Saturday, November 28, 2020
Home > Articles > ਸਿੱਖੀ ਤੇ ਹਮਲਾ (ਭਾਗ -7)

ਸਿੱਖੀ ਤੇ ਹਮਲਾ (ਭਾਗ -7)

(ਪ੍ਰੋ. ਸੁਖਵਿੰਦਰ ਸਿੰਘ ‘ਦਦੇਹਰ’)
ਨੋਟ:- 1.ਦੇਹ ਪੂਜਾ ਮੂਰਤੀ ਪੂਜਾ, 2.ਡੇਰਾਵਾਦ, 3.ਪਖੰਡ ਵਹਿਮ ਭਰਮ, 4ਗੁਲਾਮੀ, 5.ਗੁਰਬਾਣੀ ਦਾ ਨਿਰਾਦਰ, 6.ਦਸਮ ਗ੍ਰੰਥ 7.ਇਤਿਹਾਸਿਕ ਮਿਲਾਵਟ, 8.ਭਰੂਣ ਹੱਤਿਆ ਦੇ ਦੋਸ਼ੀ, 9.ਨਸ਼ਿਆਂ ਰਾਹੀਂ ਨੌਜਵਾਨ ਪੀੜੀ ਦੀ ਤਬਾਹੀ, 10.ਜਾਤਿ ਪਾਤਿ ਦੇ ਹਾਮੀ, 11.ਮੜੀਆਂ ਦੀ ਪੂਜਾ ਵਧਾਈ, 12.ਸਾਰੀਆਂ ਪੰਥਕ ਸਮੱਸਿਆਵਾਂ ਦਾ ਹੱਲ ।
7.ਇਤਿਹਾਸਿਕ ਮਿਲਾਵਟ:- ਜਿਥੋਂ ਤੱਕ ਇਤਿਹਾਸਿਕ ਮਿਲਾਵਟ ਦੀ ਗੱਲ ਹੈ ,ਵਿਗਾੜ ਤਾਂ ਇਹਨਾਂ ਨੇ ਰਲ ਮਿਲ ਕੇ ਬਹੁਤ ਪਾਇਆ ਸਾਰਾ ਇਨਕਲਾਬੀ ਇਤਿਹਾਸ ਹੀ ਹਿੰਦੂ ਮਿਥਿਹਾਸ ਦੀ ਤਰਜ ਤੇ ਲੈ ਆਏ ਹਨ ।ਆਪਾਂ ਸਿਰਫ ਟੂਕ ਮਾਤਰ ਇਸ਼ਾਰੇ ਹੀ ਲੈਣੇ ਹਨ ।ਗੱਲ ਗੁਰਬਾਣੀ ਤੋਂ ਹੀ ਸ਼ੁਰੂ ਕਰਦੇ ਹਾਂ :-“ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥” ( ਪੰਨਾ 749) ਸਾਧ ਸੰਗਤ ਜੀ ਮਹਾਪੁਰਸ਼ ਅਪਨੀ ਮਰਜੀ ਨਾਲ ਆਉਂਦੇ ਹਨ ਤੇ ਅਪਨੀ ਮਰਜੀ ਨਾਲ ਸੰਸਾਰ ਤੋਂ ਚਲੇ ਜਾਂਦੇ ਹਨ।ਕਿਉਂਕਿ ਇਹ ਕਿਸੇ ਜਨਮ ਮਰਨ ਦੇ ਗੇੜ ਵਿੱਚ ਨਹੀ ਹੁੰਦੇ ਇਹ ਰੱਬੀ ਰੂਹਾਂ ਤਾਂ ਪਰਉਪਕਾਰ ਲਈ ਦੁਨੀਆਂ ਤੇ ਆਉਂਦੀਆਂ ਹਨ ਤੇ ਚਲੇ ਜਾਂਦੀਆਂ ਹਨ।ਕੀ ਉਪਰੋਕਤ ਗੁਰਬਾਣੀ ਤੁੱਕ ਦੇ ਇਹੋ ਹੀ ਅਰਥ ਬਣਦੇ ਹਨ?ਮਹਾਂਪੁਰਸ਼ੋ ਡੇਰੇਦਾਰੀ ਵਾਲਾ ਛੱਜ ਖੋਲ ਕੇ ਕਿਸੇ “ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥”(ਪੰਨਾ 146)ਦੇ ਕੋਲ ਬੈਠ ਕੇ ਗੁਰਬਾਣੀ ਨੂੰ ਸਮਝਣਾ ਪੜਨਾ ਸਿੱਖ ਲਉ।