Saturday, March 23, 2019
Home > Articles > ਸਿੱਖੀ ਤੇ ਹਮਲਾ (ਭਾਗ -੧)

ਸਿੱਖੀ ਤੇ ਹਮਲਾ (ਭਾਗ -੧)

ਨੋਟ:- ੧.ਦੇਹ ਪੂਜਾ ਮੂਰਤੀ ਪੂਜਾ, ੨.ਡੇਰਾਵਾਦ, ੩.ਪਖੰਡ ਵਹਿਮ ਭਰਮ,੪.ਗੁਲਾਮੀ,੫.ਗੁਰਬਾਣੀ ਦਾ ਨਿਰਾਦਰ,੬.ਦਸਮ ਗ੍ਰੰਥ,੭.ਇਤਿਹਾਸਿਕ ਮਿਲਾਵਟ,੮.ਭਰੂਣ ਹੱਤਿਆ ਦੇ ਦੋਸ਼ੀ,੯.ਨਸ਼ਿਆਂ ਰਾਹੀਂ ਨੌਜਵਾਨ ਪੀੜੀ ਦੀ ਤਬਾਹੀ,੧੦.ਜਾਤਿ ਪਾਤਿ ਦੇ ਹਾਮੀ,੧੧.ਮੜੀਆਂ ਦੀ ਪੂਜਾ ਵਧਾਈ,੧੨.ਸਾਰੀਆਂ ਪੰਥਕ ਸਮੱਸਿਆਵਾਂ ਦਾ ਹੱਲ ।
੧.ਦੇਹ ਪੂਜਾ,ਮੂਰਤੀ ਪੂਜਾ:-ਸਿੱਖ ਧਰਮ ਵਿੱਚ ਕਿਸੇ ਵੀ ਤਰਾਂ ਦੇਹ ਪੂਜਾ ਦੀ ਪ੍ਰਵਾਨਗੀ ਨਹੀਂ ਹੈ।ਦੇਹ ਪੂਜਾ ਤਾਂ ਅਗਿਆਨਤਾ ਦੀ ਸਿਖਰ ਹੈ।ਸਰੀਰ ਪੂਜਾ ਤਾਂ ਗੁਰੂ ਸਾਹਿਬ ਜੀ ਨੇ ਅਪਣੀ ਵੀ ਨਹੀਂ ਸੀ ਕਰਵਾਈ ।ਸਰੀਰ ਰੂਪ ਵਿੱਚ ਹੁੰਦਿਆਂ ਗੁਰਬਾਣੀ ਨੂੰ ਹੀ ਗੁਰੂ ਪ੍ਰਚਾਰਿਆ ।ਗੁਰਬਾਣੀ ਪੜਨ ਵੀਚਾਰਨ ਵਾਲੇ ਮਾਈਆਂ ਭਾਈਆਂ ਨੂੰ ਇਸ ਗੱਲ ਦਾ ਚੰਗੀ ਤਰਾਂ ਪਤਾ ਹੈ ਕਿ ਪੱਥਰ ਪੂਜਾ ਮੂਰਤੀ ਪੂਜਾ ਬੜੀ ਸਖਤੀ ਨਾਲ ਮਨ੍ਹਾ ਕੀਤੀ ਹੈ ਕਿਸੇ ਪ੍ਰਕਾਰ ਵੀ ਮੂਰਤੀ ਪੂਜਾ ਦਾ ਸਿੱਖ ਧਰਮ ਵਿੱਚ ਕੋਈ ਥਾਂ ਨਹੀ ।ਅੱਜ ਇਹਨਾਂ ਸਾਧਾਂ ਨੇ ਸਿੱਖ ਧਰਮ ਵਿੱਚ ਫੋਟੋ ਪੂਜਾ ਦਾ ਭੰਭਲਭੂਸਾ ਪੈਦਾ ਕਰ ਦਿਤਾ ਹੈ।ਪੱਥਰ ਪੂਜਾ ਸ਼ੁਰੂ ਕਰਵਾ ਦਿਤੀ ਥੜਿਆਂ ਨੂੰ ਮੱਥੇ ਟਿਕਵਾ ਕੇ। ਪੱਥਰ ਦੀ ਮੂਰਤੀ ਦੀ ਪੂਜਾ ਪ੍ਰਵਾਨ ਨਹੀਂ ਹੈ,ਪਰ ਅੱਜ ਤਾਂ ਪੱਥਰ ਦੀਆਂ ਮੂਰਤੀਆਂ ਨਾਲੋਂ ਚੰਮ ਦੀਆਂ ਮੂਰਤੀਆਂ ਦੀ ਪੂਜਾ ਵਧੇਰੇ ਹੋ ਰਹੀ ਹੈ।