Thursday, January 21, 2021
Home > Articles > ਸਿੱਖੀ ਤੇ ਹਮਲਾ (ਭਾਗ -3)

ਸਿੱਖੀ ਤੇ ਹਮਲਾ (ਭਾਗ -3)

(ਪ੍ਰੋ. ਸੁਖਵਿੰਦਰ ਸਿੰਘ ‘ਦਦੇਹਰ’)
ਨੋਟ:- 1.ਦੇਹ ਪੂਜਾ ਮੂਰਤੀ ਪੂਜਾ, 2.ਡੇਰਾਵਾਦ, 3.ਪਖੰਡ ਵਹਿਮ ਭਰਮ, 4ਗੁਲਾਮੀ, 5.ਗੁਰਬਾਣੀ ਦਾ ਨਿਰਾਦਰ, 6.ਦਸਮ ਗ੍ਰੰਥ 7.ਇਤਿਹਾਸਿਕ ਮਿਲਾਵਟ, 8.ਭਰੂਣ ਹੱਤਿਆ ਦੇ ਦੋਸ਼ੀ, 9.ਨਸ਼ਿਆਂ ਰਾਹੀਂ ਨੌਜਵਾਨ ਪੀੜੀ ਦੀ ਤਬਾਹੀ, 10.ਜਾਤਿ ਪਾਤਿ ਦੇ ਹਾਮੀ, 11.ਮੜੀਆਂ ਦੀ ਪੂਜਾ ਵਧਾਈ, 12.ਸਾਰੀਆਂ ਪੰਥਕ ਸਮੱਸਿਆਵਾਂ ਦਾ ਹੱਲ ।
3.ਪਖੰਡ ਵਹਿਮ ਭਰਮ:- ਭਾਰਤ ਦੇ ਲੋਕਾਂ ਨੂੰ ਵਹਿਮ ਭਰਮ ਪਾਖੰਡ ਨਾਲ ਪੰਡਿਤਾਂ ਬ੍ਰਾਹਮਣਾਂ ਨੇ ਇਨਾਂ ਜੋੜ ਦਿਤਾ ਸੀ ਕਿ ਇਸ ਦਾ ਅਖੀਰ ਕਇਰਤਾ,ਗੁਲਾਮੀ,ਸਮਾਜਿਕ ਵੰਡ ਤੇ ਹਰ ਪ੍ਰਕਾਰ ਦੇ ਸ਼ੋਸ਼ਣ ਵਿੱਚ ਨਿਕਲਦਾ ਹੈ ਭਗਤ ਨਾਮਦੇਵ ਜੀ ਜੀ ਕਬੀਰ ਜੀ ਗੁਰੁ ਨਾਨਕ ਸਾਹਿਬ ਜੀ ਵੇਲੇ ਲੋਕ ਬੁਰੀ ਤਰਾਂ ਤਬਾਹ ਹੋਏ ਪਏ ਸਨ ।ਲੋਕਾਂ ਨੂੰ ਇਹ ਸਮਝ
ਹੀ ਨਹੀਂ ਸੀ ਆ ਰਿਹਾ ਕਿ ਇਹ ਰੱਬ ਨੇ ਸਾਡੀ ਕਿਸਮਤ ਬਣਾਈ ਹੈ ਭਾਵ ਰੱਬ ਦੀ ਮਰਜੀ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ ਜਾਂ ਕੋਈ ਕਾਰਨ ਹੋਰ ਵੀ ਹੋ ਸਕਦਾ ਹੈ ।ਲੋਕ ਤਾਂ ਤਬਾਹੀ ਵਾਲੀ ਦੁਰਦਸ਼ਾ ਨੂੰ ਕਿਸਮਤ ਹੀ ਮੰਨੀ ਬੈਠੇ ਸੀ।
