Friday, May 29, 2020
Home > Articles > ਵੈਸਾਖੀ ਅਤੇ ਅਸੀਂ- ਸੁਖਵਿੰਦਰ ਸਿੰਘ ਦਦੇਹਰ

ਵੈਸਾਖੀ ਅਤੇ ਅਸੀਂ- ਸੁਖਵਿੰਦਰ ਸਿੰਘ ਦਦੇਹਰ

ਵੈਸਾਖੀ ਦੇ ਦਿਹਾੜੇ ਨਾਲ ਸਾਡੀਆਂ ਸਿਖਾਂ ਦੀਆਂ ਧਾਰਮਿਕ ਸਮਾਜਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ । ਵੈਸਾਖੀ ਨਾਲੋਂ ਜੇ ਧਾਰਮਿਕ ਪੱਖ ਨੂੰ ਵੱਖ ਕਰ ਲਿਆ ਜਾਵੇ ਤਾਂ ਸਮਾਜਿਕ ਪੱਖ ਬਿਲਕੁਲ ਹੀ ਫਿਕਾ ਰਹਿ ਜਾਂਦਾ ਹੈ ।ਕਿਉਕਿ ਧਾਰਮਿਕ ਪੱਖ ਵਿੱਚ ਗੁਰੁ ਨਾਨਕ ਜੀ ਤੋਂ ਲੈ ਕੇ ਦਸਵੇਂ ਸਤਿਗੁਰੂ ਜੀ ਤੱਕ ਦੀਆਂ ਬਖਸ਼ਿਸ਼ਾਂ ਹੀ ਬੇਅੰਤ ਹਨ।ਪਰ ਸਮਜਿਕ ਪੱਖ ਵਿੱਚ ਵੈਸਾਖੀ ਦੇ ਦਿਹਾੜੇ ਤੇ ਕੇਵਲ ਨਾਚ ਗਾਣਾ ਜਾਂ ਮੌਜ ਮਸਤੀ ਲਈ ਮੇਲਾ ਲਾ ਲਿਆ ਬਸ ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ । ਨਾ ਪੂਜਾ ਇਕ ,ਨਾ ਸੋਚ ਇਕ ,ਨਾ ਸਮਾਜ ਇਕ,ਕਿਉਂਕਿ ਧਰਮ ਨਾਂ ਦੀ ਕੋਈ ਚੀਜ਼ ਹੀ ਨਹੀ ਹੈ।ਇਹੋ ਹੀ ਕਾਰਨ ਸੀ ਗੁਰੁ ਨਾਨਕ ਜੀ ਦੇ ਪ੍ਰਕਾਸ਼ ਤੋਂ ਪਹਿਲਾਂ, ਕਿ ਸਮਾਜ ਗਿਰਾਵਟ ਨੂੰ ਗਿਆ ਹੋਇਆ ਸੀ ।ਹੁਣ ਅਸੀਂ ਇਹ ਦੇਖਣਾ ਹੈ ਕਿ ਧਰਮ ਦੀ ਇਸ ਸਮਾਜ ਨੂੰ ਕੀ ਦੇਣ ਹੈ ।ਡਿਗੇ ਹੋਏ ,ਹਰ ਪੱਖੋਂ ਕਬਾੜ ਬਣ ਚੁਕੇ ਇਸ ਸਮਾਜ ਦੀ ਬੁਨਿਆਦ ਕਿਥੇ ਰੱਖੀ ਗਈ ਹੈ ਜਿਸ ਨਾਲ ਇਸ ਦੀ ਨੁਹਾਰ ਹੀ ਬਦਲ ਗਈ ,ਰਸਮਾਂ ਰਿਵਾਜ ਵੀ ਇਨਕਲਾਬੀ ਹੋ ਗਏ ਅਤੇ ਕੂੜੇ ਕਰਕਟ ਨੂੰ ਕੋਈ ਥਾਂ ਹੀ ਨਾ ਰਹੀ।ਭਾਈ ਸਤਾ ਬਲਵੰਡ ਜੀ ਇਸ ਦੀ ਗਵਾਹੀ ਇਸ ਲਈ ਕਾਫੀ ਹੋਵੇਗੀ:-