ਜਰਾ ਸੋਚੋ ਪੰਜਾਬ ਦੀ ਧਰਤੀ ਤੇ ਪਿੰਡੋ ਪਿੰਡ ਬਹੁਤੀ ਥਾਂਈਂ ਸਾਧਾਂ ਦੇ ਬਣੇ ਜਨਮ ਅਸਥਾਨ,ਹਰ ਸਾਲ ਮਨਾਏ ਜਾਂਦੇ ਸਾਧਾਂ ਦੇ ਜਨਮ ਦਿਹਾੜੇ,ਮਨਾਈਆਂ ਜਾਂਦੀਆਂ ਬਰਸੀਆਂ ਤੇ ਬਾਬੇ ਦੇ ਸਸਕਾਰ ਵਾਲੀ ਜਗਾ ਸੌ ਸੌ ਫੁੱਟ ਝੁੂਲ ਰਹੇ ਨਿਸ਼ਾਨ ਕਿਸਦੇ ਹਨ ਜੇ ਸਾਧ ਸੰਤ ਜਨਮ ਮਰਨ ਵਿੱਚ ਨਹੀਂ ਹੁੰਦੇ ਤਾਂ ਇਹ ਜੋ ਕੀਤਾ ਜਾ ਰਿਹਾ ਇਹ ਕੀ ਹੈ ਤੇ ਕਿਸ ਦਾ ਹੈ?ਬੂਬਿਓ ਗੁਰਬਾਣੀ ਦਾ ਨਿਰਾਦਰ ਨਾਹ ਕਰੋ।
ਗੁਰੁ ਨਾਨਕ ਸਾਹਿਬ ਜੀ ਨੂੰ ਧੁਰੋਂ ਦਰਗਾਹੋਂ ਗੁਰੂੁ ਮੰਨਣ ਦੇ ਹੋਕੇ ਦਿੰਦੇ ਵੀ ਨਹੀਂ ਥੱਕਦੇ ਤੇ ਬਾਬਾ ਨਾਨਕ ਜੀ ਦਾ ਕੰਮ ਕਰਨ ਨੂੰ ਜੀ ਨਾ ਕਰਨਾ, ਪੜਨ ਤੋਂ ਵੇਰਨ ਵਾਲਾ ,ਲੋਕਾਂ ਦੇ ਖੇਤ ਮੱਝਾਂ ਛੱਡ ਕੇ ਉਝਾੜ ਦੇਣਾ ,ਮੋਦੀਖਾਨਾ ਲੁੱਟਵਾ ਦੇਣਾ,ਆਦਿਕ ਕੋਝੀਆਂ ਗੱਲਾਂ ਤੇ ਹੋਛੀਆਂ ਕਰਾਮਾਤਾਂ ਵਿੱਚ ਵੀ ਉਲਝਾ ਕੇ ਰਖਦੇ ਹਨ । ਗੁਰੁ ਨਾਨਕ ਸਾਹਿਬ ਜੀ ਨੇ ਬਾਬਰ ਵਲੋਂ ਪ੍ਰੇਮ ਭੇਟਾ ਵਜੋਂ ਸੱਤ ਮੁੱਠਾਂ ਭੰਗ ਦੀਆਂ ਦਿਤੀਆਂ ਤੇ ਗੁਰੁ ਸਾਹਿਬ ਨੇ ਕਿਹਾ ਅਸੀਂ ਤਾਂ ਖਾਂਦੇ ਨਹੀਂ ਪਰ ਤੇਰੀ ਪ੍ਰੇਮ ਭੇਟਾ ਪ੍ਰਾਵਾਨ ਕਰਦਿਆਂ ਜਾ ਗੁਰੁ ਘਰ ਵਲੋਂ ਇਹ ਵਰ ਦਿੰਦੇ ਹਾਂ ਕਿ ਤੇਰੀਆਂ ਸੱਤ ਪੀੜੀਆਂ ਭਾਰਤ ਤੇ ਰਾਜ ਕਰਨਗੀਆਂ।ਕਦੀ ਸੋਚਿਓ ਸਾਧੋ ! ਇਸ ਝੂਠੀ ਕਹਾਣੀ ਦੇ ਅਰਥ ਕੀ ਨਿਕਲਦੇ ਹਨ ।ਭਾਰਤ ਸਿਰ ਸਦੀਆਂ ਦੀ ਗੁਲਾਮੀ ਤੇ ਗੁਰੁ ਘਰ ਦੀਆਂ ਬੇਅੰਤ ਦਰਦਨਾਕ ਸ਼ਹੀਦੀਆਂ ਦਾ ਅਸਲੀ ਮੁੱਢ ਫਿਰ ਕਿੰਨੇ ਬੰਨਿਆ ਸੱਤ ਪੀੜੀਆਂ ਰਾਜ ਕਰਨਗੀਆਂ ਦਾ ਵਰ ਦੇਣ ਵਾਲੇ ਗੁਰੁ ਨੇ ਜਾਂ ਤੁਹਾਡੀ ਬੇਸਮਝੀ ਨੇ,ਜਰਾ ਸੋਚਿਓ ਜਰੂਰ।