ਨਾਮਦੇਵ ਜੀ ,ਕਬੀਰ ਜੀ ਗੁਰੁ ਨਾਨਕ ਸਾਹਿਬ ਜੀ ਆਦਿਕ ਮਹਾਂਪੁਰਖਾਂ ਨੇ ਜਬਰਦਸਤ ਅਵਾਜ਼ ਚੁੱਕੀ, ਲੋਕੋ!ਜਾਗੋ ਇਹ ਜੋ ਹਾਲਤ ਬਣੀ ਹੈ ਇਹ ਰੱਬ ਜੀ ਦੀ ਮਰਜੀ ਨਹੀਂ, ਇਹ ਤਾਂ ਚਲਾਕ ਲਹੂ ਪੀਣੇ ਲੋਕਾਂ ਨੇ ਆਪਣੀ ਰੋਜੀ ਰੋਟੀ ਚਲਾਈ ਰੱਖਣ ਲਈ ,ਸਾਨੂੰ ਗੁਲਾਮ ਬਣਾਈ ਰੱਖਣ ਲਈ ,ਤੇ ਆਪਣੀਆਂ ਬੇਈਮਾਨੀਆਂ ਤੇ ਪੜਦਾ ਪਾਈ ਰੱਖਣ ਲਈ ਇਹ ਜਾਲ ਬੁਣਿਆ ਹੈ।ਇਸ ਨੂੰ ਤੋੜਨਾ ਪਵੇਗਾ। ਆਪਾਂ ਇਸ ਨੂੰ ਤੋੜ ਸਕਦੇ ਹਾਂ ਜੇ ਪਹਿਲਾਂ ਸਮਝਾਂਗੇ ਤੇ ਫਿਰ ਟਾਕਰੇ ਲਈ ਏਕਤਾ ਦੇ ਸੂਤਰ ਵਿੱਚ ਆਵਾਂਗੇ।ਸਿੱਖ ਪੰਥ ਨੇ ਗੁਰੁ ਸਾਹਿਬ ਜੀ ਦੀ ਅਗਵਾਈ ਵਿੱਚ ਰਹਿ ਕੇ ਹਰ ਪੱਖ ਦੀ ਅਜ਼ਾਦੀ ਹਾਸਲ ਕਰ ਲਈ।ਅੱਜ ਫਿਰ ਸਮਾਜ ਦੀ ਮਾੜੀ ਦੁਰਦਸ਼ਾ ਦਿਸ ਰਹੀ ਹੈ ਇਸ ਦੇ ਕਾਰਨ ਗੁਰੂਬਾਣੀ ਦੀ ਵੀਚਾਰ ਕੀਤਿਆਂ ਸਾਫ ਪਤਾ ਲੱਗਦਾ ਹੈ ਕਿ ਨੁੱਕਸ ਕਿੱਥੇ ਹੈ,ਪਰ ਸਾਧ ਲਾਣਾ ਜੋਰ ਲਾਈ ਜਾ ਰਿਹਾ ਹੈ ਕਿ ਇਹ ਤਾਂ ਭਾਈ ਰੱਬ ਦਾ ਹੀ ਹੁਕਮ ਹੈ ਇਸ ਸਾਰੇ ਵਿਗੜੇ ਰਾਜਨੀਤਿਕ, ਧਾਰਮਿਕ,ਸਮਾਜਿਕ ਤਾਣੇ ਬਾਣੇ ਨੂੰ ਸੁਧਾਰਨ ਦੀ ਥਾਂ ਇਹ ਆਖੀ ਜਾ ਰਹੇ ਹਨ ਕਿ ਭਾਣਾ ਮੰਨੋ ਭਾਈ !ਕਲਜੁਗ ਹੈ ਇਵੇਂ ਹੀ ਹੋਏਗਾ ।ਜਦੋਂ ਕਿ ਨਾ ਇਹ ਕਲਜੁਗ ਹੈ ਨਾ ਇਹ ਰੱਬ ਦੀ ਮਰਜੀ ਹੈ ਇਹ ਸਾਡੇ ਜੀਵਨ ਕਿਰਦਾਰ ਦੇ ਗਰਕ ਜਾਣ ਕਰਕੇ, ਲਾਲਸਾਵਾਂ ਵੱਧ ਜਾਣ ਕਰਕੇ,ਅਗਿਆਨਤਾ ਕਰਕੇ ਹੀ ਸਾਰਾ ਵਿਗਾੜ ਹੈ ।ਪਰ ਸਾਧ ਲਾਣਾ ਤਾਂ ਇਕ ਵੱਢਿਓਂ ਹੀ ਬੋਲੀ ਬ੍ਰਾਹਮਣ ਦੀ ਬੋਲੀ ਜਾ ਰਿਹਾ ਹੈ।