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥ (ਪੰਨਾਂ-966)
ਗੁਰੂੁ ਨਾਨਕ ਜੀ ਨੇ ਰਾਜ ਚਲਾਇਆ ਜਿਸ ਰਾਜ ਦਾ ਕਿਲਾ ਅਟੱਲ ਹੈ ਤੇ ਇਸ ਦੀ ਨੀਂਹ ਸਚ ਦੇ ਤਾਣ ਤੇ ਰੱਖੀ ਗਈ ਹੈ।ਸਚ ਦੇ ਅਧਾਰ ਤੇ ਜਿਹੜੀ ਕੌਮ ਦੀ ਬੁਨਿਆਦ ਰੱਖੀ ਗਈ ਇਹ ਸਮਾਜ ਕਿਉਂ ਬੁਲੰਦੀਆਂ ਨੂੰ ਨਾ ਛੂੰਹਦਾ।ਦੂਜਾ ਇਸ ਸਮਾਜ ਦੀ ਅਗਵਾਈ ਐਸੇ ਇਕ ਸਮਰੱਥ ਆਗੂ ਦੇ ਹੱਥ ਵਿੱਚ ਸੀ ਜਿਸ ਨੇ ਹਰ ਮੁਸ਼ਕਲ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਹਰ ਕੁਰਬਾਨੀ ਲਈ ਤਿਆਰੀ ਕਰ ਲਈ ।ਇਸ ਨਿਰਮਲ ਪੰਥ ਦਾ ਰਾਹ ਰੋਕਣ ਲਈ ਹਰ ਵਰਗ ਦੇ ਅਖੌਤੀ ਆਗੂ ਆ ਖੜੇ ਹੋਏ। ਪਰ ਸਮਰੱਥ ਆਗੂ ਸਤਿਗੁਰੂ ਜੀ ਦੀ ਅਗਵਾਈ ਵਿਚ ਇਹ ਨਿਰਮਲ ਪੰਥ ਹੋਰ ਅੱਗੇ ਤੋਂ ਅੱਗੇ ਵਧਦਾ ਗਿਆ ਤੇ ਕਦੀ ਵੀ ਕਿਸੇ ਅੱਗੇ ਨਾ ਝੁਕਿਆ।ਇਹ ਗੱਲ ਬੜੀ ਕਮਾਲ ਦੀ ਹੈ ਕਿ ਦਬੇ ਕੁਚਲੇ ਪਛੜੇ ਲੋਕ ਸਮਾਜ ਦੀ ਅਗਵਾਈ ਕਰਨ ਵਾਲੇ ਬਣ ਗਏ ।ਇਥੋਂ ਦੇ ਬੇਈਮਾਨ ਧਾਰਮਿਕ ਤੇ ਰਾਜਨੀਤਿਕ ਆਗੂਆਂ ਨੂੰ ਇਹ ਗੱਲ ਹਜ਼ਮ ਨਾ ਹੋਈ ਪਹਾੜੀ ਹਿੰਦੂ ਰਾਜਿਆਂ ਦੀ ਮਿਸਾਲ ਸਾਡੇ ਸਾਹਮਣੇ ਹੈ ।ਕਿਉਂਕਿ ਇਹ ਹਾਕਮ ਬਣੇ ਧਾਰਮਿਕ ਤੇ ਰਾਜਨੀਤਿਕ ਲੋਕ, ਸਮਾਜ ਤੇ ਹਕੂਮਤਿ ਤਾਂ ਹੀ ਕਰ ਸਕਦੇ ਸਨ ਜੇ ਇਥੋਂ ਦੇ ਲੋਕ ਨਿਕੰਮੇ,ਅਨਪੜ ਤੇ ਗਵਾਰ ਬਣੇ ਰਹਿਣ ।