ਇਸੇ ਤਰਾਂ ਤੁਸੀਂ ਇਤਿਹਾਸ ਦੇ ਨਾਂ ਤੇ ਝੂਠ ਨੂੰ ਚੰਗਾ ਰੰਗ ਰੋਗਨ ਕਰਕੇ ਸੁਣਾਉਂਦਿਆਂ ਪੇਸ਼ ਕੀਤਾ ਕਿ ਗੁਰੁ ਅਮਰ ਦਾਸ ਜੀ ਨੇ ਅਪਣੀ ਉਮਰ ਦੇ ਸੱਤ ਸਾਲ ਗੁਰੁ ਰਾਮਦਾਸ ਜੀ ਨੂੰ ਬੀਬੀ ਭਾਨੀ ਜੀ ਦੇ ਕਹਿਣ ਤੇ ਦੇ ਦਿਤੇ ਤੇ ਨਾਲ ਹੀ ਕਿਹਾ ਬੇਟਾ ਭਾਨੀ ਤੇਰੇ ਪਰਿਵਾਰ ਨੂੰ ਸੱਤ ਸ਼ਹੀਦੀਆਂ ਵੀ ਹੁਣ ਇਸ ਦੇ ਬਦਲੇ ਦੇਣੀਆਂ ਪੈਣਗੀਆਂ।ਸੇਵਾ ਵੀ ਰੋਲਤੀ ,ਸ਼ਹੀਦੀਆਂ ਦਾ ਕਾਰਨ ਵੀ ਆਪਣਿਆਂ ਸਿਰ ਵਰ ਸਰਾਪ ਵਿੱਚ ਲਪੇਟ ਕੇ ਮੜ ਦਿਤਾ। ਬਾਕੀ ਦੋਸ਼ੀ ਸਾਰੇ ਬਰੀ,ਤੇ ਨਾਲ ਲੋਕਾਂ ਨੂੰ ਵੀ ਗੁਰੁ ਦੇ ਨਾਂ ਤੇ ਸਮਝਾ ਦਿਤਾ ਕਿ ਮਹਾਂਪੁਰਸ਼ ਵਰ ਸਰਾਪ ਵੀ ਦਿੰਦੇ ਹਨ ਇਸ ਲਈ ਹਮੇਸ਼ਾਂ ਸਾਡੇ ਵਰਗੇ ਸਾਧਾਂ ਸੰਤਾਂ ਤੋਂ ਡਰ ਕੇ ਹੀ ਰਹਿਣਾ ਪਤਾ ਨਹੀਂ ਕੀ ਮੂਹੋਂ ਕੱਢ ਦੇਣ, ਅਪਣੀ ਪੂਜਾ ਕਰਵਾਉਣ ਵਾਲੇ ਸਾਰੇ ਮਸਲੇ ਹੱਲ ਕਰ ਲਏ। ਏਸੇ ਕਰਕੇ ਬਾਬਾ ਬੁੱਢਾ ਜੀ ਵਲੋਂ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦੇਣ ਵਾਲੀ ਕਹਾਣੀ ਦੀ ਇਹ ਸਾਧ ਲੋਕ ਪ੍ਰੋੜਤਾ ਕਰਦੇ ਹਨ ।ਵਾਹ ਭਈ ਵਾਹ ,ਤੁਰਦੀਓ ਫਿਰਦੀਓ ਝੂਠ ਦੀਓ ਦੁਕਾਨੋ।… ਗੁਰਬਾਣੀ ਦੀਆਂ ਪੋਥੀਆਂ ਗੁਰੂ ਅਰਜੁਨ ਸਾਹਿਬ ਮੋਹਨ ਕੋਲੋਂ ਲੈਣ ਗਏ ਤੇ ਉਥੇ ਸ਼ਬਦ ਪੜਿਆ “ਮੋਹਨ ਤੇਰੇ ਊਚੇ ਮੰਦਰ”।ਕੀ ਗੁਰੁ ਅਮਰ ਦਾਸ ਜੀ ਇਹ ਗਲਤੀ ਕਰ ਸਕਦੇ ਹਨ ਕਿ ਜਿਸ ਮੋਹਨ ਨੇ ਗੁਰੁ ਰਾਮਦਾਸ ਨੂੰ ਗੁਰੁ ਸਵੀਕਾਰ ਹੀ ਨਹੀਂ ਸੀ ਕੀਤਾ ਮੱਥਾ ਹੀ ਨਹੀਂ ਸੀ ਟੇਕਿਆ,ਗੁਰਬਾਣੀ ਦੀਆਂ ਪੋਥੀਆਂ ਉਸੇ ਮੋਹਣ ਨੂੰ ਦੇ ਦੇਣ।ਫਿਰ ਇਹਨਾਂ ਨੇ ਇਸ ਸ਼ਬਦ ਦੇ ਅਰਥ ਕਦੀ ਪੜੇ ।ਜੇ ਗੁਰਬਾਣੀ ਦੇ ਅਰਥ ਪੜੇ ਹੁੰਦੇ ਤਾਂ ਕਦੀ ਅਗਿਆਨਤਾ ਵਾਲੀਆਂ ਸਾਖੀਆਂ ਨਾਂ ਸੁਣਦੇ ਨਾ ਸੁਣਾਉਂਦੇ।ਗੁਰੁ ਰਾਮਦਾਸ ਜੀ ਸ੍ਰੀ ਚੰਦ ਦੇ ਪੈਰ ਦਾੜੀ ਨਾਲ ਝਾੜਨ ਲਗ ਪਏ ।“ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ॥ਦਿਲਿ ਖੋਟੈ ਆਕੀ ਫਿਰਨਿ ਬੰਨਿ ਭਾਰੁ ਉਚਾਇਨਿ ਛਟੀਐ॥”(ਪੰਨਾ 967) ਸ਼ਰਮ ਨਾ ਆਈ ਇਹਨਾਂ ਸਾਧਾਂ ਨੂੰ ,ਬੇਮੁਖ ਬੰਦਿਆਂ ਦੇ ਪੈਰੀਂ ਗੁਰੁ ਨੂੰ ਸੁਟਿਆ ਗਿਆ ,ਉਹ ਵੀ ਦਾੜੀ ਦੀ ਗੱਲ ਕਰਕੇ ਜੋ ਇਜ਼ਤ ਦੀ ਪ੍ਰਤੀਕ ਹੈ । ਸੁਖਮਨੀ ਉਚਾਰਦਿਆਂ ਸੋਲਾਂ ਅਸਟਪਦੀਆਂ ਤੋਂ ਬਾਅਦ ਬਾਣੀ ਦਾ ਰੁਕਣਾ ਤੇ ਸ੍ਰੀ ਚੰਦ ਨੇ ਪੰਜਵੇਂ ਪਾਤਸ਼ਾਹ ਦੀ ਬੇਨਤੀ ਮੰਨ ਕੇ ਗੁਰੁ ਨਾਨਕ ਜੀ ਦੇ ਜਪੁ ਜੀ ਵਾਲੇ ਸਲੋਕ ਵਿੱਚ ਥੋੜਾ ਫਰਕ ਪਾ ਕੇ ਉਚਾਰ ਦਿਤਾ ਤੇ ਬਾਣੀ ਚੱਲ ਪਈ ।ਕੁਫਰ ਓਇ ਭਰਮਗਿਆਨੀਓ ਨਿਰਾ ਕੁਫਰ। ਇਹ ਸਾਖੀਆਂ ਤਾਂ ਗੁਰੁ ਸਾਹਿਬ ਨਾਲੋਂ ਸ੍ਰੀ ਚੰਦ ਨੂੰ ੳੁੱਚਾ ਚੁੱਕਣ ਲਈ ਸ੍ਰੀ ਚੰਦੀਆਂ ਨੇ ਫੈਲਾਈਆਂ ਸਨ ਅਸੀਂ ਅੱਖਾਂ ਮੀਟ ਕੇ ਮੰਨ ਲਈਆਂ।ਹੋਰ ਭਗਤ ਫਰੀਦ ਜੀ ਦੀ ਲੱਕੜ ਦੀ ਰੋਟੀ ,ਖੂਹ ਵਿੱਚ ਲਮਕ ਕੇ ਤਪ ਕਰਨਾ ,ਕਾਂ ਅੱਖਾਂ ਖਾਣ ਆ ਗਿਆ ,ਆਦਿਕ ਤੇ ਨਾਮਦੇਵ ਜੀ ਦੀ ਘੋੜੀ ਦਾ ਵਛੇਰਾ ਚੁੱਕਣਾ, 72 ਵਾਰ ਰੱਬ ਦੇ ਦਰਸ਼ਨ ਹੋਣ,ੇ ਜੋ ਨਾਮਦੇਵ ਜੀ ਦੀ ਬਾਣੀ ਦੇ ਸਿਧਾਂਤ “ਈਭੈ ਬੀਠੁਲ ਊਭੈ ਬੀਠੁਲ”ਤੋਂ ਬਿਲਕੁਲ ੳੁੱਲਟ ਹੈ,ਤੇ ਹੋਰ ਕਰਮਾਤਾਂ ਜੋ ਗੁਰਬਾਣੀ ਮੰਨਦੀ ਨਹੀਂ ਉਹ ਜੋੜੀਆਂ ਗਈਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੱਡੇ ਵੱਡੇ ਝੂਠ ਸੁਣੇ ਤੇ ਸੁਣਾਏ ਗਏ।ਕਬੀਰ ਜੀ ਦੀਆਂ ਦੋ ਵਹੁਟੀਆਂ ਦੀ ਗੱਲ ,ਕੁਆਰੀ ਮਾਂ ਦੇ ਪੇਟੋਂ ਜਨਮ,ਤੇ ਹੋਰ ਕਰਮ ਕਾਂਡ ਜੋੜੇ ਗਏ। ਇਸੇ ਤਰਾਂ ਰਵਿਦਾਸ ਜੀ ਨੂੰ ਗੰਗਾ ਦਾ ਪੂਜਾਰੀ ,ਸਰਾਪ ਕਾਰਨ ਸ਼ੂਦਰ ਦਾ ਜਨਮ ,ਤੇ ਹੋਰ ਹੋਰ ਕਹਾਣੀਆਂ ।ਇਹ ਸਾਧ ਸੰਤ ਲੋਕ ਗੁਰਬਾਣੀ ਦਾ ਤੇ ਗੁਰਬਾਣੀ ਰਚਣਹਾਰੇ ਸਤਿਕਾਰਯੋਗ ਸਾਰੇ ਮਹਾਂਪੁਰਖਾਂ ਦਾ ਬਹੁਤ ਭਾਰੀ ਤ੍ਰਿਸਕਾਰ ਕਰ ਰਹੇ ਹਨ ।