ਚੰਮ ਦੀਆਂ ਮੂਰਤੀਆਂ ਨੇ ਪੱਥਰ ਦੀਆਂ ਮੂਰਤੀਆਂ ਨਾਲੋਂ ਬਹੁਤ ਜਿਆਦਾ ਨੁਕਸਾਨ ਕੀਤਾ ਹੈ।ਪੱਥਰ ਦੀਆਂ ਮੂਰਤੀਆਂ ਆਪ ਬੋਲ ਕੇ ਕੋਈ ਭੁਲੇਖਾ ਨਹੀਂ ਪਾਉਦੀਆਂ,ਕੋਈ ਬਲਾਤਕਾਰ ਨਹੀਂ ਕਰਦੀਆਂ,ਕਿਸੇ ਜਗਾ ਜਾਂ ਗੱਦੀ ਤੇ ਕਬਜਾ ਕਰਨ ਲਈ ਗੋਲੀ ਨਹੀਂ ਚਲਾਉਂਦੀਆਂ ਕਤਲ ਨਹੀਂ ਕਰਦੀਆਂ।ਇਸਦੇ ਅੇੈਨ ਉਲਟ ਚੰਮ ਦੀਆਂ ਮੂਰਤੀਆਂ ਨੇ ਬੋਲ ਕੇ ਅਗਿਆਨਤਾ ਦਾ ਪਸਾਰਾ ਵੀ ਗੁਰਬਾਣੀ ਦੇ ਉਲਟ ਕੀਤਾ, ਬਲਾਤਕਾਰ ਵੀ ਕੀਤੇ,ਗੋਲੀਆਂ ਚਲਾਈਆਂ,ਕਤਲ ਕੀਤੇ ,ਕਬਜੇ ਕੀਤੇ।ਕੀ ਜੇ ਪੱਥਰ ਦੀ ਮੂਰਤੀ ਦੀ ਪੂਜਾ ਗੁਰਬਾਣੀ ਅਨੁਸਾਰ ਮਨ੍ਹਾ ਹੈ ਤਾਂ ਚੰਮ ਦੀਆਂ ਜਾਂ ਕਾਗਜਾਂ ਜਾਂ ਕਿਸੇ ਹੋਰ ਰੂਪ ਵਿੱਚ ਮੂਰਤੀਆਂ ਪੂਜਣੀਆਂ ਧਰਮ ਹੈ ।ਮੂਰਤੀ ਤਾਂ ਮੂਰਤੀ ਹੀ ਹੈ ਭਾਵੇਂ ਕਿਸੇ ਰੂਪ ਵਿੱਚ ਵੀ ਹੋਵੇ ਗੁਰਸਿੱਖ ਨੇ ਨਹੀਂ ਪੂਜਣੀ।ਇੱਕ ਸਾਧ ਦੇ ਚੰਮ ਦੀ ਪੂਜਾ ਸਿਖਾਂ ਵਿੱਚ ਕਿਉਂ ਹੋ ਰਹੀ ਹੈ ।ਇਕ ਆਮ ਗੁਰਸਿੱਖ ਜਾਂ ਪ੍ਰਚਾਰਿਕ ,ਜਾਂ ਰਾਗੀ ,ਗੰ੍ਰਥੀ ਨਾਲੋਂ ਇਹਨਾਂ ਕੋਲ ਕੀ ਵੱਧ ਹੈ, ਜੋ ਇਹ ਸਰੀਰਾਂ ਦੀ ਪੂਜਾ ਕਰਵਾ ਰਹੇ ਹਨ ।ਮੰਨ ਲਉ ਜੇ ਪੈਸਾ,ਪਰਿਵਾਰ ,ਲਾਲਚ,ਕਾਮ,ਕ੍ਰੋਧ,ਜਾਂ ਇਹੋ ਜਿਹੀਆਂ ਲਾਲਸਾਵਾਂ ਆਮ ਸਿੱਖ ,ਗ੍ਰੰਥੀ,ਪ੍ਰਚਾਰਕ,ਰਾਗੀ ਵਿੱਚ ਹਨ, ਤਾਂ ਇਹ ਸਾਧ ਉੱਚੇ ਜੀਵਨ ਵਾਲੇ ਕਿਵੇਂ ਹੋ ਗਏ, ਆਮ ਦੀ ਤਰਾਂ ਇਹਨਾਂ ਦੀ ਖਿੱਚ ਵੀ ਤਾਂ ਪੈਸਾ ,ਘਰ ਪਰਿਵਾਰ ਦੀ ਜਗਾ ਡੇਰਾ ਅਤੇ ਧੀਆਂ ਪੁੱਤਰਾਂ ਦੀ ਜਗਾ ਡੇਰੇ ਦੇ ਸੇਵਾਦਾਰ ਚੇਲੇ,ਲਾਲਚ ਵੀ ਕ੍ਰੋਧ ਵੀ ਕਾਮੀ ਗਥਾਵਾਂ ਵੀ ਇਹਨਾਂ ਦੀਆਂ ਵਾਧੂ ਹਨ । ਸਿਰਫ ਇਕ ਕਰਾਮਾਤ ਜਾਂ ਗੈਬੀ ਸ਼ਕਤੀ ਹੋਣ ਦਾ ਸਮਾਜ ਨੂੰ ਵਹਿਮ ਹੋ ਸਕਦਾ ਹੈ, ਜੋ ਨਿਰਾ ਹੀ ਭਰਮ ਹੈ। ਗੈਬੀ ਸ਼ਕਤੀ ਨਾਲ ਕੰਮ ਸਵਾਰ ਦੇਣ ਦੀ ਤਾਕਤ ਕਿਸੇ ਕੋਲ ਨਹੀਂ ਹੈ, ਜੇ ਹੈ ਤਾਂ ਉਸ ਦੀ ਵਰਤੋਂ ਲੋਕ ਭਲਾਈ ਲਈ ਖੁੱਲ ਕੇ ਇਹ ਕਿਉਂ ਨਹੀਂ ਕਰਦੇ। ਜੇ ਰੱਬ ਧੀ ਦੀ ਜਗਾ ਪੱੁਤਰ ਦੀ ਦਾਤ ਇੱਕ ਸਾਧ ਦੇ ਆਖੇ ਦੇ ਦਿੰਦਾ ਹੈ ,ਤਾਂ ਫਿਰ ਇਹ ਹਜਾਰਾਂ ਦੀ ਗਿਣਤੀ ਵਿੱਚ ਕਈ ਰੰਗ ਬਰੰਗੇ ਸਾਧ ਫਿਰਦੇ ਹਨ, ਸਾਰੇ ਇਕੱਠੇ ਹੋ ਕੇ ਰੱਬ ਅੱਗੇ ਅਰਦਾਸ ਕਿਉਂ ਨਹੀ ਕਰ ਦਿੰਦੇ, ਕਿ ਹੇ ਸੱਚੇ ਪਾਤਸ਼ਾਹ! ਸਾਰੇ ਲੋਕ ਨਸ਼ਾ ਛੱਡ ਜਾਣ,ਸਾਰੇ ਲੋਕ ਗੁਰਬਾਣੀ ਪੜਨ,ਲੜਾਈ ਝਗੜੇ ਖਤਮ ਹੋ ਜਾਣ,ਬੇਈਮਾਨ ਬਦਮਾਸ਼ ਸੁਧਰ ਜਾਣ ਆਦਿ, ਕਿਉਂ ਨਹੀਂ ਕਰਦੇ ਅਰਦਾਸ।ਕੀ ਸਵਾਰਿਆ ਅੱਜ ਤੱਕ ਇਹਨਾਂ ਦੇਹ ਪੂਜਾ ਕਰਵਾਉਣ ਵਾਲੇ ਵਿਹਲੜਾਂ ਨੇ। ਕੀ ਗੁਰਬਾਣੀ ਦਾ ਪਰਚਾਰ,ਲੋਕਾਂ ਨੂੰ ਅੰਮ੍ਰਿਤ ਛਕਾਇਆ,ਹੋਰ ਗੁਰਦਵਾਰੇ ਬਣਾਏ ਇਸ ਤੋਂ ਅਗਲੀ ਗੱਲ ਕਿ ਇਹਨਾਂ ਨੇ ਨਾਮ ਜਪਿਆ,ਗਰੀਬ ਲੋਕਾਂ ਦੀ ਮਦਦ ਕੀਤੀ, ਬਸ ਇਹੋ ਜਾਂ ਥੋੜਾ ਬਹੁਤ ਕੁਝ ਹੋਰ ਕੀਤਾ ਹੋਏਗਾ।ਇਹ ਤਾਂ ਰਾਗੀ ਪ੍ਰਚਾਰਕ ਵੀ ਕਰਦੇ ਰਹੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੀ ਕਰਦੀਆਂ ਰਹੀਆਂ ਉਹ ਤਾਂ ਨਾਂ ਸੰਤ ਅਖਵਾਏ ਨਾ ਆਪਣੇ ਸਰੀਰਾਂ ਦੀ ਪੂਜਾ ਕਰਵਾਈ ।ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਦੀ ਮਿਸਾਲ ਸਾਡੇ ਸਾਹਮਣੇ ਹੈ ਨਾ ਉਹਨਾਂ ਸੰਤ ਅਖਵਾਇਆ ਤੇ ਨਾ ਉਹਨਾਂ ਨੂੰ ਕਿਸੇ ਮੱਥਾ ਟੇਕਿਆ,ਸੇਵਾ ਪਰਉਪਕਾਰ ਪੂਰਨ ਸਿੰਘ ਜੀ ਦਾ ਘੱਟ ਨਹੀਂ, ਉਸਦਾ ਸਾਡੀ ਕੌਮ ਦੇ ੯੫% ਲੋਕਾਂ ਨੂੰ ਨਾਂ ਵੀ ਨਹੀਂ ਪਤਾ।ਉਪਰੋਕਤ ਸਾਰੇ ਕਿਹੜੀ ਗੱਲੋਂ ਇਹਨਾਂ ਸਾਧਾਂ ਨਾਲੋਂ ਘੱਟ ਸਨ ਤੇ ਇਹ ਕਿਹੜੀ ਗੱਲੋਂ ਉਹਨਾਂ ਨਾਲੋਂ ਉਤੇ ਹਨ ਕਦੀ ਸੋਚੀਏ ਤਾਂ ਸਹੀ।(ਨਾਮ ਜਪਣਾ ਗੁਰਬਾਣੀ ਦੀ ਵੀਚਾਰ ਨੂੰ ਸਮਝਣਾ ਤੇ ਸਮਝਾਉਣਾ ਤੇ ਅਮਲ ਵਿੱਚ ਲਿਆਉਣਾ ਹੈ,ਗੁਰਬਾਣੀ ਵੀਚਾਰ ਵਾਲਾ ਨਾਮ ਇਹਨਾਂ ਸਾਧਾਂ ਨੂੰ ਨਹੀਂ ਆਉਂਦਾ ) ਆਪਣੇ ਹਿਸਾਬ ਦਾ ਹੀ ਸਹੀ ਮੰਨ ਲਉ ਜੇ ਨਾਮ ਜਪਿਆ ਤਾਂ ਇਹਨਾਂ ਆਪਣੇ ਲਈ ਇਸ ਦਾ ਹੋਰ ਕਿਸੇ ਨੂੰ ਕੀ ਲਾਭ, ਕਿਉਂਕਿ ਜਿਸ ਨੇ ਰੋਟੀ ਖਾਧੀ ਉਸੇ ਦੀ ਭੱੁਖ ਮਿਟਣੀ ਹੈ ਰੱਜੇ ਹੋਏ ਦੀ ਪੂਜਾ ਕੋਈ ਭੁੱਖਾ ਕਰੀ ਜਾਵੇ ਤਾਂ ਭੁੱਖ ਤਾਂ ਨਹੀਂ ਮਿਟਣੀ।ਹਾਂ ਇਹ ਭੁਲੇਖਾ ਵੀ ਖੜਾ ਹੋ ਸਕਦਾ ਹੈ ਕਿ ਰੱਜਿਆ ਹੀ ਕਿਸੇ ਨੂੰ ਕੁਝ ਦੇ ਸਕਦਾ ਹੈ ,ਠੀਕ ਹੈ ਦੇ ਸਕਦਾ ਹੈ, ਜੇ ਆਪ ਨਾਮ ਦੇ ਮਾਲਕ ਹੋਣ, ਜੇ ਮਾਲਕ ਗੁਰੂ ਹੈ ਉਸ ਕੋਲੋਂ ਇਹਨਾਂ ਲੈ ਕੇ ਦੇਣਾ ਹੈ ,ਤਾਂ ਇਹ ਇਸ ਤਰੀਕੇ ਵੀ ਉਤਮ ਨਹੀਂ ਬਣਦੇ, ਕਿਉਂਕਿ ਗੁਰੂ ਕੋਲੋਂ ਤਾਂ ਸਭ ਨੂੰ ਮਿਲ ਸਕਦਾ।ਅਕਾਲ ਪੁਰਖ ਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਹੈ ਨਾ ਉਹ ਇਸ ਤਰੀਕੇ ਕਿਸੇ ਦੀ ਸੁਣਦਾ ਹੈ।ਆਉ ਫੈੇੇਸਲਾ ਗੁਰਬਾਣੀ ਤੋਂ ਲੈ ਲਈਏ ਕੀ ਇਹਨਾਂ ਸਾਧਾਂ ਦੇ ਆਖੇ ਰੱਬ ਮੰੁਡਾ ,ਦੌਲਤ ,ਦੇਹ ਅਰੋਗਤਾ ਜਾਂ ਕੁਝ ਹੋਰ ਦਿੰਦਾ ਹੈ ਜਾਂ ਉਹ ਆਪਣੀ ਮਰਜੀ ਕਰਦਾ ਹੈ:—–