ਪਰ ਹੋਇਆ ਇਸ ਤੋਂ ਉਲਟ ਗੁਰੁ ਸਾਹਿਬ ਜੀ ਦੇ ਪਰਉਪਕਾਰਾਂ ਸਦਕਾ ਇਹ ਲੋਕ ਹਾਕਮਾਂ ਅੱਗੇ ਝੁਕਣ ਦੀ ਜਗ੍ਹਾ ਅੜਨ ਲਗ ਪਏ, ਹੋ ਰਹੇ ਜ਼ੁਲਮ ਦਾ ਮੂੰਹ ਤੋੜਵਾਂ ਜਵਾਬ ਦੇਣ ਲਗ ਪਏ ।ਭਗਤ ਰਵਿਦਾਸ ਜੀ ਇਸ ਤਰਾਂ ਦਾ ਹੀ ਸਮਾਜਿਕ ਪਰਿਵਰਤਨ ਚਾਹੁੰਦਿਆਂ ਹੋਇਆਂ ਆਖਦੇ ਹਨ ਕਿ ਹੇ ਮੇਰੇ ਪਿਆਰੇ ਰੱਬ ਜੀ ਤੇਰੀ ਕ੍ਰਿਪਾ ਸਦਕਾ ਨਿਮਾਣੇ ਤੇ ਪਛੜੇ ਸਮਝੇ ਜਾ ਰਹੇ ਲੋਕ ਮਾਣ ਵਾਲੇ ਹੋ ਗਏ ਹਨ।ਕਿਉਂਕਿ ਇੰਨ੍ਹਾਂ ਗਰੀਬ ਸਮਝੇ ਜਾਂਦੇ ਲੋਕਾਂ ਤੋਂ ਤਾਂ ਅਖੌਤੀ ਉੱਚ ਜਾਤੀਏ ਇੰਨ੍ਹੀ ਨਫਰਤ ਕਰਦੇ ਸਨ , ਕਿ ਕਿਤੇ ਮਿਥੇ ਗਏ ਨੀਚ ਜ਼ਾਤੀ ਦੇ ਬੰਦੇ ਦਾ ਪ੍ਰਛਾਵਾਂ ਪੈ ਕੇ ਭਿਟੇ ਹੀ ਨਾ ਜਾਈਏ।ਪਰ ਹੁਣ ਤੇਰੀ ਕ੍ਰਿਪਾ ਨਾਲ ਇਹ ਹਲਾਤਾਂ ਦੇ ਮਾਰੇ ਲੋਕ ਇੰਨੇ ਉੱਚੇ ਹੋ ਗਏ ਹਨ ਕਿ ਕਈ ਹੋਰਨਾਂ ਦੇ ਪਾਰ ਉਤਾਰੇ ਦਾ ਸਾਧਨ ਬਣ ਗਏ ਹਨ।
ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥1॥ ਰਹਾਉ ॥
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹˆØੀ ਢਰੈ॥ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥1॥ ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥2॥ (ਪੰਨਾ-1106)