ਇਸ ਤੋਂ ਬਾਅਦ ਗੁਰੁ ਅੰਗਦ ਜੀ ਦੇ ਪੈਰ ਦਾ ਕੋਹੜ ,ਗੁਰੁ ਅਮਰ ਦਾਸ ਜੀ ਨੂੰ ਬਾਰਾਂ ਸਾਲ ਸਿਰੋਪੇ ਮਿਲਨੇ ਤੇ ਸਾਰੇ ਦੇ ਸਾਰੇ ਸਿਰ ਤੇ ਹੀ ਬੰਨੀ ਜਾਣੇ ਜੋ ਕਦੀ ਵੀ ਨਾ ਲਾਹੇ ਗਏ ,ਇੰਨਾ ਝੂਠ ।ਰਜਨੀ ਪਿੰਗਲੇ ਦੀ ਮਨ ਘੜਤ ਮਨਮਤੀ ਕਹਾਣੀ ਕਿਉਂਕਿ ਪੱਟੀ (ਜਿਲਾ ਤਰਨ ਤਾਰਨ)ਵਿੱਚ ਕੋਈ ਦੁਨੀ ਚੰਦ ਨਾਂ ਦਾ ਰਾਜਾ ਹੀ ਨਹੀਂ ਹੋਇਆ,ਚਲੋ ਜੇ ਮੰਨ ਵੀ ਲਈਏ ਤਾਂ ਇਤਿਹਾਸਿਕ ਪੱਖੋਂ ਅੰਮ੍ਰਿਤਸਰ ਦੀ ਨੀਂਹ ਤਾਂ ਪਹਿਲੋਂ ਹੀ ਗੁਰੁ ਅਮਰ ਦਾਸ ਜੀ ਦੇ ਹੁਕਮ ਨਾਲ ਰੱਖੀ ਜਾ ਚੁੱਕੀ ਹੈ, ਤੇ ਇਹ ਸਾਧ ਸੰਤ ਰਜਨੀ ਵਾਲੀ ਕਹਾਣੀ ਗੁਰੁ ਰਾਮਦਾਸ ਨਾਲ ਜੋੜਦੇ ਹਨ ਤੇ ਕਹਿੰਦੇ ਹਨ ਅੰਮ੍ਰਿਤਸਰ ਦੀ ਨੀਂਹ ਗੁਰੁ ਰਾਮਦਾਸ ਜੀ ਨੇ ਰੱਖੀ ਜਦੋਂ ਕੋਹੜਾ ਛਪੜੀ ਵਿੱਚ ਨਹਾ ਕੇ ਠੀਕ ਹੋਇਆ ਤੇ ਫਿਰ ਗੁਰੁ ਜੀ ਨੂੰ ਪਤਾ ਲੱਗਾ ਤੇ ਉਹਨਾਂ ਨੇ ਇਸ ਜਗਾ ਤੀਰਥ ਬਣਾਉਣ ਦੀ ਸੋਚੀ, ਇਹ ਕਹਾਣੀ ਨਿਰੀ ਗੱਪ ਸਾਬਤ ਹੁੰਦੀ ਹੈ ।ਗੁਰੁ ਅਰਜੁਨ ਸਾਹਿਬ ਜੀ ਨੇ ਕੋਹੜੀਆਂ ਲਈ ਕੋਹੜਖਾਨਾ ਕਿਉਂ ਖੋਲਿਆ ਉਂਥੇ ਹੀ ਡੁਬਕੀ ਲਵਾ ਦਿੰਦੇ ਜਿਥੇ ਰਜਨੀ ਵਾਲਾ ਕੋਹੜਾ ਠੀਕ ਹੋਇਆ ਸੀ।ਹੋਰ ਝੂਠ ਸੁਣਾਇਆ ਇਹਨਾਂ ਧੁਰੋਂ ਪਠਾਇਆਂ ਨੇ ਸ਼ਹੀਦੀ ਵੇਲੇ ਗੁਰੁ ਤੇਗ ਬਹਾਦੁਰ ਜੀ ਦਾ ਸੀਸ ਜਲਾਦ ਦੀ ਤਲਵਾਰ ਵੱਜਣ ਤੋਂ ਪਹਿਲਾਂ ਆਪੇ ਹੀ ਉਡ ਗਿਆ ਤੇ ਭਾਈ ਜੈਤੇ ਦੀ ਝੋਲੀ ਆ ਪਿਆ ,ਹੋਰ ਸੁਣੋ ਖੰਡੇ ਬਾਟੇ ਦੀ ਪਾਹੁਲ ਸਮੇਂ ਚਿੜੇ ਚਿੜੀ ਦਾ ਲੜ ਲੜ ਮਰ ਜਾਣਾ ਕਿਉਂਕਿ ਉਹ ਬਾਟੇ ਵਿਚੋਂ ਚੁੰਜ ਭਰ ਗਏ ਸਨ।ਕੀ ਖੰਡੇ ਕੀ ਪਾਹੁਲ ਲੜਨ ਲਈ ਬਣਾਈ ਸੀ ?ਕੀ ਇੰਨੇ ਵੱਡੇ ਇਕੱਠ ਵਿੱਚ ਚਿੜੇ ਚਿੜੀ ਲਈ ਬਾਟੇ ਤੱਕ ਪਹੁੰਚਣਾ ਸੰਭਵ ਹੈ ?