਜਿਸ ਕਿਸੇ ਭਾਗਾਂ ਵਾਲੇ ਦੇ ਹਿਰਦੇ ਰੂਪ ਧਰਤੀ ਤੇ ਆਪਣੇ ਆਪ ਨਾਮ ਦੀ ਵਰਖਾ ਹੋਣ ਲੱਗ ਪਈ,
ਉਸ ਹਿਰਦੇ ਧਰਤੀ ਵਿਚ ਪ੍ਰਭੂ ਦੀ ਸਿਫਤਿ ਸਾਲਾਹ ਦਾ ਅੰਨ ਬਹੁਤ ਪੈਦਾ ਹੋ ਜਾਂਦਾ ਹੈ ਉਸ ਦਾ ਹਿਰਦਾ ਚੰਗੀ ਤਰ੍ਹਾਂ ਸੰਤੋਖ ਵਾਲਾ ਹੋ ਜਾਂਦਾ ਹੈ।
ਅਰਥ :- ਅਕਾਲ ਪੁਰਖ ਜੀ ਦੀ ਮਿਹਰ ਨਾਲ ਹਿਰਦੇ ਧਰਤੀ ਵਿਚ ਪ੍ਰਭੂ ਦੀ ਸਿਫਤਿ ਸਾਲਾਹ ਦਾ ਅੰਨ ਪੈਦਾ ਹੋ ਜਾਂਦਾ ਹੈ। ਅਕਾਲ ਪੁਰਖ ਜੀ ਦੀ ਇਸ ਸਿਫਤ ਸਲਾਹ ਨੂੰ ਭਾਵ ਨਾਮ ਅੰਨ ਨੂੰ ਸਵਾਦ ਨਾਲ, ਲਗਨ ਨਾਲ, ਰੀਝ ਨਾਲ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ ॥1॥ ਰਹਾਉ। ਸੋ, ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ ਜੋ ਜ਼ਿੰਦਗੀ ਵਿੱਚ ਸਿਫਤ ਸਲਾਹ ਦਾ ਅੰਨ ਪੈਦਾ ਕਰਦਾ ਹੈ, ਧੰਨ ਹੈ ਸਤਿਗੁਰੂ ਜੋ ਐਸੇ ਪ੍ਰਭੂ ਦੀ ਸੂਝ ਬਖਸ਼ਦਾ ਹੈ, ਤੇ ਧੰਨ ਹੈ ਪ੍ਰਭੂ ਦੀ ਸਿਫਤ ਸਲਾਹ ਵਾਲਾ ਅੰਨ, ਜਿਸ ਨਾਲ ਭੁੱਖੇ (ਤ੍ਰਿਸ਼ਨਾਲੂ ) ਮਨੁੱਖ ਦਾ ਹਿਰਦਾ ਫੁੱਲ ਵਾਂਗ ਟਹਿਕ ਪੈਂਦਾ ਹੈ। ਜਿਨ੍ਹਾਂ ਨੂੰ ਇਸ ਸਿਫਤ ਸਲਾਹ ਰੂਪੀ ਅੰਨ ਦੀ ਸਮਝ ਆਈ ਹੈ ਉਹਨਾਂ ਦੀ ਜੀਵਨ ਜੁਗਤ ਵੀ ਧੰਨਤਾ ਯੋਗ ਹੈ ,ਤੇ ਅਜਿਹੇ ਮਨੁੱਖ ਗੁਣਾਂ ਦਾ ਅੰਨ ਖਾ ਕੇ ਪ੍ਰਭੂ ਨੂੰ ਜੀਵਨ ਵਿੱਚ ਮਾਣਦੇ ਹਨ ॥1॥ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਨੂੰ ਜੀਵਨ ਵਿੱਚ ਮਾਨਣਾ ਚਾਹੀਦਾ ਹੈ ।ਇਸ ਵਿੱਚੋਂ ਜੋ ਸੰਤੋਖ ਜਲ ਪੈਦਾ ਹੋਵੇਗਾ ਉਸ ਨਾਲ ਜੀਵਨ ਦਾ ਰੰਗ ਭਾਵ ਸੁਹੱਪਣ ਹੋਰ ਵਧੇਗਾ ।