ਸੋ 1699 ਦੀ ਵੈਸਾਖੀ ਇਸ ਗੱਲ ਦੀ ਗਵਾਹ ਵੀ ਹੈ ਕਿ ਸਿੱਖ ਕਿੰਨਾ ਕੁਰਬਾਨੀ ਨੂੰ ਪਿਆਰ ਕਰਦੇ ਸਨ ਅਤੇ ਗੁਰੂ ਜੀ ਉਤੇ ਕਿੰਨਾਂ ਵਿਸ਼ਵਾਸ਼ ਕਰਦੇ ਸਨ ,ਨੰਗੀ ਤਲਵਾਰ ਹੈ ਮੌਤ ਦੀ ਨਿਸ਼ਾਨੀ ਪ੍ਰਤੱਖ ਦਿੱਸਦੀ ਹੈ ਫਿਰ ਵੀ ਸਿੱਖਾਂ ਨੇ ਸਿਰ ਭੇਂਟ ਕਰਨ ਲਗਿਆਂ ਦੇਰ ਨਾ ਲਾਈ।ਦੂਜੀ ਗੱਲ ਵੀ ਸਾਫ ਪ੍ਰਗਟ ਹੋ ਰਹੀ ਸੀ ਕਿ ਗੁਰੂ ਜੀ ਸਿੱਖਾਂ ਨੂੰ ਸਿਖਾ ਰਹੇ ਸਨ ਕਿ ਆਗੂ ਦੀ ਚੋਣ ਅੱਗੋਂ ਸਿੱਖ ਕਿਵਂੇ ਕਰਨ ।ਸਿਖਾਂ ਨੇ ਵੀ ਇਸ ਗੱਲ ਨੂੰ ਇੰਨ ਬਿੰਨ ਜੀਵਨ ਵਿੱਚ ਪ੍ਰਵਾਨ ਕਰ ਲਿਆ ਤੇ ਅਮਲ ਵਿਚ ਵੀ ਲ਼ਿਆਂਦਾ ।ਸਤਿਗੁਰੂ ਜੀ ਇਸ ਸਮੇਂ ਤੱਕ ਸਿਖਾਂ ਦੇ ਖੂੁਨ ਵਿਚ ਇਹ ਗੱਲ ਪਾ ਦਿਤੀ ਸੀ ਕਿ ਜੇ ਇਸ ਜੀਵਨ ਜੁਗਤ ਨੂੰ ਅਪਣਾਈ ਰੱਖੋਗੇ ਤਾਂ ਰਾਜ ਭਾਗ ਤੁਹਾਡੇ ਕਦਮਾਂ ਵਿੱਚ ਰਹਿਣਗੇ ਤੇ ਜੇ ਇਸ ਜੀਵਨ ਜੁਗਤ ਨੂੰ ਛੱਡ ਕੇ ਅੰਨਿਆਂ ਦੀ ਤਰਾਂ ਚੱਲੋਗੇ ਤਾਂ ਆਗੂ ਵੀ ਅੰਨੇ ਚੁਣ ਬੈਠੋਗੇ ਜਿਹੜੇ ਤੁਹਾਨੂੰ ਫਿਰ ਖੂਹ ਖਾਤੇ ਲੈ ਡੁਬਣਗੇ।ਗੁਰਵਾਕ ਹੈ:-
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ॥ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਰਾਹੁ ਪਾਧਰੁ ਗੁਰੁ ਦਸੈ॥
(ਪੰਨਾ-765)
ਰਾਹ ਗੁਰੂ ਹੀ ਦੱਸਿਆ ਹੈ ਤੇ ਗੁਰੂ ਦੱਸੇ ਰਾਹ ਤੇ ਤੁਰਾਂਗੇ, ਤਾਂ ਹੀ ਮੰਜ਼ਿਲ ਨੇੜੇ ਹੋਵਾਂਗੇ।ਅਕਲਹੀਣੇ ਆਗੂ ਜਿਹੜੇ ਆਪਣੇ ਹੀ ਢਿੱਡ ਦੇ ਜਾਰ,ਦਮੜੀ ਚਮੜੀ ਦੇ ਪੁਜਾਰੀ ਹੋਣ, ਇਹ ਪਹਿਲਾਂ ਵੀ ਲੈ ਡੁਬਦੇ ਰਹੇ ਤੇ ਫਿਰ ਵੀ ਲੈ ਡੁਬਣਗੇ ਜਦੋਂ ਵੀ ਇਨਾਂ ਨੂੰ ਮੌਕਾ ਦਿਉਗੇ।
ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 1699 ਵੈਸਾਖੀ ਤੱਕ ਸਿਖ ਇੰਨੇ ਪ੍ਰਪੱਕ ਹੋ ਗਏ ਕਿ ਹੁਣ ਮੌਤ ਵੀ ਇੰਨਾਂ ਨੂੰ ਰੋਕ ਨਹੀਂ ਸਕੇਗੀ ।ਇਥੇ ਇਹ ਗੱਲ ਵਿਚਾਰੀਏ ਕਿ ਉਹ ਕੀ ਵਸਤੂ ਸੀ ਜਿਸ ਦੇ ਬਦਲੇ ਸਿੱਖ ਘਰ ਘਾਟ, ਬੱਚੇ , ਮਾਂ-ਬਾਪ,ਆਪਣਾ ਆਪ,ਭਾਵ ਕਿ ਸਭ ਕੁਝ ਹੀ ਕੁਰਬਾਨ ਕਰ ਦਿੰਦੇ ਸਨ ਪਰ ਕਦੇ ਡੋਲਦੇ ਨਹੀਂ ਸੀ।ਉਹ ਸੀ ਗੁਰੂਬਾਣੀ ਦੇ ਪਵਿੱਤਰ ਅਸੂਲ , ਜਿਨ੍ਹਾਂ ਅਸੂਲਾਂ ਨੂੰ ਅਪਣਾਇਆਂ ਜੀਵਨ ਜਿਉਣ ਦਾ ਢੰਗ ਪਤਾ ਲਗਿਆ ਸੀ ।ਜੋ ਇਤਿਹਾਸ ਦੇ ਪੰਨਿਆਂ ਰਾਂਹੀਂ ਵੀ ਅਸੀਂ ਯਾਦ ਰੱਖਿਆ ।ਇਤਿਹਾਸ ਚੋਂ ਸਾਨੂੰ ਮਿਲਦਾ ਹੈ :-
ਜਬ ਲਗ ਖਾਲਸਾ ਰਹੇ ਨਿਆਰਾ ।ਤਬ ਲਗ ਤੇਜ ਦੀਉ ਮੈਂ ਸਾਰਾ।
ਜਬ ਇਹ ਗਹੇ ਬਿਪਰਨ ਕੀ ਰੀਤ।ਮੈਂ ਨਾ ਕਰਉਂ ਇੰਨ ਕੀ ਪ੍ਰਤੀਤ।
ਅੱਜ ਇਹ ਸਾਫ ਦਿਸਦਾ ਪਿਆ ਹੈ ਕਿ ਸਿੱਖਾਂ ਨੇ ਜਿੰਨੀ ਦੇਰ ਤੱਕ ਗੁਰੂਵਾਕਾਂ ਤੇ ਪਹਿਰਾ ਦਿੱਤਾ, ਭਾਵੇਂ ਕੀਮਤਿ ਕੋਈ ਵੀ ਤਾਰਨੀ ਪਈ ,ਉਹ ਰਾਜ ਭਾਗ ਦੇ ਮਾਲਿਕ ਬਣ ਬੈਠਦੇ ਰਹੇ ।ਜਿਵੇਂ ਜਿਵੇਂ ਇੰਨਾਂ ਨੇ ਪੈਰ ਪਿਛਾਂ ਨੂੰ ਖਿਚਿਆ ਉਵੇਂ ਹੀ ਰਸਾਤਲ ਵੱਲ ਨੂੰ ਤੁਰ ਗਏ, ਸਗੋਂ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਵਾਲੀ ਹਾਲਤ ਤੋਂ ਵੀ ਹੋਰ ਥੱਲੇ ਜਾ ਡਿੱਗੇ ਹਨ।