ਪੰਜ ਪਿਆਰੇ ਤੇ ਗੁਰੁ ਜੀ ਕਿੱਥੇ ਸਨ ? ਭਾਈ ਮਨੀ ਸਿੰਘ ਜੀ ਦੀ ਦੇ ਜੀਵਨ ਨਾਲ ਕਹਾਣੀ ਜੋੜੀ ਜੋ ਨਿਰੋਲ ਝੂਠ ਹੈ, ਅਖੇ ਮਨੀ ਸਿੰਘ ਦੀ ਸ਼ਹੀਦੀ ਤਾਂ ਹੋਈ ਹੈ ਉਹਨਾਂ ਨੇ ਬਾਣੀ ਦੀਆਂ ਪੋਥੀਆਂ ਗੁਟਕੇ ਸੰਗਤਾਂ ਦੀ ਸਹੂਲਤ ਲਈ ਬਣਾਏ ,ਇਸ ਕਰਕੇ ਮਹਾਰਾਜ ਨੇ ਕਿਹਾ ਜਿਵੇਂ ਸਾਡੇ ਟੋਟੇ ਕੀਤੇ ਮਨੀ ਸਿੰਘਾ ਤੇਰੇ ਵੀ ਇਵੇਂ ਹੋਣਗੇ,ਸਿਖੋ ਇਹਨਾਂ ਲੋਕਾਂ ਨੂੰ ਪੰਥਕ ਸੇਵਾਵਾਂ ਸੌਂਪੀਆਂ ਜੇ, ਦੁੱਧ ਦੀ ਰਾਖੀ ਬਿਲੀਆਂ ਬਿਠਾ ਦਿਤੀਆਂ। ਆਪਣੇ ਭੋਰਿਆਂ ਦੀ ਸਲਾਮਤੀ ਲਈ ਗੁਰੁ ਤੇਗ ਬਹਾਦੁਰ ਜੀ ਨੂੰ ਇਹ ਲੋਕ 26 ਸਾਲ ਭੋਰੇ ਵਿੱਚ ਬੈਠਾਉਣ ਦੀ ਜ਼ਿੱਦ ਕਰਦੇ ਹਨ, ਜਦੋਂ ਕਿ ਸਤਿਗੁਰੂ ਜੀ ਉਸ ਵਕਤ ਪੂਰਬ ਦੇ ਦੌਰੇ ਤੇ ਸਨ ਜਦੋਂ ਗੁਰੁ ਹਰਿਕ੍ਰਿਸ਼ਨ ਜੀ ਜੋਤੀ ਜੋਤਿ ਸਮਾਉਂਦੇ ਹਨ ।ਗੁਰੂ ਗੋਬਿੰਦ ਸਿੰਘ ਜੀ ਨਾਲ ਅਨੇਕਾਂ ਮਨਘੜਤ ਕਹਾਣੀਆਂ ਜਨਮ ਸਮੇਂ ਦੀਆਂ ਅਤੇ ਬਾਲ ਲੀਲਾ ਦੇ ਨਾ ਤੇ ਘੜੇ ਭੰਨਣ ਆਦਿਕ ਵਰਗੀਆਂ ਜੋੜੀਆਂ ਤੇ ਇਹਨਾਂ ਲੋਕਾਂ ਸੁਣਾਈਆਂ।ਸਾਰੇ ਇਤਿਹਾਸ ਨੂੰ ਕਰਾਮਾਤੀ ਬਣਾ ਬਣਾ ਪੇਸ਼ ਕਰ ਰਹੇ ਹਨ ।ਇਨਕਲਾਬੀ ਤੱਤ ਮਾਰ ਰਹੇ ਹਨ ।ਮਾਲਾ ਅਖੌਤੀ ਸਮਾਧੀਆਂ,ਵਰ ਸਰਾਪ ,ਪੂਜਾ ਆਦਿਕ ਵਾਲੀਆਂ ਕਹਾਣੀਆਂ ਵਿੱਚ ਉਲਝਾ ਰਹੇ ਹਨ,ਪੁਰਾਤਨ ਇਤਿਹਾਸਿਕ ਨਿਸ਼ਾਨੀਆਂ ਗੁਰਦੁਆਰਿਆਂ ਤੋਂ ਲੈਕੇ ਵਸਤਾਂ ਗ੍ਰੰਥਾਂ ਤੱਕ ਸਾਰੀਆਂ ਬਰਬਾਦ ਕੀਤੀਆਂ ।ਇਸ ਪਾਪ ਕਰਮ ਵਿੱਚ ਅਸੀਂ ਵੀ ਸ਼ਾਮਿਲ ਹਾਂ, ਕਿਉਂਕਿ ਪੈਸਾ ਅਤੇ ਸਾਥ ਅਸੀਂ ਵੀ ਦਿਤਾ।
ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬਰਾਬਰੀ ਕਰਦਿਆਂ ਮਸਤੂਆਣੇ ਨਕਲੀ ਦਰਬਾਰ ਸਾਹਿਬ ਬਣਾ ਧਰਿਆ ਸਾਰੀਆਂ ਪੰਥਕ ਜਥੇਬੰਦੀਆਂ ਜੋਰ ਲਾ ਥੱਕ ਗਈਆਂ ਭਈ ਇਹ ਢਾਹ ਦਿਓ ਪਰ ਝੂਠੇ ਜਥੇਦਾਰ ਤੇ ਇਹ ਸਾਧ ਲਾਣਾ ਕਿਸੇ ਪਾਸੇ ਨਹੀਂ ਲਗੇ।