ਹਰ ਮਨੁੱਖ ਨੂੰ ਅੱਕਲ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ,ਹਰ ਗੱਲ ਨੂੰ ਚੰਗੀ ਤਰਾਂ ਸਮਝਣਾਂ ਚਾਹੀਦਾ ਹੈ।ਸਰਾਧਾਂ ਦਾ ਹੀ ਭਰਮ ਸੀ /ਹੈ ਮਰ ਚੁੱਕੇ ਲੋਕਾਂ ਨੂੰ ਨਿਸ਼ਚਤ ਸਮੇਂ ਮੁਤਾਬਕ ਰਾਸ਼ਨ ਕੱਪੜੇ ਆਦਿਕ ਪਹੁੰਚਾਉਣ ਦਾ ਭਰਮ ਤੇ ਫਿਰ ਪਹੁੰਚਾਉਣ ਵਾਲੇ ਦੀ ਦਾਨ ਦੱਖਛਣਾ ਦੰਦ ਘਸਾਈ,ਕਿਉਂਕਿ ਮੈਂ ਤੇ ਦੰਦ ਤੁਹਾਡੇ ਬਜੁਰਗ ਲਈ ਘਸਾਏ ਹਨ ਇਸ ਲਈ ਦੱਖਛਣਾ ਦਿਉ।ਇਹੀ ਕੁਝ ਸਾਧਾਂ ਨੇ ਅੱਜ ਤੱਕ ਜਾਰੀ ਰੱਖਿਆ ਹੋਇਆ ਹੈ,ਹੋਰ ਤਾਂ ਹੋਰ ਗੁਰੁ ਨਾਨਕ ਜੀ ਦਾ ਵੀ ਸਰਾਧ ਕਰੀ ਜਾ ਰਹੇ ਹਨ।ਮਰ ਚੁੱਕੇ ਲੋਕਾਂ ਦੇ ਨਾਂ ਤੇ ਪੂਜਾ ਪਾਠ ਹੋਰ ਸਾਜੋ ਸਮਾਨ ਲੈਣਾ ਦੇਣਾ ਕੀ ਇਹ ਵਹਿਮ ਭਰਮ ਜਾਂ ਪਾਖੰਡ ਨਹੀਂ ਤਾਂ ਹੋਰ ਕੀ ਹੈ ।ਗੁਰਬਾਣੀ ਕਦੀ ਪੜੀ ਹੋਵੇ ਤਾਂ ਪਤਾ ਲੱਗੇ ਜਦੋਂ ਲੱਕ ਹੀ ਪੁੱਠੇ ਕੰਮਾਂ ਤੇ ਬੱਧਾ ਹੈ ਤਾਂ ਫਿਰ ਬਾਣੀ ਦੀ ਵੀਚਾਰ ਦੀ ਕੀ ਲੋੜ ਹੈ।ਮਰ ਚੁੱਕੇ ਬਾਬਿਆਂ ਦੀਆਂ ਐਨੀਆਂ ਬਰਸੀਆਂ ਮਨਾਉਣ ਲੱਗ ਪਏ ਕਿ ਅਣਜਾਣ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਇਹ ਬਾਬੇ ਸਿੱਖਾਂ ਦੇ ਕਿੰਨਵੇਂ ਗੁਰੂੁ ਹਨ ।ਗੁਰੁ ਸਾਹਿਬ ਜੀ ਦੇ ਗੁਰਪੁਰਬ ਛੱਡ ਕੇ ਬਰਸੀਆਂ ਤੇ ਜੋਰ ਦੇ ਦਿਤਾ ਗਿਆ।