ਕਦੀ ਖਾਲਸੇ ਦੇ ਕਦਮਾਂ ਤੇ ਜ਼ਗੀਰਾਂ,ਨਵਾਬੀਆਂ, ਜਰਵਾਣੇ ਆਪ ਧਰਦੇ ਰਹੇ , ਭਾਈ ਬੋਤਾ ਸਿੰਘ ਗਰਜਾ ਸਿੰਘ ਹੋਣੀ ਕੇਵਲ ਦੋ ਹੀ ਜਣੇ ਖਾਲਸੇ ਦੇ ਰਾਜ ਦਾ ਅਹਿਸਾਸ ਕਰਵਾ ਦਿੰਦੇ ਰਹੇ।ਪਰ ਹੁਣ ਅਸੀਂ ਨਿਗਾਹ ਮਾਰ ਕੇ ਦੇਖ ਲਈਏ ਕਿਵੇਂ ਸਿਖ ਹੀ ਸਿਖ ਦੀ ਪੱਗ ਲਾਉਂਦਾ ਹੈ ਚੌਧਰ ਦੇ ਲਈ ।ਜੇ ਰਾਜ ਸਿਖੀ ਸਰੂਪ ਵਾਲਿਆਂ ਕੋਲ ਆਉਂਦਾ ਵੀ ਹੈ ਤਾਂ ਇੰਜ ਲਗਦਾ ਹੈ ਜਿਵੇਂ ਦੁਸ਼ਮਣ ਹੀ ਭੇਸ ਧਾਰ ਕੇ ਆ ਬੈੇਠਾ ਹੋਵੇ ਕਿਉਂਕਿ ਇਨਾਂ ਨੁਕਸਾਨ ਸਾਡਾ ਸ਼ਇਦ ਦੁਸ਼ਮਣ ਨਾ ਕਰਦਾ ਜਿੰਨਾਂ ਸਾਡੇ ਆਪਣੇ ਦਿਸਦਿਆਂ ਨੇ ਕੀਤਾ ਹੈ ।ਕਸੂਰ ਸਾਡਾ ਵੀ ਬਰਾਬਰ ਦਾ ਹੀ ਹੈ ਕਿਉਂਕਿ ਅਸੀਂ ਗੁਰੂ ਹੁਕਮਾਂ ਦੇ ਵਿਰੁਧ ਜਾ ਕੇ ਕਰਮ ਕਾਂਡ ਪਾਖੰਡ ਹੀ ਗਲੇ ਨਹੀਂ ਲਗਾਇਆ, ਸਗੋਂ ਲੀਡਰ ਚੁਣਨ ਦੀ ਜੁਗਤ ਵੀ ਗਵਾ ਕੇ ਅੰਨੇ ਜਾਹਲ ਬੇਈਮਾਨ ਆਗੂ ਵੀ ਚੁਣਨੇ ਜਾਰੀ ਰੱਖੇ ਹੋਏ ਹਨ, ਜੋ ਸਾਡੇ ਬੇੜੇ ਨੂੰ ਡੋਬਣ ਲਈ ਆਪ ਹੀ ਦੁਸ਼ਮਣਾ ਨਾਲੋਂ ਜ਼ਿਆਦਾ ਕਾਹਲੇ ਹਨ।ਕਦੀ ਗੁਰੂ ਹੁਕਮਾਂ ਦੇ ਮੁਤਾਬਿਕ ਚਲਦੇ ਖਾਲਸੇ ਨੂੰ ਕਵੀ ਵੇਖਦਾ ਹੈ ਤਾਂ ਕੁਜੇ ਵਿੱਚ ਸਮੁੰਦਰ ਬੰਦ ਕਰਦਿਆਂ ਆਖਦਾ ਹੈ:-
ਇਕ ਮੁਠ ਛੋਲਿਆਂ ਦੀ ਖਾਕੇ ਤੇਰੇ ਲੰਗਰਾਂ ਚੋਂ, ਘੂਰ ਘੂਰ ਮੌਤ ਨੂੰ ਬੁਲਾਵੇ ਤੇਰਾ ਖਾਲਸਾ ।
ਲੋੜ ਪਈ ਜੇ ਕਿਤੇ ਸ਼ਾਨ ਅਜਮਾਉਣ ਦੀ ,ਮੂਹਰੇ ਹੋ ਕੇ ਛਾਤੀਆਂ ਨੂੰ ਡਾਹਵੇ ਤੇਰਾ ਖਾਲਸਾ।
ਪੰਜ ਘੁਟ ਪੀਕੇ ਤੇਰੇ ਬਾਟਿਉਂ ਪ੍ਰੇਮ ਵਾਲੇ, ਮਸਤ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖਾਲਸਾ।
ਇਹਦੇ ਦਿਲ ਚ ਅਕਾਲ ਵੱਸੇ ਨੈਣਾਂ ਚ ਪਿਆਰ ਵੱਸੇ, ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ।