ਬੇਈਮਾਨੀ ਵੇਖੋ ਇਹਨਾਂ ਸਾਧਾਂ ਸੰਤਾਂ ਦੀ ਕੋਈ ਇਹਨਾਂ ਇਕੱਠ ਨਹੀਂ ਕੀਤਾ ,ਕੋਈ ਇਹਨਾਂ ਨੂੰ ਇਤਰਾਜ ਨਹੀਂ ਇਸ ਗੱਲ ਦਾ,ਕੋਈ ਪੰਥਕ ਢਾਹ ਹੁਣ ਨਹੀਂ ਲਗੀ ਕਿਸੇ ਸਾਧ ਦੇ ਜਾਂ ਸਮੱਰਥਕਾਂ ਦੇ ਕੋਮਲ ਹਿਰਦੇ ਵਲੂੰਦਰੇ ਗਏ ਜਿਹੜੇ ਨਿਕੀ ਨਿਕੀ ਗੱਲ ਤੇ ਵਲੂੰਧਰੇ ਜਾਂਦੇ ਹਨ ।ਸਿੱਖ ਰਹਿਤ ਮਰਿਯਾਦਾ ,ਨਾਨਕਸ਼ਾਹੀ ਕੈਲੰਡਰ ਦੇ ਪਿੱਛੇ ਇਹ ਲੋਕ ਕਿਵੇਂ ਹੱਥ ਥੋ ਕੇ ਵਿਹਲੇ ਹੋ ਕੇ ਪਏ ਹੋਏ ਹਨ, ਕਿਉਂਕਿ ਇਹਨਾਂ ਦੇ ਹਿੰਦੂਵਾਦ ਵਿੱਚ ਰੱਲਗਡ ਕਰਨ ਵਾਲੇ ਮਨਸੂਬੇ ਪੂਰੇ ਨਹੀਂ ਹੁੰਦੇ ।ਅੱਜ ਤੱਕ ਹਿੰਦੂਵਾਦ ਨਾਲੋਂ ਕੌਮ ਨੂੰ ਨਿਆਰਾ ਰੱਖਣ ਲਈ ਜਿਨੀਂ ਵਾਰੀ ਵੀ ਵਿਦਵਾਨਾਂ ਵਲੋਂ ਜਤਨ ਹੋਏ ਇਹ ਸਾਰੇ ਸਾਧ ਸੰਤ ਪੰਥਕ ਖਤਰੇ ਦੇ ਨਾਅਰੇ ਲਾਉਂਦੇ ਭੱੜਥੂ ਪਾਉਂਦੇ ਨਜ਼ਰ ਆਏ।ਜਿਥੇ ਜਿਥੇ ਸਿੱਖ ਕੌਮ ਹਿੰਦੂਵਾਦ ਵਿੱਚ ਰੱਲਗਡ ਹੁੰਦੀ ਹੋਵੇ ਇਹ ਕਦੀ ਨਹੀਂ ਬੋਲੇ ।ਸ਼ਾਇਦ ਇਹਨਾਂ ਦਾ ਪੰਥ ਹਿੰਦੂਵਾਦ ਹੀ ਹੋਵੇ ਕਿਉਂਕਿ ਜਿਥੇ ਖਤਰਾ ਹੋਵੇ ਨਾਅਰੇ ਉਥੇ ਹੀ ਲਗਦੇ ਹਨ ਦੂਜੇ ਥਾਂ ਤੇ ਨਹੀਂ।ਆਮ ਤੌਰ ਤੇ ਇਹ ਆਪਣਿਆ ਦੀਵਾਨਾਂ ਵਿੱਚ ਬਹੁਤੇ ਸਾਧ ਰਮਾਇਣ, ਮਹਾਭਾਰਤ ਕ੍ਰਿਸ਼ਨ ਨੂੰ ਭਗਵਾਨ ਕਰਕੇ ਸੰਬੋਧਨ ਕਰਕੇ ਬੋਲਦੇ ,ਦੇਵੀ ਦੇਵਤਿਆ ਦੀਆਂ ਕਹਾਣੀਆਂ ਸੁਣਾਉਂਦੇ ਹੀ ਸੁਣੇ ਜਾ ਸਕਦੇ ਹਨ ।ਵੰਨ ਸੁਵੰਨੇ ਅਖੰਡ ਪਾਠ, ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਦਸਮੀ ,ਮਰ ਗਏ ਸਾਧਾਂ ਦੀਆਂ ਬਰਸੀਆਂ,ਤੇ ਹੋਰ ਵਹਿਮ ਭਰਮ ਸਭ ਇਹ ਵੱਧ ਚੜਕੇ ਅਤੇ ਕੌਮੀ ਦਿਹਾੜੇ ਸਮਝਕੇ ਮਨਾਉਂਦੇ ਹਨ ।ਜੰਡ ,ਕੰਧਾਂ ,ਥੜੇ ,ਸਾਧਾਂ ਦੀਆਂ ਖੂੰਡੀਆਂ ,ਖਾਲੀ ਕੁਰਸੀਆਂ .