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥

ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥
ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥

ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥
ਆਪਣਂੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥

ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥ (ਪੰਨਾ ੫੩)
ਉਪਰੋਕਤ ਪੁੱਜੇ ਹੋਏ ਮੰਨੇ ਗਏ ਲੋਕ ਰੱਬ ਨਾਲ ਇੱਕ ਮਿੱਕ ਜੇ ਮੰਨ ਵੀ ਲਈਏ ਤਾਂ ਵੀ ਰੱਬ ਜੀ ਇਹਨਾਂ ਨੂੰ ਪੁੱਛਕੇ ਨਾ ਕੁਝ ਬਣਾਇਆ ਨਾ ਕੁਝ ਢਾਹਿਆ।ਫਿਰ ਇਹ ਭੁਲੇਖਾ ਸਾਡਾ ਵੀ ਬਣਿਆ ਜਾਂ ਇਹਨਾਂ ਅਪਣੀ ਪੂਜਾ ਦੀ ਖਾਤਿਰ ਬਣਾ ਦਿੱਤਾ ਤੇ ਸਾਡੀ ਅਗਿਆਨਤਾ ਦਾ ਫਾਇਦਾ ਉਠਾਇਆ। ਸੋ ਸਿੱਖ ਹੋ ਕੇ ਦੇਹ ਪੂਜਾ ਨਾ ਕਰਨੀ ਨਾ ਕਰਵਾਉਣੀ ,ਦੂਜਾ ਆਪਣੇ ਆਪ ਨੂੰ ਸਿੱਖ ਜਾਂ ਭਾਈ ਤੋਂ ਉਤੇ ਅਪਣੇ ਆਪ ਨੂੰ ਸੰਤ ਸਾਧ ਮਹਾਰਾਜ ਨਾ ਕਹਾਈਏ ਨਾ ਕਹੀਏ।ਸਿੱਖ ਹੋਣ ਵਿੱਚ ਕੀ ਕਮੀ ਹੈ ਕਿਉਂ ਨਹੀਂ ਪਸੰਦ ਹਰ ਬੰਦਾ ਬ੍ਰਹਮਗਿਆਨੀ ਹੀ ਅਖਵਾਉਣਾ ਚਾਹੁੰਦਾ ਹੈ ।