ਪੀੜਿਆਂ ਦੇ ਪਾਵੇ ਘੁੱਟਣ ਨਾਲ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਭਰਮ,ਦਰੱਖਤਾਂ ਦੀ ਪੂਜਾ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੋਣ ਦਾ ਭਰਮ ,ਅਰਦਾਸਾਂ ਦਾ ਰੂਪ ਹੀ ਵਿਗਾੜ ਦਿਤਾ ਗੁਰਮਤਿ ਵਿਹੂਣੀਆਂ ਅਰਦਾਸਾਂ ਬਣਾ ਦਿਤੀਆਂ,ਗੁਰਬਾਣੀ ਦੇ ਪਾਠ ਕਰਨ ਸੰਬੰਧੀ ਬਹੁਤ ਵੱਡੇ ਵੱਡੇ ਭਰਮ ਬਣਾ ਦਿਤੇ, ਮੰਨਣ ਵੱਲੋਂ ਹਟਾ ਹੀ ਦਿਤੇ,ਵੱਖਰੀ ਵੱਖਰੀ ਮਰਿਯਾਦਾ ਨਾਲ ਕੀਤੇ ਜਾਣ ਵਾਲੇ ਪਾਠ ਪ੍ਰਚਿਲਤ ਕੀਤੇ,ਮੱਸਿਆ ਪੁੰਨਿਆ ਸੰਗਰਾਂਦਾਂ ਦੇ ਨਾਂ ਤੇ ਦਿਨਾਂ ਦੇ ਚੰਗੇ ਮਾੜੇ ਹੋਣ ਦੇ ਭਰਮ,ਵਿਆਹਾਂ ਦੇ ਸਮੇਂ ਸਾਹੇ ਚੰਗੇ ਮਾੜੇ ਦੇ ਭਰਮ,ਖੰਡੇ ਕੀ ਪਾਹੁਲ ਨਾਲ ਹੀ ਕਿੰਨੀਆਂ ਕਰਾਮਾਤੀ ਗੱਲਾਂ ਜੋੜ ਦਿਤੀਆਂ ਗੁਰਮੱਤਿ ਦੀ ਸੋਝੀ ਲੈਣ ਦੀ ਜਾਂ ਦੇਣ ਦੀ ਗੱਲ ਹੀ ਖਤਮ ਕਰ ਦਿਤੀ,ਕਕਾਰਾਂ ਨੂੰ ਇੱਕ ਵਰਦੀ ਦੀ ਵਿਆਖਿਆ ਵਿੱਚ ਨਾ ਮੰਨ ਕੇ, ਹਊਆ ਬਣਾ ਦਿਤਾ,ਸਮਝ ਨਹੀ ਦਿਤੀ ਤੇ ਭਰਮ ਦੀ ਵਿਆਖਿਆ ਜਬਰਦਸਤ ਕੀਤੀ । ਕਿਰਪਾਨ ਕੰਘਾ ਕਛਿਹਰਾ ਵਿਸਾਰਨੇ ਨਹੀਂ, ਅਵੇਸਲੇ ਨਹੀਂ ਹੋਣਾ, ਅੰਗ ਸੰਗ ਰਖਣ ਦੀ ਗਲ ਤਾਂ ਸਮਝ ਵਿੱਚ ਆ ਸਕਦੀ ਹੈ ,ਪਰ ਇਹ ਹਊਆ ਹੀ ਬਣਾ ਦਿਤੇ ਕਿ ਨਹਾਉਣ ਆਦਿਕ ਸਰੀਰਕ ਕਰਿਆਵਾਂ ਕਰਨ ਵੇਲੇ ਸੰਭਾਲ ਕੇ ਪਾਸੇ ਰੱਖ ਲੈਣਾਂ ਤਾਂ ਕੀ ਜੇ ਅਣਜਾਣੇ ਵਿੱਚ ਡਿੱਗ ਵੀ ਪੈਣ ਤਾਂ ਐਨੇ ਦਾ ਪ੍ਰਸ਼ਾਦ ਕਰਵਾਉਣਾ ਤੇ 25 ਪਾਠ ਕਰਨੇ ਤੇ ਭੁੱਲ ਬਖਸ਼ਾਉਣੀ ਹੈ,ਨਹੀਂ ਤਾਂ ਬੜਾ ਪਾਪ ਹੈ।