ਮਾਲਾ ,ਭੋਰੇ ਪੂਜਣੇ ਇਹਨਾਂ ਸਾਧਾਂ ਦਾ ਧਰਮ ਹੈ ।ਜਦੋਂ ਕਿ ਸਿੱਖ ਧਰਮ ਦਾ ਗੁਰਬਾਣੀ ਮੁਤਾਬਿਕ ਇਹਨਾਂ ਗੱਲਾਂ ਨਾਲ ਕੋਈ ਸੰਬੰਧ ਨਹੀਂ । ਗੁਰਬਾਣੀ ਆਪ ਪੜਨੀ ਤੇ ਸਮਝਣੀ,ਦਿਨਾਂ ਵਾਰਾਂ ਦੇ ਭਰਮ ਰੱਖਣ ਦੀ ਥਾਂ ਗੁਰੁ ਸਾਹਿਬ ਜੀ ਦੇ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਕੁਝ ਸਿੱਖਣ ਤੇ ਸਮਝਣ ਲਈ ਭਵਿੱਖ ਦੀ ਰੂਪ ਰੇਖਾ ਤਹਿ ਕਰਨ ਲਈ ਮਨਾਉਣੇ ਜਰੂਰੀ ਹਨ, ਜੋ ਇਹ ਸਾਧ ਸੰਤ ਨਹੀਂ ਕਰਦੇ ।ਇਸ ਤੋਂ ਉਲਟ ਉਪਰੋਕਤ ਹਿੰਦੂ ਵਿਚਾਰਧਾਰਾ ਦੇ ਹਾਮੀ ਹਨ।ਫਿਰ ਇਹਨਾਂ ਦਾ ਪੰਥ ਕਿਹੜਾ ਹੈ ਆਉ ਵੀਚਾਰੀਏ।ਹੋਰ ਬਹੁਤ ਕੁਝ ਹੈ ਇਸ ਤਰਾਂ ਦਾ ਲਿਖਣ ਵਾਲਾ ਪਰ ਲੇਖ ਲੰਬਾ ਨਾ ਹੋ ਜਾਵੇ ਬਾਕੀ ਕਦੀ ਫੇਰ ਸਹੀ।ਬਾਕੀ ਕਿਸੇ ਗੁਰਸਿੱਖ ਨੇ ਆਪ ਸੁਣਨਾ ਹੋਵੇ ਤਾਂ ਇਹਨਾਂ ਸਾਧਾਂ ਸੰਤਾਂ ਦੀਆਂ ਕੈਸਟਾਂ ਜਾਂ ਕਿਤਾਬਾਂ ਵੱਲ ਲਗਾਤਾਰ ਧਿਆਨ ਦੇਵੋ ਪਤਾ ਲੱਗ ਜਾਵੇਗਾ।
ਅੱਜ ਸਾਡੇ ਕੋਲ ਤਿੰਨ ਚੀਜਾਂ ਹਨ ,ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ,ਇਤਿਹਾਸ,ਤੇ ਸਾਡਾ ਆਪਣਾ ਆਪ ਜਾਨੀ ਸਾਡਾ ਸਮਾਜ।ਤਿੰਨਾਂ ਨੂੰ ਇਕ ਦੇ ਸਾਹਮਣੇ ਕਰਕੇ ਵੇਖ ਲਵੋ ਕੋਈ ਵੀ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾਂਦੇ।ਗੁਰਬਾਣੀ ਵਾਲੇ ਸੱਚ ਸਿਧਾਂਤ ਦੇ ਸਾਹਮਣੇ ਇਤਿਹਾਸ ਖਰਾ ਨਹੀਂ ਉਤਰਦਾ ਤੇ ਗੁਰਬਾਣੀ ਇਤਿਹਾਸ ਦੇ ਸਾਹਮਣੇ ਸਾਡਾ ਆਪਣਾ ਆਪ ਖਰਾ ਨਹੀਂ ਉਤਰਦਾ।ਗੁਰਬਾਣੀ ਕੁਝ ਕਹਿੰਦੀ ਹੈ, ਇਤਿਹਾਸ ਕੁਝ ਕਹਿੰਦਾ ਹੈ ,ਤੇ ਅਸੀਂ ਕੁਝ ਹੋਰ ਹੀ ਕਰ ਤੇ ਸਮਝ ਰਹੇ ਹਾਂ ।ਆਉ ਗੁਰਬਾਣੀ ਦੇ ਸਿਧਾਂਤ ਪਹਿਚਾਣੀਏ ਤੇ ਫਿਰ ਇਤਿਹਾਸ ਦੀ ਛਾਣਬੀਣ ਕਰਕੇ ਆਪਣੇ ਆਪ ਨੂੰ ਸਵਾਰੀਏ।

Leave a Reply