ਜਿਸ ਮਨੁੱਖ ਨੂੰ ਇਹ ਭੱੁਲੇਖਾ ਪੈ ਗਿਆ ਕਿ ਮੈ ਪੂਰਾ ਹੋ ਗਿਆ ਹਾਂ ਹੁਣ ਸਿੱਖ ਤੋਂ ਸੰਤ ਤੇ ਜਾ ਪਹੁੰਚਿਆ ਹਾਂ ,ਮੈਂ ਆਮ ਨਾਲੋਂ ੳੱੁਚਾ ਹੋ ਗਿਆ ਹਾਂ, ਉਹ ਸਮਝੋ ਸਿੱਖੀ ਤੋਂ ਇਨਸਾਨੀਅਤ ਤੋਂ ਥਿੜਕ ਗਿਆ।ਗੁਰੂ ਨਾਨਕ ਸਾਹਿਬ ਜੀ ਨਾਲ ਸਾਰੀ ਉਮਰ ਨਾਲ ਰਹਿਣ ਵਾਲਾ ਮਰਦਾਨਾ ਵੀ ਭਾਈ ਮਰਦਾਨਾ ਹੀ ਰਿਹਾ ਸੀ ਕੀ ਉਸ ਦੀ ਅਵੱਸਥਾ ਨਹੀਂ ਬਦਲੀ, ਕੀ ਭਾਈ ਗੁਰਦਾਸ ਜੀ ਦੀ ਅਵੱਸਥਾ ੳੱੁਚੀ ਨਹੀਂ ਸੀ ਉਹ ਸਾਰੀ ਉਮਰ ਭਾਈ ਹੀ ਰਿਹਾ ।ਭਾਈ ਮਨੀ ਸਿੰਘ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਇਆਲਾ ਜੀ ,ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਆਦਿਕ ਪੰਜ ਪਿਆਰੇ,ਚਾਰੇ ਸਾਹਿਬਜ਼ਾਦੇ ਉੱਚੀ ਅਵੱਸਥਾ ਵਾਲੇ ਨਹੀਂ ਸਨ।ਨਵਾਬ ਕਪੂਰ ਸਿੰਘ ,ਜੱਸਾ ਸਿੰਘ ਆਹਲੂਵਾਲੀਆ ਹਰੀ ਸਿੰਘ ਨਲੂਆ,ਸ਼ਾਮ ਸਿੰਘ ਅਟਾਰੀ ,ਬਾਬਾ ਬੰਦਾ ਸਿੰਘ ਬਹਾਦੁਰ,ਤਾਰੂ ਸਿੰਘ ਪੂਹਲਾ,ਤਾਰਾ ਸਿੰਘ ਵਾਂ,ਸੁੱਖਾ ਸਿੰਘ ਮਹਿਤਾਬ ਸਿੰਘ ਆਦਿਕ ਅਨੇਕਾਂ ਗੁਰਸਿੱਖਾਂ ਨਾਲੋਂ ਕਿਵੇਂ ਵੀ ਇਹ ਅੱਜ ਦੇ ਸਾਧ ਸੰਤ ਬ੍ਰਹਮਗਿਆਨੀ ੳੱੁਤਮ ਨਹੀਂ ਹਨ, ਨਾ ਇਹਨਾਂ ਦਾ ਕੰਮ ਉਪਰੋਕਤ ਗੁਰਸਿੱਖਾਂ ਨਾਲੋਂ ਜਿਆਦਾ ਹੈ ਨਾ ਕਾਰਨਾਮਾ ਕੋਈ ਵੱਧ ਹੈ,ਉਪਰੋਕਤ ਗੁਰਸਿੱਖਾਂ ਦੇ ਜੀਵਨ ਨਾਲ ਕੋਈ ਗੱਲ ਵੀ ਮੇਲ ਨਹੀਂ ਖਾਂਦੀ ਫਿਰ ਵੀ ਸਰੀਰਾਂ ਦੀ ਪੂਜਾ ਤੇ ਸਾਰੇ ਉੱਲਟੇ ਕੰਮ ਗੁਰਮਤਿ ਤੋਂ ਕੀਤੇ ਕਰਵਾਏ ਜਾ ਰਹੇ ਹਨ।ਆਓ ਸੋਚੀਏ ਕੀ ਕਰ ਰਹੇ ਹਾਂ ਤੇ ਕੀ ਇਹ ਸਾਡੇ ਤੋਂ ਕਰਵਾ ਰਹੇ ਹਨ……?(ਅੱਗੇ ਜਾਰੀ ਰਹੇਗਾ)

Leave a Reply