ਇਸ ਦੇ ਐਨ ਉਲਟ ਅੱਜ ਦੀ ਸਾਡੀ ਤਸਵੀਰ ਨੂੰ ਬਿਆਨ ਕਰਦੀ ਕਵੀ ਦੀ ਇਹ ਸਚਾਈ ਵੀ ਪਾਸੇ ਕਰਨ ਵਾਲੀ ਨਹੀਂ ਹੈ :-ਸ਼ਰਾਬ ਸ਼ਬਾਬ ਨਾਲ ਸੋਹੇ ਸਰਦਾਰੀ ਅੱਜ ,ਸਾਦਗੀ ਸੁਹਿਰਦਗੀ ਨੂੰ ਭੁਲਾ ਤੇਰਾ ਖਾਲਸਾ।
ਛੱਡ ਕੇ ਅਕਾਲ ਪੂਜਾ ਦੇਹਾਂ ਪਿਛੇ ਭੱਜਾ ਫਿਰੇ, ਅਹੁਦਿਆਂ ਦੇ ਪਿਛੇ ਲਾਲਾਂ ਸੁਟੇ ਤੇਰਾ ਖਾਲਸਾ।
ਛੱਡ ਕੇ ਕਕਾਰ ਪ੍ਰੀਤ ਭੁਲ ਕੇ ਸਿਧਾਂਤ ਸਾਰੇ, ਆਪੋ ਵਿਚ ਯੁੱਧ ਛੇੜੀ ਬੈਠਾ ਤੇਰਾ ਖਾਲਸਾ।
ਗੱਲੀਂ ਬਾਤੀਂ ਪੂਰਾ ਬਣੇ, ਗੁਰੂ ਦੀ ਨਾ ਗੱਲ ਪੱਲੇ ,ਹਵਾ ਵਿਚ ਤਲਵਾਰਾਂ ਵਾਹੇ ਤੇਰਾ ਖਾਲਸਾ।
ਆਉ ਖਾਲਸਾ ਜੀਉ !ਵੈਸਾਖੀ ਦਾ ਪੁਰਬ ਕੇਵਲ ਲੰਗਰ ,ਨਗਰ ਕੀਰਤਨਾਂ ,ਨਾਹਰਿਆਂ ਜੈਕਾਰਿਆਂ ਤੇ ਕੜਾਹ ਤੱਕ ਹੀ ਸੀਮਤ ਨਾ ਕਰੀਏ ਇਸ ਦੇ ਮਤਲਬ ਨੂੰ ਸਮਝਣ ਦਾ ਜਤਨ ਕਰੀਏ।ਕਿਉਂਕਿ ਅੱਜ ਸਾਡਾ ਛੋਟਾ ਵੱਡਾ ਆਗੂ ਲਾਣਾ ਨਗਰ ਕੀਰਤਨਾਂ,ਜਾਂ ਕੰਨ ਰਸ ਲਈ ਕਥਾ ਕਹਾਣੀਆਂ, ਜਾਂ ਕੇਵਲ ਧੱਕੇ ਖਾਣ ਤੇ ਮਾਰਨ ਤੱਕ ਹੀ ਸੀਮਤ ਹੋ ਗਿਆ ਹੈ। ਇਸ ਤਰਾਂ ਤਾਂ ਕੇਵਲ ਖੁਆਰੀ ਹੀ ਖੁਆਰੀ ਹੈ ਜਿੰਨੀ ਵੀ ਪੱਲੇ ਪਾ ਲਈਏ ਲਾਹਣਤਾਂ ਹੀ ਲਾਹਣਤਾਂ ਹਨ ਜਿੰਨੀਆਂ ਵੀ ਪੱਲੇ ਪੁਆ ਲਈਏ । ਸੁਚੱਜਾ ਜੀਵਨ ਜਿਸ ਨੂੰ ਸੱਚਿਆਰਾ ਜੀਵਨ ਵੀ ਆਖਿਆ ਹੈ ਗੁਰਮਤਿ ਨੇ, ਗੁਰੂ ਸਾਹਿਬ ਜੀ ਨੂੰ ਵੀ ਪਰਵਾਨ ਹੈ, ਤੇ ਸਮਾਜਿਕ ਰਾਜ ਭਾਗ ਦੀ ਸੂਝ ਵੀ ਦਿੰਦਾ ਹੈ ।