ਲੋਕ ਡਰਾ ਹੀ ਦਿਤੇ ਨੌਜਵਾਨ ਪੀੜੀ ਜਿਸ ਨੇ ਅਨੇਕਾਂ ਖੇਤਰਾਂ ਵਿੱਚ ਵਿਚਰਨਾਂ ਸੀ, ਉਹ ਬਾਗੀ ਹੀ ਕਰ ਦਿਤੇ ਇਹਨਾਂ ਸਾਧਾਂ ਦੀ ਭਰਮ ਮਾਰੀ ਵਿਆਖਿਆ ਨੇ।ਕਈ ਖੇਡਾਂ ਦੇ ਸ਼ੌਕੀਨ, ਪਾਣੀ ਵਿੱਚ ਤਰਨ ਦੇ ਸ਼ੌਕੀਨ, ਹੋਰ ਕਈ ਖੇਤਰਾਂ ਦੇ ਪ੍ਰਸਿਧ ਵਿਅਕਤੀ ਜੋ ਸਿੱਖ ਅਸੂਲਾਂ ਨੂੰ ਬਹੁਤ ਪਿਆਰ ਕਰਦੇ ਹਨ ,ਪਰ ਪਾਏ ਗਏ ਭਰਮ ਕਾਰਨ ਡਰਦੇ ਹੀ ਦੂਰ ਹੋ ਗਏ।ਜੇ ਸਮਝਾ ਕੇ ਕੰਮ ਚਲਾਉਂਦੇ ਗਲ ਹੋਰ ਸੀ ਡਰਾ ਕੇ ਗੱਲ ਹੋਰ ਬਣ ਗਈ।ਨਰਕ ਸਵਰਗ ਜਿਸ ਨੂੰ ਗੁਰਬਾਣੀ ਰੱਦ ਕੀਤਾ ਕਿ ਕੋਈ ਨਰਕ ਸਵਰਗ ਨਹੀ ਹੈ ਪਰ ਇਹ ਸਾਧ ਟਲਦੇ ਹੀ ਨਹੀਂ, ਨਰਕਾਂ ਦੇ ਡਰ ਸਵਰਗਾਂ ਦੇ ਲਾਲਚ ਵਿੱਚ ਲੋਕ ਫਸਾ ਰੱਖੇ ਹਨ।ਬਾਣੇ ਦਾ ਲਿਬਾਸ ਦਾ ਭਰਮ, ਚੋਲੇ ਨੂੰ ਹੀ ਬਾਣਾ ਸਮਝਣ ਦਾ ਭਰਮ, ਨੰਗੀਆਂ ਲੱਤਾਂ ਰੱਖਣੀਆਂ ਸਾਧ ਪੁਣੇ ਦੀ ਮੁੱਖ ਨਿਸ਼ਨੀ ਸਮਝ ਬੈਠੇ ,ਗੁਰਬਾਣੀ ਨੇ ਕਥਨੀ ਤੇ ਕਰਨੀ ਇਕ ਰੱਖਣ ਲਈ ਆਖਿਆ ਇਹ ਬਾਣੀ ਬਾਣਾ ਨਾ ਬਣਨ ਦਿਤਾ, ਚੋਲੇ, ਗੋਲ ਪਟਕੇ ਵਿੱਚ ਉਲਝਾ ਲਿਆ।ਭੂਤਾਂ ਪ੍ਰੇਤਾਂ ਦੇ ਵਹਿਮ ਇਹ ਮੰਨਦੇ ਹਨ ਜਦੋਂ ਕਿ ਗੁਰਬਾਣੀ ਨੇ ਕਿਸੇ ਭੂਤ ਪ੍ਰੇਤ ਦੀ ਹੋਂਦ ਨਹੀਂ ਮੰਨੀ ਸਗੋਂ ਮੰਦੀਆਂ ਕਰਤੂਤਾਂ ਕਰਦੇ ਵਿਅਕਤੀਆਂ ਨੂੰ ਹੀ ਭੂਤ ਪ੍ਰੇਤ ਕਿਹਾ।ਪਾਣੀ ਵਿੱਚ ਇਸ਼ਨਾਨ ਕਰਨ ਨਾਲ ਪਵਿੱਤਰ ਹੋ ਜਾਣ ਤੇ ਪਾਪ ਲੱਥ ਜਾਣ ਨੂੰ ਮਾਨਤਾ ਦਿੰਦੇ ਹਨ ,ਗੁਰਬਾਣੀ ਇੰਨਕਾਰ ਕਰਦੀ ਹੈ, ਤੀਰਥ ਇਸ਼ਨਾਨ ਦਾ ਖੰਡਣ ਕਰਦੀ ਹੈ।