ਜਿਹੜੇ ਮਨੁੱਖ ਸਿਫਤ ਸਲਾਹ ਦੇ ਅੰਨ ਦਾ ਤਿਆਗ ਕਰਦੇ ਹਨ ਮਨੁੱਖ ਤੀਨਿ ਭਵਨ ਮਹਿ ਭਾਵ ਮਾਇਆ ਦੇ ਤਿਨ ਅਉਗਣ ਰਜੋ ਤਮੋ ਸਤੋ ਵਿੱਚ ਫਸ ਕੇ ਆਪਣੀ ਇੱਜ਼ਤ ਗਵਾ ਬੈਠਦੇ ਹਨ ॥2॥ ਕਬੀਰ ਜੀ ਆਖਦੇ ਹਨ ਜਿਹੜੇ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਵਾਲਾ ਅੰਨ ਤਿਆਗ ਦੇਂਦੇ ਹਨ ਤੇ ਕੇਵਲ ਵਿਖਾਵੇ ਮਾਤਰ ਧਰਮੀ ਹੋਣ ਦਾ ਪਾਖੰਡ ਕਰਦੇ ਹਨ , ਐਸੇ ਲੋਕਾਂ ਨੇ ਅਪਣਾ ਨਾਂ ਭਾਵੇਂ ਸੋਹਾਗਣ (ਧਰਮੀ )ਰੱਖਿਆ ਹੈ, ਪਰ ਅਸਲ ਵਿੱਚ ਤਾਂ ਇਹਨਾਂ ਦਾ ਨਾਂ ਰੰਡੀਆਂ ਹੈ । ਸੰਸਾਰ ਵਿੱਚ ਜੀਵਨ ਵਿੱਚ ਭਾਵੇਂ ਆਪਣੇ ਆਪ ਨੂੰ ਦੂਧਾਧਾਰੀ ਭਾਵ ਸਫੈਦ ਪੋਸ਼, ਨਿਰਮਲ ਕਰਮੀ ਅਖਵਾਉਂਦੇ ਹਨ ਪਰ ਗੁਪਤ, ਚੋਰੀ, ਛੁਪਾ ਕੇ ਪੜਦੇ ਹੇਠ ਵਿਕਾਰਾਂ ਦੀ ਪਿੰਨੀ ਵੀ ਖਾਂਦੇ ਹਨ ॥3॥ ਪ੍ਰਭੂ ਦੀ ਸਿਫਤ ਸਲਾਹ ਕਰਨ ਤੋਂ ਬਿਨਾਂ ਜੀਵਨ ਕਾਲ ਰਹਿਤ ਭਾਵ ਗੁਣਾਂ ਭਰਪੂਰ ਨਹੀਂ ਹੋ ਸਕਦਾ ।ਪ੍ਰਭੂ ਦੀ ਸਿਫਤ ਸਾਲਾਹ ਰੂਪ ਅੰਨ ਛੱਡਣ ਕਰਕੇ ਧਰਤੀ ਦਾ ਪਾਲਕ ਗੁਪਾਲ ਨਹੀਂ ਮਿਲਦਾ।ਹੇ ਕਬੀਰ ਆਖ ! ਅਸੀਂ ਤਾਂ ਇਸ ਤਰੀਕੇ ਸਮਝਿਆ ਹੈ ਕਿ ਧੰਨ ਹੈ ਪ੍ਰਭੂ ਦੀ ਸਿਫਤ ਸਲਾਹ ਰੂਪ ਅੰਨ ਆਦਿ ਜਿਸ ਨਾਲ ਮਾਲਕ ਦੀ ਪ੍ਰਸੰਨਤਾ ਮਿਲ ਗਈ ॥4॥8॥11॥
ਮਨੁੱਖੀ ਜੀਵਨ ਲਈ ਸਿਫਤ ਸਲਾਹ ਰੂਪ ਅੰਨ ਧੰਨ ਲਈ ਹੋਰ ਗੁਰੂਬਾਣੀ ਦੇ ਪ੍ਰਮਾਣ ਵੇਖਦੇ ਹਾਂ ਜਿਨਾਂ ਦਾ ਭਾਵ ਵੀ ਕੁਝ ਇਸ ਤਰਾਂ ਦਾ ਹੀ ਹੈ:-
ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥(1281)
ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥ (1282)
ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥ (1420)

ਸੋ ਆਉ ਵੀਰੋ ਭੈਣੋਂ ਜਾਣੇ ਅਣਜਾਣੇ ਰੱਖੇ ਇਸ ਵਰਤ ਦਾ ਤਿਆਗ ਕਰੀਏ ਜੋ ਗੁਰਬਾਣੀ ਦੇ ਅਸੂਲਾਂ ਦਾ ਰੱਖੀ ਬੈਠੇ ਹਾਂ ।ਗੁਰਬਾਣੀ ਦੇ ਦਰਸਾਏ ਉਪਰਲੇ ਪਹਿਲੇ ਬੁਰਾਈਆਂ ਦੇ ਵਰਤ ਨੂੰ ਹੋਰ ਪੱਕਾ ਕਰੀਏ ਜਿਸ ਨੂੰ ਅਜੇ ਤੱਕ ਅਸੀਂ ਚੰਗੀ ਦ੍ਰਿੜਤਾ ਨਾਲ ਨਹੀਂ ਲਿਆ।
ਪਤੀਆਂ ਦੀਆਂ ਉਮਰਾਂ ਵਧਾਉਣ ਲਈ ਰੱਖਿਆ ਰੋਟੀ ਆਦਿ ਦਾ ਵਰਤ ਸਾਡਾ ਅਜੇ ਤੱਕ ਕੁਝ ਨਹੀਂ ਸਵਾਰ ਸਕਿਆ ਭਾਵ ਕਿਸੇ ਪਤੀ ਦੀ ਉਮਰ ਲੰਬੀ ਇਸ ਤਰ੍ਹਾਂ ਨਹੀਂ ਹੋ ਸਕਦੀ ਨਾ ਹੋਈ ਹੈ । ਪਤੀ ਦੀ ਉਮਰ ਲੰਬੀ ਕਰਨ ਲਈ ਭੁੱਖ ਹੜਤਾਲ (ਵਰਤ) ਵੀ ਕੀਤੀ ਤੇ ਲੜਾਈ ਝਗੜਾ, ਸ਼ੰਕਾ, ਬੇਵਿਸ਼ਵਾਸ਼ੀ ਆਦਿ ਵੀ ਹਰ ਵੇਲੇ ਨਾਲ ਨਾਲ ਰਹੇ।ਜੇ ਗੁਰੂਬਾਣੀ ਵਾਲੀ ਵੀਚਾਰ ਅਪਣਾ ਲਈਏ ਤਾਂ ਔਗੁਣ ਖਤਮ ਤੇ ਗੁਣਾਂ ਦੀ ਭਰਮਾਰ ਜੀਵਨ ਵਿੱਚ ਹੋ ਜਾਂਦੀ ਹੈ। ਕਲਹਿ ਕਲੇਸ਼ ਦੇ ਮਾਰੇ ਪਤੀ ਪਤਨੀਆਂ ਰੋਟੀਆਂ ਛੱਡ ਛੱਡ ਉਮਰਾਂ ਲੰਬੀਆਂ ਦੇ ਭਰਮ ਵੀ ਪਾਲ ਰਹੇ ਹਨ ਤੇ ਇਸੇ ਕਲਹਿ ਕਲੇਸ਼ ਦੇ ਕਾਰਨ ਕਿੰਨੇ ਹੀ ਬਿਮਾਰ ਤੇ ਕਿੰਨੇ ਹੀ ਰੋਂਦੇ ਕੁਰਲਾਉਂਦੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ।ਗੁਰੂਬਾਣੀ ਦੇ ਆਖੇ ਲੱਗ ਜਾਈਏ ਤਾਂ ਜੀਵਨ ਦੇ , ਘਰਾਂ ਦੇ ਕਲਹਿ ਕਲੇਸ਼ ਵੀ ਤੇ ਬਿਮਾਰੀਆਂ ਵੀ ਘੱਟ ਹੋ ਜਾਣਗੀਆਂ ਤੇ ਉਮਰ ਵੀ ਲੰਬੀ ਦੀ ਸ਼ਾਇਦ ਕਾਮਨਾ ਕੀਤੀ ਜਾ ਸਕਦੀ ਹੈ।

Leave a Reply