ਇਸ ਜੀਵਨ ਜੁਗਤ ਤੋਂ ਬਿੰਨਾਂ ਜੇ ਤਾਕਤ ਹੱਥ ਆਏਗੀ ਵੀ ਤਾਂ ਆਪਣਿਆਂ ਦਾ ਗਲਾ ਘੁਟੇਗੀ ਤੇ ਲਾਹਣਤਾਂ ਦਾ ਬੋਝ ਚੁਕਣ ਲਈ ਮਜਬੂਰ ਕਰ ਦੇਵੇਗੀ।ਖਾਲਸਈ ਵਿਚਾਰਧਾਰਾ ਦੀ ਸੂਝ ਬੂਝ ਵਿਸਰਨ ਕਰਕੇ ਹੀ (ਨਸ਼ੇ ,ਲਚਰਪੁਣਾ,ਨੀਂਵਾਂ ਕਿਰਦਾਰ, ਭੈੜੇ ਆਗੂ,ਡੇਰੇਦਾਰ ਬ੍ਰਾਹਮਣਵਾਦ ਤੇ ਹੋਰ ਬੁਰਿਆਈਆਂ ਅਦਿਕ) ਸਾਡੇ ਵਿੱਚ ਆ ਰਹੀਆਂ ਹਨ। ਵੈਸਾਖੀ ਨੂੰ ਸਨਮੁਖ ਰੱਖ ਅਮਲ ਕਰੀਏ ਗੁਰੂ ਹੁਕਮਾਂ ਤੇ:-
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥ (ਪੰਨਾ-133)
ਇਥੇ ਸੰਤ ਦਾ ਮਤਲਬ ਦੇਹਧਾਰੀ ਲੁਟ ਮੰਡਲੀ ਨਹੀ ਸਗੋਂ ਇਸ ਦਾ ਅਰਥ ਗੁਰੂ (ਗੁਰਬਾਣੀ) ਹੈ।ਭਾਵ ਜਦੋਂ ਗੁਰੂ ਮਿਲ ਪੈਂਦਾ ਹੈ ਤਾਂ ਵੈਸਾਖ ਸੋਹਣਾ ਹੋ ਜਾਂਦਾ ਹੈ। ਜਿਵੇਂ ਬਸੰਤ ਆਉਣ ਤੇ ਸਾਰੀ ਬਨਸਪਤੀ ਤਾਂ ਖਿੜਦੀ ਹੈ ਪਰ ਕਈ ਦਰਖਤ ਫਿਰ ਵੀ ਸੁਕੇ ਰਹਿ ਜਾਂਦੇ ਹਨ ਤੇ ਕਰੂਪ ਲਗਦੇ ਹਨ।ਇਸੇ ਤਰ੍ਹਾਂ ਵੈਸਾਖੀ ਤਾਂ ਆਈ ਪਰ ਅਸੀਂ ਸੁਕੇ ਸੜੇ ਤੇ ਕਰੂਪ ਹੀ ਦਿਸਦੇ ਰਹੇ ।ਗੁਰਬਾਣੀ ਉਪਦੇਸ਼ ਸਦ ਬਹਾਰ ਹੁੰਦਿਆਂ ਵੀ ਸਾਡਾ ਸਮਾਜ ਸੜਿਆ ਰਹਿ ਜਾਂਦਾ ਹੈ ,ਕਿਉਂਕਿ ਅਸੀਂ ਸੁਤਿਆਂ ਨੇ ਖਾਲਸਈ ਸੋਝੀ ਗਵਾ ਲਈ ਤੇ ਗੁਰਬਾਣੀ ਦੀ ਗੱਲ ਪੱਲੇ ਨਾਂ ਪਈ।ਖਾਲਸਾ ਜੀ ! ਗੁਰਬਾਣੀ ਆਪ ਪੜ ਕੇ ਸਮਝੀਏ ਤਾਂ ਵੈਸਾਖੀ ਦੇ ਅਸਲ ਮਹੱਤਵ ਦਾ ਪਤਾ ਲੱਗ ਜਾਵੇਗਾ ।

One thought on “ਵੈਸਾਖੀ ਅਤੇ ਅਸੀਂ- ਸੁਖਵਿੰਦਰ ਸਿੰਘ ਦਦੇਹਰ

Leave a Reply