ਬੁਰੀ ਨਜ਼ਰ ਲੱਗ ਜਾਣ ਦਾ ਭਰਮ ਇਹ ਮੰਨਦੇ,ਧਾਗੇ ਤਵੀਤਾਂ ਟੂਣਿਆਂ ਦੀ ਸ਼ਕਤੀ ਤੇ ਇਹ ਵਿਸ਼ਵਾਸ਼ ਕਰਦੇ ਤੇ ਲੋਕਾਂ ਨੂੰ ਕਰਵਾਉਂਦੇ ਹਨ, ਜਦੋਂ ਕਿ ਸਭ ਝੂਠ ਹੈ ਕੋਈ ਸ਼ਕਤੀ ਨਹੀਂ ਇਹਨਾਂ ਗੰਦੇ ਕੰਮਾਂ ਵਿੱਚ,ਹਾਂ ਕੋਈ ਜ਼ਹਿਰ ਜਾਂ ਕੈਮੀਕਲ ਸਰੀਰਕ ਨੁਕਸਾਨ ਕਰ ਸਕਦਾ ਹੈ ਹਾਲਾਂਕਿ ਇਹ ਕੁਝ ਵੀ ਇਹ ਲੋਕ ਹੀ ਕਰ ਕੇ ਦਿੰਦੇ ਹਨ ,ਇਸ ਤੋਂ ਬਚਣਾ ਚਾਹੀਦਾ, ਪਰ ਉਂਝ ਗੈਬੀ ਸ਼ਕਤੀ ਕੁਝ ਵਿਗਾੜਨ ਜਾਂ ਸਵਾਰਨ ਵਾਲੀ ਕੋਈ ਨਹੀਂ ਹੈ।ਮਾਲਾ ਦਾ ਭੇਖ ਭਰਮ ਇਹ ਕਰੀ ਕਰਵਾਈ ਬੈਠੇ ਹਨ ਤੋਤਾ ਰਟਨ ਮੰਤ੍ਰ ਜਾਪਾਂ ਦਾ ਭਰਮ ਜਾਲ ਇਹ ਪੈਦਾ ਕਰਨ ਵਾਲੇ ਹਨ, ਜਦ ਕਿ ਗੁਰਬਾਣੀ ਨੂੰ ਪੜਨਾ ਤੇ ਸਮਝ ਕੇ ਅਮਲ ਕਰਨਾ ਜੂਰਰੀ ਸੀ। ਭੋਰਿਆਂ ਵਿੱਚ ਬੈਠ ਬਗੁਲਾ ਭਗਤੀ ,ਭੁੱਖੇ ਰਹਿ ਕੇ ਝਿੜੀਆਂ ਵਿੱਚ ਬੈਠ ਕੇ ਤਪ ਕਰਨ,ੇ ਇਹਨਾਂ ਦੇ ਹੀ ਜੀਵਨ ਦੀ ਕਰਾਮਾਤ ਹੈ ,ਗੁਰਬਾਣੀ ਨਹੀਂ ਮੰਨਦੀ ਇਸ ਕਰਮ ਨੂੰ। ਵਿਆਹ ਨਾ ਕਰਵਾ ਕੇ ਰੱਬ ਨੂੰ ਮਿਲਣ ਦੀ ਉੱਚੀ ਸੁੱਚੀ ? ਮੱਨਮਤਿ ਵੀ ਇਹਨਾਂ ਭਰਮਗਿਆਨੀਆਂ ਦੀ ਹੀ ਦੇਣ ਹੈ ।ਇਹੋ ਜਿਹੇ ਭਰਮ ਗਿਆਨੀਆਂ ਦੇ ਬਾਰੇ ਕਬੀਰ ਜੀ ਦੇ ਬੋਲ ਹਨ:-

ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ (ਪੰਨਾ 654)
(ਅਗੇ ਜਾਰੀ ਰਹੇਗਾ)

Leave a Reply